ਵਿਜੀਲੈਂਸ ਨੇ ਸਹਿਕਾਰੀ ਬੈਂਕ ਨਾਲ 9 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਪ੍ਰਾਈਵੇਟ ਵਿਅਕਤੀ ਨੂੰ ਕੀਤਾ ਗਿ੍ਰਫਤਾਰ.
ਚੰਡੀਗੜ, 27 ਅਕਤੂਬਰ :
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਿ੍ਰਸਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਇੱਕ ਪ੍ਰਾਈਵੇਟ ਵਿਅਕਤੀ ਜਗਜੀਤ ਸਿੰਘ ਵਾਸੀ ਪਿੰਡ ਧੂਲਕਾ, ਜ਼ਿਲਾ ਅੰਮਿ੍ਰਤਸਰ ਨੂੰ ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਕੇਂਦਰੀ ਸਹਿਕਾਰੀ ਬੈਂਕ ਤਰਸਿੱਕਾ ਵਿੱਚ 9,75,771 ਰੁਪਏ ਦਾ ਗਬਨ ਕਰਨ ਦੇ ਦੋਸ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜਮ ਨੇ ਬੈਂਕ ਮੈਨੇਜਰ ਰਾਕੇਸ ਕੁਮਾਰ, ਕੈਸੀਅਰ ਰਾਮ ਕਿਸੋਰ ਅਤੇ ਸਕੱਤਰ ਕੁਲਵੰਤ ਸਿੰਘ ਨਾਲ ਮਿਲੀਭੁਗਤ ਕਰਕੇ ਉਕਤ ਰਕਮ ਉਸ ਦੇ ਹੋਰ ਬੈਂਕਾਂ ਵਿਚਲੇ ਨਿੱਜੀ ਖਾਤਿਆਂ ਵਿੱਚ ਤਬਦੀਲ ਕਰਨ ਉਪਰੰਤ ਕਢਵਾ ਲਈ ਜਦਕਿ ਸਹਿਕਾਰੀ ਬੈਂਕ ਕਿਸਾਨ ਕ੍ਰੈਡਿਟ ਕਾਰਡ ਦੇ ਆਫ-ਲਾਈਨ ਖਾਤੇ ਤੋਂ ਅਜਿਹੀ ਰਕਮ ਦੂਜੇ ਬੈਂਕਾਂ ਦੇ ਖਾਤਿਆਂ ਵਿੱਚ ਤਬਦੀਲ ਨਹੀਂ ਕਰ ਸਕਦਾ।
ਉਨਾਂ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਤਫਤੀਸ ਦੌਰਾਨ ਇਹ ਪਾਇਆ ਗਿਆ ਕਿ ਉਪਰੋਕਤ ਮੁਲਜਮ ਬੈਂਕ ਅਧਿਕਾਰੀਆਂ ਨੇ ਦੋਸੀ ਜਗਜੀਤ ਸਿੰਘ ਨਾਲ ਮਿਲੀਭੁਗਤ ਕਰਕੇ 51,94,900 ਰੁਪਏ ਗਹਿਰੀ ਮੰਡੀ, ਅੰਮਿ੍ਰਤਸਰ ਜ਼ਿਲੇ ਦੇ ਹੋਰ ਬੈਂਕਾਂ ਵਿੱਚ ਟਰਾਂਸਫਰ ਕੀਤੇ ਸਨ।
ਇਸ ਮਾਮਲੇ ਵਿੱਚ ਸੱਤ ਮੁਲਜਮ ਪਹਿਲਾਂ ਹੀ ਗਿ੍ਰਫਤਾਰ ਕੀਤੇ ਜਾ ਚੁੱਕੇ ਹਨ ਜਿਨਾਂ ਨੇ ਉਪਰੋਕਤ ਬੈਂਕ ਵਿੱਚ 24 ਕਰੋੜ ਰੁਪਏ ਦੀ ਅਜਿਹੀ ਧੋਖਾਧੜੀ ਕੀਤੀ ਹੈ। ਇਸ ਸਬੰਧੀ ਆਈਪੀਸੀ ਦੀ ਧਾਰਾ 420, 409, 419, 465, 467, 468, 471, 477-ਏ, 120-ਬੀ, ਆਈ.ਟੀ. ਐਕਟ ਦੀ ਧਾਰਾ 43-ਏ, 43 (ਆਈ), 66, 66-ਡੀ ਅਤੇ ਭਿ੍ਰਸਟਾਚਾਰ ਰੋਕੂ ਐਕਟ ਦੀ ਧਾਰਾ 7 ਤੇ 13 ਤਹਿਤ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।
——–
ਜੌੜਾਮਾਜਰਾ ਵੱਲੋਂ ਸਿਹਤ ਵਿਭਾਗ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ
ਸਿਹਤ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਪੰਜਾਬ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਸਰਗਰਮ ਰਹਿਣ ਦੇ ਆਦੇਸ਼
