ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਦੀ ਭਰਤੀ: ਡੀ.ਜੀ.ਪੀ. ਦਿਨਕਰ ਗੁਪਤਾ ਨੇ ਸੀ.ਪੀਜ਼/ਐਸ.ਐਸ.ਪੀਜ਼ ਨੂੰ ਲਿਖਤੀ ਪ੍ਰੀਖਿਆ ਲਈ ਉਮੀਦਵਾਰਾਂ ਦੀ ਸਹਾਇਤਾ ਕਰਨ ਦੇ ਵੀ ਦਿੱਤੇ ਨਿਰਦੇਸ਼.
ਚੰਡੀਗੜ, 11 ਜੁਲਾਈ:
ਕਾਂਸਟੇਬਲਾਂ, ਹੈੱਡ-ਕਾਂਸਟੇਬਲਾਂ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਦਿੱਤੇ ਜਾ ਰਹੇ ਮੁਫ਼ਤ ਫਿਜ਼ੀਕਲ ਕੋਚਿੰਗ ਅਤੇ ਸਿਖਲਾਈ ਸ਼ੈਸ਼ਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੂਬੇ ਭਰ ਵਿਚ 20000 ਤੋਂ ਵੱਧ ਇਛੁੱਕ ਉਮੀਦਵਾਰਾਂ ਨੇ ਸਿਖਲਾਈਯਾਫ਼ਤਾ ਕੋਚਾਂ ਅਤੇ ਡਰਿੱਲ ਇੰਸਟ੍ਰੱਕਟਰਾਂ ਦੀ ਨਿਗਰਾਨੀ ਹੇਠ ਸਰੀਰਕ ਜਾਂਚ ਟੈਸਟ (ਪੀ.ਐਸ.ਟੀ.) ਲਈ ਆਪਣੀ ਸਿਖਲਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਦਿਨਕਰ ਗੁਪਤਾ ਦੇ ਨਿਰਦੇਸ਼ਾਂ ਤੋਂ ਬਾਅਦ, ਸਾਰੇ ਸੀਪੀਜ਼/ ਐਸਐਸਪੀਜ਼ ਨੇ ਆਪਣੇ ਸਬੰਧਤ ਜ਼ਿਲਿਆਂ ਵਿਚ 27 ਜੂਨ, 2021 ਤੋਂ ਫਿਜ਼ੀਕਲ ਟਰਾਇਲ ਈਵੈਂਟਾਂ ਲਈ ਮੁਫਤ ਕੋਚਿੰਗ ਸੈਸ਼ਨ ਸ਼ੁਰੂ ਕਰ ਦਿੱਤੇ ਸਨ।
ਵੇਰਵੇ ਸਾਂਝੇ ਕਰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 20000 ਤੋਂ ਵੱਧ ਉਮੀਦਵਾਰਾਂ, ਜਿਨਾਂ ਵਿੱਚੋਂ ਤੀਜਾ ਹਿੱਸਾ ਲੜਕੀਆਂ ਹਨ, ਜੋ ਕਿ ਪੁਲਿਸ ਫੋਰਸ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ, ਨੇ ਜ਼ਿਲੇ ਦੇ ਪੁਲਿਸ ਲਾਈਨ ਗਰਾਊਂਡਾਂ ਵਿੱਚ ਆਪਣੀ ਸਰੀਰਕ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੁਲਿਸ ਲਾਈਨਾਂ ਤੋਂ ਇਲਾਵਾ, ਪੰਜਾਬ ਸਰਕਾਰ ਨੇ ਪ੍ਰੈਕਟਿਸ / ਤਿਆਰੀ ਲਈ ਜਨਤਕ ਥਾਵਾਂ, ਜਨਤਕ ਪਾਰਕ ਅਤੇ ਸਟੇਡੀਅਮ ਵੀ ਖੋਲ ਦਿੱਤੇ ਸਨ।
ਡੀਜੀਪੀ ਨੇ ਕਿਹਾ ਕਿ ਉਮੀਦਵਾਰਾਂ ਦੀ ਪ੍ਰੈਕਟਿਸ ਲਈ ਪੁਲਿਸ ਵੱਲੋਂ ਸਿਖਲਾਈ ਪ੍ਰਾਪਤ ਕੋਚਾਂ ਤੋਂ ਇਲਾਵਾ ਲੋੜੀਂਦੇ ਖੇਡ ਉਪਕਰਨ ਜਿਸ ਵਿੱਚ ਉਮੀਦਵਾਰਾਂ ਦੇ ਅਭਿਆਸ ਲਈ ਹਾਈ ਜੰਪ ਸਟੈਂਡ / ਗੱਦੇ ਅਤੇ ਲੰਬੀ ਛਾਲ ਲਈ ਬੁਨਿਆਦੀ ਢਾਂਚਾ ਸ਼ਾਮਲ ਹੈ, ਵੀ ਪ੍ਰਦਾਨ ਕੀਤੇ ਜਾ ਰਹੇ ਹਨ।
ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਝ ਜ਼ਿਲਿਆਂ ਨੇ ਸੂਬੇ ਦੇ ਹੁਨਰਮੰਦ ਨੌਜਵਾਨਾਂ ਦੀ ਭਰਤੀ ਲਈ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਦੀ ਕੋਚਿੰਗ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ।ਜਲਦ ਹੀ ਹੋਰਨਾਂ ਸਾਰੇ ਜ਼ਿਲਿਆਂ ਵੱਲੋਂ ਵੀ ਲਿਖਤੀ ਟੈਸਟਾਂ ਸਬੰਧੀ ਉਮੀਦਵਾਰਾਂ ਲਈ ਕੋਚਿੰਗ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਹਰੇਕ ਸੰਭਾਵਿਤ ਉਮੀਦਵਾਰ ਨੂੰ ਨਿਰਪੱਖ ਅਤੇ ਬਰਾਬਰ ਮੌਕੇ ਦਿੱਤੇ ਜਾ ਸਕਣ ਅਤੇ ਉਹ ਅਗਾਮੀ ਪੁਲਿਸ ਭਰਤੀਆਂ ਵਿੱਚ ਪੂਰੇ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਭਾਗ ਲੈ ਸਕਣ।
ਉਨਾਂ ਕਿਹਾ ਕਿ ਹਰੇਕ ਜ਼ਿਲੇ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ, ਜੋ ਭਰਤੀ ਪ੍ਰਕਿਰਿਆ ਚੱਲਣ ਤੱਕ ਉਮੀਦਵਾਰਾਂ ਨੂੰ ਸਰੀਰਕ ਸਿਖਲਾਈ ਅਤੇ ਮੁਫਤ ਕੋਚਿੰਗ ਕਲਾਸਾਂ ਵਿੱਚ ਸਹਾਇਤਾ ਕਰਨਗੇ। ਮੁਫ਼ਤ ਕੋਚਿੰਗ ਲੈਣ ਦਾ ਇਛੁੱਕ ਕੋਈ ਵੀ ਉਮੀਦਵਾਰ ਨੋਡਲ ਅਧਿਕਾਰੀਆਂ, ਜੋ ਹਰੇਕ ਜ਼ਿਲੇ ਲਈ ਨਿਯੁਕਤ ਕੀਤੇ ਗਏ ਹਨ, ਨਾਲ ਸੰਪਰਕ ਕਰ ਸਕਦਾ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ਿਲਾ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਅਤੇ ਇੰਟੈਲੀਜੈਂਸ ਅਫ਼ਸਰਾਂ ਸਮੇਤ ਵੱਖ-ਵੱਖ ਕਾਡਰਾਂ ਵਿਚ 560 ਸਬ-ਇੰਸਪੈਕਟਰਾਂ ਦੀ ਸਿੱਧੀ ਭਰਤੀ ਲਈ ਆਨਲਾਈਨ ਅਰਜ਼ੀਆਂ ਪਹਿਲਾਂ ਹੀ ਮੰਗੀਆਂ ਜਾ ਚੁੱਕੀਆਂ ਹਨ ਅਤੇ ਚਾਹਵਾਨ ਉਮੀਦਵਾਰ 27 ਜੁਲਾਈ, 2021 ਤੱਕ ਆਪਣੀਆਂ ਅਰਜ਼ੀਆਂ ਜਮਾਂ ਕਰਵਾ ਸਕਦੇ ਹਨ।
