ਬਲਬੀਰ ਸਿੱਧੂ ਵੱਲੋਂ ਗੋਨਿਆਣਾ ਵਿਖੇ 5.25 ਕਰੋੜ ਰੁਪਏ ਦੀ ਲਾਗਤ ਵਾਲੇ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ.

ਬਠਿੰਡਾ, 26 ਜੁਲਾਈ:

ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਜ਼ਿਲਾ ਬਠਿੰਡਾ ਦੇ ਗੋਨਿਆਣਾ ਵਿਖੇ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਸ. ਸਿੱਧੂ ਨੇ ਦੱਸਿਆ ਕਿ 5.25 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ 20 ਬੈੱਡਾਂ ਵਾਲਾ ਜੱਚਾ ਬੱਚਾ ਹਸਪਤਾਲ ਸਥਾਪਤ ਕੀਤਾ ਗਿਆ ਹੈ ਜੋ ਕਿ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਗੋਨਿਆਣਾ ਵਿੱਚ ਸਥਾਪਤ ਕੀਤਾ ਗਿਆ ‘ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ’ ਮਾਵਾਂ ਅਤੇ ਉਨਾਂ ਦੇ ਨਵਜੰਮੇ ਬੱਚਿਆਂ ਲਈ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਅਹਿਮ ਸਾਬਤ ਹੋਵੇਗਾ। ਇਹ ਸਰਕਾਰੀ ਸਿਹਤ ਸਹੂਲਤਾਂ ਵਿੱਚ ਨਵਜੰਮੇ ਬੱਚਿਆਂ ਦੀ ਦੇਖਭਾਲ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਹੋਵੇਗਾ।

ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕਾਂ ਨੂੰ ਪਹਿਲ ਦੇ ਅਧਾਰ ’ਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਠੋਸ ਫੈਸਲੇ ਲਏ ਗਏ ਹਨ।

ਸ. ਸਿੱਧੂ ਨੇ ਅੱਗੇ ਦੱਸਿਆ ਕਿ ਕੋਵਿਡ-19 ਦੀ ਸੰਭਾਵੀ ਤੀਜੀ ਲਹਿਰ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੇ ਕੋਰੋਨਾ ਯੋਧੇ ਪੂਰੀ ਤਰਾਂ ਤਿਆਰ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਹੁਣ ਆਕਸੀਜਨ ਦੀ ਘਾਟ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 75 ਪੀਐਸਏ ਆਕਸੀਜਨ ਪਲਾਂਟ ਸਥਾਪਤ ਕੀਤੇ ਗਏ ਹਨ।

ਸਿਹਤ ਮੰਤਰੀ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਸਿਹਤ ਵਿਭਾਗ ਵਿੱਚ ਵੱਖ-ਵੱਖ ਕਾਡਰਾਂ ਦੀਆਂ 11,500 ਅਸਾਮੀਆਂ ਭਰੀਆਂ ਜਾ ਚੁੱਕੀਆਂ ਹਨ ਅਤੇ ਜਲਦ ਹੀ 4000 ਨਰਸਾਂ ਅਤੇ ਹੋਰ ਸਟਾਫ ਦੀ ਭਰਤੀ ਕੀਤੀ ਜਾਵੇਗੀ ਜਿਸ ਸਬੰਧੀ ਭਰਤੀ ਪ੍ਰਕਿਰਿਆ ਅਧੀਨ ਹੈ।

ਗੋਨਿਆਣਾ ਨਿਵਾਸੀਆਂ ਨੂੰ ਮੈਡੀਕਲ ਸਟਾਫ ਦੀ ਮੰਗ ਬਾਰੇ ਭਰੋਸਾ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਗੋਨਿਆਣਾ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਨੂੰ ਪਹਿਲ ਦੇ ਅਧਾਰ ’ਤੇ ਜਲਦ ਹੱਲ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸਥਾਪਤ ਕੀਤੇ ਜਾ ਰਹੇ 37 ਜੱਚਾ ਬੱਚਾ ਸਿਹਤ ਸੰਭਾਲ ਹਸਪਤਾਲਾਂ (ਐਮਸੀਐਚ) ਦਾ ਨਾਂ ਮਾਈ ਦੌਲਤਾਂ, ਜਿਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਹਨਾਂ ਦੇ ਜਨਮ ਸਮੇਂ ਦੇਖਭਾਲ ਕੀਤੀ ਸੀ, ਦੇ ਨਾਂ ‘ਤੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਮੌਕੇ ਵਿਧਾਨ ਸਭਾ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ, ਸਾਬਕਾ ਵਿਧਾਇਕ ਡਾ. ਗੁਰਜੰਟ ਸਿੰਘ ਕੁਤੀਵਾਲ, ਡਾਇਰੈਕਟਰ ਪਰਿਵਾਰ ਭਲਾਈ ਆਦੇਸ਼ ਕੰਗ, ਡਾ. ਕਰਨਬੀਰ ਸਿੰਘ ਢਿੱਲੋਂ, ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ, ਨਗਰ ਕੌਂਸਲ ਦੇ ਪ੍ਰਧਾਨ ਮਨਮੋਹਨ ਢੀਂਗਰਾਂ, ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ, ਮਨਦੀਪ ਸਿੰਘ ਮੱਕੜ, ਸਮੂਹ ਐਮ.ਸੀ ਅਤੇ ਹੋਰ ਪਤਵੰਤੇ ਹਾਜਰ ਸਨ।

————-

 

ਪੰਜਾਬ ਦੇ ਮੁੱਖ ਮੰਤਰੀ ‘ਭਾਰਤਮਾਲਾ ਪ੍ਰੀਯੋਜਨਾ’ ਤਹਿਤ ਐਕੁਵਾਇਰ ਹੋਣ ਵਾਲੀ ਜ਼ਮੀਨ ਲਈ ਕਿਸਾਨਾਂ ਦੇ ਮੁਆਵਜ਼ੇ ਦੇ ਮੁੱਦੇ ਨੂੰ ਲੈ ਕੇ ਗਡਕਰੀ ਨੂੰ ਮਿਲਣਗੇ

ਕਿਸਾਨਾਂ ਦੀ ਜ਼ਮੀਨ ਨੂੰ ਕਬਜ਼ੇ ਵਿਚ ਨਹੀਂ ਲਿਆ ਜਾਵੇਗਾ-ਰੋਡ ਕਿਸਾਨ ਸੰਘਰਸ਼ ਕਮੇਟੀ ਨੂੰ ਦਿੱਤਾ ਭਰੋਸਾ