ਚੰਡੀਗੜ, 27 ਅਕਤੂਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੀ ਪ੍ਰਧਾਨਗੀ ਹੇਠ ਪੰਜਾਬ ਭਵਨ ਚੰਡੀਗੜ ਵਿਖੇ ਸੂਬੇ ਦੇ ਸਿਹਤ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਵਿਭਾਗ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਜੌੜਾਮਾਜਰਾ ਨੇ ਅਧਿਕਾਰੀਆਂ ਨੂੰ ਸਰਗਰਮ ਰਹਿਣ ਅਤੇ ਸਾਰੇ ਵਿਕਾਸ ਕਾਰਜਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਨੇਪਰੇ ਚਾੜਨ ਲਈ ਕਿਹਾ। ਉਹਨਾਂ ਅੱਗੇ ਕਿਹਾ ਕਿ ਕਿਸੇ ਵੀ ਕੰਮ ਨੂੰ ਨੇਪਰੇ ਚਾੜਨ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਗਲਤੀ ਕਰਨ ਵਾਲੇ ਅਧਿਕਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਸੂਬੇ ਵਿੱਚ ਸਿਹਤ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਸ. ਜੌੜਾਮਾਜਰਾ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਪੰਜਾਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਨੂੰ ਉਨਾਂ ਦੇ ਮੈਡੀਕਲ ਉਪਕਰਨਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕਿਸੇ ਵੀ ਨਵੇਂ ਉਪਕਰਨ ਦੀ ਲੋੜ ਜਾਂ ਮੁਰੰਮਤ ਬਾਰੇ ਜਾਣੂ ਕਰਵਾਉਣ ਸਬੰਧੀ ਨਿਰਦੇਸ਼ ਦੇਣ ਕਿਉਂਕਿ ਇਸ ਸਬੰਧੀ ਬਜਟ ਵਿੱਚ ਉਪਬੰਧ ਕੀਤਾ ਗਿਆ ਹੈ।
ਸਿਹਤ ਮੰਤਰੀ ਨੇ ਪੰਜਾਬ ਦੀਆਂ ਸਿਹਤ ਸੰਸਥਾਵਾਂ ਵਿੱਚ ਨਕਾਰਾ/ਵਰਤੋਂ ਵਿੱਚ ਨਾ ਆਉਣ ਵਾਲੇ ਉਪਕਰਨਾਂ ਦਾ ਨਿਪਟਾਰਾ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਤਾਂ ਜੋ ਹਸਪਤਾਲਾਂ ਵਿੱਚ ਥਾਂ ਖਾਲੀ ਹੋ ਸਕੇ। ਸਾਫ਼-ਸਫਾਈ ਸਬੰਧੀ ਮੰਤਰੀ ਨੇ ਹਸਪਤਾਲਾਂ ਵਿੱਚ ਸਾਫ-ਸਫਾਈ ਦੇ ਰੱਖ-ਰਖਾਅ ਲਈ ਠੇਕਿਆਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਹਸਪਤਾਲਾਂ ਦੀ ਬਿਹਤਰ ਸਾਂਭ-ਸੰਭਾਲ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਖਸਤਾ ਹਾਲਤ ਵਾਲੀਆਂ ਪੁਰਾਣੀਆਂ ਇਮਾਰਤਾਂ ਨੂੰ ਢੁਕਵੀਂ ਪ੍ਰਕਿਰਿਆ ਅਪਣਾਉਂਦਿਆਂ ਢਾਹ ਦਿੱਤਾ ਜਾਵੇ।
ਸ. ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ 25 ਜਨ ਔਸਧੀ ਸਟੋਰ ਪਹਿਲਾਂ ਹੀ ਕਫਾਇਤੀ ਦਰਾਂ ‘ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਕਾਰਜਸ਼ੀਲ ਹਨ ਅਤੇ ਲੋਕਾਂ ਦੀ ਸਹੂਲਤ ਲਈ ਅਜਿਹੇ 14 ਹੋਰ ਸਟੋਰ ਖੋਲਣ ਦੀ ਯੋਜਨਾ ਹੈ।
