ਸਿੱਖਿਆ ਵਿਭਾਗ ਵੱਲੋਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਲਈ ਜਾਰੀ ਕੀਤਾ ਕੈਲੰਡਰ: ਹਰਜੋਤ ਸਿੰਘ ਬੈਂਸ.

ਚੰਡੀਗੜ੍ਹ 10 ਨਵੰਬਰ :
ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਪੋਰਟਸ ਬ੍ਰਾਂਚ ਵੱਲੋਂ ਸੈਸ਼ਨ 2022-23 ਦੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਪੱਧਰ ਦੀਆਂ ਖੇਡਾਂ ਨੂੰ ਅੰਡਰ 14,17 ਅਤੇ 19 ਸਾਲ ਵਰਗ ਵਿੱਚ ਆਯੋਜਿਤ ਕਰਵਾਊਣ ਸੰਬੰਧੀ ਹਦਾਇਤਾਂ ਵੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਾਰੀ ਕੀਤੀਆਂ ਗਈਆਂ ਹਨ। ਜਿਹੜੇ ਜ਼ਿਲ੍ਹੇ ਵਿੱਚ ਸੰਬੰਧਿਤ ਖੇਡ ਦਾ ਆਯੋਜਨ ਕੀਤਾ ਜਾਣਾ ਹੈ ਉਸ ਜ਼ਿਲ੍ਹੇ ਵੱਲੋਂ ਖਿਡਾਰੀਆਂ ਅਤੇ ਉਹਨਾਂ ਨਾਲ ਆਏ ਅਧਿਆਪਕ ਸਟਾਫ਼, ਡਿਊਟੀ ‘ਤੇ ਆਏ ਅਫ਼ਸਰਾਂ/ਕਰਮਚਾਰੀਆਂ ਲਈ ਰਿਹਾਇਸ਼, ਖਾਣੇ ਅਤੇ ਖੇਡਾਂ ਦੇ ਸਥਾਨ ਦਾ ਪ੍ਰਬੰਧ ਮੇਜ਼ਬਾਨ ਜ਼ਿਲ੍ਹੇ ਵੱਲੋਂ ਹੀ ਕੀਤਾ ਜਾਵੇਗਾ। ਖਿਡਾਰੀਆਂ ਨੂੰ ਸਵੇਰ ਦੀ ਚਾਹ, ਬ੍ਰੇਕਫਾਸਟ ਅਤੇ ਡਿਨਰ ਨਿਰਧਾਰਿਤ ਮੀਨੂੰ ਅਨੁਸਾਰ ਰਿਹਾਇਸ਼ ਵਾਲੀ ਥਾਂ ਜਾਂ ਖੇਡ ਸਥਾਨ ਦੇ ਨੇੜੇ ਹੀ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਖਿਡਾਰੀਆਂ ਲਈ ਲੰਚ ਅਤੇ ਦੁਪਹਿਰ ਦੀ ਚਾਹ ਖੇਡ ਵਾਲੇ ਸਥਾਨ ‘ਤੇ ਹੀ ਉਪਲਬਧ ਕਰਵਾਈ ਜਾਵੇਗੀ। ਇਸਤੋਂ ਇਲਾਵਾ ਖੇਡਾਂ ਦੇ ਸੁਚਾਰੂ ਸੰਚਾਲਨ ਲਈ ਵੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸ. ਬੈਂਸ ਨੇ ਦੱਸਿਆ ਕਿ ਇਸ ਵਾਰ ਨਵੰਬਰ-ਦਸੰਬਰ ਮਹੀਨੇ ਦੌਰਾਨ ਪੰਜਾਬ ਰਾਜ ਦੇ 23 ਜ਼ਿਲਿ੍ਹਆਂ ਵਿੱਚ 37 ਖੇਡਾਂ ਅਤੇ ਅਥਲੈਟਿਕਸ ਦੇ ਮੁਕਾਬਲੇ ਹੋਣਗੇ।
ਜਿਨ੍ਹਾਂ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਉਨ੍ਹਾਂ ਵਿਚ ਕਿੱਕ ਬਾਕਸਿੰਗ, ਰੋਲਰ ਸਕੇਟਿੰਗ/ਹਾਕੀ, ਕਬੱਡੀ ਨੈਸ਼ਨਲ ਸਟਾਇਲ, ਸਰਕਲ ਕਬੱਡੀ,ਖੋ-ਖੋ, ਵਾਲੀਬਾਲ,ਫੈਂਸਿੰਗ, ਕੁਸ਼ਤੀਆਂ, ਸ਼ਤਰੰਜ, ਬਾਲ ਸ਼ੂਟਿੰਗ,ਬਾਕਸਿੰਗ, ਕਰਾਟੇ, ਰੱਸਾ ਕਸੀ,ਸਾਫ਼ਟਬਾਲ, ਬਾਸਕਟਬਾਲ, ਹੈਂਡਬਾਲ, ਕ੍ਰਿਕਟ, ਵਾਲੀਬਾਲ, ਨੈੱਟਬਾਲ, ਗੱਤਕਾ, ਸ਼ੂਟਿੰਗ, ਕੈਰਮ, ਆਰਚਰੀ,ਲਾਅਨ ਟੈਨਿਸ, ਟਰੈਕ ਸਾਇਕਲਿੰਗ, ਰੋਡ ਸਾਇਕਲਿੰਗ, ਬੈਡਮਿੰਟਨ, ਫੁੱਟਬਾਲ, ਜ਼ਿਮਨਾਸਟਿਕ, ਟੇਬਲ ਟੈਨਿਸ, ਜੁਡੋ, ਵੇਟ ਲਿਫ਼ਟਿੰਗ, ਪਾਵਰ ਲਿਫਟਿੰਗ, ਤੈਰਾਕੀ,ਲੰਗੋਰੀ ਅਤੇ ਯੋਗ ਤੋਂ ਇਲਾਵਾ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ।
————

