ਮੁੱਖ ਮੰਤਰੀ ਨੇ ਲੋਕਾਂ ਨੂੰ ਦਰਪੇਸ਼ ਔਕੜਾਂ ਦੇ ਮੱਦੇਨਜ਼ਰ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ ਖਤਮ ਕਰਨ ਦੀ ਕੀਤੀ ਅਪੀਲ.
ਚੰਡੀਗੜ, 27 ਜੁਲਾਈ
ਸਬੰਧਤ ਵਿਭਾਗਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਸਰਕਾਰੀ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਭ ਕੋਸ਼ਿਸ਼ਾਂ ਕਰਨ ਦਾ ਭਰੋਸਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੂਬੇ ਦੇ ਹੜਤਾਲ ਉਤੇ ਗਏ ਸਰਕਾਰੀ ਕਰਮਚਾਰੀਆਂ ਨੂੰ ਲੋਕਾਂ ਦਰਪੇਸ਼ ਔਕੜਾਂ ਦੇ ਮੱਦੇਨਜ਼ਰ ਆਪਣੀ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ।
ਹੜਤਾਲੀ ਕਰਮਚਾਰੀਆਂ ਦੀਆਂ ਮੰਗਾਂ ਦੀ ਸਮੀਖਿਆ ਕਰਨ ਲਈ ਇਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਨਿਰੰਤਰ ਚੱਲ ਰਹੀ ਹੜਤਾਲ ’ਤੇ ਚਿੰਤਾ ਜ਼ਾਹਰ ਕੀਤੀ ਜਿਸ ਕਾਰਨ ਵੱਖੋ-ਵੱਖ ਸਰਕਾਰੀ ਵਿਭਾਗਾਂ ਦੇ ਕੰਮਕਾਜ ਉਤੇ ਮਾੜਾ ਅਸਰ ਪਿਆ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਨੇ ਹੜਤਾਲੀ ਮੁਲਾਜ਼ਮਾਂ ਦੀਆਂ ਮੰਗਾਂ ਉਤੇ ਨਜ਼ਰਸਾਨੀ ਕਰਨ ਲਈ ਅਫਸਰਾਂ ਦੀ ਇਕ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਵਿਸਥਾਰ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੀਆਂ ਮੰਗਾਂ ਦਾ ਅਧਿਐਨ ਕੀਤਾ ਅਤੇ ਆਪਣੀ ਰਿਪੋਰਟ ਪੇਸ਼ ਕੀਤੀ। ਇਹ ਪਾਇਆ ਗਿਆ ਕਿ ਮੁਲਾਜ਼ਮਾਂ ਦੁਆਰਾ ਚੁੱਕੀਆਂ ਗਈਆਂ ਕੁੱਝ ਮੰਗਾਂ ਦਾ ਸਬੰਧ ਸਾਲ 2006 ਤੋਂ ਪਹਿਲਾਂ ਦੇ ਸਰਕਾਰ ਦੁਆਰਾ ਕੀਤੇ ਗਏ ਫੈਸਲਿਆਂ ਨਾਲ ਹੈ ਅਤੇ ਇਨਾਂ ਦਾ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਨਾਲ ਕੋਈ ਸਬੰਧ ਨਹੀਂ ਹੈ। ਇਸ ਲਈ ਇਹ ਫੈਸਲਾ ਕੀਤਾ ਗਿਆ ਕਿ ਸਬੰਧਤ ਪ੍ਰਸ਼ਾਸਕੀ ਵਿਭਾਗਾਂ ਦੀਆਂ ਸਿਫਾਰਸ਼ਾਂ ਉਤੇ ਆਧਾਰਿਤ ਕਰ ਕੇ ਇਨਾਂ ਮੰਗਾਂ ਨੂੰ ਵੱਖਰੇ ਤੌਰ ’ਤੇ ਵਿਚਾਰਿਆ ਜਾਵੇਗਾ।
ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਅੰਤਰ ਵਿਭਾਗ ਅਤੇ ਵਿਭਾਗ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਕੁੱਝ ਮੰਗਾਂ ਦਾ ਨਿਪਟਾਰਾ ਪਰਸੋਨਲ ਤੇ ਵਿੱਤ ਵਿਭਾਗਾਂ ਨਾਲ ਸਲਾਹ ਮਸ਼ਵਰੇ ਉਪਰੰਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਚਿਰੋਕਣੀ ਮੰਗ ਪੂਰੇ ਕਰਦੇ ਹੋਏ ਕਮਿਸ਼ਨ ਦੀ ਰਿਪੋਰਟ ਮਿਲਣ ਤੋਂ ਇਕ ਮਹੀਨੇ ਦੇ ਵਕਫੇ ਅੰਦਰ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪਹਿਲੀ ਜੁਲਾਈ 2021 ਤੋਂ ਲਾਗੂ ਕੀਤੇ ਜਾਣ ਕਰਕੇ 2.85 ਲੱਖ ਮੁਲਾਜ਼ਮਾਂ ਅਤੇ 3.07 ਲੱਖ ਪੈਨਸ਼ਨਰਾਂ ਨੂੰ ਕਰੀਬ 4692 ਕਰੋੜ ਰੁਪਏ ਹਰੇਕ ਸਾਲ ਪ੍ਰਦਾਨ ਕੀਤੇ ਜਾਣਗੇ। ਔਸਤਨ ਪ੍ਰਤੀ ਵਰੇ ਇਹ ਰਕਮ 79,250 ਹੋਵੇਗੀ ਜੋ ਕਿ ਉਕਤ ਨੂੰ ਮੌਜੂਦਾ ਸਮੇਂ ਮਿਲਣ ਵਾਲੀ ਰਕਮ ਤੋਂ ਵੱਧ ਹੈ। ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 14,759 ਕਰੋੜ ਰੁਪਏ ਦੇ ਬਕਾਏ ਵੀ ਮਿਲਣਗੇ ਜੋ ਕਿ ਪ੍ਰਤੀ ਮੁਲਾਜ਼ਮ/ਪੈਨਸ਼ਨਰ 2.32 ਲੱਖ ਰੁਪਏ ਔਸਤਨ ਬੈਠਦੇ ਹਨ।
