ਮੁੱਖ ਮੰਤਰੀ ਵੱਲੋਂ ਸਿਹਤ ਕਰਮੀਆਂ ਲਈ ਕੋਵਿਡ ਦੇ ਇਲਾਜ ਦੇ ਪ੍ਰਬੰਧਨ ਸਬੰਧੀ ਕਿਤਾਬਚਾ ਜਾਰੀ ਸੌਖਿਆ ਸਮਝਿਆ ਜਾਣ ਵਾਲਾ ਕਿਤਾਬਚਾ ‘ਮਿਸ਼ਨ ਫਤਹਿ’ ਲਈ ਹੋਰ ਕਾਰਗਾਰ ਸਿੱਧ ਹੋਵੇਗਾ.

ਚੰਡੀਗੜ੍ਹ, 2 ਜੁਲਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਿਹਤ ਕਾਮਿਆਂ ਲਈ ‘ਪੰਜਾਬ ਕੋਵਿਡ-19 ਇਲਾਜ ਪ੍ਰਬੰਧਨ ਕਿਤਾਬਚਾ’ ਜਾਰੀ ਕੀਤਾ ਹੈ। ਇੱਕੋ ਹਵਾਲੇ ਨਾਲ ਸੌਖਿਆ ਸਮਝੇ ਜਾਣ ਵਾਲੇ ਇਸ ਕਿਤਾਬਚੇ ਦਾ ਉਦੇਸ਼ ਮਹਾਂਮਾਰੀ ਦੇ ਹਰੇਕ ਪਹਿਲੂ ਨਾਲ ਨਿਪਟਣ ਲਈ ਤਾਲਮੇਲ ਵਾਲੀ ਪਹੁੰਚ ਰਾਹੀਂ ਮੌਤ ਦਰ ਨੂੰ ਘਟਾਉਣਾ ਹੈ।
ਮੁੱਖ ਮੰਤਰੀ ਨੇ ਕਿਤਾਬਚੇ ਨੂੰ ਉਨ੍ਹਾਂ ਦੀ ਸਰਕਾਰ ਦੇ ‘ਮਿਸ਼ਨ ਫਤਹਿ’ ਲਈ ਹੋਰ ਕਾਰਗਾਰ ਸਿੱਧ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਿਤਾਬਚਾ ਕੋਵਿਡ ਪ੍ਰਬੰਧਨ ਬਾਰੇ ਕੌਮੀ ਪ੍ਰੋਟੋਕੋਲ ਅਤੇ ਸੂਬੇ ਦੀਆਂ ਲੋੜਾਂ ਦਰਮਿਆਨ ਪੁਲ ਦਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕਿਤਾਬਚਾ ਕਰੋਨਾਵਾਇਰਸ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਵਿੱਚ ਲੱਗੇ ਸਿਹਤ ਕਰਮੀਆਂ ਨੂੰ ਮਹਾਂਮਾਰੀ ਨਾਲ ਬਿਹਤਰ ਢੰਗ ਨਾਲ ਨਿਪਟਣ ਲਈ ਲੋੜੀਂਦੇ ਸਾਧਾਨਾਂ ਦੀ ਪਹੁੰਚ ਮੁਹੱਈਆ ਕਰਵਾਏਗਾ।
ਪੀ.ਜੀ.ਆਈ. ਦੇ ਸਾਬਕਾ ਡਾਇਰੈਕਟਰ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਿੱਚ ਮਾਹਿਰ ਕਮੇਟੀ ਵੱਲੋਂ ਤਿਆਰ ਕੀਤੇ ਕਿਤਾਬਚੇ ਵਿੱਚ ਕੋਵਿਡ ਦੇ ਪਾਜ਼ੇਟਿਵ ਮਰੀਜ਼ਾਂ ਦੇ ਇਲਾਜ ਪ੍ਰਬੰਧਨ ‘ਤੇ ਅਧਾਰਿਤ ਆਡੀਓ-ਵੀਡੀਓ ਸਾਧਨਾਂ ਨੂੰ ਸਮਝਣ, ਕਲਰ ਕੋਡਿੰਗ ਦਾ ਮੁਲਾਂਕਣ ਯੰਤਰ ਅਤੇ ਵਿਵਹਾਰਕ ਤਜਰਬਿਆਂ ਦੇ ਆਧਾਰ ‘ਤੇ ਹਵਾਲਾ ਮਾਪਦੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਡੀ.ਐਮ.ਸੀ. ਲੁਧਿਆਣਾ ਦੇ ਦਿਲ ਦੇ ਰੋਗਾਂ ਦੇ ਮੰਨੇ-ਪ੍ਰਮੰਨੇ ਮਾਹਿਰ ਡਾ. ਬਿਸ਼ਵ ਮੋਹਨ ਵੱਲੋਂ ਸੱਦੀ ਗਈ ਕਮੇਟੀ ਵਿਸ਼ਵ ਭਰ ਦੀਆਂ ਉੱਘੀਆਂ ਸੰਸਥਾਵਾਂ ਦੇ ਕਈ ਨਾਮਵਰ ਸਿਹਤ ਮਾਹਿਰਾਂ ‘ਤੇ ਅਧਾਰਿਤ ਹੈ।
ਇਹ ਕਿਤਾਬਚਾ ਮਾਮੂਲੀ ਤੇ ਸਧਾਰਨ ਤੋਂ ਗੰਭੀਰ ਕੋਵਿਡ ਕੇਸਾਂ ਦੀਆਂ ਇਲਾਜ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ। ਮਾਮੂਲੀ ਕੇਸਾਂ ਲਈ ਇਸ ਕਿਤਾਬਚੇ ਵਿੱਚ ਘਰਾਂ ਵਿੱਚ ਏਕਾਂਤਵਾਸ ਮਰੀਜ਼ਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਵੈ-ਮੁਲਾਂਕਣ ਪ੍ਰਸ਼ਨਾਵਲੀ ਅਤੇ ਘਰ ਅਧਾਰਿਤ ਟੈਸਟਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਵਿੱਚ ਹਰੇਕ ਜ਼ਿਲ੍ਹੇ ਵਿੱਚ ਸਮਰਪਿਤ ਮਾਹਿਰਾਂ ਦੀ ਤਾਜ਼ਾ ਸੂਚੀ ਸ਼ਾਮਲ ਹੈ ਤਾਂ ਕਿ ਕੋਵਿਡ ਕੇਸਾਂ ਨਾਲ ਨਿਪਟਣ ਵਿੱਚ ਜ਼ਿਲ੍ਹਾ ਮੈਡੀਕਲ ਟੀਮ ਜਿਨ੍ਹਾਂ ਨੂੰ ਮਾਹਿਰ ਦੀ ਨਿਗਰਾਨੀ ਦੀ ਜ਼ਰੂਰਤ ਹੁੰਦੀ ਹੈ, ਨੂੰ ਸਹਾਇਤਾ ਮਿਲੇਗੀ ਤਾਂ ਕਿ ਜਿੰਨਾ ਸੰਭਵ ਹੋ ਸਕੇ, ਮੌਤ ਦਰ ਘਟਾਈ ਜਾ ਸਕੇ।
ਇਸੇ ਤਰ੍ਹਾਂ ਕਿਤਾਬਚਾ ਕੋਵਿਡ-19 ਦੇ ਮਰੀਜ਼ਾਂ ਦੀ ਮਾਨਸਿਕ ਸਿਹਤ ਅਤੇ ਸਿਹਤਯਾਬੀ ਦੇ ਮਾਮਲਿਆਂ ਨੂੰ ਵੀ ਦਰਸਾਉਂਦਾ ਹੈ ਅਤੇ ਇਹ ਪ੍ਰਬੰਧਨ ਪ੍ਰੋਟੋਕੋਲ ਦੇ ਹਿੱਸੇ ਵਜੋਂ ਮਾਨਸਿਕ ਰੋਗਾਂ ਦੇ ਮਾਹਿਰਾਂ, ਮਨੋਵਿਗਿਆਨੀਆਂ ਅਤੇ ਸਮਾਜਿਕ ਵਰਕਰਾਂ ਦਾ ਸਾਂਝਾ ਪਲੇਟਫਾਰਮ ਦਰਸਾਉਂਦਾ ਹੈ।

Share