ਮੰਤਰੀ ਨੇ ਵੱਖ-ਵੱਖ ਮੁਲਾਜਮ ਯੂਨੀਅਨਾਂ ਦੀਆਂ ਸ਼ਿਕਾਇਤਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਅਤੇ ਅਧਿਕਾਰੀਆਂ ਨੂੰ ਉਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਰਮਚਾਰੀਆਂ ਦੇ ਹਿੱਤ ਲਈ ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਰਮਚਾਰੀਆਂ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਸਬੰਧੀ ਕਿਸੇ ਵੀ ਬਕਾਇਆ ਮਾਮਲੇ ਨੂੰ ਨਿਪਟਾਉਣ ਲਈ ਵੀ ਕਿਹਾ।
ਇਸ ਮੀਟਿੰਗ ਵਿੱਚ ਮਿਸਨ ਡਾਇਰੈਕਟਰ ਐੱਨ.ਐੱਚ.ਐੱਮ. ਅਭਿਨਵ ਤਿ੍ਰਖਾ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਰਣਜੀਤ ਸਿੰਘ ਘੋਤੜਾ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਰਵਿੰਦਰਪਾਲ ਕੌਰ, ਡਾਇਰੈਕਟਰ ਹੋਮਿਓਪੈਥੀ, ਡਾਇਰੈਕਟਰ ਆਯੁਰਵੈਦ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜਰ ਸਨ।
———
ਮੀਤ ਹੇਅਰ ਵੱਲੋਂ ਪਿ੍ਰਟਿੰਗ ਤੇ ਸਟੇਸ਼ਨਰੀ ਵਿਭਾਗ ਵਿੱਚ ਪੁਨਰਗਠਨ ਰਾਹੀਂ ਖਾਲੀ ਅਸਾਮੀਆਂ ਤੁਰੰਤ ਭਰਨ ਦੇ ਆਦੇਸ਼
ਪਿ੍ਰਟਿੰਗ ਤੇ ਸਟੇਸ਼ਨਰੀ ਮੰਤਰੀ ਨੇ ਸਰਕਾਰੀ ਪ੍ਰੈਸ ਦਾ ਦੌਰਾ ਕਰਕੇ ਲੋੜੀਂਦੀ ਨਵੀ ਮਸ਼ੀਨਰੀ ਲਗਾਉਣ ਲਈ ਆਖਿਆ
ਐਸ.ਏ.ਐਸ.ਨਗਰ, 27 ਅਕਤੂਬਰ
ਪਿ੍ਰਟਿੰਗ ਤੇ ਸਟੇਸ਼ਨਰੀ ਵਿਭਾਗ ਵਿੱਚ ਖਾਲੀ ਅਸਾਮੀਆਂ ਭਰਨ ਲਈ ਪੁਨਰਗਠਨ ਦੀ ਪ੍ਰਕਿਰਿਆ ਜਲਦ ਮੁਕੰਮਲ ਕਰਕੇ ਇਨਾਂ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਹ ਗੱਲ ਪਿ੍ਰਟਿੰਗ ਤੇ ਸਟੇਸ਼ਨਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸਰਕਾਰੀ ਪ੍ਰੈਸ ਦੇ ਦੌਰੇ ਮੌਕੇ ਕਹੀ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਨੂੰ ਮਜਬੂਤ ਕਰਨ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਪ੍ਰੈਸ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਅਸਾਮੀਆਂ ਦੀ ਸਿਰਜਣਾ ਕਰਨ ਤੋਂ ਬਾਅਦ ਨਵੀਨੀਕਰਨ ਕੀਤਾ ਜਾਵੇਗਾ ਜਿਸ ਤਹਿਤ ਬੇਲੋੜੇ ਸਮਾਨ ਦਾ ਨਿਪਟਾਰਾ ਕਰਕੇ ਅਤਿ-ਆਧੁਨਿਕ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ। ਉਨਾਂ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਅਸਾਮੀਆਂ ਦੀ ਭਰਤੀ ਅਤੇ ਲੋੜੀਂਦੀ ਨਵੀ ਮਸ਼ੀਨਰੀ ਸਥਾਪਤ ਕਰਨ ਦਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇ।