ਬਾਲ ਦਿਵਸ (14 ਨਵੰਬਰ) ਨੂੰ ਸਰਕਾਰੀ ਸਕੂਲਾਂ ਵਿਚ ਕਰਵਾਏ ਜਾਣਗੇ ਸਹਿ-ਅਕਾਦਮਿਕ ਗਤੀਵਿਧੀਆਂ ਅਤੇ ਵਿੱਦਿਅਕ ਮੁਕਾਬਲਿਆਂ : ਹਰਜੋਤ ਸਿੰਘ ਬੈਂਸ
ਚੰਡੀਗੜ੍ਹ 10 ਨਵੰਬਰ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 14 ਨਵੰਬਰ 2022 ਨੂੰ ਬਾਲ ਦਿਵਸ ਦੇ ਮੌਕੇ ’ਤੇ ਸਹਿ-ਅਕਾਦਮਿਕ ਗਤੀਵਿਧੀਆਂ ਅਤੇ ਵਿੱਦਿਅਕ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਬਾਲ ਦਿਵਸ ਮੌਕੇ ਵਿਦਿਆਰਥੀਆਂ ਦੀ ਕਲਾਵਾਂ ਨੂੰ ਸਾਹਮਣੇ ਲਿਆਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਇਸ ਦਿਨ ਸਕੂਲਾਂ ਵਿੱਚ ਵਿਦਿਆਰਥੀ ਬਿਨਾਂ ਬਸਤਿਆਂ ਤੋਂ ਪਹੁੰਚਣਗੇ ਅਤੇ ਸਕੂਲਾਂ ਵਿੱਚ ਕਰਵਾਈਆਂ ਜਾਣ ਵਾਲੀਆਂ ਸਹਿ-ਅਕਾਦਮਿਕ ਗਤੀਵਿਧੀਆਂ ਅਤੇ ਵਿੱਦਿਅਕ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਸੰਬੰਧੀ ਵਿਭਾਗ ਵੱਲੋਂ ਸਵੇਰੇ 9 ਵਜੇ ਤੋਂ ਸਕੂਲਾਂ ਦੇ ਸਮੇਂ ਅਨੁਸਾਰ ਵਿਸਤਾਰ ਵਿੱਚ ਸ਼ਡਿਊਲ ਵੀ ਜਾਰੀ ਕੀਤਾ ਗਿਆ ਹੈ। ਇਸ ਮੌਕੇ ਪ੍ਰਾਇਮਰੀ ਜਮਾਤਾਂ ਲਈ ਭਾਸ਼ਣ, ਸੁੰਦਰ ਲਿਖਾਈ, ਕਵਿਤਾ ਗਾਇਨ, ਅਤੇ ਪੰਜਾਬੀ ਪੜ੍ਹਣ ਮੁਕਾਬਲੇ ਕਰਵਾਏ ਜਾਣਗੇ। ਅਪਰ ਪ੍ਰਾਇਮਰੀ ਜਮਾਤਾਂ ਲਈ ਪ੍ਰਾਇਮਰੀ ਵਾਲੇ ਮੁਕਾਬਲੇ ਤਾਂ ਹੋਣਗੇ ਹੀ ਨਾਲ ਹੀ ਪੰਜਾਬੀ ਬੋਲੀ ਸੰਬੰਧੀ ਨਾਹਰੇ ਲਿਖਣ ਦੇ ਮੁਕਾਬਲੇ, ਗੁਆਚ ਰਹੇ ਠੇਠ ਪੰਜਾਬੀ ਸ਼ਬਦਾਂ ਦੇ ਅਰਥ ਦੱਸਣ ਦੇ ਮੁਕਾਬਲੇ, ਪੰਜਾਬੀ, ਭਾਸ਼ਾ ਸਾਹਿਤ ਅਤੇ ਸੱਭਿਆਚਾਰ ਬਾਰੇ ਆਮ ਗਿਆਨ, ਪੰਜਾਬੀ ਵਿੱਚ ਬੁਝਾਰਤਾਂ ਬੁੱਝਣ, ਪੰਜਾਬੀ ਅਖਾਣ ਅਤੇ ਮੁਹਾਵਰਿਆਂ ਦੇ ਮੁਕਾਬਲੇ, ਪੰਜਾਬੀ ਵਿੱਚ ਕੈਲੀਗ੍ਰਾਫ਼ੀ ਦੇ ਮੁਕਾਬਲੇ, ਪੰਜਾਬੀ ਲੇਖ ਮੁਕਾਬਲੇ ਅਤੇ ਅੱਜ ਦੇ ਸ਼ਬਦ ਵਿੱਚੋਂ ਮੁਕਾਬਲੇ ਕਰਵਾਏ ਜਾਣਗੇ।ਇਸ ਤੋਂ ਇਲਾਵਾ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਵੀ ਉਹਨਾਂ ਦੀ ਉਮਰ ਅਨੁਸਾਰ ਵਿਸ਼ੇਸ਼ ਮੁਕਾਬਲੇ ਕਰਵਾਏ ਜਾਣਗੇ
—————

ਮਾਨ ਸਰਕਾਰ ਦਾ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਪੂਰਾ ਕਰਨ ਵੱਲ ਵਧਦਾ ਕਦਮ
ਸਿਹਤ ਮੰਤਰੀ ਨੇ 12 ਵਾਰਡ ਅਟੈਂਡੈਂਟਾਂ ਨੂੰ ਸੌਂਪੇ ਨਿਯੁਕਤੀ ਪੱਤਰ
ਚੰਡੀਗੜ੍ਹ, 10 ਨਵੰਬਰ:
ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਸੂਬੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਅਨੁਸਾਰ ਅੱਜ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ 12 ਨੌਜਵਾਨਾਂ ਨੂੰ ਵਾਰਡ ਅਟੈਂਡੈਂਟਾਂ ਦੀ ਨੌਕਰੀ ਲਈ ਨਿਯੁਕਤੀ ਪੱਤਰ ਦਿੱਤੇ।
ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਨਵ ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਮਗਰੋਂ ਉਨ੍ਹਾਂ ਨੂੰ ਵਧਾਈ ਦਿੰਦਿਆਂ ਸ. ਜੌੜਾਮਾਜਰਾ ਨੇ ਕਿਹਾ ਕਿ ਉਹ ਇਮਾਨਦਾਰੀ ਨਾਲ ਆਪਣੀ ਸੇਵਾ ਲੋਕ ਹਿੱਤ ‘ਚ ਕਰਨ ਅਤੇ ਡਿਊਟੀ ਦੌਰਾਨ ਮਰੀਜ਼ਾਂ ਨਾਲ ਹਮਦਰਦੀ ਵਾਲਾ ਵਰਤਾਰਾ ਅਪਨਾਉਣਾ ਯਕੀਨੀ ਬਣਾਉਣ।
ਸ. ਜੌੜਾਮਾਜਰਾ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਾਸੀਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਜਲਦੀ ਹੀ 634 ਮਾਹਿਰ ਡਾਕਟਰਾਂ ਦੀ ਭਰਤੀ ਕਰਨ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸੇਵਾਵਾਂ ਨੇੜੇ ਦੇ ਸਰਕਾਰੀ ਹਸਪਤਾਲਾਂ ਵਿੱਚ ਹੀ ਮੁਹੱਈਆ ਕਰਵਾਈਆਂ ਜਾ ਸਕਣ।
ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ. ਰਣਜੀਤ ਸਿੰਘ ਘੋਤੜਾ ਅਤੇ ਵਿਭਾਗ ਦੇ ਹੋਰ ਸੀਨੀਆਰ ਅਧਿਕਾਰੀ ਵੀ ਹਾਜ਼ਰ ਸਨ।
——–