ਮੀਟਿੰਗ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਵਿੱਤ ਤੇ ਪਰਸੋਨਲ ਵਿਭਾਗ ਦੇ ਉਚ ਅਧਿਕਾਰੀ ਹਾਜ਼ਰ ਸਨ।
——
ਮੁੱਖ ਮੰਤਰੀ ਵੱਲੋਂ ਸਾਬਕਾ ਮੰਤਰੀ ਚੌਧਰੀ ਰਾਧਾ ਿਸ਼ਨ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ, 27 ਜੁਲਾਈ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਅਤੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਚੌਧਰੀ ਰਾਧਾ ਿਸ਼ਨ (90) ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋਕਿ ਆਪਣੇ ਜੱਦੀ ਪਿੰਡ ਖੂਈ ਖੇੜਾ (ਫਾਜ਼ਿਲਕਾ) ਵਿਖੇ ਲੰਮੀ ਬਿਮਾਰੀ ਪਿੱਛੋ ਅੱਜ ਚੱਲ ਵਸੇ। ਉਹ ਆਪਣੇ ਪਿੱਛੇ ਇੱਕ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ।
ਆਪਣੇ ਸ਼ੋਕ ਸੁਨੇਹੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ ਮੈਨੂੰ ਚੌਧਰੀ ਰਾਧਾ ਿਸ਼ਨ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ, ਜਿਨਾਂ ਨੇ ਸਰਹੱਦੀ ਜ਼ਿਲੇ ਫਿਰੋਜ਼ਪੁਰ ਦੇ ਵਿਕਾਸ ਅਤੇ ਇਸਦੇ ਲੋਕਾਂ ਦੀ ਭਲਾਈ ਲਈ ਉੱਘਾ ਯੋਗਦਾਨ ਪਾਇਆ।’’
ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨੂੰ ਦੁੱਖ ਦੀ ਇਸ ਘੜੀ ਵਿਚ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।
—–
ਸਾਰੇ ਮਹੱਤਵਪੂਰਨ ਮੁੱਦੇ ਫੌਰੀ ਹੱਲ ਲਈ ਸਰਕਾਰ ਦੇ ਧਿਆਨ ਗੋਚਰੇ, ਮੁੱਖ ਮੰਤਰੀ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਟੀਮ ਨੂੰ ਦੱਸਿਆ
ਚੰਡੀਗੜ, 27 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੂਬਾਈ ਕਾਂਗਰਸ ਲੀਡਰਸ਼ਿਪ ਦੀ ਨਵੀਂ ਟੀਮ ਨੂੰ ਦੱਸਿਆ ਕਿ ਉਨਾਂ ਵੱਲੋਂ ਚੁੱਕੇ ਗਏ ਮੁੱਦਿਆਂ ਸਬੰਧੀ ਪ੍ਰਗਟਾਏ ਖਦਸ਼ੇ ਪਹਿਲਾਂ ਹੀ ਹੱਲ ਲਈ ਸੂਬਾ ਸਰਕਾਰ ਦੇ ਧਿਆਨ ਹਿੱਤ ਹਨ ਜਿਨਾਂ ਉਤੇ ਪਾਰਟੀ ਨਾਲ ਤਾਲਮੇਲ ਰਾਹੀਂ ਕੰਮ ਕੀਤਾ ਜਾ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਟੀਮ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਦਿਆਂ ਪੱਤਰ ਸੌਂਪਿਆ ਗਿਆ ਜਿਸ ਵਿੱਚ ਕੁਝ ਮਾਮਲਿਆਂ ਦੇ ਜ਼ਰੂਰੀ ਹੱਲ ’ਤੇ ਲੋੜ ਦਿੱਤਾ ਗਿਆ। ਸੂਬਾਈ ਕਾਂਗਰਸ ਦੀ ਨਵੀਂ ਟੀਮ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਮੁੱਖ ਮੰਤਰੀ ਨਾਲ ਪਹਿਲੀ ਮੀਟਿੰਗ ਸੀ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆ, ਸੁਖਵਿੰਦਰ ਸਿੰਘ ਡੈਨੀ ਤੇ ਪਵਨ ਗੋਇਲ ਵੀ ਨਾਲ ਸਨ।