ਮੀਤ ਹੇਅਰ ਨੇ ਸਰਕਾਰੀ ਪ੍ਰੈਸ ਦਾ ਦੌਰਾ ਕਰਕੇ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਮਸ਼ੀਨਾਂ ਦੇਖੀਆਂ। ਉਨਾਂ ਨੇ ਵੱਖ-ਵੱਖ ਬਰਾਂਚਾਂ ਦਾ ਦੌਰਾ ਕਰਕੇ ਕੰਮ ਬਾਰੇ ਜਾਣਕਾਰੀ ਹਾਸਲ ਕੀਤੀ। ਉਨਾਂ ਸਟਾਫ ਨੂੰ ਆਖਿਆ ਕਿ ਸਰਕਾਰੀ ਪ੍ਰੈਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੰਮ ਕੀਤੇ ਜਾਣ।
ਇਸ ਮੌਕੇ ਪ੍ਰਮੁੱਖ ਸਕੱਤਰ ਵੀ.ਕੇ.ਮੀਨਾ, ਵਿਸ਼ੇਸ਼ ਸਕੱਤਰ ਡਾ. ਸੇਨੂੰ ਦੁੱਗਲ ਤੇ ਕੰਟਰੋਲਰ ਵਿੰਮੀ ਭੁੱਲਰ ਵੀ ਹਾਜਰ ਸਨ।
—-
ਪੰਜਾਬ ਵਿੱਚ ਜਾਇਦਾਦ ਮਾਲਕਾਂ ਨੂੰ 15 ਦਿਨਾਂ ਵਿੱਚ ਮਿਲੇਗੀ ਐਨ.ਓ.ਸੀ
ਤਤਕਾਲ ਤਹਿਤ 5 ਦਿਨਾਂ ਵਿੱਚ ਐਨ.ਓ.ਸੀ ਮੁਹੱਈਆ ਕਰਵਾਈ ਜਾਵੇਗੀ
ਵਸੀਕਾ ਨਵੀਸਾਂ ਦੇ ਨਵੇਂ ਲਾਈਸੰਸ ਹੋਣਗੇ ਜਾਰੀ
ਅਧਿਕਾਰਤ ਕਾਲੋਨੀਆਂ ਦੀ ਸੂਚੀ ਮਾਲ, ਮਕਾਨ ਉਸਾਰੀ ਤੇ ਸਥਾਨਕ ਸਰਕਾਰਾਂ ਦੀਆਂ ਵੈਂਬਸਾਈਟਾਂ ’ਤੇ ਹੋਵੇਗੀ ਪ੍ਰਦਰਸ਼ਤ
ਚੰਡੀਗੜ, 27 ਅਕਤੂਬਰ
ਪੰਜਾਬ ਦੇ ਲੋਕਾਂ ਨੂੰ ਜਾਇਦਾਦ ਦੀ ਖਰੀਦੋ-ਫਰੋਕਤ ਦੌਰਾਨ ਹੋਣ ਵਾਲੇ ਝਗੜਿਆਂ ਅਤੇ ਮੁਕੱਦਮੇਬਾਜੀ ਤੋਂ ਬਚਾਉਣ ਲਈ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਮਾਲ ਮੰਤਰੀ ਬ੍ਰਮ ਸੰਕਰ ਜਿੰਪਾ ਨੇ ਵੀਰਵਾਰ ਨੂੰ ਇੱਕ ਉੱਚਰੀ ਪੱਧਰੀ ਮੀਟਿੰਗ ਦੌਰਾਨ ਐਨ.ਓ.ਸੀ ਪ੍ਰਕਿ੍ਰਆ ਨੂੰ 21 ਦਿਨਾਂ ਤੋਂ ਘਟਾ ਕੇ 15 ਕੰਮਕਾਜੀ ਦਿਨ ਕਰਨ ਦਾ ਫੈਸਲਾ ਲਿਆ।
ਇਥੇ ਪੰਜਾਬ ਭਵਨ ਵਿਖੇ ਹੋਈ ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸੁਝਾਅ ਤੇ ਇਹ ਵੀ ਫੈਸਲਾ ਲਿਆ ਗਿਆ ਕਿ ਪ੍ਰਵਾਸੀ ਭਾਰਤੀਆਂ ਅਤੇ ਹੋਰਨਾਂ ਅਜਿਹੇ ਵਿਅਕਤੀਆਂ ਜਿੰਨਾਂ ਕੋਲ ਸਮੇਂ ਦੀ ਘਾਟ ਹੁੰਦੀ ਹੈ, ਦੀ ਸਹੂਲਤ ਲਈ ਤਤਕਾਲ ਸੁਵਿਧਾ ਤਹਿਤ ਐਨ.ਓ.ਸੀ. ਪ੍ਰਕਿ੍ਰਆ ਲਈ ਸਮਾਂ 5 ਦਿਨ ਦਾ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸੁਵਿਧਾ ਤਹਿਤ ਪ੍ਰਵਾਸੀ ਭਾਰਤੀ ਜਾਂ ਉਹ ਵਿਅਕਤੀ ਜੋ ਇਸ ਸਹੂਲਤ ਨੂੰ ਜਲਦੀ ਹਾਸਿਲ ਕਰਨਾ ਚਾਹੁੰਦੇ ਹਨ ਕੁਝ ਵੱਧ ਫੀਸ ਅਦਾ ਕਰਕੇ 5 ਦਿਨਾਂ ਵਿੱਚ ਐਨ.ਓ.ਸੀ. ਹਾਸਿਲ ਕਰ ਸਕਣਗੇ।
ਇਸੇ ਦੌਰਾਨ ਕੈਬਨਿਟ ਮੰਤਰੀਆਂ ਵੱਲੋਂ ਐਨ.ਓ.ਸੀ ਦੀ ਆਨਲਾਈਨ ਪ੍ਰਕਿ੍ਰਆ ਤੇ ਨਜਰ ਰੱਖਣ ਲਈ ਮਾਲ ਵਿਭਾਗ ਦੇ ਸਬ-ਰਜਿਸਟਰਾਰ ਨੂੰ ਲਾਗਇੰਨ ਆਈ.ਡੀ ਅਤੇ ਪਾਸਵਰਡ ਮੁਹੱਈਆ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਉਹ ਰਜਿਸਟਰੀ ਮੌਕੇ ਅਸਲੀ ਅਤੇ ਜਾਅਲੀ ਐਨ.ਓ.ਸੀ. ਦਾ ਪਤਾ ਲਗਾ ਸਕੇ। ਇਸ ਨਾਲ ਜਾਅਲੀ ਐਨ.ਓ.ਸੀ ਕਾਰਨ ਹੋਈ ਰਜਿਸਟਰੀ ਦੇ ਮਾਮਲੇ ਵਿੱਚ ਸਬੰਧਤ ਅਧਿਕਾਰੀ ਦੀ ਜਿੰਮੇਵਾਰੀ ਤੈਅ ਕੀਤੀ ਜਾ ਸਕੇਗੀ ਅਤੇ ਧੋਖਾਧੜੀ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਮੇਂ ਸਿਰ ਅਪਰਾਧਕ ਮਾਮਲੇ ਦਰਜ ਕਰਨ ਵਿੱਚ ਵੀ ਸਹਾਇਤਾ ਮਿਲੇਗੀ।