ਪੰਜਾਬ ਦੇ ਮੁੱਖ ਸਕੱਤਰ ਵੱਲੋਂ ਕਿਸਾਨਾਂ ਨੂੰ ਅਪੀਲ – ਸਿਹਤਮੰਦ ਭਵਿੱਖ ਲਈ ਪਰਾਲੀ ਨੂੰ ਅੱਗ ਨਾ ਲਾਓ
ਚੰਡੀਗੜ੍ਹ, 10 ਨਵੰਬਰ:
ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨਾਲ ਅੱਜ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਇਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ ਗਈ। ਪੰਜਾਬ ਵਿਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਬਾਬਤ ਕਮਿਸ਼ਨ ਨੇ ਵਿਸਥਾਰ ਵਿਚ ਰਿਪੋਰਟ ਲਈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਗੱਲ ‘ਤੇ ਸਖਤ ਨਾਰਾਜ਼ਗੀ ਪ੍ਰਗਟਾਈ ਕਿ ਉੱਤਰੀ ਭਾਰਤ ਖਾਸ ਤੌਰ ‘ਤੇ ਪੰਜਾਬ ਵਿਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਕਾਰਣ ਸਮੁੱਚੇ ਖੇਤਰ ਦਾ ਵਾਤਾਵਰਣ ਬਹੁਤ ਜ਼ਿਆਦਾ ਗੰਧਲਾ ਹੋਇਆ ਪਿਆ ਹੈ ਅਤੇ ਇਸ ਵਜਹਾਂ ਨਾਲ ਲੋਕ ਬਿਮਾਰ ਹੋ ਰਹੇ ਹਨ। ਕਮਿਸ਼ਨ ਨੇ ਕਿਹਾ ਕਿ ਸਖਤੀ ਨਾਲ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇੰਝ ਹੀ ਚੱਲਦਾ ਰਿਹਾ ਤਾਂ ਪੰਜਾਬ ਸਰਕਾਰ ‘ਤੇ ਭਾਰੀ ਜ਼ੁਰਮਾਨਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਕਮਿਸ਼ਨ ਵੱਲੋਂ ਮੁੱਖ ਸਕੱਤਰ ਤੋਂ ਪੰਜਾਬ ਵਿਚ ਪਰਾਲੀ ਪ੍ਰਬੰਧਨ ਬਾਬਤ ਵਿਸਥਾਰ ਵਿਚ ਸਮੀਖਿਆ ਕੀਤੀ ਗਈ ਅਤੇ ਕਈ ਤਰ੍ਹਾਂ ਦੇ ਡਾਟਾ ਵੀ ਮੰਗੇ ਗਏ। ਮੁੱਖ ਸਕੱਤਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬੇ ਦੀ ਸਾਰੀ ਮਸ਼ੀਨਰੀ ਇਸ ਗੱਲ ਲਈ ਯਤਨਸ਼ੀਲ ਹੈ ਕਿ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਮੀ ਲਿਆਂਦੀ ਜਾਵੇ ਅਤੇ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਪ੍ਰੇਰਿਤ ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਸਮੇਂ ਸਿਰ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਦਿੱਤੀਆਂ ਗਈਆਂ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨੇ ਪਰਭਾਵੀ ਢੰਗ ਅਪਣਾ ਕੇ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਫੀ ਘਟਾਈਆਂ ਵੀ ਹਨ।
ਮੁੱਖ ਸਕੱਤਰ ਨੇ ਕਿਹਾ ਕਿ ਹਰ ਹਫਤੇ ਪਰਾਲੀ ਪ੍ਰਬੰਧਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਪਰਾਲੀ ਸਾੜਨ ਤੋਂ ਰੋਕਣ ਲਈ ਸਾਰਥਕ ਹੰਭਲੇ ਮਾਰੇ ਜਾ ਸਕਣ। ਮੁੱਖ ਸਕੱਤਰ ਨੇ ਦੱਸਿਆ ਕਿ ਉਨ੍ਹਾਂ ਹਾਟ-ਸਪਾਟਸ ‘ਤੇ ਅਧਿਕਾਰੀਆਂ ਵੱਲੋਂ ਜ਼ਿਆਦਾ ਫ਼ੋਕਸ ਕੀਤਾ ਗਿਆ ਹੈ ਜਿਨ੍ਹਾਂ ਪਿੰਡਾਂ ਵਿਚ ਪਿਛਲੇ ਸਾਲਾਂ ਦੌਰਾਨ ਨਾੜ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਇਸ ਤੋਂ ਇਲਾਵਾ ਸਾਰੇ 23 ਜ਼ਿਿਲ੍ਹਆਂ ਵਿਚ ਸੀਨੀਅਰ ਆਈਏਐਸ ਅਫਸਰ ਜਿਨ੍ਹਾਂ ਨੂੰ ਸਬੰਧਤ ਜ਼ਿਲ੍ਹੇ ਦਾ ਸਕੱਤਰ ਇੰਚਾਰਜ ਲਾਇਆ ਗਿਆ ਹੈ, ਵੱਲੋਂ ਸਮੇਂ-ਸਮੇਂ ‘ਤੇ ਦੌਰਾ ਕਰਕੇ ਪਰਾਲੀ ਪ੍ਰਬੰਧਨ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਜਾ ਰਿਹਾ ਹੈ।
ਮੁੱਖ ਸਕੱਤਰ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਵੱਲੋਂ ਪਰਾਲੀ ਨਹੀਂ ਸਾੜੀ ਗਈ ਉਨ੍ਹਾਂ ਦਾ ਪੰਜਾਬ ਸਰਕਾਰ ਅਤੇ ਵੱਖ-ਵੱਖ ਜ਼ਿਲ੍ਹਾਂ ਪ੍ਰਸ਼ਾਸ਼ਨਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਰਾਹੀਂ ਵੀ ਸਮਝਾਇਆ ਗਿਆ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਬੱਚਿਆਂ ਨੂੰ ‘ਗੰਧਲਾ ਤੇ ਪ੍ਰਦੂਸ਼ਿਤ’ ਭਵਿੱਖ ਮਿਲੇਗਾ। ਇਸ ਤੋਂ ਇਲਾਵਾ ਧਾਰਮਿਕ ਸਥਾਨਾਂ ਰਾਹੀਂ ਵੀ ਪਰਾਲੀ ਨਾ ਸਾੜਨ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਮੁੱਖ ਸਕੱਤਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਅਤੇ ਨੌਜਵਾਨਾਂ ਦੇ ਸਿਹਤਮੰਦ ਭਵਿੱਖ ਲਈ ਹਰ ਹਾਲਤ ਵਿਚ ਪਰਾਲੀ ਨੂੰ ਨਾ ਸਾੜਿਆ ਜਾਵੇ ਅਤੇ ਇਸ ਦੇ ਪ੍ਰਬੰਧਨ ਲਈ ਸਰਕਾਰ ਦਾ ਸਾਥ ਦਿੱਤਾ ਜਾਵੇ।
————-

