75ਵੇਂ ਸਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਸ਼ਾਨਦਾਰ ਸ਼ੁੱਭ ਆਰੰਭ ਰੂਹਾਨੀਅਤ ਅਤੇ ਇਨਸਾਨੀਅਤ ਦੇ ਨਾਲ ਹੀ ਬਣ ਸਕਦੇ ਹਾਂ ਸੰਪੂਰਨ ਇਨਸਾਨ . -ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ..

ਚੰਡੀਗੜ੍ਹ , 17 ਨਵੰਬਰ, 2022 ( ):ਰੂਹਾਨੀਅਤ ਅਤੇ ਇਨਸਾਨੀਅਤ ਦੇ ਨਾਲ ਹੀ ਅਸੀਂ ਸੰਪੂਰਨ ਇਨਸਾਨ ਬਣ ਸਕਦੇ ਹਾਂ ,ਇਹ ਪ੍ਰਵਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ 75ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਰਸਮੀ ਉਦਘਾਟਨ ਕਰਨ ਸਮੇਂ ਮਾਨਵਤਾ ਦੇ ਨਾਮ ਸੰਦੇਸ਼ ਦਿੰਦੇ ਹੋਏ ਪ੍ਰਗਟ ਕੀਤੇ । ਇਹ ਚਾਰ ਦਿਨਾਂ ਸਮਾਗਮ ਨਿਰੰਕਾਰੀ ਅਧਿਆਤਮਿਕ ਸਥੱਲ ਸਮਾਲਖਾ (ਹਰਿਆਣਾ) ਦੇ ਵਿਸ਼ਾਲ ਮੈਦਾਨ ਵਿੱਚ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੱਖਾਂ ਸ਼ਰਧਾਲੂ ਭਗਤ ਪਹੁੰਚੇ ਹੋਏ ਹਨ । ਚੰਡੀਗੜ੍ਹ ਦੇ ਸੰਯੋਜਕ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਚੰਡੀਗੜ੍ਹ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਹਨ।

ਸਤਿਗੁਰੂ ਮਾਤਾ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਲੱਗਭਗ ਦੋ ਸਾਲਾਂ ਬਾਅਦ ਅੱਜ ਇੱਥੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਅਤੇ ਸੰਗਤਾਂ ਇਕੱਤਰ ਹੋਈਆਂ ਹਨ । ਕਿਉਂਕਿ ਕੋਵਿਡ ਮਹਾਮਾਰੀ ਦੌਰਾਨ ਇਨਸਾਨ ਦਾ ਇਨਸਾਨ ਨਾਲ ਮਿਲਣਾ ਸੰਭਵ ਨਹੀਂ ਹੋ ਪਾ ਰਿਹਾ ਸੀ। ਸੰਤ ਹਮੇਸ਼ਾ ਮਾਨਵਤਾ ਦੀ ਸੇਵਾ ਲਈ ਤਿਆਰ ਰਹਿੰਦੇ ਹਨ ਅਤੇ ਇਸ ਦਾ ਸਬੂਤ ਸੇਵਾਦਾਰਾਂ ਨੇ ਖੂਨਦਾਨ ਕੈਂਪ ਲਗਾ ਕੇ,ਸੰਤ ਨਿਰੰਕਾਰੀ ਭਵਨਾਂ ਨੂੰ ਕੋਵਿਡ ਕੇਅਰ ਸੈਂਟਰਾਂ ਵਿੱਚ ਤਬਦੀਲ ਕਰਕੇ, ਕੋਵਿਡ ਟੀਕਾਕਰਨ ਲਈ ਵਿਸ਼ੇਸ਼ ਕੈਂਪ ਲਗਾ ਕੇ ਅਤੇ ਲੋੜਵੰਦਾਂ ਦੀ ਸਹਾਇਤਾ ਕਰਕੇ ਦਿੱਤਾ ਹੈ ।
ਸਤਿਗੁਰੂ ਮਾਤਾ ਜੀ ਨੇ ਅੱਗੇ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਇਲਾਵਾ ਜੰਗ ਦੇ ਹਾਲਾਤਾਂ ਨੇ ਵੀ ਇਨਸਾਨ ਦੇ ਦਿਲਾਂ ਵਿੱਚ ਨਫ਼ਰਤ ਦੀਆਂ ਭਾਵਨਾਵਾਂ ਨੂੰ ਵਧਾਇਆ ਹੈ, ਜਿਸ ਕਾਰਨ ਇਨਸਾਨਾਂ ਦੇ ਵਿਚਕਾਰ ਦੀਵਾਰਾਂ ਬਣ ਗਈਆਂ ਹਨ, ਜਿਨ੍ਹਾਂ ਨੂੰ ਪਿਆਰ ਦੇ ਪੁਲ ਬਣਾ ਕੇ ਢਾਇਆ ਜਾ ਸਕਦਾ ਹੈ। ਤਾਂ ਹੀ ਏਕਤੱਤਵ ਨਾਲ ਆਪਣੇਪਣ ਦਾ ਭਾਵ ਪੈਦਾ ਹੋਵੇਗਾ , ਹਰੇਕ ਇਨਸਾਨ ਵਿੱਚ ਸੁੱਖ-ਚੈਨ ਅਤੇ ਆਪਸੀ ਸਾਂਝ ਦੀ ਭਾਵਨਾ ਪੈਦਾ ਹੋਵੇਗੀ ਅਤੇ ਹਰ ਇਨਸਾਨ ਸੁੱਖ-ਚੈਨ ਨਾਲ ਜੀਵਨ ਬਤੀਤ ਕਰ ਸਕੇਗਾ।
ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦਾ ਜ਼ਿਕਰ ਕਰਦਿਆਂ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਮਿਸ਼ਨ ਵੱਲੋਂ 75ਵਾਂ ਨਿਰੰਕਾਰੀ ਸੰਤ ਸਮਾਗਮ ਮਨਾਇਆ ਜਾ ਰਿਹਾ ਹੈ। ਦੇਸ਼ ਦੀ ਆਜ਼ਾਦੀ ਨਾਲ ਅਸੀਂ ਸਰੀਰਕ ਰੂਪ ਵਿਚ ਆਜ਼ਾਦ ਤਾਂ ਹੋ ਗਏ ਹਾਂ ,ਪਰੰਤੂ ਰੂਹਾਂ ਦਾ ਆਜ਼ਾਦ ਹੋਣਾ ਅਜੇ ਬਾਕੀ ਹੈ ,ਜੋ ਕਿ ਬ੍ਰਹਮ ਗਿਆਨ ਦੀ ਪ੍ਰਾਪਤੀ ਨਾਲ ਹੀ ਸੰਭਵ ਹੈ । ਇਸ ਤਰਾਂ ਸਹੀ ਮਾਇਨਿਆਂ ਵਿੱਚ ਮਾਨਵੀ ਗੁਣਾਂ ਨਾਲ ਭਰਭੂਰ ਹੋ ਕੇ ਹੀ ਜੀਵਨ ਜੀਆ ਜਾ ਸਕਦਾ ਹੈ ਅਤੇ ਮੁਕਤੀ ਵੀ ਹਾਸਲ ਹੋ ਸਕਦੀ ਹੈ ।

ਇਸ ਤੋਂ ਪਹਿਲਾਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਉਨ੍ਹਾਂ ਦੇ ਜੀਵਨ ਸਾਥੀ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਸਮਾਗਮ ਸਥਾਨ ‘ਤੇ ਪਹੁੰਚਣ ‘ਤੇ ਸਮਾਗਮ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਰੂਹਾਨੀ ਜੋੜੀ ਦੇ ਦਰਸ਼ਨ ਕਰਕੇ ਸ਼ਰਧਾਲੂ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਵਹਿ ਤੁਰੇ। ਸਮੁਚੇ ਸਮਾਗਮ ਪੰਡਾਲ ਵਿੱਚ ਜੈਘੋਸ਼ ਦੀ ਇਲਾਹੀ ਧੁਨ ਗੂੰਜ ਉੱਠੀ। ਚਾਰੇ ਪਾਸੇ ਅਧਿਆਤਮਕਤਾ ਦਾ ਅਜਿਹਾ ਅਦਭੁਤ ਮਾਹੌਲ ਫੈਲ ਰਿਹਾ ਸੀ ਅਤੇ ਹਰ ਸ਼ਰਧਾਲੂ ਇਸ ਭਗਤੀ ਵਾਲੇ ਮਾਹੌਲ ਵਿਚ ਲੀਨ ਹੋ ਕੇ ਅਨੰਦ ਮਹਿਸੂਸ ਕਰ ਰਿਹਾ ਸੀ। ਸਮਾਗਮ ਦੇ ਪੰਡਾਲ ਵਿੱਚ ਮੌਜੂਦ ਲੱਖਾਂ ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਰੂਹਾਨੀ ਜੋੜੇ ਨੂੰ ਨਤਮਸਤਕ ਕੀਤਾ। ਸੰਗਤਾਂ ਦਾ ਨਮਸਕਾਰ ਕਬੂਲਦਿਆਂ ਰੂਹਾਨੀ ਜੋੜੇ ਨੇ ਆਪਣੀ ਮਿੱਠੀ ਮੁਸਕਰਾਹਟ ਨਾਲ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ।

ਸੇਵਾਦਲ ਦੀ ਰੈਲੀ

ਨਿਰੰਕਾਰੀ ਸੰਤ ਸਮਾਗਮ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਪੂਰਾ ਦਿਨ ਸੇਵਾਦਲ ਨੂੰ ਸਮਰਪਿਤ ਕੀਤਾ ਗਿਆ। ਇਸ ਤਹਿਤ 16 ਨਵੰਬਰ ਦਿਨ ਬੁੱਧਵਾਰ ਨੂੰ ਇੱਕ ਪ੍ਰਭਾਵਸ਼ਾਲੀ ਸੇਵਾਦਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰੀਰਕ ਕਸਰਤਾਂ, ਖੇਡਾਂ ਅਤੇ ਸਰੀਰਕ ਕਰਤੱਵ ਦਿਖਾਏ ਗਏ । ਇਸ ਤੋਂ ਇਲਾਵਾ ਸਮਾਗਮ ਦੇ ਮੁੱਖ ਵਿਸ਼ੇ ‘ਰੂਹਾਨੀਅਤ ਅਤੇ ਇਨਸਾਨੀਅਤ ਸੰਗ ਸੰਗ ‘ ‘ਤੇ ਆਧਾਰਿਤ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿਚ ਭਾਸ਼ਣ, ਕਵਿਤਾਵਾਂ, ਸਮੂਹਿਕ ਗਾਨ ਅਤੇ ਸਕਿੱਟ ਆਦਿ ਸ਼ਾਮਿਲ ਸਨ | ਸੇਵਾਦਲ ਰੈਲੀ ਵਿੱਚ ਸ਼ਾਮਲ ਹੋਏ ਸੇਵਾਦਲ ਜਵਾਨਾਂ ਨੂੰ ਆਸ਼ੀਰਵਾਦ ਦਿੰਦਿਆਂ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਨੇ ਕਿਹਾ ਕਿ ਸੱਭ ਨੂੰ ਸੇਵਾ ਭਾਵਨਾ ਨਾਲ ਹੀ ਸੇਵਾ ਕਰਨੀ ਚਾਹੀਦੀ ਹੈ । ਸੇਵਾ ਕਰਨ ਦਾ ਮੌਕਾ ਕੇਵਲ ਸਤਿਗੁਰੂ ਦੀ ਰਹਿਮਤ ਨਾਲ ਹੀ ਮਿਲਦਾ ਹੈ ,ਇਹ ਕੋਈ ਅਧਿਕਾਰ ਨਹੀਂ ਹੈ, ਸੇਵਾ ਕਰਨ ਵਾਲੇ ਦਾ ਮਨ ਨਿਰੰਕਾਰ ਪਰਮਾਤਮਾ ਵਿਚ ਟਿਕਿਆ ਰਹਿੰਦਾ ਹੈ। ਕੋਈ ਸੇਵਾ ਵੱਡੀ ਜਾਂ ਛੋਟੀ ਨਹੀਂ ਹੁੰਦੀ। ਸੇਵਾ ਕਰਨ ਦੇ ਨਾਲ ਜੀਵਨ ਵੀ ਸੋਹਣਾ ਬਣ ਜਾਂਦਾ ਹੈ । ਸਤਿਗੁਰੂ ਮਾਤਾ ਜੀ ਨੇ ਅੰਤ ਵਿੱਚ ਕਿਹਾ ਕਿ ਸੇਵਾ ਵਿੱਚ ਲੱਗੇ ਸਾਰੇ ਸੇਵਾਦਾਰ ਵਧਾਈ ਦੇ ਪਾਤਰ ਹਨ।
7