ਮੀਟਿੰਗ ਦੌਰਾਨ ਲੋਕਾਂ ਦੀ ਸਹੂਲਤ ਲਈ ਵਸੀਕਾ ਨਵੀਸਾਂ ਦੇ ਨਵੇਂ ਲਾਇਸੰਸ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਨਾਉਣ ਲਈ ਕਿਹਾ ਗਿਆ ਕਿ ਹਰੇਕ ਵਸੀਕਾ ਨਵੀਸ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਨੂੰ ਜਾਇਦਾਦ ਵਿਕਰੇਤਾ ਤੇ ਖਰੀਦਦਾਰ ਦੀ ਜਾਣਕਾਰੀ ਲਈ ਪ੍ਰਦਰਸ਼ਿਤ ਕਰੇ ਅਤੇ ਤਹਿਸੀਲਦਾਰਾਂ ਵੱਲੋਂ ਅਚਨਚੇਤ ਚੈਕਿੰਗਾਂ ਕਰਕੇ ਇਸ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਲੋਕਾਂ ਨੂੰ ਅਧਿਕਾਰਤ ਅਤੇ ਅਣ-ਅਧਿਕਾਰਤ ਰਿਹਾਇਸ਼ੀ ਕਾਲੋਨੀਆਂ ਬਾਰੇ ਜਾਣੂੰ ਕਰਵਾਉਣ ਲਈ ਸੂਬੇ ਭਰ ਦੀਆਂ ਸਾਰੀਆਂ ਅਧਿਕਾਰਤ ਕਾਲੋਨੀਆਂ ਦੀ ਸੂਚੀ ਨੂੰ ਮਾਲ, ਮਕਾਨ ਉਸਾਰੀ ਤੇ ਸਥਾਨਕ ਸਰਕਾਰਾਂ ਦੀਆਂ ਵਿਭਾਗੀ ਵੈਂਬਸਾਈਟਾਂ ‘ਤੇ ਪ੍ਰਕਾਸ਼ਤ ਕੀਤਾ ਜਾਵੇਗਾ।
ਵਿੱਤ ਮੰਤਰੀ ਨੇ ਮੀਟਿੰਗ ਵਿੱਚ ਹਾਜਰ ਮਾਲ, ਮਕਾਨ ਉਸਾਰੀ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਗਲੀ ਮੀਟਿੰਗ ਦੌਰਾਨ ਜਾਇਦਾਦ ਰਜਿਸਟਰੀ ਪ੍ਰਕਿ੍ਰਆ ਵਿੱਚ ਆਉਂਦੀਆਂ ਹੋਰਨਾਂ ਔਕੜਾਂ ਦੇ ਹੱਲ ਲਈ ਸੁਝਾਅ ਪੇਸ਼ ਕਰਨ ਤਾਂ ਜੋ ਲੋਕਾਂ ਦੀ ਸਹੂਲਤ ਅਤੇ ਰੀਅਲ ਇਸਟੇਟ ਵਿੱਚ ਤੇਜੀ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾ ਸਕੇ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਰੇ ਵਿਭਾਗਾਂ ਦੀ ਕਾਰਵਾਈ ਨੂੰ ਸਰਲ ਅਤੇ ਪਾਰਦਰਸ਼ੀ ਬਨਾਉਣ ਲਈ ਵਚਨਬੱਧ ਹੈ।
————–
ਵਿਜੀਲੈਂਸ ਵੱਲੋਂ ਦਾਣਾ ਮੰਡੀਆਂ ਚ ਲੇਬਰ ਤੇ ਢੋਆ-ਢੁਆਈ ਦੇ ਟੈਂਡਰਾਂ ‘ਚ ਇਕ ਹੋਰ ਘਪਲੇ ਦਾ ਪਰਦਾਫਾਸ਼
ਫਿਰੋਜ਼ਪੁਰ ਜਿਲੇ ਦੇ ਤਿੰਨ ਠੇਕੇਦਾਰਾਂ ਖਿਲਾਫ ਮਾਮਲਾ ਦਰਜ, ਇਕ ਠੇਕੇਦਾਰ ਗਿ੍ਰਫਤਾਰ
ਚੰਡੀਗੜ, 27 ਅਕਤੂਬਰ :
ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜ਼ਿਲੇ ਵਿੱਚ ਮਿਲੀਭੁਗਤ ਨਾਲ ਠੇਕੇਦਾਰਾਂ ਵੱਲੋਂ ਅਨਾਜ ਮੰਡੀਆਂ ਵਿੱਚ ਕਣਕ ਦੀ ਢੋਆ-ਢੁਆਈ ਲਈ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਵਿੱਚ ਧੋਖਾਧੜੀ ਦੇ ਇੱਕ ਹੋਰ ਘਪਲੇ ਦਾ ਪਰਦਾਫਾਸ਼ ਕੀਤਾ ਹੈ।