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿਖਾਇਆ ਭਾਈਚਾਰੇ ਤੇ ਫ਼ਿਰਕੂ ਸਦਭਾਵਨਾ ਦਾ ਮਾਰਗ ਅਜੋਕੇ ਪਦਾਰਥਵਾਦੀ ਸੰਸਾਰ ਵਿੱਚ ਵੀ ਪ੍ਰਸੰਗਿਕ: ਮੁੱਖ ਮੰਤਰੀ

ਪ੍ਰਕਾਸ ਪੁਰਬ ਸਬੰਧੀ ਰਾਜ ਭਵਨ ਵਿਖੇ ਕਰਵਾਏ ਸਮਾਗਮ ਵਿੱਚ ਕੀਤੀ ਸ਼ਿਰਕਤ
ਰਾਜ ਵਿੱਚ ਸਾਂਤੀ, ਤਰੱਕੀ ਅਤੇ ਖੁਸਹਾਲੀ ਦੀ ਕੀਤੀ ਕਾਮਨਾ

ਚੰਡੀਗੜ੍ਹ, 10 ਨਵੰਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਚਾਰਿਆ ਭਾਈਚਾਰੇ ਅਤੇ ਫਿਰਕੂ ਸਦਭਾਵਨਾ ਦਾ ਸੰਕਲਪ ਸਮਕਾਲੀ ਪਦਾਰਥਵਾਦੀ ਸੰਸਾਰ ਵਿੱਚ ਸਭ ਤੋਂ ਵੱਧ ਪ੍ਰਸੰਗਿਕ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਪੰਜਾਬ ਰਾਜ ਭਵਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਕੀਦਤ ਭੇਟ ਕਰਨ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਹਿਬ ਜੀ ਮਹਾਨ ਅਧਿਆਤਮਿਕ ਆਗੂ ਸਨ, ਜਿਨ੍ਹਾਂ ਨੇ ਧਰਮ ਪ੍ਰਚਾਰ ਰਾਹੀਂ ਮਨੁੱਖਤਾ ਦੀ ਮੁਕਤੀ ਦਾ ਮਾਰਗ ਦਿਖਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੀਆਂ ਸਦੀਵੀ ਸਿੱਖਿਆਵਾਂ ਅਜੋਕੇ ਪਦਾਰਥਵਾਦੀ ਸਮਾਜ ਵਿੱਚ ਪ੍ਰਸੰਗਿਕ ਹਨ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਵੇਂ ਵਿਚਾਰਾਂ ਅਤੇ ਉਦੇਸਾਂ ਨਾਲ ਪ੍ਰੇਰਿਤ ਕੀਤਾ ਅਤੇ ਪਾਖੰਡ, ਝੂਠ, ਦਿਖਾਵੇ ਅਤੇ ਜਾਤ-ਪਾਤ ਦੀਆਂ ਵਲਗਣਾਂ ਤੋਂ ਉੱਪਰ ਉੱਠਣ ਦਾ ਸੁਨੇਹਾ ਦਿੱਤਾ।

ਲੋਕਾਂ ਨੂੰ ਗੁਰੂ ਸਾਹਿਬ ਦੁਆਰਾ ਦਰਸਾਈ ਸੇਵਾ ਅਤੇ ਨਿਮਰਤਾ ਦੀ ਭਾਵਨਾ ਨੂੰ ਗ੍ਰਹਿਣ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਰਹਿਤ ਸਮਾਜ ਦੀ ਕਲਪਨਾ ਕੀਤੀ ਤਾਂ ਕਿ ਦੁੱਖਾਂ ਨਾਲ ਪਰੁੰਨੀ ਮਨੁੱਖਤਾ ਨੂੰ ਤਕਲੀਫਾਂ ਤੋਂ ਮੁਕਤ ਕਰਵਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਉਦਾਸੀਆਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੂੰ ਵਿਸਵ ਭਰ ਵਿੱਚ ਜਗਤ ਗੁਰੂ ਵਜੋਂ ਸਤਿਕਾਰਿਆ ਜਾਂਦਾ ਹੈ, ਨੇ ਭਾਈਚਾਰਕ ਸਾਂਝ ਅਤੇ ਫ਼ਿਰਕੂ ਸਦਭਾਵਨਾ ਦਾ ਪ੍ਰਚਾਰ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਜੁਲਮ, ਅਨਿਆਂ ਅਤੇ ਅੱਤਿਆਚਾਰ ਦਾ ਡਟ ਕੇ ਵਿਰੋਧ ਕੀਤਾ।

ਗੁਰਬਾਣੀ ਦੀ ਤੁਕ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਜੀ ਨੇ ਹਵਾ ਦੀ ਗੁਰੂ ਨਾਲ, ਪਾਣੀ ਦੀ ਪਿਤਾ ਨਾਲ ਅਤੇ ਧਰਤ ਦੀ ਮਾਤਾ ਨਾਲ ਤੁਲਨਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਗੁਰੂ ਜੀ ਨੇ ਉਸ ਸਮੇਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਦਾ ਉਪਦੇਸ ਦਿੱਤਾ ਸੀ, ਜਦੋਂ ਇਸ ਦਾ ਪ੍ਰਦੂਸਣ ਕਿਤੇ ਵੀ ਨਹੀਂ ਸੀ, ਜਿਸ ਤੋਂ ਉਨ੍ਹਾਂ ਦੀ ਦੂਰਅੰਦੇਸ ਸੋਚ ਦਾ ਪਤਾ ਲੱਗਦਾ ਹੈ।

ਪ੍ਰਕਾਸ ਪੁਰਬ ਸਬੰਧੀ ਸਮਾਗਮ ਕਰਵਾਉਣ ਲਈ ਪੰਜਾਬ ਦੇ ਰਾਜਪਾਲ ਦੀ ਸਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਦੇ ਰਾਜਪਾਲ ਅਤੇ ਪ੍ਰਸਾਸਕ ਬਨਵਾਰੀ ਲਾਲ ਪੁਰੋਹਿਤ ਜੀ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਨੂੰ ਮਨਾਉਣ ਲਈ ਹਮੇਸਾ ਮੋਹਰੀ ਰਹੇ ਹਨ।

ਇਸ ਮੌਕੇ ‘ਤੇ ਨਿੱਘੀ ਵਧਾਈ ਦਿੰਦੇ ਹੋਏ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ‘ਤੇ ਚੱਲਣ ‘ਤੇ ਜੋਰ ਦਿੱਤਾ। ਗੁਰੂ ਸਾਹਿਬ ਦੇ ਜੀਵਨ ਬਾਰੇ ਸੰਖੇਪ ਝਾਤ ਪਾਉਂਦਿਆਂ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਦੇ ਸੁਰੂਆਤੀ ਸਾਲ ਇਹ ਦਰਸਾਉਂਦੇ ਹਨ ਕਿ ਉਨ੍ਹਾਂ ਨੂੰ ਰੱਬੀ ਬਖਸ਼ਿਸ਼ ਸੀ।

—————-
ਪੰਜਾਬ ਸਰਕਾਰ ਵੱਲੋਂ ‘‘ਉਡਾਰੀਆਂ’’ ਬਾਲ ਵਿਕਾਸ ਮੇਲਾ 14 ਨਵੰਬਰ ਤੋਂ : ਡਾ.ਬਲਜੀਤ ਕੌਰ
ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ‘‘ਉਡਾਰੀਆਂ’’-ਬਾਲ ਵਿਕਾਸ ਮੇਲੇ ਦੀ ਤਿਆਰੀ ਸਬੰਧੀ ਆਨਲਾਈਨ ਵੈਬੀਨਾਰ ਆਯੋਜਿਤ
ਚੰਡੀਗੜ੍ਹ, 10 ਨਵੰਬਰ
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ “ਉਡਾਰੀਆਂ”-ਬਾਲ ਵਿਕਾਸ ਮੇਲਾ ਹਫਤਾ ਸੂਬੇ ਭਰ ਦੇ ਪਿੰਡਾਂ ਦੇ ਆਂਗਣਵਾੜੀ ਸੈਂਟਰਾਂ ਵਿੱਚ 14 ਤੋਂ 20 ਨਵੰਬਰ 2022 ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਆਂਗਣਵਾੜੀ ਸੈਂਟਰਾਂ ’ਚ ਹਫਤੇ ਦੇ ਹਰ ਦਿਨ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਉਡਾਰੀਆਂ-ਬਾਲ ਵਿਕਾਸ ਮੇਲੇ ਲਈ “ਹਰ ਮਾਪੇ, ਹਰ ਗਲੀ, ਹਰ ਪਿੰਡ ਦੀ ਇੱਕੋ ਆਵਾਜ਼ ਹਰ ਬੱਚੇ ਦਾ ਹੋਵੇ ਸੰਪੂਰਨ ਵਿਕਾਸ” ਸਲੋਗਨ ਜ਼ਾਰੀ ਕੀਤਾ ਗਿਆ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਡਾਰੀਆਂ ਬਾਲ ਵਿਕਾਸ ਮੇਲੇ ਲਈ ਵਿਭਾਗ ਵੱਲੋਂ ਇਸ ਹਫ਼ਤੇ ਦੇ ਸਾਰੇ ਦਿਨ ਵਿਸ਼ੇਸ਼ ਤੌਰ ਤੇ ਮਨਾਏ ਜਾਣਗੇ। 14 ਤੇ 15 ਨਵੰਬਰ ਨੂੰ ਸਥਾਨਕ ਐਨ.ਜੀ.ਓ’ਜ਼ ਵੱਲੋਂ ਬੱਚਿਆਂ ਦੇ ਪੋਸ਼ਣ ਸਬੰਧੀ ਜਾਗਰੂਕਤਾ ਅਤੇ ਫੰਡ ਇਕੱਠੇ ਕਰਨਾ, 16 ਨਵੰਬਰ ਨੂੰ ਪੰਜਾਬ ਸਰਕਾਰ ਦੇ ਵਿਸ਼ੇਸ ਸੰਦੇਸ਼ ਨਾਲ ਸਾਰੀਆਂ ਆਂਗਣਵਾੜੀਆਂ ਵਿੱਚ ਬਾਲ ਵਿਕਾਸ ਮੇਲੇ ਦੀਆਂ ਗਤੀਵਿਧੀਆਂ ਦੀ ਸ਼ੁਰੂਆਤ ਹੋਵੇਗੀ, 17 ਨਵੰਬਰ ਨੂੰ ਪੋਸ਼ਣ ਦਿਨ, 18 ਨਵੰਬਰ ਨੂੰ ਦਾਦਾ-ਦਾਦੀ, ਨਾਨਾ-ਨਾਨੀ ਦਿਨ ਵਜੋ ਮਨਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ 19 ਨਵੰਬਰ ਨੂੰ ਬਾਲ ਸਰਪੰਚ ਦਿਨ ਅਤੇ 20 ਨਵੰਬਰ ਨੂੰ ਸਕਾਰਾਤਮਕ ਪਾਲਣ-ਪੋਸ਼ਣ ਦਿਨ ਮਨਾਇਆ ਜਾਵੇਗਾ।
ਡਾ.ਬਲਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਡਾਰੀਆਂ ਬਾਲ ਵਿਕਾਸ ਮੇਲੇ ਲਈ ਵਿਭਾਗ ਵੱਲੋਂ ਇਸ ਹਫ਼ਤੇ ਦੇ ਸਾਰੇ ਦਿਨਾਂ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਵੈਬੀਨਾਰ ਵਿੱਚ ਡੀ.ਡੀ.ਪੀ.ਓ’ਜ਼ ਤੇ ਸੀ.ਡੀ.ਪੀ.ਓਜ਼, ਸੁਪਰਵਾਇਜ਼ਰ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਉਨ੍ਹਾਂ ਦੀਆਂ ਜਿੰਮੇਵਾਰੀਆਂ ਸਬੰਧੀ ਜਾਣੂ ਕਰਵਾਇਆ ਗਿਆ।
ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬੱਚਿਆ ਦੇ ਮਾਪੇ, ਦਾਦਾ-ਦਾਦੀ ਅਤੇ ਆਮ ਲੋਕਾਂ ਦੀ ਮਦਦ ਨਾਲ ਬਾਲ ਵਿਕਾਸ ਹਫਤਾ ਬਹੁਤ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਬੱਚੇ ਦੇ ਪੋਸ਼ਣ, ਖੇਡ ਅਤੇ ਕਹਾਣੀ ਅਧਾਰਤ ਵਿਕਾਸ, ਸੁਰੱਖਿਆ ਅਤੇ ਸਾਧਨ ਅਤੇ ਸਕਾਰਾਤਮਕ ਪਾਲਣ-ਪੋਸ਼ਣ ਲਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਪੂਰੇ ਹਫ਼ਤੇ ਦੌਰਾਨ ਬੱਚਿਆਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਕੇ, ਬੱਚੇ ਦੇ ਮਾਹੌਲ ਵਿੱਚ ਸੁਧਾਰ ਕਰਕੇ ਹਰ ਬੱਚੇ ਦੇ ਵਿਕਾਸ ਦਾ ਉਪਰਾਲਾ ਕੀਤਾ ਜਾਵੇਗਾ।
————