ਉਨਾਂ ਕਿਹਾ ਕਿ ਜ਼ਿਲਾ ਅਤੇ ਆਰਮਡ ਕਾਡਰਾਂ ਵਿਚ ਤਕਰੀਬਨ 4400 ਕਾਂਸਟੇਬਲਾਂ ਦੀ ਸਿੱਧੀ ਭਰਤੀ ਲਈ ਵੀ ਅਰਜ਼ੀਆਂ ਇਕ ਹਫ਼ਤੇ ਦੇ ਅੰਦਰ-ਅੰਦਰ ਮੰਗੀਆਂ ਜਾਣਗੀਆਂ ਅਤੇ ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਜਮਾਂ ਕਰਵਾ ਸਕਣਗੇ।
ਡੀਜੀਪੀ ਦਿਨਕਰ ਗੁਪਤਾ ਨੇ ਇੱਕ ਵਾਰ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਉਠਾਉਣ ਅਤੇ ਜਲਦ ਤੋਂ ਜਲਦ ਲਿਖਤੀ ਅਤੇ ਸਰੀਰਕ ਜਾਂਚ ਟੈਸਟ ਸਬੰਧੀ ਤਿਆਰੀਆਂ ਸ਼ੁਰੂ ਕਰ ਦੇਣ। ਉਨਾਂ ਭਰਤੀ ਹੋਣ ਦੇ ਇਛੁੱਕ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਭਰਤੀ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਪੀ.ਐਸ.ਟੀ. ਵਿੱਚ 1600 ਮੀਟਰ ਦੌੜ, ਉੱਚੀ ਛਾਲ ਅਤੇ ਲੰਬੀ ਛਾਲ ਸਮੇਤ ਤਿੰਨ ਫਿਜ਼ੀਕਲ ਟਰਾਇਲ ਈਵੈਂਟ ਸ਼ਾਮਲ ਹਨ। ਹਾਲਾਂਕਿ, ਮਹਿਲਾ ਉਮੀਦਵਾਰਾਂ ਅਤੇ ਸਾਬਕਾ ਸੈਨਿਕਾਂ ਲਈ ਸਰੀਰਕ ਜਾਂਚ ਟੈਸਟ ਦੇ ਮਾਪਦੰਡ ਵੱਖਰੇ ਹੋਣਗੇ।
————
ਵਿਸ਼ਵ ਅਬਾਦੀ ਦਿਵਸ ਮੌਕੇ ਜਨਸੰਖਿਆ ਸਥਿਰਤਾ ਪੰਦਰਵਾੜੇ ਦੀ ਸ਼ੁਰੂਆਤ
ਪਰਿਵਾਰ ਯੋਜਨਾਬੰਦੀ/ਨਸਬੰਦੀ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ
ਜਨਸੰਖਿਆ ਸਥਿਰਤਾ ਤੋਂ ਇਲਾਵਾ ਜਣਨ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਵਿੱਚ ਪਰਿਵਾਰ ਯੋਜਨਾਬੰਦੀ ਪੋ੍ਰਗਰਾਮਾਂ ਨੂੰ ਰੀ-ਓਰੀਐਂਟ ਕੀਤਾ ਗਿਆ
ਚੰਡੀਗੜ, 11 ਜੁਲਾਈ:
ਆਮ ਲੋਕਾਂ ਵਿੱਚ ਵੱਧ ਰਹੀ ਆਬਾਦੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਨਾਲ ਕੁਦਰਤੀ ਸਰੋਤਾਂ ’ਤੇ ਪੈਂਦੇ ਬੋਝ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਸਵ ਭਰ ਵਿੱਚ 11 ਜੁਲਾਈ ਨੂੰ ਵਿਸ਼ਵ ਅਬਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ।ਉਕਤ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਇੱਥੇ ਵਿਸ਼ਵ ਅਬਾਦੀ ਦਿਵਸ ਮੌਕੇ ਕਿਸਾਨ ਚੈਂਬਰ ਮੁਹਾਲੀ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਸੂਬੇ ਵਿੱਚ ਜਨਸੰਖਿਆ ਸਥਿਰਤਾ ਪੰਦਰਵਾੜੇ ਦੀ ਸ਼ੁਰੂਆਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਜਨਸੰਖਿਆ ਦਿਵਸ ਦੇ ਸਮਾਗਮਾਂ ਨੂੰ ਦੋ ਪੰਦਰਵਾੜਿਆਂ ਵਿੱਚ ਵੰਡਿਆ ਗਿਆ ਹੈ। 27 ਜੂਨ ਤੋਂ ਜੁਲਾਈ 10 ਜੁਲਾਈ ਦੇ ਦਰਮਿਆਨ ਪਹਿਲਾ ਪੰਦਰਵਾੜਾ ਮਨਾਇਆ ਗਿਆ ਜਿਸ ਦੌਰਾਨ ਲੋਕਾਂ ਨੂੰ ਪਰਿਵਾਰ ਯੋਜਨਾਬੰਦੀ ਦੇ ਢੰਗਾਂ ਨੂੰ ਅਪਣਾਉਣ ਅਤੇ ਉਨਾਂ ਨੂੰ ਉਪਲੱਬਧ ਗਰਭ ਨਿਰੋਧਕ ਵਿਧੀਆਂ ਬਾਰੇ ਜਾਣਕਾਰੀ ਦੇਣ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। 11 ਜੁਲਾਈ ਨੂੰ ਦੂਜੇ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦਾ ਉਦੇਸ਼ ਜਨਸੰਖਿਆ ਸਥਿਰਤਾ ’ਤੇ ਧਿਆਨ ਕੇਂਦਰਿਤ ਕਰਨਾ ਹੈ।
ਜਾਗਰੂਕਤਾ ਪੰਦਰਵਾੜੇ ਵਿਚ ਪਹਿਲਾਂ ਤੋਂ ਰਜਿਸਟਰਡ ਵਿਅਕਤੀਆਂ ਨੂੰ ਪਰਿਵਾਰ ਯੋਜਨਾਬੰਦੀ/ਨਸਬੰਦੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਉਂਦੇ ਦੋ ਹਫਤਿਆਂ ਦੌਰਾਨ ਰਾਜ ਦੀਆਂ ਸਿਹਤ ਸੰਸਥਾਵਾਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਔਰਤਾਂ ਅਤੇ ਮਰਦਾਂ ਦੀ ਨਸਬੰਦੀ ਸਬੰਧੀ ਆਪਰੇਸ਼ਨ ਮੁਫ਼ਤ ਵਿੱਚ ਕੀਤੇ ਜਾਣਗੇ।
ਸ. ਸਿੱਧੂ ਨੇ ਦੱਸਿਆ ਕਿ ਜਣਨ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਕੁੱਲ ਜਣਨ ਦਰ (ਟੀ.ਐਫ.ਆਰ.) ਵਿੱਚ ਕਮੀ ਦੇ ਜਰੀਏ ਅਬਾਦੀ ਸਥਿਰਤਾ ਦੇ ਨਾਲ ਨਾਲ ਸੂਬੇ ਵਿੱਚ ਪਰਿਵਾਰ ਯੋਜਨਾਬੰਦੀ ਪ੍ਰੋਗਰਾਮਾਂ ਨੂੰ ਰੀ-ਓਰੀਐਂਟ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਮਾਤਰਤਵ ਮੌਤ ਦਰ (ਐੱਮ.ਐੱਮ.ਆਰ.) ਅਤੇ ਸ਼ਿਸ਼ੂ ਮੌਤ ਦਰ (ਆਈ.ਐੱਮ.ਆਰ.) ਨੂੰ ਘਟਾਉਣ ਲਈ ਸੰਸਥਾਗਤ ਜਣੇਪਿਆਂ ਨੂੰ ਉਤਸ਼ਾਹਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਟੀ.ਐੱਫ.ਆਰ. 1.7% ਹੈ ਜੋ ਕਿ ਉੱਚ ਸਾਖਰਤਾ ਦਰ ਲਈ ਜਾਣੇ ਜਾਂਦੇ ਕੇਰਲਾ ਸੂਬੇ ਦੇ ਬਰਾਬਰ ਹੈ, ਜਦੋਂਕਿ ਕੌਮੀ ਟੀਐਫਆਰ 2.2% ਹੈ।