ਇਸ ਸਬੰਧੀ ਤਿੰਨ ਠੇਕੇਦਾਰਾਂ/ਟੈਂਡਰਕਾਰਾਂ ਦਵਿੰਦਰ ਸਿੰਘ ਵਾਸੀ ਫਰੀਦਕੋਟ, ਤਲਵੰਡੀ ਭਾਈ ਦੇ ਵਾਸੀ ਦਵਿੰਦਰਪਾਲ ਅਤੇ ਗੁਰੂਸਕਤੀ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜਪੁਰ ਵਿਖੇ ਧੋਖਾਧੜੀ ਅਤੇ ਗਬਨ ਕਰਕੇ ਸਰਕਾਰੀ ਖਜਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਦੋਸ ਹੇਠ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਠੇਕੇਦਾਰ ਦਵਿੰਦਰ ਸਿੰਘ ਵਾਸੀ ਨੰਦੇਆਣਾ ਗੇਟ, ਫ਼ਰੀਦਕੋਟ ਨੂੰ ਗਿ੍ਰਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਫਿਰੋਜਪੁਰ ਅਤੇ ਮਮਦੋਟ ਦੀਆਂ ਅਨਾਜ ਮੰਡੀਆਂ ਵਿੱਚ ਹੋਈ ਇਸ ਧੋਖਾਧੜੀ ਦੀ ਜਾਂਚ ਕਰਨ ਉਪਰੰਤ ਉਕਤ ਮੁਲਜਮ ਠੇਕੇਦਾਰਾਂ ਖਿਲਾਫ ਥਾਣਾ ਵਿਜੀਲੈਂਸ, ਫਿਰੋਜਪੁਰ ਵਿਖੇ ਧਾਰਾ 420, 409, 467, 468, 471, 120-ਬੀ ਅਤੇ ਭਿ੍ਰਸਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਅਤੇ (2) ਤਹਿਤ ਐਫ.ਆਈ.ਆਰ. 24 ਮਿਤੀ 27-10-2022 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਚਾਲੂ ਵਿਤੀ ਵਰੇ 2022-2023 ਦੌਰਾਨ ਉਪਰੋਕਤ ਦਾਣਾ ਮੰਡੀਆਂ ਵਿੱਚ ਕਣਕ/ਸਟਾਕ ਬਾਰੇ ਲੇਬਰ ਕਾਰਟੇਜ ਅਤੇ ਢੋਆ-ਢੁਆਈ ਦੇ ਟੈਂਡਰਾਂ ਦੌਰਾਨ ਉਪਰੋਕਤ ਠੇਕੇਦਾਰਾਂ ਨੇ ਮਾਲ ਦੀ ਢੋਆ-ਢੁਆਈ ਲਈ ਵਾਹਨਾਂ ਦੇ ਰਜਿਸਟ੍ਰੇਸਨ ਨੰਬਰਾਂ ਬਾਰੇ ਟੈਂਡਰ ਭਰਨ ਸਮੇਂ ਸੂਚੀਆਂ ਨੱਥੀ ਕੀਤੀਆਂ ਸਨ, ਜਿਹਨਾਂ ਦੀ ਵਿਜੀਲੈਂਸ ਬਿਊਰੋ ਦੁਆਰਾ ਸਬੰਧਤ ਜ਼ਿਲਾ ਟਰਾਂਸਪੋਰਟ ਅਥਾਰਟੀਆਂ ਤੋਂ ਤਸਦੀਕ ਕਰਵਾਈ ਗਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨਾਂ ਸੂਚੀਆਂ ਵਿੱਚ ਮੋਟਰ ਸਾਈਕਲਾਂ, ਜੀਪਾਂ, ਟਰੈਕਟਰਾਂ ਆਦਿ ਕਈ ਗੈਰ-ਪ੍ਰਮਾਣਿਤ ਵਹੀਕਲਾਂ ਦੇ ਰਜਿਸਟ੍ਰੇਸਨ ਨੰਬਰ ਨੱਥੀ ਕੀਤੇ ਗਏ ਸਨ ਜਦਕਿ ਅਜਿਹੇ ਵਾਹਨਾਂ ‘ਤੇ ਅਨਾਜ ਦੀ ਢੋਆ-ਢੁਆਈ ਨਹੀਂ ਕੀਤੀ ਜਾ ਸਕਦੀ ਸੀ।
ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸੀ ਠੇਕੇਦਾਰਾਂ ਵੱਲੋਂ ਗੇਟ ਪਾਸਾਂ ਵਿੱਚ ਦਰਸਾਏ ਜਾਅਲੀ ਵਾਹਨਾਂ ਦੇ ਰਜਿਸਟ੍ਰੇਸਨ ਨੰਬਰਾਂ ਅਤੇ ਅਨਾਜ ਦੀ ਮਾਤਰਾ ਦੇ ਵੇਰਵਿਆਂ ਕਰਕੇ ਇਹ ਮਾਮਲਾ ਪਹਿਲੀ ਨਜ਼ਰੀਏ ਇਨਾਂ ਗੇਟ ਪਾਸਾਂ ਵਿੱਚ ਦਰਸਾਈਆਂ ਗਈਆਂ ਜਾਅਲੀ ਰਿਪੋਰਟਾਂ ਅਤੇ ਗਬਨ ਦਾ ਜਾਪਦਾ ਹੈ। ਉਨਾਂ ਦੱਸਿਆ ਕਿ ਵਿਭਾਗ ਦੇ ਸਬੰਧਤ ਕਰਮਚਾਰੀਆਂ ਨੇ ਉਕਤ ਠੇਕੇਦਾਰਾਂ ਨੂੰ ਇਨਾਂ ਜਾਅਲੀ ਗੇਟ ਪਾਸਾਂ ਦੀ ਤਸਦੀਕ ਕੀਤੇ ਬਿਨਾਂ ਉਹਨਾਂ ਵੱਲੋਂ ਕੀਤੇ ਕੰਮਾਂ ਦੀ ਅਦਾਇਗੀ ਵੀ ਕਰ ਦਿੱਤੀ।