ਮੁੱਖ ਮੰਤਰੀ ਨੇ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੂੰ ਆਖਿਆ ਕਿ ਸੂਬਾ ਸਰਕਾਰ ਪਾਰਟੀ ਦੇ 2017 ਵਿਧਾਨ ਸਭਾ ਚੋਣਾਂ ਦੇ ਮੈਨੀਫੈਸਟੋ ਵਿੱਚ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚੋਂ ਬਹੁਤਿਆਂ ਨੂੰ ਪਹਿਲਾਂ ਹੀ ਲਾਗੂ ਕਰ ਚੁੱਕੀ ਹੈ ਅਤੇ ਹੋਰ ਬਾਕੀ ਮਾਮਲੇ ਵੀ ਜਲਦ ਹੱਲ ਹੋ ਜਾਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਨੂੰ ਸੁਖਾਵੀਂ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ।
ਪਾਰਟੀ ਦੇ ਹਿੱਤ ਵਿੱਚ ਇਕੱਠਿਆ ਮਿਲ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਵਰਕਿੰਗ ਪ੍ਰਧਾਨਾਂ ਨੂੰ ਕਿਹਾ, ‘‘ਤੁਹਾਡੀ ਜਿੱਤ ਮੇਰੀ ਜਿੱਤ ਹੈ ਅਤੇ ਸਾਡੀ ਜਿੱਤ ਪਾਰਟੀ ਦੀ ਜਿੱਤ ਹੈ। ਸਾਨੂੰ ਸੂਬੇ ਅਤੇ ਲੋਕਾਂ ਦੇ ਹਿੱਤ ਨੂੰ ਦੇਖਦਿਆਂ ਇਕੱਠਿਆਂ ਕੰਮ ਕਰਨ ਦੀ ਲੋੜ ਹੈ।’’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਆਗੂ ਤੇ ਵਰਕਰ ਸਰਕਾਰ ਦੇ ਲੋਕ ਪੱਖੀ ਫੈਸਲੇ ਤੇ ਸਰਕਾਰ ਦੇ ਕੰਮਾਂ ਨੂੰ ਜ਼ਮੀਨੀ ਪੱਧਰ ’ਤੇ ਲੈ ਕੇ ਜਾਣ ਤਾਂ ਜੋ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਵੱਲੋਂ ਸੂਬੇ ਵਿੱਚ ਪਿਛਲੇ ਚਾਰ ਤੋਂ ਵੱਧ ਸਾਲਾਂ ਦੇ ਸਮੇਂ ਦੌਰਾਨ ਕੀਤੇ ਸ਼ਾਨਦਾਰ ਕੰਮਾਂ ਤੋਂ ਜਾਣੂੰ ਹੋ ਸਕਣ।
ਮੁੱਖ ਮੰਤਰੀ ਨੇ ਸਰਕਾਰ ਅਤੇ ਪਾਰਟੀ ਵਿਚਾਲੇ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੂੰ ਨਿਰੰਤਰ ਮਿਲਣ ਦੀ ਪੇਸ਼ਕਸ਼ ਕੀਤੀ।
———
ਪੰਜਾਬ ਵਿਚ ਦਸਤ ਰੋਕੂ ਪੰਦਰਵਾੜੇ ਅਧੀਨ ਗਤੀਵਿਧੀਆਂ ਜਾਰੀ
ਦਸਤ ਕਾਰਨ ਬੱਚਿਆਂ ਦੀ ਮੌਤ ਨੂੰ ਰੋਕਣਾ, ਦਸਤ ਰੋਕੂ ਪੰਦਰਵਾੜੇ ਦਾ ਮੁੱਖ ਮੰਤਵ : ਡਾ. ਅੰਦੇਸ਼
ਚੰਡੀਗੜ, ਜੁਲਾਈ 27:
ਦਸਤ ਅਤੇ ਨਮੂਨੀਆ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦੇ ਦੋ ਪ੍ਰਮੁੱਖ ਕਾਰਨ ਹਨ। ਛੋਟੇ ਬੱਚਿਆਂ ਵਿਚ ਦਸਤ ਇੱਕ ਬਹੁਤ ਹੀ ਆਮ ਸਮੱਸਿਆ ਹੈ। ਇਹ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਬੱਚੇ ਦੇ ਸਰੀਰ ਵਿਚ ਪਾਣੀ ਅਤੇ ਹੋਰ ਜਰੂਰੀ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਕਿ ਅੰਦਰੂਨੀ ਅੰਗਾਂ ਨੂੰ ਸਦਮਾ ਪਹੁੰਚ ਸਕਦਾ ਹੈ। ਦਸਤ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਹਰ ਸਾਲ ਰਾਸ਼ਟਰੀ ਪੱਧਰ ਤੇ ਦਸਤ ਰੋਕੂ ਪੰਦਰਵਾੜਾ ਮਨਾਇਆ ਜਾਂਦਾ ਹੈ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ 19 ਜੁਲਾਈ ਤੋਂ 02 ਅਗਸਤ 2021 ਤੱਕ ਇਹ ਪੰਦਰਵਾੜਾ ਮਨਾ ਰਿਹਾ ਹੈ।
ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ: ਅੰਦੇਸ਼ ਕੰਗ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਮਾਨਸੂਨ ਦੇ ਮੌਸਮ ਵਿੱਚ ਇਸ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਇਸ ਮੌਸਮ ਵਿੱਚ ਦਸਤ ਦੇ ਜ਼ਿਆਦਾ ਕੇਸ ਸਾਹਮਣੇ ਆਉਂਦੇ ਹਨ, ਇਸ ਲਈ ਇਹ ਪੰਦਰਵਾੜਾ ਲੋਕਾਂ ਨੂੰ ਜਾਗਰੂਕ ਕਰਨ ਅਤੇ ਦਸਤ ਦੇ ਰੋਗੀਆਂ ਦਾ ਸਮੇਂ ਸਿਰ ਇਲਾਜ ਕਰਨ ਲਈ ਰਣਨੀਤਕ ਢੰਗ ਨਾਲ ਆਯੋਜਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਪੰਦਰਵਾੜੇ ਦੇ ਤਹਿਤ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਿੰਡਾਂ ਦੇ ਸਾਰੇ ਘਰਾਂ ਵਿੱਚ ਆਸਾ ਦੇ ਦੌਰੇ, ਓ.ਆਰ.ਐਸ. ਅਤੇ ਜੰਿਕ ਦੀ ਵਰਤੋਂ ਦੇ ਲਾਭ,ਪੇਂਡੂ ਸਿਹਤ,ਸਵੱਛਤਾ ਅਤੇ ਪੋਸ਼ਣ ਸਮਿਤੀ ਦੀਆਂ ਮੀਟਿੰਗਾਂ ਵਿਚ ਵਿਸਥਾਰ ਨਾਲ ਸਮਝਾਉਣ ਵਰਗੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਹ ਗਤੀਵਿਧੀਆਂ ਮਹੱਤਵਪੂਰਣ ਹੁੰਦੀਆਂ ਹਨ ਕਿਉਂਕਿ ਇਹ ਅਕਸਰ ਦੇਖਿਆ ਜਾਂਦਾ ਹੈ ਕਿ ਦਸਤ ਦੇ ਦੌਰਾਨ, ਲੋੜ ਪੈਣ ਤੇ ਪਰਿਵਾਰਾਂ ਵਿੱਚ ਓ.ਆਰ.ਐਸ. ਉਪਲਬਧ ਨਹੀਂ ਹੁੰਦਾ ਅਤੇ ਨਾ ਹੀ ਓ.ਆਰ.ਐਸ. ਬਣਾਉਣ ਦੀ ਵਿਧੀ ਬਾਰੇ ਜਾਣਕਾਰੀ ਹੁੰਦੀ ਹੈ।
ਸਾਰੀਆਂ ਸਿਹਤ ਸੰਸਥਾਵਾਂ ਵਿਚ ਪਹਿਲਾਂ ਹੀ ਓ.ਆਰ.ਐਸ. ਅਤੇ ਜ਼ਿੰਕ ਦੇ ਕਾਰਨਰ ਬਣਾਏ ਗਏ ਹਨ, ਜਿੱਥੇ ਓ.ਆਰ.ਐਸ. ਘੋਲ ਤਿਆਰ ਕਰਨ ਬਾਰੇ ਦੱਸਿਆ ਜਾਵੇਗਾ ਅਤੇ ਇਹ ਕਾਰਨਰ ਰਾਹੀਂ ਓ.ਆਰ.ਐਸ. ਅਤੇ ਜੰਿਕ ਉਨਾਂ ਬੱਚਿਆਂ ਨੂੰ ਵੀ ਪ੍ਰਦਾਨ ਕੀਤਾ ਜਾਵੇਗਾ ਜੋ ਦਸਤ ਦੇ ਸਮੇਂ ਇਲਾਜ ਦੀ ਜਰੂਰਤ ਵਿੱਚ ਹਨ। ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਦੇ ਨਾਲ, ਆਈ.ਈ.ਸੀ. ਗਤੀਵਿਧੀਆਂ ਇਸ ਪੰਦਰਵਾੜੇ ਦਾ ਇੱਕ ਮਹੱਤਵਪੂਰਣ ਹਿੱਸਾ ਹਨ। ਰਾਜ ਵਿੱਚ ਸਵੱਛਤਾ ਅਤੇ ਓਆਰਐਸ ਅਤੇ ਜ਼ਿੰਕ ਥੈਰੇਪੀ ਨੂੰ ਉਤਸ਼ਾਹਿਤ ਕਰਨ ਲਈ ਕਮਿਊਨਿਟੀ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਪ੍ਰੋਗਰਾਮ ਅਫਸਰ ਡਾ: ਇੰਦਰਦੀਪ ਕੌਰ ਨੇ ਦੱਸਿਆ ਕਿ ਹਾਲਾਂਕਿ ਸਾਡੀ ਸਿਹਤ ਪ੍ਰਣਾਲੀ ਅਜੇ ਵੀ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ ਪਰ ਸਿਹਤ ਵਿਭਾਗ ਨੇ ਬੱਚਿਆਂ ਦੀ ਸੁਰੱਖਿਆ ਅਤੇ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਇਸ ਪੰਦਰਵਾੜੇ ਦੀ ਯੋਜਨਾ ਬਣਾਈ ਹੈ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਫਾਈ ਪ੍ਰਥਾਵਾਂ ਨੂੰ ਬਣਾਈ ਰੱਖਣ ਕਿਉਂਕਿ ਗੰਭੀਰ ਦਸਤ ਕਿਸੇ ਵੀ ਕੋਰੋਨਾ ਪੋਜ਼ਿਟਿਵ ਮਰੀਜ਼ ਦੀ ਸਥਿਤੀ ਨੂੰ ਵੀ ਵਿਗੜਨ ਵਿੱਚ ਇਕ ਪ੍ਰਮੁੱਖ ਕਾਰਕ ਬਣ ਸਕਦੇ ਹਨ।
————–
ਵਿਜੈ ਇੰਦਰ ਸਿੰਗਲਾ ਨੇ ਸਿੱਖਿਆ ਵਿਭਾਗ ‘ਚ ਨਵੇਂ ਨਿਯੁਕਤ ਕੀਤੇ ਗਏ 42 ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ
ਚੰਡੀਗੜ, 27 ਜੁਲਾਈ:
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸਿੱਖਿਆ ਵਿਭਾਗ ਵਿੱਚ ਨਵੇਂ ਨਿਯੁਕਤ ਹੋਏ 42 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ। ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਪੰਜਾਬ ਭਵਨ ਚੰਡੀਗੜ ਵਿਖੇ ਹੋਏ ਇੱਕ ਸੰਖੇਪ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਇਨਾਂ ਮੁਲਾਜ਼ਮਾਂ ਦੀ ਨਿਯੁਕਤੀ ਤਰਸ ਦੇ ਆਧਾਰ ’ਤੇ ਵੱਖ-ਵੱਖ ਅਸਾਮੀਆਂ ’ਤੇ ਕੀਤੀ ਗਈ ਹੈ ਜਿਸ ਵਿੱਚ ਇੱਕ ਸਾਇੰਸ ਅਧਿਆਪਕਾ, ਇੱਕ ਸਮਾਜਿਕ ਵਿਗਿਆਨ ਅਧਿਆਪਕਾ, ਇੱਕ ਲਾਇਬ੍ਰੇਰੀਅਨ, ਇੱਕ ਈ.ਟੀ.ਟੀ., 10 ਕਲਰਕ, 3 ਐਸ.ਐਲ.ਏ., 18 ਸੇਵਾਦਾਰ, 4 ਚੌਕੀਦਾਰ ਅਤੇ 3 ਸਵੀਪਰ ਸ਼ਾਮਲ ਹਨ।
ਨਵ-ਨਿਯੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਹਾਲਾਂਕਿ ਮਿ੍ਰਤਕ ਕਰਮਚਾਰੀਆਂ ਦੇ ਨੁਕਸਾਨ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕਦਾ ਪਰ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੈਗੂਲਰ ਨਿਯੁਕਤੀਆਂ ਦੇ ਕੇ ਸਰਕਾਰ ਨੇ ਆਸ਼ਰਿਤਾਂ ਨੂੰ ਰੋਜ਼ੀ-ਰੋਟੀ ਦੇ ਸਨਮਾਨ ਯੋਗ ਸਾਧਨ ਮੁਹੱਈਆ ਕਰਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ। ਉਨਾਂ ਕਿਹਾ ਕਿ ਨਵੇਂ ਭਰਤੀ ਹੋਏ ਇਹ ਕਰਮਚਾਰੀ ਆਪਣੀ ਸਖ਼ਤ ਮਿਹਨਤ ਅਤੇ ਕੰਮ ਪ੍ਰਤੀ ਇਮਾਨਦਾਰੀ ਨਾਲ ਸਰਕਾਰ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਕੂਲ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਕਈ ਸੁਧਾਰ ਅਤੇ ਨੀਤੀਆਂ ਲਾਗੂ ਕੀਤੀਆਂ ਹਨ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਦੇਸ਼ ਭਰ ਵਿੱਚੋਂ ਸਕੂਲ ਸਿੱਖਿਆ ਦੇ ਖੇਤਰ ’ਚ ਮੋਹਰੀ ਬਣ ਗਿਆ ਹੈ ਅਤੇ ਕਈ ਹੋਰ ਸੂਬਿਆਂ ਨੇ ਵੀ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ।
————–
ਸੋਨੀ ਨੇ 202 ਸਟਾਫ਼ ਨਰਸਾਂ ਅਤੇ 73 ਪੈਰਾਮੈਡੀਕਲ ਟੈਕਨੀਸ਼ਨਾਂ ਨੂੰ ਸੌਂਪੇ ਨਿਯੁਕਤੀ ਪੱਤਰ
ਚੰਡੀਗੜ, 27 ਜੁਲਾਈ:
ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ 202 ਸਟਾਫ਼ ਨਰਸਾਂ ਅਤੇ 73 ਪੈਰਾਮੈਡੀਕਲ ਟੈਕਨੀਸ਼ਨਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਟਾਫ਼ ਨਰਸਾਂ ਦੀਆਂ ਮਈ 2021 ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਕੁੱਲ 473 ਅਸਾਮੀਆਂ ਵਿੱਚੋਂ 202 ਸਟਾਫ਼ ਨਰਸਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਹਨ ਜਦੋਂਕਿ 117 ਸਟਾਫ਼ ਨਰਸਾਂ ਨੂੰ ਪਹਿਲਾਂ ਹੀ ਨਿਯੁਕਤੀ ਪੱਤਰ ਸੌਂਪੇ ਜਾ ਚੁੱਕੇ ਹਨ।
ਸ੍ਰੀ ਸੋਨੀ ਨੇ ਵਿਭਾਗ ਵਿੱਚ ਨਵੇਂ ਨਿਯੁਕਤ ਹੋਏ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਉਨਾਂ ਨੂੰ ਰਾਜ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ।
ਸ੍ਰੀ ਆਲੋਕ ਸ਼ੇਖਰ, ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਨੇ ਵਿਭਾਗ ਵਿੱਚ ਨਵੇਂ ਭਰਤੀ ਹੋਏ ਸਟਾਫ਼ ਨੂੰ ਜੀ ਆਇਆਂ ਆਖਿਆ। ਇਸ ਮੌਕੇ ਡਾ. ਸੁਜਾਤਾ ਸ਼ਰਮਾ ਡਾਇਰੈਕਟਰ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ, ਡਾ. ਅਕਾਸ਼ਦੀਪ ਅਗਰਵਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।
———
ਗਮਾਡਾ ਸਾਈਟਾਂ ਦੀ ਈ-ਨਿਲਾਮੀ 4 ਅਗਸਤ ਤੋਂ 16 ਅਗਸਤ ਤੱਕ
ਚੰਡੀਗੜ, 27 ਜੁਲਾਈ:
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਤਰਾਂ ਦੀਆਂ 40 ਤੋਂ ਜ਼ਿਆਦਾ ਸਾਈਟਾਂ ਦੀ ਈ-ਨਿਲਾਮੀ 4 ਅਗਸਤ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ 16 ਅਗਸਤ, 2021 ਨੂੰ ਦੁਪਹਿਰ 1 ਵਜੇ ਤੱਕ ਜਾਰੀ ਰਹੇਗੀ।
ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਐਸ.ਏ.ਐਸ. ਨਗਰ ਵਿਚ ਵਪਾਰਕ, ਉਦਯੋਗਿਕ, ਸੰਸਥਾਗਤ ਅਤੇ ਗਰੁੱਪ ਹਾਊਸਿੰਗ ਸਾਈਟਾਂ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ 31 ਵਪਾਰਕ ਸਾਈਟਾਂ ਜਿਨਾਂ ਵਿਚ 5 ਐਸ.ਸੀ.ਓ/ਐਸ.ਸੀ.ਐਫ ਅਤੇ 26 ਬੂਥ ਸ਼ਾਮਲ ਹਨ।
ਇਸੇ ਤਰਾਂ 4 ਆਈ.ਟੀ. ਉਦਯੋਗਿਕ ਪਲਾਟ ਅਤੇ 4 ਸੰਸਥਾਗਤ ਸਾਈਟਾਂ ਦੀ ਈ-ਨਿਲਾਮੀ ਹੋਣੀ ਹੈ, ਜਿਨਾਂ ਵਿਚ 1 ਨਰਸਿੰਗ ਹੋਮ, 1 ਸਕੂਲ ਸਾਈਟ ਅਤੇ 2 ਹੋਰ ਵਿੱਦਿਅਕ ਅਦਾਰਿਆਂ ਦੀਆਂ ਸਾਈਟਾਂ ਸ਼ਾਮਲ ਹਨ। ਬੁਲਾਰੇ ਅਨੁਸਾਰ 4 ਚੰਕ ਸਾਈਟਾਂ ਅਤੇ 1 ਗਰੁੱਪ ਹਾਊਸਿੰਗ ਸਾਈਟ ਲਈ ਵੀ ਈ-ਨਿਲਾਮੀ ਹੋਣੀ ਹੈ। ਜ਼ਿਆਦਾ ਜਾਣਕਾਰੀ ਲਈ ਵੈੱਬਸਾਈਟ ..-. ਵੇਖੀ ਜਾ ਸਕਦੀ ਹੈ।
————
ਸਮਾਰਟ ਸਰਕਾਰੀ ਸਕੂਲਾਂ ਦੇ ਸਟਾਫ਼ ਰੂਮ ਵੀ ਬਣਨਗੇ ਸਮਾਰਟ
ਸਿੰਗਲਾ ਦੇ ਨਿਰਦੇਸ਼ਾਂ ’ਤੇ ਸਮਾਰਟ ਸਟਾਫ਼ ਰੂਮਜ਼ ਲਈ 1.09 ਕਰੋੜ ਦੀ ਗ੍ਰਾਂਟ ਜਾਰੀ
ਚੰਡੀਗੜ, 27 ਜੁਲਾਈ
ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਸਟਾਫ਼ ਰੂਮਜ਼ ਨੂੰ ਪ੍ਰਭਾਵਸ਼ਾਲੀ ਦਿੱਖ ਦੇਣ ਲਈ 1.09 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਮਾਰਟ ਸਕੂਲ ਨੀਤੀ ਦੇ ਹੇਠ ਹੁਣ ਤੱਕ ਲਗਪਗ 70 ਫ਼ੀਸਦੀ ਸਰਕਾਰੀ ਸਕੂਲ ਸਮਾਰਟ ਸਕੂਲ ਬਣ ਚੁੱਕੇ ਹਨ।
ਸ੍ਰੀ ਸਿੰਗਲਾ ਨੇ ਇਹ ਕਦਮ ਵੱਖ-ਵੱਖ ਮੀਟਿੰਗਾਂ ਦੌਰਾਨ ਸਕੂਲ ਮੁਖੀਆਂ ਵੱਲੋਂ ਸਮਾਰਟ ਕਲਾਸ ਰੂਮਜ਼ ਦੀ ਤਰਜ਼ ’ਤੇ ਸਮਾਰਟ ਸਟਾਫ਼ ਰੂਮ ਬਣਾਉਣ ਦੇ ਦਿੱਤੇ ਗਏ ਸੁਝਾਵਾਂ ਦੇ ਮੱਦੇਨਜ਼ਰ ਚੁੱਕਿਆ ਹੈ। ਸੂਬੇ ਦੇ ਸਮੂਹ 3638 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਟਾਫ਼ ਰੂਮਜ਼ ਨੂੰ ਨਵਾਂ ਰੂਪ ਦੇਣ ਲਈ 3000 ਰੁਪਏ ਪ੍ਰਤੀ ਸਟਾਫ਼ ਰੂਮ ਫੰਡ ਜਾਰੀ ਕੀਤੇ ਗਏ ਹਨ ਅਤੇ ਬਾਕੀ ਪ੍ਰਬੰਧ ਸਕੂਲਾਂ ਵੱਲੋਂ ਆਪਣੇ ਸਰੋਤਾਂ ਤੋਂ ਕੀਤਾ ਜਾਵੇਗਾ। ਇਸ ਰਾਸ਼ੀ ਫਰਨੀਚਰ, ਖਿੜਕੀਆਂ, ਦਰਵਾਜ਼ੇ ਅੰਦਰੋਂ ਅਤੇ ਬਾਹਰੋਂ ਆਕਰਸ਼ਕ ਪੇਂਟ ਕਰਵਾਉਣ , ਸਟਾਫ਼ ਰੂਮ ਵਿੱਚ ਬਾਲਾ ਵਰਕ ਕਰਵਾਉਣ, ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਗਵਾਾਉਣ, ਸਟਾਫ਼ ਦੇ ਜ਼ਰੂਰੀ ਸਮਾਨ ਲਈ ਰੈਕ ਅਤੇ ਅਲਮਾਰੀਆਂ ਦੀ ਸੁਵਿਧਾ, ਬਿਜਲੀ ਪ੍ਰਬੰਧਾਂ ਆਦਿ ਲਈ ਵਰਤੀ ਜਾਵੇਗੀ।
ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਵਿਭਾਗ ਵੱਲੋਂ ਅੰਮਿ੍ਰਤਸਰ ਜ਼ਿਲੇ ਦੇ ਕੁੱਲ 227 ਸਕੂਲਾਂ ਲਈ 6.81 ਲੱਖ ਰੁਪਏ, ਬਰਨਾਲਾ ਦੇ 90 ਸਕੂਲਾਂ ਲਈ 2.7 ਲੱਖ ਰੁਪਏ, ਬਠਿੰਡਾ ਦੇ 202 ਸਕੂਲਾਂ ਲਈ 6.06 ਲੱਖ ਰੁਪਏ, ਫਰੀਦਕੋਟ ਦੇ 85 ਸਕੂਲਾਂ ਲਈ 2.55 ਲੱਖ ਰੁਪਏ, ਫ਼ਤਹਿਗੜ ਸਾਹਿਬ ਦੇ 81 ਸਕੂਲਾਂ ਲਈ 2.43 ਲੱਖ ਰੁਪਏ, ਫ਼ਾਜ਼ਿਲਕਾ ਦੇ 147 ਸਕੂਲਾਂ ਲਈ 4.41 ਲੱਖ ਰੁਪਏ, ਫ਼ਿਰੋਜ਼ਪੁਰ ਦੇ 125 ਸਕੂਲਾਂ ਲਈ 3.75 ਲੱਖ ਰੁਪਏ, ਗੁਰਦਾਸਪੁਰ ਦੇ 207 ਸਕੂਲਾਂ ਲਈ 6.21 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਬੁਲਾਰੇ ਅਨੁਸਾਰ ਹੁਸ਼ਿਆਰਪੁਰ ਜ਼ਿਲੇ ਦੇ 269 ਸਕੂਲਾਂ ਲਈ 8.07 ਲੱਖ ਰੁਪਏ, ਜਲੰਧਰ ਦੇ 273 ਸਕੂਲਾਂ ਲਈ 8.19 ਲੱਖ ਰੁਪਏ, ਕਪੂਰਥਲਾ ਦੇ 232 ਸਕੂਲਾਂ ਲਈ 3.96 ਲੱਖ ਰੁਪਏ, ਲੁਧਿਆਣਾ ਦੇ 343 ਸਕੂਲਾਂ ਲਈ 10.29 ਲੱਖ ਰੁਪਏ, ਮਾਨਸਾ ਦੇ 131 ਸਕੂਲਾਂ ਲਈ 3.93 ਲੱਖ ਰੁਪਏ, ਮੋਗਾ ਦੇ 168 ਸਕੂਲਾਂ ਲਈ 5.04 ਲੱਖ ਰੁਪਏ, ਮੁਕਤਸਰ ਦੇ 153 ਸਕੂਲਾਂ ਲਈ 4.59 ਲੱਖ ਰੁਪਏ, ਪਠਾਨਕੋਟ ਦੇ 81 ਸਕੂਲਾਂ ਲਈ 2.43 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰਾਂ ਹੀ ਪਟਿਆਲਾ ਜ਼ਿਲੇ ਦੇ 203 ਸਕੂਲਾਂ ਲਈ 6.09 ਲੱਖ ਰੁਪਏ, ਰੂਪਨਗਰ ਦੇ 114 ਸਕੂਲਾਂ ਲਈ 3.42 ਲੱਖ ਰੁਪਏ, ਐਸ.ਬੀ.ਐਸ. ਨਗਰ ਦੇ 105 ਸਕੂਲਾਂ ਲਈ 3.15 ਲੱਖ ਰੁਪਏ, ਸੰਗਰੂਰ ਦੇ 221 ਸਕੂਲਾਂ ਲਈ 6.63 ਲੱਖ ਰੁਪਏ, ਐਸ.ਏ.ਐਸ. ਨਗਰ ਦੇ 109 ਸਕੂਲਾਂ ਲਈ 3.27 ਲੱਖ ਰੁਪਏ ਅਤੇ ਤਰਨ ਤਾਰਨ ਦੇ 172 ਸਕੂਲਾਂ ਲਈ 5.16 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਮੁੱਖ ਮੰਤਰੀ ਵੱਲੋਂ ਜਰਮਨ ਸਫੀਰ ਨੂੰ ਪ੍ਰਮੁੱਖ ਖੇਤਰਾਂ ਵਿਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਪੂਰਨ ਸਹਿਯੋਗ ਦਾ ਭਰੋਸਾ
ਚੰਡੀਗੜ, 27 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਵਿਚ ਜਰਮਨ ਦੇ ਰਾਜਦੂਤ ਵਾਲਟਰ ਜੇ. ਲਿੰਡਨਰ ਵੱਲੋਂ ਸੂਬੇ ਵਿਚ ਮੋਬਿਲਟੀ, ਇੰਜਨੀਅਰਿੰਗ, ਫਾਰਮਾਸਿਊਟੀਕਲ, ਕੈਮੀਕਲਜ਼ ਅਤੇ ਨਵਿਆਉਣਯੋਗ ਊਰਜਾ ਦੇ ਪ੍ਰਮੁੱਖ ਖੇਤਰਾਂ ਵਿਚ ਨਿਵੇਸ਼ ਲਈ ਦਿਖਾਈ ਦਿਲਚਸਪੀ ਲਈ ਉਨਾਂ ਨੂੰ ਆਪਣੀ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਜਰਮਨੀ ਸਫੀਰ ਨੇ ਸੋਮਵਾਰ ਨੂੰ ਦੇਰ ਸ਼ਾਮ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਸੂਬੇ ਵਿਚ ਕਾਰੋਬਾਰ ਅਤੇ ਨਿਵੇਸ਼ ਦੇ ਨਵੇਂ ਮੌਕਿਆਂ ਨੂੰ ਤਲਾਸ਼ਣ ਲਈ ਆਪਸੀ ਰਣਨੀਤੀ ਉਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਨਿਵੇਸ਼ ਅਤੇ ਵਪਾਰ ਨੂੰ ਸੁਖਾਲਾ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਗਏ ਵੱਡੇ ਸੁਧਾਰਾਂ ਦਾ ਵੀ ਜ਼ਿਕਰ ਕੀਤਾ। ਇਨਾਂ ਸੁਧਾਰਾਂ ਵਿਚ ਸੂਬੇ ਵਿਚ ਕਾਰੋਬਾਰ ਸਥਾਪਤ ਕਰਨ ਲਈ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਲੈਣ ਵਾਸਤੇ ਵੰਨ-ਸਟਾਪ ਸ਼ਾਪ ਵਜੋਂ ਇਨਵੈਸਟ ਪੰਜਾਬ ਦੇ ਗਠਨ ਤੋਂ ਇਲਾਵਾ ਪੰਜਾਬ ਲਾਲ ਫੀਤਾਸ਼ਾਹੀ ਵਿਰੋਧੀ ਐਕਟ-2021 ਅਤੇ ਪੰਜਾਬ ਵਪਾਰ ਦਾ ਅਧਿਕਾਰ ਐਕਟ-2020 ਸ਼ਾਮਲ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਹੋਰ ਜਰਮਨ ਕੰਪਨੀਆਂ ਨੂੰ ਵੀ ਸੂਬੇ ਵਿਚ ਆਉਣ ਅਤੇ ਨਿਵੇਸ਼ ਪੱਖੀ ਮਾਹੌਲ ਦਾ ਅਨੁਭਵ ਲੈਣ ਦਾ ਸੱਦਾ ਦਿੱਤਾ ਹੈ ਕਿਉਂ ਜੋ ਸੂਬੇ ਵਿਚ ਪਹਿਲਾਂ ਵੀ ਮੈਟਰੋ ਕੈਸ਼ ਐਂਡ ਕੈਰੀ, ਹੈਲਾ, ਕਲਾਸ ਅਤੇ ਵਾਇਬਰਾਕੌਸਟਿਕਸ ਸਮੇਤ ਕਈ ਜਰਮਨ ਕੰਪਨੀਆਂ ਕੰਮ ਕਰ ਰਹੀਆਂ ਹਨ।
‘ਇਨਵੈਸਟਮੈਂਟ ਪ੍ਰੋਮੋਸ਼ਨ’ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਜਰਮਨ ਰਾਜਦੂਤ ਨੂੰ ਜਾਣੂੰ ਕਰਵਾਇਆ ਕਿ ਨਿਵੇਸ਼ ਪੰਜਾਬ ਨੇ ਪੰਜਾਬ ਵਿਚ ਕਾਰਜਸ਼ੀਲ ਜਰਮਨ ਕੰਪਨੀਆਂ ਲਈ ਜੂਨ, 2021 ਵਿਚ ਦੇਖਭਾਲ ਸੈਸ਼ਨ ਕੀਤਾ ਗਿਆ ਸੀ ਤਾਂ ਕਿ ਉਨਾਂ ਲਈ ਕਾਰੋਬਾਰ ਦੀ ਸਫਲਤਾ ਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨਾਂ ਦੱਸਿਆ ਕਿ ਸੂਬਾ ਸਰਕਾਰ ‘ਇਨਵੈਸਟ ਇਨ ਬਾਵਰੀਆ’ ਵਰਗੀਆਂ ਜਰਮਨ ਨਿਵੇਸ਼ ਏਜੰਸੀਆਂ ਖਾਸ ਕਰਕੇ ਉਨਾਂ ਦੇ ‘ਮੇਕ ਇਨ ਇੰਡੀਆ ਮਿਟਲਸਟੈਂਡ’ ਉਪਰਾਲੇ ਲਈ ਇਨਾਂ ਏਜੰਸੀਆਂ ਅਤੇ ਅਤੇ ਬਰਲਿਨ ਵਿਚ ਭਾਰਤੀ ਦੂਤਾਵਾਸ ਨਾਲ ਲਗਾਤਾਰ ਸੰਪਰਕ ਵਿਚ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵਫਦ ‘ਜਰਮਨ ਇੰਡੀਆ ਬਿਜ਼ਨਸ ਫੋਰਮ’ ਵਿਚ ਵੀ ਸ਼ਿਰਕਤ ਕਰ ਚੁੱਕੇ ਹਨ।
‘ਨਿਵੇਸ਼ ਪੰਜਾਬ’ ਦੇ ਸੀ.ਈ.ਓ. ਰਜਤ ਅਗਰਵਾਲ ਨੇ ਦੱਸਿਆ ਕਿ ਜਰਮਨ ਕੰਪਨੀਆਂ ਨੇ ਸੂਬੇ ਵਿਚ ਆਟੋ ਪੁਰਜਿਆਂ, ਮੈਨੂਫੈਕਚਰਿੰਗ ਅਤੇ ਨਵਿਆਉਣਯੋ ਊਰਜਾ ਵਰਗੇ ਵੱਖ-ਵੱਖ ਸੈਕਟਰਾਂ ਵਿਚ ਨਿਵੇਸ਼ ਕੀਤਾ ਹੈ। ਇਨਾਂ ਵਿੱਚੋਂ ਵਰਬੀਓ ਕੰਪਨੀ ਵੱਲੋਂ ਵੱਖ-ਵੱਖ ਥਾਵਾਂ ਉਤੇ ਪ੍ਰਤੀ ਦਿਨ 80,000 ਕਿਊਬਿਕ ਮੀਟਰ ਪਰਾਲੀ ਅਧਾਰਿਤ ਬਾਇਓ ਸੀ.ਐਨ.ਜੀ. ਪ੍ਰਾਜੈਕਟ ਸਥਾਪਤ ਕੀਤੇ ਜਾ ਰਹੇ ਹਨ। ਇਸੇ ਤਰਾਂ ਗਰੈਪਲ ਦੇ ਪੰਜਾਬ ਯੂਨਿਟ (ਏਸ਼ੀਆ ਵਿਚ ਇਕੋ ਯੂਨਿਟ) ਵਿਖੇ ਧਾਤ ਦੀਆਂ ਛੇਕਦਾਰ ਚਾਦਰਾਂ ਅਤੇ ਖੇਤੀ ਅਤੇ ਨਿਰਮਾਣ ਮਸ਼ੀਨਰੀ ਲਈ ਹਵਾਦਾਰ ਗਰਿੱਡ ਬਣਾਏ ਜਾਂਦੇ ਹਨ। ਇਕ ਹੋਰ ਕੰਪਨੀ ਵਾਇਬਰਾਕੌਸਟਿਕਸ ਜੋ ਬੀ.ਐਮ.ਡਬਲਿਊ, ਅਤੇ ਫੋਰਡ ਲਈ ਆਟੋਮੋਟਿਵ ਐਨ.ਵੀ.ਐਚ. (ਨੌਇਸ, ਵਾਈਬ੍ਰੇਸ਼ਨ ਅਤੇ ਹਾਰਸ਼ਨੈਸ) ਸਬੰਧੀ ਵਿਵਸਥਾ ਵਾਲੀ ਇਕਲੌਤੀ ਸਪਲਾਇਰ ਹੈ, ਇਸ ਵੇਲੇ ਆਲਾ ਦਰਜੇ ਦਾ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਦੀ ਸਥਾਪਨਾ ਕਰਕੇ ਪੰਜਾਬ ਵਿਚ ਕਾਰਜਾਂ ਦਾ ਵਿਸਥਾਰ ਕਰਨ ਅਤੇ ਆਪਸ ਵਿਚ ਜੋੜਨ ਦੀ ਪ੍ਰਕਿਰਿਆ ਅਧੀਨ ਹੈ।