ਕੇਰਲਾ ਅਪਣਾਏਗਾ ਪੰਜਾਬ ਮਾਡਲ
੍ਹ ਕੇਰਲਾ ਦੇ 21 ਮੈਂਬਰੀ ਵਫ਼ਦ ਵੱਲੋਂ ਪਸ਼ੂ-ਧੰਨ ਲਈ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਪੰਜਾਬ ਦਾ ਦੌਰਾ
੍ਹ ਪੰਜਾਬ ਦੀ ਤਰਜ਼ ’ਤੇ ਪਸ਼ੂਆਂ ਲਈ ਪੌਸ਼ਟਿਕ ਖ਼ੁਰਾਕ ਮਿਸ਼ਰਣ ਤਿਆਰ ਕਰਨ ਵਾਸਤੇ ਕਾਨੂੰਨ ਬਣਾਏਗਾ ਕੇਰਲਾ
ਚੰਡੀਗੜ੍ਹ, 10 ਨਵੰਬਰ:
ਕੇਰਲਾ ਦੀ ਪਸ਼ੂ ਪਾਲਣ ਮੰਤਰੀ ਸ੍ਰੀਮਤੀ ਜੇ. ਚਿਨਚੁਰਾਨੀ ਨੇ ਅੱਜ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਪਸ਼ੂਆਂ ਦੇ ਚਾਰਾ ਪ੍ਰਬੰਧਨ ਲਈ ‘ਪੰਜਾਬ ਮਾਡਲ’ ਅਪਣਾਉਣ ਵਿੱਚ ਦਿਲਚਸਪੀ ਦਿਖਾਈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੇਰਲਾ ਨੂੰ ਪਸ਼ੂਆਂ ਦੇ ਚਾਰੇ ਵਾਸਤੇ ਪਰਾਲੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ ਜਿਸ ਨਾਲ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਸਣੇ ਵੱਡੀ ਮਾਤਰਾ ਵਿੱਚ ਬਣਦੀ ਪਰਾਲੀ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।
ਪੰਜਾਬ ਦੀ ਤਰਜ਼ ’ਤੇ ਪਸ਼ੂ-ਧੰਨ ਲਈ ਖ਼ੁਰਾਕ, ਬੁਨਿਆਦੀ ਢਾਂਚਾ ਅਤੇ ਢੁਕਵਾਂ ਮਾਹੌਲ ਸਿਰਜਣ ਹਿੱਤ ਕਾਨੂੰਨ ਬਣਾਉਣ ਵਾਸਤੇ ਕੇਰਲਾ ਸਰਕਾਰ ਦੇ 21 ਮੈਂਬਰੀ ਵਫ਼ਦ ਦੀ ਅਗਵਾਈ ਕਰ ਰਹੀ ਪਸ਼ੂ ਪਾਲਣ ਮੰਤਰੀ ਸ੍ਰੀਮਤੀ ਜੇ. ਚਿਨਚੁਰਾਨੀ ਨੇ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪੱਤਰ ਸੌਂਪਿਆ। ਇਸ ਉਦਮ ਨੂੰ ਕੈਬਨਿਟ ਮੰਤਰੀ ਨੇ ਦੋਹਾਂ ਸੂਬਿਆਂ ਲਈ ਮੁਨਾਫ਼ੇ ਵਾਲਾ ਦੱਸਦਿਆਂ ਕਿਹਾ ਕਿ ਮਾਨ ਸਰਕਾਰ ਇਸ ਦਿਸ਼ਾ ਵਿੱਚ ਹਰ ਸੰਭਵ ਸਹਿਯੋਗ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਇਸ ਪ੍ਰਸਤਾਵਤ ਪ੍ਰਾਜੈਕਟ ਨੂੰ ਸਿਰੇ ਚਾੜ੍ਹਨ ਲਈ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ।
ਆਪਣੇ ਦੋ ਦਿਨਾ ਪੰਜਾਬ ਦੌਰੇ ਲਈ ਅੱਜ ਚੰਡੀਗੜ੍ਹ ਪੁੱਜੇ ਕੇਰਲਾ ਸਰਕਾਰ ਦੇ ਵਫ਼ਦ ਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਨਿੱਘਾ ਸਵਾਗਤ ਕੀਤਾ।
ਇਸ ਪਿੱਛੋਂ ਮੀਟਿੰਗ ਦੌਰਾਨ ਸ੍ਰੀਮਤੀ ਚਿਨਚੁਰਾਨੀ ਨੇ ਕਿਹਾ ਕਿ ਕੇਰਲਾ ਵਿੱਚ ਲੋਕਾਂ ਲਈ ਡੇਅਰੀ ਫ਼ਾਰਮਿੰਗ ਰੋਜ਼ੀ-ਰੋਟੀ ਦਾ ਅਹਿਮ ਕਿੱਤਾ ਹੈ ਅਤੇ ਲੱਖਾਂ ਕਿਸਾਨਾਂ ਲਈ ਡੇਅਰੀ ਕਿੱਤਾ ਆਮਦਨ ਦਾ ਮੁੱਖ ਸਾਧਨ ਹੈ। ਪੰਜਾਬ ਤੋਂ ਬਾਅਦ ਕੇਰਲਾ ਦੁੱਧ ਉਤਪਾਦਕਤਾ ਵਿੱਚ ਦੇਸ਼ ਵਿੱਚ ਦੂਜੇ ਨੰਬਰ ’ਤੇ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਪਸ਼ੂ ਚਾਰੇ ਦੀਆਂ ਕੀਮਤਾਂ ਵਧਣ ਕਾਰਨ ਡੇਅਰੀ ਨਾਲ ਜੁੜੇ ਕਿਸਾਨਾਂ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਤੱਟੀ ਰਾਜ ਕੇਰਲਾ ਵਿੱਚ ਖੇਤੀਯੋਗ ਜ਼ਮੀਨ ਘੱਟ ਹੋਣ ਕਰਕੇ ਪਸ਼ੂਆਂ ਲਈ ਲੋੜੀਂਦਾ ਚਾਰਾ ਪੈਦਾ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਵੱਲੋਂ ਐਲਾਨੇ ਕਿਸਾਨ ਰੇਲ ਪ੍ਰਾਜੈਕਟ ਰਾਹੀਂ ਪਰਾਲੀ ਕੇਰਲਾ ਰਾਜ ਵਿੱਚ ਭੇਜੀ ਜਾਂਦੀ ਹੈ ਤਾਂ ਇਸ ਨਾਲ ਕੇਰਲਾ ਦੇ ਵੱਡੀ ਗਿਣਤੀ ਡੇਅਰੀ ਕਿਸਾਨਾਂ ਨੂੰ ਲਾਭ ਹੋਵੇਗਾ।
‘ਕੇਰਲਾ ਪਸ਼ੂ ਧਨ ਅਤੇ ਪੋਲਟਰੀ ਫ਼ੀਡ ਤੇ ਮਿਨਰਲ ਮਿਕਸਚਰ (ਨਿਰਮਾਣ ਤੇ ਵਿਕਰੀ ਨਿਯਮ) ਬਿਲ, 2022’ ਬਣਾਉਣ ਲਈ ਅਧਿਐਨ ਕਰਨ ਵਾਸਤੇ ਪੰਜਾਬ ਦੌਰੇ ’ਤੇ ਪੁੱਜੀ ਕੇਰਲਾ ਵਿਧਾਨ ਸਭਾ ਦੀ ਸਲੈਕਟ ਕਮੇਟੀ ਨੂੰ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ, ਪਸ਼ੂਆਂ ਦੀ ਕੌਮੀ ਆਬਾਦੀ ਵਿੱਚ 1.31 ਫ਼ੀਸਦੀ ਦਾ ਯੋਗਦਾਨ ਪਾਉਂਦਾ ਹੈ ਜਦਕਿ ਸੂਬੇ ਵਿੱਚ ਦੁੱਧ ਦਾ ਉਤਪਾਦਨ ਕੌਮੀ ਉਤਪਾਦਨ ਦਾ 6.70 ਫ਼ੀਸਦੀ ਹੁੰਦਾ ਹੈ। ਪੰਜਾਬ ਵਿੱਚ ਪ੍ਰਤੀ ਵਿਅਕਤੀ ਦੁੱਧ ਤੇ ਅੰਡੇ ਦੀ ਉਪਲੱਬਧਤਾ ਦੇਸ਼ ਵਿੱਚ ਸਭ ਤੋਂ ਵੱਧ ਹੈ ਅਤੇ ਪਸ਼ੂ ਪਾਲਣ ਖੇਤਰ ਦਾ ਸੂਬੇ ਦੀ ਖੇਤੀਬਾੜੀ ਦੀ ਜੀ.ਡੀ.ਪੀ. ਵਿੱਚ ਵੱਡਾ ਯੋਗਦਾਨ ਹੈ।
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਸੂਬੇ ਵਿੱਚ ਪਸ਼ੂ ਰੋਗ ਅਤੇ ਵੈਕਸੀਨ ਸੰਸਥਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਵੇਲੇ ਲਗਭਗ 3000 ਪਸ਼ੂ ਸੰਸਥਾਵਾ ਹਨ, ਜੋ ਸੂਬੇ ਵਿੱਚ ਔਸਤਨ 2400 ਪਸ਼ੂ ਪ੍ਰਤੀ ਸੰਸਥਾ ਅਤੇ ਲਗਭਗ 4.5 ਕਿਲੋਮੀਟਰ ਦੇ ਘੇਰੇ ਨੂੰ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ।
————–

ਵਿਜੀਲੈਂਸ ਬਿਊਰੋ ਵੱਲੋਂ 10,000 ਰੁਪਏ ਦੀ ਰਿਸਵਤ ਲੈਣ ਦੇ ਦੋਸ ਹੇਠ ਸਰਪੰਚ ਵਿਰੁੱਧ ਰਿਸਵਤਖੋਰੀ ਦਾ ਮਾਮਲਾ ਦਰਜ
ਚੰਡੀਗੜ੍ਹ, 10 ਨਵੰਬਰ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭਿ੍ਰਸਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੁਲਿਸ ਕਰਮਚਾਰੀਆਂ ਦੇ ਨਾਮ ‘ਤੇ ਰਿਸਵਤ ਲੈਣ ਦੇ ਦੋਸ ਹੇਠ ਸਰਪੰਚ ਹਰਜੀਤ ਸਿੰਘ ਗੁੱਲੂ, ਪਿੰਡ ਮੱਟਰਾਂ, ਐਸ.ਏ.ਐਸ.ਨਗਰ ਵਿਰੁੱਧ ਰਿਸਵਤਖੋਰੀ ਦਾ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਰਪੰਚ ਵਿਰੁੱਧ ਥਾਣਾ ਡੇਰਾਬੱਸੀ ਦੇ ਪਿੰਡ ਬਰੌਲੀ ਦੀ ਵਸਨੀਕ ਸਰਬਜੀਤ ਕੌਰ ਵੱਲੋਂ ਮੁੱਖ ਮੰਤਰੀ ਭਿ੍ਰਸਟਾਚਾਰ ਵਿਰੋਧੀ ਹੈਲਪਲਾਈਨ ‘ਤੇ ਦਰਜ ਕਰਵਾਈ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਅਤੇ ਇਸ ਸਬੰਧੀ ਪੇਸ ਸਬੂਤਾਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਸਰਪੰਚ ਨੇ ਸ਼ਿਕਾਇਤਕਰਤਾ ਤੋਂ ਐਸ.ਏ.ਐਸ. ਨਗਰ ਦੇ ਸੋਹਾਣਾ ਪੁਲਿਸ ਥਾਣੇ ਵਿੱਚ ਪੜਤਾਲ ਅਧੀਨ ਇੱਕ ਸ਼ਿਕਾਇਤ ਦੇ ਮਾਮਲੇ ‘ਚ ਇਨਸਾਫ ਦਿਵਾਉਣ ਲਈ ਇੱਕ ਪੁਲਿਸ ਕਰਮਚਾਰੀ ਨੂੰ 10,000 ਰੁਪਏ ਰਿਸਵਤ ਵਜੋਂ ਦੇਣ ਵਾਸਤੇ ਲਏ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਦੋਸ ਸਹੀ ਪਾਏ ਗਏ ਅਤੇ ਉਕਤ ਸਰਪੰਚ ਵਿਰੁੱਧ ਭਿ੍ਰਸਟਾਚਾਰ ਰੋਕੂ ਕਾਨੂੰਨ ਦੀ ਧਾਰਾ 7-ਏ ਅਧੀਨ ਐਫ.ਆਈ.ਆਰ ਨੰ. 23 ਮਿਤੀ 09-11-2022 ਨੂੰ ਵਿਜੀਲੈਂਸ ਬਿਊਰੋ ਉਡਣ ਦਸਤਾ-1, ਪੁਲਿਸ ਥਾਣਾ, ਐਸ.ਏ.ਐਸ.ਨਗਰ ਵਿਖੇ ਭਿ੍ਰਸਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਸੀ।
———-

ਸੀਵਰੇਜ ਦੀ ਸਹੂਲਤ ਮਿਲਣ ਨਾਲ ਬਟਾਲਾ ਕਸਬੇ ਨੂੰ ਮਿਲੇਗੀ ਵੱਡੀ ਰਾਹਤ, ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ: ਡਾ.ਇੰਦਰਬੀਰ ਨਿੱਜਰ
ਸਰਕਾਰ ਵੱਲੋਂ ਇਸ ਪ੍ਰਾਜੈਕਟ ‘ਤੇ 127.99 ਕਰੋੜ ਰੁਪਏ ਕੀਤੇ ਜਾਣਗੇ ਖਰਚ
ਇਸ ਪ੍ਰਾਜੈਕਟ ਅਧੀਨ ਲਗਭਗ 160 ਕਿਲੋਮੀਟਰ ਖੇਤਰ ਨੂੰ ਕਵਰ ਕੀਤਾ ਜਾਵੇਗਾ
ਚੰਡੀਗੜ੍ਹ, 10 ਨਵੰਬਰ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਕੰਮ ਕਰਦਿਆਂ ਪੰਜਾਬ ਸਰਕਾਰ ਵੱਲੋਂ ਬਟਾਲਾ ਕਸਬੇ ਲਈ ਸੀਵਰੇਜ ਦੀ ਸਹੂਲਤ ਮੁਹੱਈਆ ਕਰਵਾਉਣ ਵਾਸਤੇ 127.99 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਇਸ ਪ੍ਰਾਜੈਕਟ ਦੇ ਕੰਮ-ਕਾਜ ਦਾ ਜਾਇਜ਼ਾ ਲਿਆ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰਾਜੈਕਟ ਦੇ ਕੰਮ ਨੂੰ ਮਿੱਥੇ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਨਿੱਜਰ ਨੇ ਦੱਸਿਆ ਕਿ ਬਟਾਲਾ ਸ਼ਹਿਰ ਦਾ ਲਗਭਗ 160 ਕਿਲੋਮੀਟਰ ਖੇਤਰ ਸੀਵਰੇਜ ਨੈੱਟਵਰਕ ਅਧੀਨ ਆਵੇਗਾ। ਇਸ ਤੋਂ ਇਲਾਵਾ ਇਸ ਪ੍ਰਾਜੈਕਟ ਅਧੀਨ 30 ਐਮ.ਐਲ.ਡੀ. ਦੀ ਸਮਰੱਥਾ ਵਾਲਾ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਮੇਨ ਪੰਪਿੰਗ ਸਟੇਸ਼ਨ ਵੀ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਬਟਾਲਾ ਸ਼ਹਿਰ ਦੀ ਵੱਡੀ ਆਬਾਦੀ ਨੂੰ ਇਸ ਸੀਵਰੇਜ ਸਿਸਟਮ ਦਾ ਲਾਭ ਮਿਲੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੇਨ ਡੇਰਾ ਬਾਬਾ ਨਾਨਕ ਰੋਡ, ਮਾਨ ਨਗਰ, ਡੰਬੀਵਾਲ, ਹਸਨਪੁਰਾ, ਪੁੰਡੇਰ, ਮੁਰਗੀ ਮੁਹੱਲਾ, ਸ਼ੁਕਰਪੁਰਾ, ਸੁੰਦਰ ਨਗਰ, ਮੇਨ ਅਲੀਵਾਲ ਰੋਡ, ਕੱਚਾਕੋਟ ਤੇਲੀਆਂਵਾਲ, ਜੁਝਾਰ ਨਗਰ, ਜਵਾਹਰ ਨਗਰ, ਖਤੀਬ, ਅੱਲੋਵਾਲ ਪਿੰਡ, ਅੰਮ੍ਰਿਤਸਰ ਰੋਡ, ਧੀਰ ਰੋਡ, ਜਲੰਧਰ ਬਾਈਪਾਸ ਰੋਡ ਨੂੰ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਰਮਾਨ ਰਿਜੋਰਟ ਦੇ ਨਾਲ ਲੱਗਦੇ ਇਲਾਕੇ, ਮਲਾਵੇ ਦੀ ਕੋਠੀ, ਬੋਦੇ ਦੀ ਖੁਈ, ਮੇਨ ਜਲੰਧਰ ਰੋਡ, ਨਵਰੂਪ ਨਗਰ, ਨਰਾਇਣ ਨਗਰ, ਗੁਰੂ ਨਾਨਕ ਕਾਲਜ ਦਾ ਪਿਛਲਾ ਪਾਸਾ, ਗੁਰੂ ਨਾਨਕ ਅਕੈਡਮੀ ਦਾ ਪਿਛਲਾ ਪਾਸਾ, ਸ੍ਰੀ ਹਰਗੋਬਿੰਦਪੁਰ ਰੋਡ, ਕਾਹਨੂੰਵਾਨ ਰੋਡ ਦੇ ਨਾਲ ਲੱਗਦੇ ਇਲਾਕੇ, ਝਾੜੀਆਂਵਾਲ, ਪ੍ਰੇਮ ਨਗਰ, ਸ਼ਾਂਤੀ ਨਗਰ, ਬਸੰਤ ਨਗਰ, ਪ੍ਰੀਤ ਨਗਰ, ਮਾਡਲ ਟਾਊਨ, ਕਾਲਾ ਨੰਗਲ ਰੋਡ, ਦਸਮੇਸ਼ ਨਗਰ, ਕਰਤਾਰ ਨਗਰ ਆਦਿ ਇਲਾਕੇ ਬਟਾਲਾ ਟਾਊਨ ਸੀਵਰੇਜ ਪ੍ਰਾਜੈਕਟ ਤਹਿਤ ਕਵਰ ਕੀਤੇ ਜਾਣਗੇ।
ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਇਸ ਲਈ ਉਨ੍ਹਾਂ ਅਧਿਕਾਰੀਆਂ ਨੂੰ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਕੰਮ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।