ਉਨਾਂ ਅੱਗੇ ਦੱਸਿਆ ਕਿ ਉਪਰੋਕਤ ਤੱਥਾਂ ਅਨੁਸਾਰ ਇੱਕ ਦੂਜੇ ਦੀ ਮਿਲੀਭੁਗਤ ਨਾਲ ਇਨਾਂ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੁਆਈ ਲਈ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਵਿੱਚ ਇਹ ਧੋਖਾਧੜੀ ਕੀਤੀ ਗਈ, ਜਿਸ ਦੇ ਆਧਾਰ ’ਤੇ ਉਕਤ ਮੁਲਜਮਾਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ।
———–
90248 ਮਿ੍ਰਤਕ ਲਾਭਪਾਤਰੀਆਂ ਦੀ ਸ਼ਨਾਖਤ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਪਹੁੰਚਿਆ ਲਾਭ: ਡਾ.ਬਲਜੀਤ ਕੌਰ
ਪੈਨਸ਼ਨਾਂ ਸਬੰਧੀ ਸਰਵੇ ਨਾਲ ਸਰਕਾਰ ਨੂੰ ਪ੍ਰਤੀ ਮਹੀਨਾ 13.53 ਕਰੋੜ ਦੀ ਬਚਤ
ਚੰਡੀਗੜ, 27 ਅਕਤੂਬਰ :
ਬਜੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਾਂ ਦੀਆਂ ਪੈਨਸ਼ਨਾਂ ਸਬੰਧੀ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ.ਬਲਜੀਤ ਕੌਰ ਦੇ ਹੁਕਮਾ ਤੇ ਹੋਏ ਸਰਵੇ ਨਾਲ 90248 ਲਾਭਪਾਤਰੀਆਂ ਦੀ ਸ਼ਨਾਖਤ ਨਾਲ ਪ੍ਰਤੀ ਮਹੀਨਾ ਸਰਕਾਰ ਨੂੰ 13.53 ਕਰੋੜ ਦੀ ਬਚਤ ਹੋਵੇਗੀ।
ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ 30.46 ਲੱਖ ਲਾਭਪਾਤਰੀਆਂ ਦਾ ਸਰਵੇ ਕਰਵਾਇਆ ਗਿਆ ਹੈ। ਇਸ ਸਰਵੇ ਦੇ ਮੁਕੰਮਲ ਹੋਣ ਤੇ 90248 ਮਿ੍ਰਤਕ ਲਾਭਪਾਤਰੀਆਂ ਦੀ ਸਨਾਖਤ ਹੋਈ ਹੈ। ਮਿ੍ਰਤਕ ਲਾਭਕਾਰੀਆਂ ਦੀ ਸ਼ਨਾਖਤ ਨਾਲ ਸਰਕਾਰ ਨੂੰ ਪ੍ਰਤੀ ਮਹੀਨਾ 13.53 ਕਰੋੜ ਅਤੇ ਸਲਾਨਾ 162.36 ਕਰੋੜ ਰੁਪਏ ਦੀ ਬਚਤ ਹੋਵੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ 90,248 ਮਿ੍ਰਤਕ ਲਾਭਪਾਤਰੀਆਂ ਦੀ ਸ਼ਨਾਖਤ ਨਾਲ ਜਿੱਥੇ ਸਰਕਾਰ ਦਾ ਵਿੱਤੀ ਨੁਕਸਾਨ ਹੋਣੋ ਰੁਕਿਆ ਹੈ, ਸਗੋਂ ਇਸ ਰਾਸ਼ੀ ਨਾਲ ਹੋਰ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਅਦਾਇਗੀ ਕਰਨ ਲਈ ਇਲੈਕਟ੍ਰੋਨਿਕ ਬੈਨੀਫਿਟ ਟਰਾਂਸਫਰ (ਈ.ਬੀ.ਟੀ) ਸਕੀਮ ਲਾਗੂ ਕੀਤੀ ਜਾਵੇਗੀ, ਬੈਂਕ ਵਲੋਂ ਤੈਨਾਤ ਬਿਜਨਸ ਕਾਰਸਪੋਡੈਂਸ ਰਾਹੀਂ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਵੰਡ ਕੀਤੀ ਜਾਵੇਗੀ। ਲਾਭਪਾਤਰੀਆਂ ਨੂੰ ਬੈਂਕਾਂ ਦੀ ਕਤਾਰਾਂ ਵਿੱਚ ਨਹੀਂ ਖੜਨਾ ਪਵੇਗਾ। ਸਕੀਮ ਨੂੰ ਲਾਗੂ ਕਰਨ ਲਈ ਪਹਿਲਾਂ ਦੋ ਪਾਇਲਟ ਪ੍ਰੋਜੈਕਟ ਜ਼ਿਲਾ ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਵਿੱਚ ਸ਼ੁਰੂ ਕੀਤੇ ਜਾਣਗੇ, ਇਸ ਬਾਰੇ ਬੈਂਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