ਵਿੱਤ ਕਮਿਸ਼ਨਰ ਮਾਲ ਨੂੰ ਕਿਸਾਨਾਂ ਦੇ ਖਾਤਿਆਂ ਵਿਚ ਨਿਗੂਣੀ ਮੁਆਵਜ਼ਾ ਰਾਸ਼ੀ ਨਾ ਪਾਉਣ ਦੇ ਹੁਕਮ

ਚੰਡੀਗੜ, 26 ਜੁਲਾਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਕੇਂਦਰੀ ਸੜਕੀ ਆਵਾਜਾਈ ਅਤੇ ਮਾਰਗ ਮੰਤਰੀ ਨੂੰ ਮਿਲ ਕੇ ਕੌਮੀ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ‘ਭਾਰਤਮਾਲਾ ਪ੍ਰੀਯੋਜਨਾ’ ਪ੍ਰਾਜੈਕਟ ਤਹਿਤ ਐਕੁਵਾਇਰ ਕੀਤੀ ਜਾਣ ਵਾਲੀ ਜ਼ਮੀਨ ਲਈ ਮੁਆਵਜ਼ੇ ਦੀ ਰਾਸ਼ੀ ਨੂੰ ਮੁੜ ਵਿਚਾਰਨ ਦੀ ਮੰਗ ਉਠਾਉਣਗੇ।

ਜ਼ਿਲਾ ਮਾਲ ਅਫਸਰਾਂ ਜਿਨਾਂ ਨੂੰ ਸੀ.ਏ.ਐਲ.ਏ (ਜ਼ਮੀਨ ਗ੍ਰਹਿਣ ਕਰਨ ਲਈ ਸਮਰੱਥ ਅਥਾਰਟੀ) ਮਨੋਨੀਤ ਕੀਤਾ ਗਿਆ ਹੈ, ਵੱਲੋਂ ਤੈਅ ਕੀਤੀ ਘੱਟ ਮੁਆਵਜ਼ਾ ਰਾਸ਼ੀ ਨੂੰ ਕਿਸਾਨ ਰੱਦ ਕਰ ਚੁੱਕੇ ਹਨ।

ਰੋਡ ਕਿਸਾਨ ਸੰਘਰਸ਼ ਕਮੇਟੀ ਨੇ ਅੱਜ ਇੱਥੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਕਮੇਟੀ ਵੱਲੋਂ ਕੀਤੀ ਅਪੀਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ ਮਾਲ ਨੂੰ ਕਿਸਾਨਾਂ ਦੀ ਇੱਛਾ ਦੇ ਉਲਟ ਉਨਾਂ ਦੇ ਖਾਤਿਆਂ ਵਿਚ ਮੁਆਵਜ਼ਾ ਰਾਸ਼ੀ ਨਾ ਪਾਉਣ ਲਈ ਤੁਰੰਤ ਵਿਸਥਾਰਤ ਹਦਾਇਤਾਂ ਜਾਰੀ ਕਰਨ ਲਈ ਆਖਿਆ। ਉਨਾਂ ਨੇ ਡੀ.ਜੀ.ਪੀ. ਨੂੰ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਕਬਜ਼ੇ ਵਿਚ ਨਾ ਲੈਣ ਨੂੰ ਵੀ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ।

ਇਹ ਮਾਮਲਾ ਸੂਬਾ ਭਰ ਦੇ 15 ਜ਼ਿਲਿਆਂ ਵਿਚ 25,000 ਹੈਕਟੇਅਰ ਜ਼ਮੀਨ ਐਕੁਵਾਇਰ ਕੀਤੇ ਜਾਣ ਨਾਲ ਸਬੰਧਤ ਹੈ। ਇਸ ਪ੍ਰਾਜੈਕਟ ਤਹਿਤ ਜ਼ਮੀਨ ਐਕੁਵਾਇਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਜਿਸ ਤਹਿਤ ਕਈ ਐਕਸਪ੍ਰੈਸ ਸ਼ਾਮਲ ਹੋਣੇ ਹਨ ਜਿਨਾਂ ਵਿਚ ਦਿੱਲੀ-ਜੰਮੂ-ਕੱਟੜਾ, ਜਮਨਾਨਗਰ-ਅੰਮਿ੍ਰਤਸਰ, ਲੁਧਿਆਣਾ-ਰੋਪੜ-ਬਠਿੰਡਾ-ਡਬਵਾਲੀ ਤੋਂ ਇਲਾਵਾ ਜਲੰਧਰ ਤੇ ਲੁਧਿਆਣਾ ਬਾਈਪਾਸ ਸ਼ਾਮਲ ਹਨ।

ਮੁੱਖ ਮੰਤਰੀ ਨਾਲ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਦੀ ਅਗਵਾਈ ਵਿਚ ਵਫਦ ਦੀ ਮੀਟਿੰਗ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਰਵਾਈ ਜਿਸ ਦੌਰਾਨ ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕੱਤਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗ ਲਈ ਛੇਤੀ ਸਮਾਂ ਲੈਣ ਦੀ ਹਦਾਇਤ ਕੀਤੀ। ਉਨਾਂ ਨੇ ਕਿਸਾਨਾਂ ਦੀ ਸੰਤੁਸ਼ਟੀ ਹੋਣ ਤੱਕ ਇਸ ਮਸਲੇ ਨੂੰ ਪਹਿਲ ਦੇ ਆਧਾਰ ਉਤੇ ਹੱਲ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਕਿਉਂ ਜੋ ਕਿਸਾਨ ਇਸ ਮਸਲੇ ਉਤੇ ਬੀਤੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ।

ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ ਮਾਲ ਰਵਨੀਤ ਕੌਰ ਅਤੇ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਵਿਕਾਸ ਪ੍ਰਤਾਪ ਨੂੰ ਕਮੇਟੀ ਦੇ ਨੁਮਾਇੰਦਿਆਂ ਨਾਲ ਸਲਾਹ-ਮਸ਼ਵਰਾ ਕਰਕੇ ਸਾਂਝੇ ਤੌਰ ਉਤੇ ਇਕ ਵਿਆਪਕ ਕੇਸ ਕਰਨ ਦੇ ਹੁਕਮ ਦਿੱਤੇ ਤਾਂ ਕਿ ‘ਰਾਈਟ ਟੂ ਫੇਅਰ ਕੰਪਸੇਸ਼ਨ ਐਂਡ ਟਰਾਂਸਪੇਰੈਂਸੀ ਇਨ ਲੈਂਡ ਐਕੁਜ਼ੀਸ਼ਨ, ਰੀਹੈਬਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ-2013’ ਤਹਿਤ ਕਿਸਾਨਾਂ ਲਈ ਮੁਆਵਜ਼ਾ ਰਾਸ਼ੀ ਤੈਅ ਕਰਨ ਮੌਕੇ ਦਰਪੇਸ਼ ਘੋਰ ਕਮੀਆਂ-ਪੇਸ਼ੀਆਂ ਨੂੰ ਉਜਾਗਰ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਅਜਿਹੇ ਮਾਮਲਿਆਂ ਨੂੰ ਸਾਲਸੀ ਲਈ ਭੇਜਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਕਿਉਂਕਿ ਇਸ ਨਾਲ ਕਿਸਾਨਾਂ ਲਈ ਇਨਸਾਫ ਮੰਗਣ ਵਿਚ ਬੇਲੋੜੀ ਦੇਰੀ ਹੋਵੇਗੀ।

ਕਮੇਟੀ ਵੱਲੋਂ ਉਠਾਏ ਇਕ ਹੋਰ ਮੁੱਦੇ ਉਤੇ ਮੁੱਖ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨਵੇਂ ਬਣਨ ਵਾਲੇ ਗਰੀਨ ਫੀਲਡ ਐਕਸਪ੍ਰੈਸ ਨੇੜੇ ਕਿਸਾਨਾਂ ਨੂੰ ਉਨਾਂ ਦੇ ਖੇਤਾਂ ਵਿਚ ਜਾਣ ਲਈ ਰਾਹ ਦੇਣ ਦੀ ਸੰਭਾਵਨਾ ਤਲਾਸ਼ਣ ਲਈ ਕਿਹਾ। ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿਚ ਪਹੁੰਚ ਨਾ ਹੋਣ ਉਤੇ ਚਿੰਤਾ ਜ਼ਾਹਰ ਕਰਨ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਗਡਕਰੀ ਨਾਲ ਮੀਟਿੰਗ ਦੌਰਾਨ ਇਸ ਮੁੱਦੇ ਨੂੰ ਵੀ ਉਠਾਉਣਗੇ।

ਰਾਣਾ ਗੁਰਜੀਤ ਸਿੰਘ ਦੀ ਅਪੀਲ ਉਤੇ ਮੁੱਖ ਮੰਤਰੀ ਨੇ ਮਾਲ ਵਿਭਾਗ ਨੂੰ ‘ਸਾਂਝੇ ਮੁਸ਼ਤਰਕੇ’ ਅਧੀਨ ਜ਼ਮੀਨਾਂ ਦੀ ਆਪਸੀ ਸਹਿਮਤੀ ਨਾਲ ਤਕਸੀਮ ਕਰਨ ਦੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਕਾਰਗਰ ਵਿਧੀ ਲਾਗੂ ਕਰਨ ਲਈ ਆਖਿਆ।

ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਵੀ ਹਾਜ਼ਰ ਸਨ।

———-

 

ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ, ਪੰਜਾਬ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਵਾਈਰੋਲੋਜੀ ਨਾਲ ਸਮਝੌਤਾ ਸਹੀਬੱਧ

ਪੰਜਾਬ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ: ਸੋਨੀ

ਚੰਡੀਗੜ, 26 ਜੁਲਾਈ :

ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਅੱਜ ਇੱਥੇ ਚੰਡੀਗੜ ਸਥਿਤ ਪੰਜਾਬ ਭਵਨ ਵਿਖੇ ਦੇਸ਼ ਦੀ ਮਾਣਮੱਤੀ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ਼ ਵਾਈਰੋਲੋਜੀ (ਐਨ.ਆਈ.ਵੀ.), ਪੁਣੇ ਨਾਲ ਮੈਮੋਰੰਡਮ ਆਫ਼ ਅੰਡਰਸਟੈਂਡਿੰਗ ਨੂੰ ਸਹੀਬੱਧ ਕੀਤਾ ਗਿਆ। ਇਸ ਸਮਝੌਤੇ ‘ਤੇ ਡਾਕਟਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਸੁਜਾਤਾ ਸ਼ਰਮਾ ਅਤੇ ਐਨ.ਆਈ.ਵੀ., ਪੁਣੇ ਦੇ ਡਾਇਰੈਕਟਰ ਡਾ. ਪਿ੍ਰਯਾ ਅਬਰਾਹਮ ਵੱਲੋਂ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ, ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਲੋਕ ਸ਼ੇਖਰ ਦੀ ਹਾਜ਼ਰੀ ਵਿੱਚ ਹਸਤਾਖਰ ਕੀਤੇ ਗਏ।

ਇਸ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਬੀਤੇ ਵਰੇ ਕਰੋਨਾ ਸ਼ੁਰੂ ਹੋਣ ‘ਤੇ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ (ਪਟਿਆਲਾ, ਅੰਮਿ੍ਰਤਸਰ, ਫ਼ਰੀਦਕੋਟ) ਦੀਆਂ ਲੈਬ ਨੇ ਕਰੋਨਾ ਸੈਂਪਲ ਦੇ 40 ਟੈਸਟ ਪ੍ਰਤੀ ਦਿਨ ਕਰਨੇ ਸ਼ੁਰੂ ਕੀਤੇ ਸੀ, ਜੋ ਕਿ ਹੁਣ 10-15 ਹਜ਼ਾਰ ਪ੍ਰਤੀ ਦਿਨ ਪ੍ਰਤੀ ਲੈਬ ਟੈਸਟ ਕਰਨ ਦੀ ਸਮਰਥਾ ਹੈ, ਪਰੰਤੂ ਅਜੇ ਵੀ ਕੁਝ ਟੈਸਟ ਜਿਵੇਂ ਕਿ ਜਿਨੋਮਸਿਕਵੇਨਸਿੰਗ/ਕਵਾਲਿਟੀਅਸੋਰੇਨਸ ਆਦਿ ਲਈ ਐਨ.ਆਈ.ਵੀ. ਪੁਣੇ ਵਿਖੇ ਭੇਜਣੇ ਪੈਂਦੇ ਹਨ।

ਉਹਨਾਂ ਕਿਹਾ ਕਿ ਐਨ.ਆਈ.ਵੀ. ਪੁਣੇ ਦੇਸ਼ ਦਾ ਆਪਣੀ ਤਰਾਂ ਦਾ ਇਕਲੌਤਾ ਇੰਸਟੀਚਿਊਟ ਹੈ ਜਿਥੇ ਬੀ.ਐਸ.ਐਲ. 4 ਫੈਸਿਲਟੀ ਉਪਲਬਧ ਹੈ, ਜਿਸ ਸਦਕਾ ਇਹ ਸੰਸਥਾ ਵਿੱਚ ਵਾਇਰਸ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਟੈਸਟਿੰਗ, ਟੀਚਿੰਗ, ਰਿਸਰਚ ਫੈਸਿਲਟੀ ਉਪਲੱਬਧ ਹੈ। ਇਹ ਭਾਰਤ ਸਰਕਾਰ ਦੇ ਆਈ.ਸੀ.ਐਮ.ਆਰ. ਦੀ ਪ੍ਰਮੁੱਖ ਸੰਸਥਾ ਹੈ ਜੋ ਕਿ ਭਾਰਤ ਵਿਚ ਸਾਲ 1952 ਵਿਚ ਸਥਾਪਿਤ ਕੀਤੀ ਗਈ ਸੀ।

ਸ੍ਰੀ ਸੋਨੀ ਨੇ ਕਿਹਾ ਕਿ ਬੀਤੇ ਵਰੇ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਸੂਬੇ ਵਿਚ ਐਨ.ਆਈ.ਵੀ. ਵਰਗੀ ਇਕ ਸੰਸਥਾ ਸਥਾਪਿਤ ਕੀਤੀ ਜਾਵੇ ਜਿਸ ਨੂੰ ਭਾਰਤ ਸਰਕਾਰ ਵੱਲੋਂ ਮੋਹਾਲੀ ਵਿਖੇ ਐਨ.ਆਈ.ਵੀ. ਸੰਸਥਾ ਸਥਾਪਿਤ ਕਰਨ ਲਈ ਮਨਜ਼ੂਰੀ ਦਿੱਤੀ ਗਈ। ਆਈ.ਸੀ.ਐਮ.ਆਰ. ਦੀ ਟੀਮ ਵੱਲੋਂ ਨਿਊ ਚੰਡੀਗੜ ਵਿੱਚ ਫਾਈਨਲ ਕੀਤੀ ਗਈ 5 ਏਕੜ ਜ਼ਮੀਨ ਦੀ ਰਜਿਸਟਰੀ ਵੀ ਐਨ.ਆਈ.ਵੀ. ਦੇ ਨਾਮ ਕਰ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ।

ਡਾਕਟਰੀ ਸਿੱਖਿਆ ਬਾਰੇ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਅਤੇ ਖਾਸ ਤੌਰ ‘ਤੇ ਪੰਜਾਬ ਲਈ ਇਕ ਇਤਿਹਾਸਕ ਦਿਨ ਹੈ, ਜਦੋਂ ਲਗਭਗ 70 ਸਾਲਾਂ ਬਾਅਦ ਦੇਸ਼ ਦੀ ਦੂਸਰੀ ਐਨ.ਆਈ.ਵੀ. ਸੰਸਥਾ ਨਿਊ ਚੰਡੀਗੜ, ਮੋਹਾਲੀ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਐਨ.ਆਈ.ਵੀ. ਸੰਸਥਾ ਲਈ 5 ਏਕੜ ਜ਼ਮੀਨ ਮੁਫ਼ਤ ਦਿੱਤੀ ਗਈ ਹੈ। ਇਹ ਸੰਸਥਾ ਰਿਜਨਲ ਇੰਸਟੀਚਿਊਟ ਵਜੋਂ ਕੰਮ ਕਰੇਗੀ ਜਿਸ ਵੱਲੋਂ ਵਿਸ਼ਵ ਪੱਧਰੀ ਪੋਸਟ ਗਰੈਜੂਏਸ਼ਨ ਦੀ ਪੜਾਈ, ਕੋਰਸਿਜ, ਟ੍ਰੇਨਿੰਗ ਅਤੇ ਰਿਸਰਚ ਦਾ ਕਾਰਜ ਕਰਨ ਤੋਂ ਇਲਾਵਾ ਖਾਸ ਤੌਰ ‘ਤੇ ਬਿਮਾਰੀਆਂ ਜਿਵੇਂ ਇੰਫਲੁਏਂਜ਼ਾ, ਏਨਕੇਫਲਿਟਿਸ, ਡੇਂਗੂ, ਚਿਕਣਗੁਣਿਆ, ਇਬੋਲਾ, ਕੋਰੋਨਾ ਆਦਿ ਲਈ ਪੰਜਾਬ ਸਮੇਤ ਗੁਆਂਢੀ ਸੂਬਿਆਂ ਨੂੰ ਟੈਸਟਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

 

ਪੰਜਾਬ ਦੀ ਸਿਰਫ਼ 5.35 ਫ਼ੀਸਦ ਦੀ ਆਬਾਦੀ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗੀਆਂ, ਕੇਂਦਰ ਨੂੰ ਸਪਲਾਈ ਵਧਾਉਣ ਦੀ ਲੋੜ: ਬਲਬੀਰ ਸਿੱਧੂ

ਸੀਰੋ ਸਰਵੇਖਣ ਅਨੁਸਾਰ ਪੰਜਾਬ ਦੀ 63.15 ਆਬਾਦੀ ਵਿੱਚ ਕੋਵਿਡ ਐਂਟੀਬਾਡੀਜ਼ ਪਾਈਆਂ ਗਈਆਂ

ਚੰਡੀਗੜ, 26 ਜੁਲਾਈ:

ਨੇੜਲੇ ਭਵਿੱਖ ਵਿੱਚ ਕੋਰੋਨਾ ਵਾਇਰਸ ਦੇ ਸੰਭਾਵੀ ਕੇਸਾਂ ਵਿੱਚ ਹੋਣ ਵਾਲੇ ਵਾਧੇ ਨੂੰ ਰੋਕਣ ਲਈ ਸੂਬਾ ਸਰਕਾਰ ਦੀ ਟੀਕਾਕਰਨ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਦੀ ਲੋੜ ਹੈ ਜਦਕਿ ਪੰਜਾਬ ਵਿੱਚ ਟੀਕੇ ਦੀਆਂ ਦੋਵੇਂ ਖੁਰਾਕਾਂ ਵਾਲੇ ਲੋਕਾਂ ਦਾ ਅੰਕੜਾ ਸਿਰਫ 5.35 ਫ਼ੀਸਦ ਹੈ।

ਅੱਜ ਇਥੇ ਪ੍ਰੈਸ ਬਿਆਨ ਰਾਹੀਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵੱਲੋਂ 94,79,351 ਵਿਅਕਤੀਆਂ ਨੂੰ ਟੀਕਾ ਲਗਵਾਇਆ ਜਾ ਚੁੱਕਾ ਹੈ, ਜਿਨਾਂ ਵਿੱਚੋਂ 77,16,433 ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ 17,62,918 ਨੇ ਦੋਵੇਂ ਖੁਰਾਕਾਂ ਨਾਲ ਟੀਕਾਕਰਨ ਪੂਰਾ ਕਰ ਲਿਆ ਹੈ।

ਸ. ਸਿੱਧੂ ਨੇ ਦੱਸਿਆ ਕਿ ਪੰਜਾਬ ਨੂੰ ਕੋਵਿਡ-19 ਟੀਕੇ ਦੀ ਘੱਟ ਸਪਲਾਈ ਮਿਲ ਰਹੀ ਹੈ ਅਤੇ ਉਨਾਂ ਕੇਂਦਰ ਸਰਕਾਰ ਨੂੰ ਕਈ ਵਾਰ ਟੀਕੇ ਦੀ ਸਪਲਾਈ ਵਿੱਚ ਤੇਜੀ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਸੂਬਾ ਸਰਕਾਰ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਾ ਕੇ ਆਪਣੀ ਆਬਾਦੀ ਦੀ ਰਾਖੀ ਕਰ ਸਕੇ। ਉਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ ਟੀਕੇ ਦੀਆਂ ਦੋਵੇਂ ਖੁਰਾਕਾਂ ਵਾਲੇ ਲੋਕਾਂ ਦਾ ਅੰਕੜਾ ਸਿਰਫ 5.35 ਫ਼ੀਸਦ ਹੈ। ਇਸ ਲਈ ਸਿਹਤ ਬੁਨਿਆਦੀ ਢਾਂਚੇ ਤੋਂ ਇਲਾਵਾ ਕੋਵਿਡ-19 ਦੀ ਤੀਜੀ ਲਹਿਰ ਤੋਂ ਬਚਣ ਲਈ, ਕੇਂਦਰ ਸਰਕਾਰ ਨੂੰ ਟੀਕੇ ਦੀ ਸਪਲਾਈ ਵਧਾਉਣ ਦੀ ਲੋੜ ਹੈ ਤਾਂ ਜੋ ਪੂਰੀ ਆਬਾਦੀ ਨੂੰ ਕਵਰ ਕੀਤਾ ਜਾ ਸਕੇ।

ਉਹਨਾਂ ਅੱਗੇ ਕਿਹਾ ਕਿ ਕੋਵਿਡ-19 ਦੀ ਤੀਜੀ ਲਹਿਰ ਦਾ ਡਰ ਵਧਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲਾਂ ਹੀ ਵੱਡੀ ਗਿਣਤੀ ਮਾਮਲਿਆਂ ਨਾਲ ਨਜਿੱਠਣ ਲਈ ਤਿਆਰ ਹੈ ਜਦਕਿ ਦੂਜੀ ਲਹਿਰ ‘ਚ ਹੋਣ ਵਾਲੇ ਸੰਕਰਮਣਾਂ ਨਾਲੋਂ ਵੱਧ ਗੰਭੀਰ ਹੋ ਸਕਦੇ ਹਨ। ਇਹਨਾਂ ਸੰਭਾਵੀ ਕੇਸਾਂ ਦੀ ਸੰਭਾਲ ਕਰਨ ਲਈ, ਥੋੜੇ ਸਮੇਂ ਵਿੱਚ ਬੁਨਿਆਦੀ ਢਾਂਚੇ ਦੀ ਸਮਰੱਥਾ ਵਧਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਵਿੱਚ 9000 ਆਕਸੀਜਨ ਕੰਸਨਟਰੇਟਰਜ਼, 75 ਪੀ.ਐੱਸ.ਏ. ਆਕਸੀਜਨ ਜਨਰੇਸ਼ਨ ਪਲਾਂਟ ਸ਼ਾਮਲ ਹਨ।

ਆਈ.ਸੀ.ਐਮ.ਆਰ. ਵੱਲੋਂ ਪੰਜਾਬ ਦੇ ਚਾਰ ਜ਼ਿਲਿਆਂ ਵਿੱਚ ਕਰਵਾਏ ਚੌਥੇ ਸੀਰੋ ਸਰਵੇ ਬਾਰੇ ਟਿੱਪਣੀ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸਰਵੇਖਣ ਦੇ ਨਤੀਜਿਆਂ ਅਨੁਸਾਰ 63.15 ਪ੍ਰਤੀਸਤ ਅਬਾਦੀ ਵਿੱਚ ਕੋਵਿਡ ਐਂਟੀਬਾਡੀਜ ਬਣ ਗਈਆਂ ਹਨ ਅਤੇ ਸਿਹਤ ਕਰਮਚਾਰੀਆਂ ਵਿੱਚ 83.25 ਪ੍ਰਤੀਸਤ ਐਂਟੀਬਾਡੀਜ ਹਨ। ਇਨਾਂ ਚਾਰ ਜਿਿਲਆਂ ਵਿੱਚੋਂ, ਆਮ ਜਨਸੰਖਿਆ ਵਿਚ ਲੁਧਿਆਣਾ 71 ਫ਼ੀਸਦ ਨਾਲ ਸਭ ਤੋਂ ਅੱਗੇ ਹੈ।

ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਸਰਵੇਖਣ ਦੇ ਨਤੀਜਿਆਂ ਅਨੁਸਾਰ ਲੋਕਾਂ ਵਿਚ ਕੋਵਿਡ ਐਂਟੀਬਾਡੀਜ ਦੀ ਮੌਜੂਦਗੀ ਦਾ ਸੰਕੇਤ ਮਿਲਿਆ ਹੈ ਜਿਸਦਾ ਅਰਥ ਹੈ ਕਿ ਪੰਜਾਬ ਵਿਚ ਦਰਜ ਕੀਤੇ ਅੰਕੜਿਆਂ ਨਾਲੋਂ ਕੇਸ ਬਹੁਤ ਵੱਧ ਸਨ। ਪੰਜਾਬ ਦੀ ਆਬਾਦੀ ਵਿਚ ਕੋਵਿਡ ਦੇ ਪ੍ਰਸਾਰ ਦੀ ਸੰਭਾਵਨਾ ਨੂੰ ਵੇਖਦਿਆਂ ਉਹਨਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਜਦੋਂ ਤੱਕ ਸਾਰੀ ਆਬਾਦੀ ਦਾ ਦੋ ਖੁਰਾਕਾਂ ਨਾਲ ਟੀਕਾਕਰਨ ਨਹੀਂ ਹੋ ਜਾਂਦਾ।

————-

 

ਪ੍ਰਾਇਮਰੀ ਅਧਿਆਪਕਾਂ ਦੀ ਬਲਾਕ ਪੱਧਰੀ ਸਿਖਲਾਈ ਵਰਕਸ਼ਾਪ ਸ਼ੁਰੂ

ਸਿੱਖਿਆ ਸਕੱਤਰ ਵੱਲੋਂ ਪਹਿਲਾ ਸਥਾਨ ਬਰਕਰਾਰ ਰੱਖਣ ਲਈ ਅਧਿਆਪਕਾਂ ਨੂੰ ਹੋਰ ਵਧੇਰੇ ਲਗਨ, ਮਿਹਨਤ ਅਤੇ ਦਿ੍ਰੜਤਾ ਨਾਲ ਆਪਣੀ ਜ਼ਿਮੇਂਵਾਰੀ ਨਿਭਾਉਣ ਦਾ ਸੱਦਾ

ਚੰਡੀਗੜ 26 ਜੁਲਾਈ

ਪੰਜਾਬ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ ਬਰਕਰਾਰ ਰੱਖਣ ਲਈ ਸਕੂਲ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਹੋਰ ਵਧੇਰੇ ਲਗਨ, ਮਿਹਨਤ ਅਤੇ ਦਿ੍ਰੜਤਾ ਨਾਲ ਆਪਣੀ ਜ਼ਿਮੇਂਵਾਰੀ ਨਿਭਾਉਣ ਦਾ ਸੱਦਾ ਦਿੱਤਾ ਹੈ।

ਅੱਜ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੇ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਸਕੂਲ ਸਿੱਖਿਆ ਸਕੱਤਰ ਨੇ ਆਧਿਆਪਕਾਂ ਵੱਲੋਂ ਕੋਵਿਡ ਦੇ ਸਮੇਂ ਦੌਰਾਨ ਨਿਭਾਈ ਗਈ ਭੂਮਿਕਾ ਦੀ ਵੀ ਸਰਾਹਨਾ ਕੀਤੀ। ਸ੍ਰੀ ਕਿ੍ਰਸ਼ਨ ਕੁਮਾਰ ਨੇ ਆਨਲਾਇਨ ਵੈਬੀਨਾਰ ਰਾਹੀਂ ਇਸ ਬਲਾਕ ਪੱਧਰੀ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਵਿੱਚ 228 ਬਲਾਕਾਂ ਦੇ ਸਮੂਹ ਜ਼ਿਲਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਸਿੱਖਿਆ), ਉਪ ਜ਼ਿਲਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਸਿੱਖਿਆ), ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ‘ਪੜੋ ਪੰਜਾਬ ਪੜਾਓ ਪੰਜਾਬ’ ਜ਼ਿਲਾ ਕੋਆਰਡੀਨੇਟਰ, ਬਲਾਕ ਮਾਸਟਰ ਟਰੇਨਰ, ਕਲੱਸਟਰ ਮਾਸਟਰ ਟਰੇਨਰ ਅਤੇ ਲਗਪਗ 10000 ਪ੍ਰਾਇਮਰੀ ਅਧਿਆਪਕ ਹਿੱਸਾ ਲੈ ਰਹੇ ਹਨ। ਉਨਾਂ ਨੇ ਸਮੂਹ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਪੰਜਾਬ ਦੇ ਰਾਸ਼ਟਰੀ ਸਕੂਲ ਸਰਵੇਖਣ ਦਰਜ਼ਾਬੰਦੀ ਵਿੱਚ ਅੱਵਲ ਆਉਣ ’ਤੇ ਸ਼ਾਬਾਸ਼ੀ ਅਤੇ ਵਧਾਈ ਵੀ ਦਿੱਤੀ। ਉਹਨਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਸਹਿਯੋਗ ਅਤੇ ਅਣਥੱਕ ਉੱਦਮਾਂ ਸਦਕਾ ਦਾਖ਼ਲਿਆਂ ਵਿੱਚ ਵਾਧਾ ਹੋਇਆ ਹੈ। 13000 ਦੇ ਕਰੀਬ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਹੈ। ਕੋਵਿਡ-19 ਦੀ ਮਹਾਂਮਾਰੀ ਦੇ ਭਿਆਨਕ ਸਮੇਂ ਦੌਰਾਨ ਵੀ ਅਧਿਆਪਕਾਂ ਨੇ ਮਿਸਾਲ ਪੇਸ਼ ਕਰਦਿਆਂ ਆਨਲਾਈਨ ਸਿੱਖਿਆ ਦੇ ਕੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ਾਨਦਾਰ ਕਾਰਜ ਕੀਤਾ ਹੈ।

ਸ੍ਰੀ ਕਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਇਸ ਸਿਖਲਾਈ ਵਰਕਸ਼ਾਪ ਦਾ ਮਕਸਦ ਪੰਜਾਬ ਦੁਆਰਾ ਪ੍ਰਾਪਤ ਪਹਿਲੇ ਸਥਾਨ ਨੂੰ ਬਰਕਰਾਰ ਰੱਖਣ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਜਾਣਕਾਰੀ ਅਤੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਸਬੰਧੀ ਪੂਰਨ ਯੋਜਨਾਬੰਦੀ ਕਰਨਾ ਹੈ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਹੋਰਨਾਂ ਮੁਹਿੰਮਾਂ ਵਾਂਗ ਇਸ ਕਾਰਜ ਵਿੱਚ ਵੀ ਸਮੂਹ ਅਧਿਕਾਰੀ, ਸਕੂਲ ਮੁਖੀ ਅਤੇ ਅਧਿਆਪਕ ਆਪਣਾ 100 ਫੀਸਦੀ ਯੋਗਦਾਨ ਦੇਣਗੇ।

ਇਸ ਸਬੰਧੀ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਜਗਤਾਰ ਸਿੰਘ ਕੁਲੜੀਆ ਨੇ ਕਿਹਾ ਕਿ ਇਸ ਦੋ-ਰੋਜ਼ਾ ਸਿਖਲਾਈ ਵਰਕਸ਼ਾਪ ਵਿੱਚ ਹਰੇਕ ਬੈਚ ਦੇ ਪਹਿਲੇ ਦਿਨ ਹਰੇਕ ਅਧਿਆਪਕ ਨੂੰ ਬੁਨਿਆਦੀ ਕੌਸ਼ਲਾਂ, ਰਾਸ਼ਟਰੀ ਪ੍ਰਾਪਤੀ ਸਰਵੇਖਣ (ਐੱਨ.ਏ.ਐੱਸ.) ਦੀ ਮਹੱਤਤਾ, ਮੁਲਾਂਕਣ, ਪ੍ਰਕਿਰਿਆ, ਪਿਛਲੇ ਸਾਲਾਂ ਦੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਅਤੇ ਵੱਖ-ਵੱਖ ਵਿਸ਼ਿਆਂ ਦੇ ਸਿੱਖਣ ਪਰਿਣਾਮਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ। ਇਸ ਸਿਖਲਾਈ ਵਰਕਸ਼ਾਪ ਦੌਰਾਨ ਹਰੇਕ ਬੈਚ ਦੇ ਦੂਜੇ ਦਿਨ ਅਧਿਆਪਕਾਂ ਨੂੰ ਸਿੱਖਣ ਸਹਾਇਕ ਸਮੱਗਰੀ ਤਿਆਰ ਕਰਨ ਲਈ ਵੀ ਵਿਸ਼ੇਸ਼ ਸਿਖਲਾਈ ਦਿੱਤੀ ਜਾਣੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ‘ਪੜੋ ਪੰਜਾਬ ਪੜਾਓ ਪੰਜਾਬ’ ਨੇ ਦੱਸਿਆ ਕਿ ਬਲਾਕ ਪੱਧਰ ਦੇ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਦੇ ਛੇ ਬੈਚ ਲੱਗਣਗੇ। ਪਹਿਲਾ ਬੈਚ 26-27 ਜੁਲਾਈ, ਦੂਜਾ ਬੈਚ 28-29 ਜੁਲਾਈ, ਤੀਜਾ ਬੈਚ 30-31 ਜੁਲਾਈ, ਚੌਥਾ ਬੈਚ 2-3 ਅਗਸਤ, ਪੰਜਵਾਂ ਬੈਚ 4-5 ਅਗਸਤ ਅਤੇ ਛੇਵਾਂ ਬੈਚ 6-7 ਅਗਸਤ ਨੂੰ ਹੋਵੇਗਾ।

 

ਸਿਹਤ ਵਿਭਾਗ ਕਰੋਨਾ ਦੀ ਤੀਜੀ ਲਹਿਰ ਦਾ ਮੁਕਾਬਲਾ ਕਰਨ ਲਈ ਤਿਆਰ-ਬਲਬੀਰ ਸਿੰਘ ਸਿੱਧੂ

– ਪਹਿਲੀ ਤੇ ਦੂਜੀ ਕੋਵਿਡ ਲਹਿਰ ਦੇ ਮੁਕਾਬਲੇ 25 ਫੀਸਦੀ ਵਧੇਰੇ ਮਰੀਜ਼ਾਂ ਨੂੰ ਸੰਭਾਲਣ ਦੇ ਸਮਰੱਥ ਹੈ ਵਿਭਾਗ

– ਸਿਵਲ ਹਸਪਤਾਲ ਮੋਗਾ ਵਿਖੇ ਜਖਮੀ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ

ਚੰਡੀਗੜ/ਮੋਗਾ, 26 ਜੁਲਾਈ :

ਬੀਤੇ ਦਿਨੀਂ ਮੋਗਾ – ਕੋਟ ਇਸੇ ਖਾਂ ਸੜਕ ਉੱਤੇ ਹੋਏ ਹਾਦਸੇ ਵਿੱਚ ਜਖਮੀ ਹੋਏ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਲਈ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਅੱਜ ਵਿਸ਼ੇਸ਼ ਤੌਰ ਉੱਤੇ ਮੋਗਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ। ਇਸ ਮੌਕੇ ਉਹਨਾਂ ਨਾਲ ਡਾਕਟਰ ਹਰਜੋਤ ਕਮਲ, ਸ੍ਰ ਦਰਸ਼ਨ ਸਿੰਘ ਬਰਾੜ, ਸ੍ਰ ਸੁਖਜੀਤ ਸਿੰਘ ਕਾਕਾ ਲੋਹਗੜ, ਸ੍ਰ ਕੁਲਬੀਰ ਸਿੰਘ ਜੀਰਾ (ਸਾਰੇ ਵਿਧਾਇਕ), ਸਾਬਕਾ ਮੰਤਰੀ ਸ੍ਰੀਮਤੀ ਮਾਲਤੀ ਥਾਪਰ, ਸਾਬਕਾ ਵਿਧਾਇਕ ਸ੍ਰੀ ਵਿਜੈ ਸਾਥੀ, ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਸ੍ਰੀ ਹਰਕੇਸ਼ ਚੰਦ ਸਰਮਾ ਰਾਜਸੀ ਸਕੱਤਰ ਸਿਹਤ ਮੰਤਰੀ ਪੰਜਾਬ, ਅਤੇ ਹੋਰ ਕਈ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਕਰੋਨਾ ਦੀ ਤੀਜੀ ਲਹਿਰ ਦਾ ਮੁਕਾਬਲਾ ਕਰਨ ਲਈ ਤਿਆਰ ਹੈ। ਸਿਹਤ ਵਿਭਾਗ ਨੇ ਪਿਛਲੇ ਸਮੇਂ ਦੌਰਾਨ ਇਸ ਦਿਸਾ ਵਿੱਚ ਕਾਫੀ ਮਿਹਨਤ ਕੀਤੀ ਹੈ। ਅੱਜ ਵਿਭਾਗ ਪਹਿਲੀ ਅਤੇ ਦੂਜੀ ਲਹਿਰ ਦੇ ਮੁਕਾਬਲੇ 25 ਫੀਸਦੀ ਵਧੇਰੇ ਮਰੀਜ਼ਾਂ ਨੂੰ ਸੰਭਾਲਣ ਦੇ ਸਮਰੱਥ ਹੋ ਗਿਆ ਹੈ। ਸਰਕਾਰੀ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਗਿਣਤੀ ਹੋਰ ਵਧਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ 78 ਪੀ ਐੱਸ ਏ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਆਕਸੀਜਨ ਟੈਂਕਰਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।

ਰੀਜਾਂ ਨਾਲ ਗੱਲਬਾਤ ਕਰਦਿਆਂ ਸ੍ਰ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਮਿ੍ਰਤਕਾਂ ਦੇ ਪਰਿਵਾਰਾਂ ਨੂੰ 5-5 ਲੱਖ, ਜਖਮੀਆਂ ਨੂੰ 50-50 ਹਜਾਰ ਅਤੇ ਮੁਫਤ ਇਲਾਜ ਕਰਾਇਆ ਜਾਵੇਗਾ। ਇਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਲੋਕਾਂ ਬਾਰੇ ਉਹਨਾਂ ਕਿਹਾ ਕਿ ਇਹ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਇਸ ਦੁੱਖ ਵਿੱਚ ਪਰਿਵਾਰਾਂ ਨੂੰ ਢਾਰਸ ਦੇਣ ਲਈ ਉਹ ਹਮੇਸ਼ਾਂ ਨਾਲ ਖੜੇ ਹਨ। ਇਸ ਮੌਕੇ ਉਹਨਾਂ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਜੇਰੇ ਇਲਾਜ ਮਰੀਜ਼ਾਂ ਨੂੰ ਜਲਦ ਠੀਕ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ।

————

 

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਹੋਣ ਦਾ ਸੱਦਾ

ਚੰਡੀਗੜ, 26 ਜੁਲਾਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਫੌਜ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਕਾਰਗਿਲ ਜੰਗ ਦੀ 22ਵੀਂ ਵਰੇਗੰਢ ਮੌਕੇ ਮੁੱਖ ਮੰਤਰੀ ਨੇ ਇੱਥੇ ਬੋਗਨਵਿਲੀਆ ਗਾਰਡਨ ’ਚ ਸਥਿਤ ਜੰਗੀ ਯਾਦਗਾਰ ਵਿਖੇ ਫੁੱਲ-ਮਾਲਾ ਭੇਟ ਕੀਤੀ ਅਤੇ ਕਾਰਗਿਲ ਜੰਗ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਪੰਜਾਬ ਦੇ 54 ਬਹਾਦਰ ਜਵਾਨਾਂ ਨੂੰ ਨਮਨ ਕਰਦਿਆਂ ਸ਼ਰਧਾਂਜਲੀ ਦਿੱਤੀ।

ਕਾਰਗਿਲ ਵਿਜੈ ਦਿਵਸ ’ਤੇ ਜੰਗੀ ਨਾਇਕਾਂ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਯਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਜਾਂਬਾਜ਼ ਭਾਰਤੀ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਿਨਾਂ ਨੇ ਜੁਲਾਈ, 1999 ਵਿਚ ਔਖੇ ਮੌਸਮੀ ਹਾਲਾਤ ਦੌਰਾਨ ਸੂਰਮਗਤੀ ਨਾਲ ਕਾਰਗਿਲ, ਦਰਾਸ ਅਤੇ ਬਟਾਲਿਕ ਇਲਾਕਿਆਂ ਵਿਚ ਘੁਸਪੈਠ ਕਰਨ ਵਾਲੀਆਂ ਪਾਕਿਸਤਾਨੀ ਫੌਜਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ।

ਇਸ ਮੌਕੇ ਐਨ.ਸੀ.ਸੀ. ਕੈਡਿਟਾਂ ਅਤੇ ਮਾਈ ਭਾਗੋ ਆਰਮਿਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੁਹਾਲੀ ਦੀਆਂ ਮਹਿਲਾ ਕੈਡਿਟਾਂ ਨਾਲ ਸੰਖੇਪ ਵਿਚ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਬਾਕੀ ਨੌਜਵਾਨਾਂ ਦੇ ਅੰਦਰ ਵੀ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦਾ ਜਜ਼ਬਾ ਪੈਦਾ ਕਰਨ ਲਈ ਰੋਲ ਮਾਡਲ ਬਣ ਸਕਦੇ ਹਨ।

ਪੀ.ਏ.ਪੀ. ਬੈਂਡ ਦੇ ਨਾਲ ਪੀ.ਏ.ਪੀ. ਗਰੁੱਪ ਦੇ ਕਮਾਂਡਰ ਡੀ.ਐਸ.ਪੀ. ਦਵਿੰਦਰ ਸਿੰਘ ਦੀ ਅਗਵਾਈ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਗਾਰਡ ਆਫ ਆਨਰ ਰਾਹੀਂ ਸਲਾਮੀ ਦਿੱਤੀ ਗਈ। ਸਮਾਗਮ ਵਿਚ ਕਈ ਸੀਨੀਅਰ ਅਤੇ ਸੇਵਾ-ਮੁਕਤ ਰੱਖਿਆ ਅਫਸਰ ਵੀ ਸ਼ਾਮਲ ਹੋਏ।

ਇਸ ਮੌਕੇ ਹਾਜ਼ਰ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਟੀ.ਐਸ. ਸ਼ੇਰਗਿੱਲ, ਸਕੱਤਰ ਰੱਖਿਆ ਸੈਨਾਵਾਂ ਗੁਰਕਿਰਤ ਕਿ੍ਰਪਾਲ ਸਿੰਘ, ਡਾਇਰੈਕਟਰ ਰੱਖਿਆ ਸੈਨਾਵਾਂ ਬਿ੍ਰਗੇਡੀਅਰ ਸਤਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫਟੀਨੈਂਟ ਜਨਰਲ (ਰਿਟਾ.) ਜੇ.ਐਸ. ਚੀਮਾ ਅਤੇ ਮੁੱਖ ਮੰਤਰੀ ਦੇ ਸਕੱਤਰ (ਸਿਆਸੀ) ਮੇਜਰ ਅਮਰਦੀਪ ਸਿੰਘ ਵੀ ਹਾਜ਼ਰ ਸਨ।