ਪੰਜਾਬੀ ਕਾਫ਼ੀ ਹੱਦ ਤੱਕ ਛੋਟੇ ਪਰਿਵਾਰ ਦੀ ਮਹੱਤਤਾ ਤੋਂ ਜਾਣੂ ਹਨ ਪਰ ਸੂਬੇ ‘ਤੇ ਪਰਵਾਸੀ ਅਬਾਦੀ ਦਾ ਦਬਾਅ ਬਹੁਤ ਜ਼ਿਆਦਾ ਹੈ, ਇਸ ਲਈ ਅਸੀਂ ਉਨਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਇਸ ਮੌਕੇ ਸਿਹਤ ਮੰਤਰੀ ਨੇ ਰੇਡੀਓ ਸਪਾਟਜ਼ ਅਤੇ ਹੋਰ ਆਈ.ਈ.ਸੀ. ਗਤੀਵਿਧੀਆਂ ਰਾਹੀਂ ਪਰਿਵਾਰ ਯੋਜਨਾਬੰਦੀ ਦੀ ਮਹੱਤਤਾ ਬਾਰੇ ਜਾਣਕਾਰੀ ਫੈਲਾਉਣ ਲਈ ਇੱਕ ਜਾਗਰੂਕਤਾ ਆਡੀਓ ਸਪਾਟ ਜਾਰੀ ਕੀਤਾ।
ਪ੍ਰਮੁੱਖ ਸਕੱਤਰ ਸਿਹਤ, ਸ੍ਰੀ ਹੁਸਨ ਲਾਲ ਨੇ ਦੱਸਿਆ ਕਿ 150 ਵੱਖ-ਵੱਖ ਥਾਵਾਂ ਤੋਂ ਕਰਮਚਾਰੀਆਂ/ ਸਿਹਤ ਕਾਮਿਆਂ ਨੇ ਜਨਸੰਖਿਆ ਦਿਵਸ ਸਮਾਰੋਹ ਵਿੱਚ ਆਨਲਾਈਨ ਹਿੱਸਾ ਲਿਆ। ਉਨਾਂ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮਹਾਂਮਾਰੀ ਦੇ ਬਾਵਜੂਦ ਪਰਿਵਾਰ ਯੋਜਨਾਬੰਦੀ ਸੇਵਾਵਾਂ ਨਿਰਵਿਘਨ ਚਲਦੀਆਂ ਰਹੀਆਂ ਅਤੇ ਸਰਕਾਰੀ ਹਸਪਤਾਲਾਂ ਵੱਲੋਂ ਕੋਵਿਡ-19 ਤੋਂ ਪੀੜਤ ਕਈ ਗਰਭਵਤੀ ਮਹਿਲਾਵਾਂ ਦੇ ਸੁਰੱਖਿਅਤ ਜਣੇਪੇ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਗਈ। ਉਨਾਂ ਸਮਾਜ ਦੀ ਬਿਹਤਰੀ ਲਈ ਪਰਿਵਾਰ ਯੋਜਨਾਬੰਦੀ ਦੇ ਸੰਦੇਸ਼ ਨੂੰ ਫੈਲਾਉਣ ਲਈ ਵਿਆਪਕ ਆਈ.ਈ.ਸੀ./ਬੀ.ਸੀ.ਸੀ ਗਤੀਵਿਧੀਆਂ ਦਾ ਭਰੋਸਾ ਦਿੱਤਾ।
ਕੋਵਿਡ-19 ਦੀ ਸੰਭਾਵਤ ਤੀਜੀ ਲਹਿਰ ਲਈ ਕੀਤੀਆਂ ਗਈਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਹੁਸਨ ਲਾਲ ਨੇ ਕਿਹਾ ਕਿ ਸਿਹਤ ਵਿਭਾਗ ਤੀਜੀ ਲਹਿਰ ਦੇ ਟਾਕਰੇ ਲਈ ਪੂਰੀ ਤਰਾਂ ਤਿਆਰ ਹੈ। ਉਨਾਂ ਕਿਹਾ, “ਅਸੀਂ ਬਿਸਤਰਿਆਂ ਦੀ ਸਮਰੱਥਾ 25 ਫੀਸਦੀ ਤੱਕ ਵਧਾ ਦਿੱਤੀ ਹੈ, 75 ਤੋਂ ਵੱਧ ਪੀ.ਐਸ.ਏ. ਪਲਾਂਟ ਸ਼ੁਰੂ ਕੀਤੇ ਹਨ ਅਤੇ ਸੂਬੇ ਦੇ ਹਸਪਤਾਲਾਂ ਵਿੱਚ 9000 ਆਕਸੀਜਨ ਕੰਸਨਟ੍ਰੇਟਰਾਂ ਦੀ ਸਪਲਾਈ ਕੀਤੀ ਗਈ ਹੈ।”
ਇਸ ਤੋਂ ਪਹਿਲਾਂ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਡਾ. ਅੰਦੇਸ਼ ਕੰਗ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਸਵ ਅਬਾਦੀ ਦਿਵਸ ਨੂੰ ਮਨਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਡਾਇਰੈਕਟਰ, ਸਿਹਤ ਡਾ. ਜੀ.ਬੀ. ਸਿੰਘ ਨੇ ਕੁਦਰਤੀ ਸਰੋਤਾਂ ’ਤੇ ਅਧਿਕ ਦਬਾਅ ਦੇ ਮੱਦੇਨਜ਼ਰ ਆਬਾਦੀ ਸਥਿਰਤਾ ਦੀ ਮਹੱਤਤਾ ’ਤੇ ਜੋਰ ਦਿੱਤਾ।
ਪਰਿਵਾਰਕ ਯੋਜਨਾਬੰਦੀ ਬਾਰੇ ਸਟੇਟ ਨੋਡਲ ਅਫਸਰ ਡਾ. ਆਰਤੀ ਨੇ ਇੱਕ ਪੀ.ਪੀ.ਟੀ. ਪੇਸ਼ ਕੀਤੀ ਜਿਸ ਵਿੱਚ ਫੀਲਡ ਪੱਧਰ ’ਤੇ ਕੀਤੇ ਜਾ ਰਹੇ ਉਪਰਾਲਿਆਂ ਅਤੇ ਸੂਬੇ ਵਿੱਚ ਪਰਿਵਾਰ ਯੋਜਨਾਬੰਦੀ ਪ੍ਰੋਗਰਾਮ ਤਹਿਤ ਮੁਹੱਈਆ ਕਰਵਾਏ ਜਾ ਰਹੇ ਇਨਸੈਂਟਿਵਜ਼ ਅਤੇ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।
ਇਸ ਪ੍ਰੋਗਰਾਮ ਦੌਰਾਨ ਪਰਿਵਾਰ ਯੋਜਨਾਬੰਦੀ ਅਧੀਨ ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਜ਼ਿਲਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਨਾਂ ਵਿੱਚ ਸੀ.ਐਚ.ਸੀ. ਖਿਆਲਾ ਕਲਾਂ (ਮਾਨਸਾ) ਦੀ ਡਾ. ਹਰਦੀਪ ਔਰਤਾਂ ਦੀ ਨਸਬੰਦੀ ਵਿੱਚ ਵਿਚ ਪਹਿਲਾ ਸਥਾਨ ਮੱਲਿਆ, ਸੀ.ਐਚ. ਲੁਧਿਆਣਾ ਦੀ ਡਾ. ਮਿਲਨ ਵਰਮਾ ਨੂੰ ਬੈਸਟ ਐਨ.ਐਸ.ਵੀ. ਪ੍ਰੋਵਾਈਡਰ ਚੁਣਿਆ ਗਿਆ, ਮਿਨੀ ਲੈਪ ਵਿਚ ਜਿਲਾ ਹਸਪਤਾਲ ਅੰਮਿ੍ਰਤਸਰ ਤੋਂ ਡਾ ਅਸ਼ਵਨੀ ਕੁਮਾਰ ਪਹਿਲੇ ਸਥਾਨ ’ਤੇ ਰਹੇ। ਪੀ.ਪੀ.ਆਈ.ਯੂ.ਸੀ.ਡੀ. ਪ੍ਰੋਵਾਇਡਰ ਸ਼੍ਰੇਣੀ ਸੀ.ਐਚ. ਬਰਨਾਲਾ ਦੀ ਡਾ. ਈਸਾ ਗੁਪਤਾ ਪਹਿਲੇ ਨੰਬਰ ’ਤੇ ਰਹੀ, ਸੀ.ਐਚ. ਬਰਨਾਲਾ ਤੋਂ ਸਟਾਫ ਨਰਸ ਸੰਦੀਪ ਕੌਰ ਨੂੰ ਸਰਬੋਤਮ ਸਟਾਫ ਨਰਸ ਚੁਣਿਆ ਗਿਆ, ਸੀ.ਐਚ. ਲੁਧਿਆਣਾ ਦੀ ਸੀਤਲ ਨੂੰ ਬੈਸਟ ਆਸ਼ਾ ਵਰਕਰ, ਸੀ.ਐਚ. ਲੁਧਿਆਣਾ ਤੋਂ ਦਵਿੰਦਰ ਕੌਰ ਨੂੰ ਬੈਸਟ ਏਐਨਐਮ, ਸੀਐਚ ਸੰਗਰੂਰ ਤੋਂ ਸੁਖਵਿੰਦਰ ਨੂੰ ਬੈਸਟ ਐਮਪੀਐਚਡਬਲਯੂ (ਪੁਰਸ਼), ਸੀਐਚ ਜਲੰਧਰ ਤੋਂ ਅਮਰਜੀਤ ਨੂੰ ਬੈਸਟ ਐਮਪੀਐਚਡਬਲਯੂ (ਮਹਿਲਾ) ਚੁਣਿਆ ਗਿਆ।
———
ਉਲੰਪਿਕ ਲਈ ਪੰਜਾਬ ਦਾ ਦੂਜਾ ਸਭ ਤੋਂ ਵੱਡਾ ਦਲ ਜਾਣ ’ਤੇ ਖੇਡ ਮੰਤਰੀ ਨੇ ਵੱਧ ਤੋਂ ਵੱਧ ਮੈਡਲ ਜਿੱਤਣ ਦੀ ਉਮੀਦ ਜਤਾਈ
ਕਿਹਾ, ਓਲੰਪਿਕ ਲਈ ਸਾਡੀ ਤਿਆਰੀ ਆਲਮੀ ਮਾਪਦੰਡਾਂ ਮੁਤਾਬਕ ਪੂਰੀ
ਚੰਡੀਗੜ, 11 ਜੁਲਾਈ:
ਉਲੰਪਿਕ ਲਈ ਪੰਜਾਬ ਦੇ ਖਿਡਾਰੀਆਂ ਦੀ ਤਿਆਰੀ ਨੂੰ ਆਲਮੀ ਮਾਪਦੰਡਾਂ ਮੁਤਾਬਕ ਆਖਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਰੋਸਾ ਜਤਾਇਆ ਕਿ ਜਪਾਨ ਦੇ ਟੋਕੀਓ ਵਿਖੇ ਇਸ ਸਾਲ 23 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਅਥਲੀਟ ਇੱਕ ਵਾਰ ਫਿਰ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰਨਗੇ ਕਿਉਂਕਿ ਇਨਾਂ ਖੇਡਾਂ ਲਈ ਪੰਜਾਬ ਦੇਸ਼ ਭਰ ਵਿੱਚੋਂ ਦੂਜਾ ਸਭ ਤੋਂ ਵੱਡਾ ਦਲ ਭੇਜ ਰਿਹਾ ਹੈ।
ਇਕ ਪ੍ਰੈੱਸ ਬਿਆਨ ਵਿੱਚ ਉਲੰਪਿਕ ਲਈ ਚੁਣੇ ਗਏ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਭਾਰਤ ਹੁਣ ਤੱਕ ਦਾ ਸਭ ਤੋਂ ਵੱਡਾ ਦਲ 117 ਖਿਡਾਰੀਆਂ ਨੂੰ ਓਲੰਪਿਕ ਲਈ ਭੇਜ ਰਿਹਾ ਹੈ, ਜਿਨਾਂ ਵਿੱਚੋਂ 14 ਪ੍ਰਤੀਸ਼ਤ ਖਿਡਾਰੀ ਪੰਜਾਬ ਦੇ ਹਨ।ਉਨਾਂ ਉਮੀਦ ਜਤਾਈ ਕਿ ਪੰਜਾਬ ਦੇ ਖਿਡਾਰੀ ਘੱਟੋ-ਘੱਟ ਤਿੰਨ ਤੋਂ ਚਾਰ ਓਲੰਪਿਕ ਮੈਡਲ ਜਿੱਤ ਕੇ ਲਿਆਉਣਗੇ ਕਿਉਂਕਿ ਹਰਿਆਣਾ ਤੋਂ ਬਾਅਦ ਦੂਜੇ ਨੰਬਰ ’ਤੇ ਸਭ ਤੋਂ ਵੱਧ ਖਿਡਾਰੀ ਪੰਜਾਬ ਦੇ ਜਾ ਰਹੇ ਹਨ।
ਖੇਡ ਮੰਤਰੀ ਨੇ ਖਿਡਾਰੀਆਂ ਨੂੰ ਸਰਕਾਰ ਵੱਲੋਂ ਸੰਪੂਰਨ ਸਹਾਇਤਾ ਅਤੇ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਅਸੀਂ ਇਨਾਂ ਖਿਡਾਰੀਆਂ ਦੀਆਂ ਵਿੱਤੀ ਅਤੇ ਹੋਰ ਲੋੜਾਂ ਦਾ ਧਿਆਨ ਰੱਖਾਂਗੇ।ਉਨਾਂ ਟੋਕੀਓ ਜਾਣ ਵਾਲੇ ਖਿਡਾਰੀਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਅਤੇ ਗੁਰਜੀਤ ਕੌਰ (ਹਾਕੀ), ਅੰਜੁਮ ਮੌਦਗਿੱਲ ਅਤੇ ਅੰਗਦ ਵੀਰ ਸਿੰਘ (ਸ਼ੂਟਿੰਗ), ਸਿਮਰਨਜੀਤ ਕੌਰ (ਮੁੱਕੇਬਾਜ਼ੀ), ਕਮਲਪ੍ਰੀਤ ਕੌਰ, ਤੇਜਿੰਦਰਪਾਲ ਸਿੰਘ ਤੂਰ ਅਤੇ ਗੁਰਪ੍ਰੀਤ ਸਿੰਘ (ਅਥਲੈਟਿਕਸ) ਵਿੱਚ ਕੁਆਲੀਫਾਈ ਹੋਏ ਹਨ।
ਇਕ ਹੋਰ ਖੁਸ਼ਖ਼ਬਰੀ ਸਾਂਝੀ ਕਰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਪੰਜਾਬ ਨੂੰ 21 ਸਾਲ ਬਾਅਦ ਉਲੰਪਿਕ ਵਿੱਚ ਹਾਕੀ ਟੀਮ ਦੀ ਕਪਤਾਨੀ ਮਿਲੀ ਹੈ ਅਤੇ ਪੰਜਾਬ ਪੁਲਿਸ ਦੇ ਡੀ.ਐਸ.ਪੀ. ਮਨਪ੍ਰੀਤ ਸਿੰਘ ਟੋਕੀਓ ਓਲੰਪਿਕ ਵਿੱਚ ਕਪਤਾਨ ਵਜੋਂ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਨਗੇ। ਉਹ ਭਾਰਤੀ ਟੁਕੜੀ ਦੇ ਝੰਡਾ ਬਰਦਾਰ ਵੀ ਹੋਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਪੰਜਾਬੀ ਉਲੰਪਿਕਸ ਲਈ ਭਾਰਤ ਦੀ ਤਮਗਾ ਸੂਚੀ ਵਿੱਚ ਪੰਜਾਬ ਨੂੰ ਚੋਟੀ ਦੇ ਰਾਜਾਂ ਵਿੱਚ ਵੇਖਣ ਦੀ ਉਮੀਦ ਕਰਦੇ ਹਨ। ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਬਣਾਉਣ ਦੀ ਯੋਜਨਾ ਪਹਿਲਾਂ ਹੀ ਲਾਗੂ ਕਰਨ ਦੇ ਵੱਖ ਵੱਖ ਪੜਾਵਾਂ ’ਤੇ ਹੈ, ਜਿਸ ਦਾ ਮੋਟੋ ‘‘ਕੈਚ-ਦੈੱਮ-ਯੰਗ“ ਹੈ। ਕਈ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ ਅਤੇ ਵਿਭਾਗ ਨੇ ਜ਼ਮੀਨੀ ਪੱਧਰ ’ਤੇ ਨੌਜਵਾਨਾਂ ਦੇ ਹੁਨਰ ਨੂੰ ਪਛਾਨਣ ਦੀ ਪਹਿਲ ਕੀਤੀ ਹੈ।ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਅਤੇ ਉਨਾਂ ਨੂੰ ਵੱਡੇ ਮੁਕਾਬਲੇ ਲਈ ਤਿਆਰ ਕਰਨ ਵਾਸਤੇ ਨਾਮਵਰ ਕੋਚਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ।
ਰਾਣਾ ਸੋਢੀ ਨੇ ਚਾਨਣਾ ਪਾਇਆ ਕਿ ਕਿਵੇਂ ਖੇਲੋ ਇੰਡੀਆ, ਫਿੱਟ ਇੰਡੀਆ ਮੂਵਮੈਂਟ ਜਿਹੇ ਵੱਖ ਵੱਖ ਰਾਸ਼ਟਰੀ ਪ੍ਰੋਗਰਾਮਾਂ ਤੋਂ ਇਲਾਵਾ ਜ਼ਮੀਨੀ ਪੱਧਰ ’ਤੇ ਪ੍ਰੇਰਨਾ ਦੇਣ ਦੇ ਉਪਰਾਲਿਆਂ ਜ਼ਰੀਏ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਭਾਰਤ ਖਾਸਕਰ ਪੰਜਾਬ ਵਿੱਚ ਹੁਨਰ ਦੀ ਕਮੀ ਨਹੀਂ ਹੈ। ਹਾਲਾਂਕਿ ਖੇਡਾਂ ਨੂੰ ਮਾਣ ਅਤੇ ਸਤਿਕਾਰ ਨਾਲ ਕਰੀਅਰ ਦਾ ਮੌਕਾ ਬਣਾਉਣ ਲਈ ਵਿਸ਼ੇਸ਼ ਯਤਨਾਂ ਦੀ ਲੋੜ ਹੈ।
————–