———
ਫਾਜ਼ਿਲਕਾ ਜ਼ਿਲੇ ਦੇ ਪਿੰਡਾਂ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕੀਤੀ: ਜਿੰਪਾ
– ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਨੇ ਕੀਤਾ ਸੀ ਦੌਰਾ
ਚੰਡੀਗੜ, 27 ਅਕਤੂਬਰ:
ਫਾਜ਼ਿਲਕਾ ਜ਼ਿਲੇ ਦੇ ਪਿੰਡ ਦੋਨਾ ਨਾਨਕਾ, ਤੇਜਾ ਰੁਹੇਲਾ ਅਤੇ ਚੱਕ ਰੁਹੇਲਾ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕਰ ਦਿੱਤੀ ਗਈ ਹੈ। ਇਨਾਂ ਪਿੰਡਾਂ ਵਿਚ ਪੀਣ ਵਾਲੇ ਸਾਫ ਪਾਣੀ ਦੀ ਕਾਫੀ ਦਿੱਕਤ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੂੰ ਇਨਾਂ ਪਿੰਡਾਂ ਦਾ ਦੌਰਾ ਕਰਕੇ ਜਲਦ ਹੱਲ ਕੱਢਣ ਦੇ ਨਿਰਦੇਸ਼ ਦਿੱਤੇ ਸਨ। ਬ੍ਰਮ ਸ਼ੰਕਰ ਜਿੰਪਾ ਨੇ ਜੁਲਾਈ ਮਹੀਨੇ ਦੇ ਆਖਰੀ ਹਫਤੇ ਇਨਾਂ ਪਿੰਡਾਂ ਦਾ ਦੌਰਾ ਕੀਤਾ ਸੀ ਅਤੇ ਪਿੰਡ ਵਾਸੀਆਂ ਵੱਲੋਂ ਦੱਸੀਆਂ ਮੁਸ਼ਕਿਲਾਂ ਦਾ ਹੱਲ ਕਰਦਿਆਂ ਹੁਣ ਇਨਾਂ ਪਿੰਡਾਂ ਵਿਚ ਸਾਫ ਪਾਣੀ ਦੀ ਸਪਲਾਈ ਹੋ ਰਹੀ ਹੈ।
ਜ਼ਿਆਦਾ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਦੋਨਾ ਨਾਨਕਾ, ਤੇਜਾ ਰੁਹੇਲਾ ਅਤੇ ਚੱਕ ਰੁਹੇਲਾ ਪਿੰਡਾਂ ਦੇ ਵਾਸੀਆਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਸੀ। ਉਨਾਂ ਮੁੱਖ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਇਨਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਸਾਫ ਪਾਣੀ ਦੀ ਸਪਲਾਈ ਲਈ ਇਨਾਂ ਪਿੰਡਾਂ ਵਿਚ ਆਰ.ਓ. ਪਲਾਂਟ ਸਥਾਪਤ ਕਰਨ ਲਈ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ। ਹੁਣ ਇਨਾਂ ਪਿੰਡਾਂ ਵਿਚ ਆਰ.ਓ. ਸਥਾਪਤ ਕਰ ਦਿੱਤੇ ਗਏ ਹਨ ਅਤੇ ਵਾਟਰ ਵਰਕਸ ਤੋਂ ਵੀ ਪਾਣੀ ਦੀ ਲੋੜੀਂਦੀ ਸਪਲਾਈ ਕੀਤੀ ਜਾ ਰਹੀ ਹੈ।
ਪਿੰਡ ਦੋਨਾ ਨਾਨਕਾ ਦੀ ਸਰਪੰਚ ਦਿਆਲੋ ਬਾਈ, ਤੇਜਾ ਰੁਹੇਲਾ ਦੇ ਸਰਪੰਚ ਬੱਗੂ ਸਿੰਘ ਅਤੇ ਚੱਕ ਰੁਹੇਲਾ ਦੇ ਸਰਪੰਚ ਜੰਗੀਰ ਸਿੰਘ ਨੇ ਆਪੋ-ਆਪਣੇ ਪਿੰਡਾਂ ਦੀਆਂ ਪੰਚਾਇਤਾਂ ਦੀ ਤਰਫੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਜ਼ਿਲਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਭਗਵੰਤ ਮਾਨ ਦੀ ਅਗਵਾਈ ਵਿਚ ਹਰੇਕ ਪੰਜਾਬ ਵਾਸੀ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ।