ਇਕ ਦਿਨ ਵਿਚ ਕੋਵਿਡ ਨਾਲ ਹੋਈਆਂ 106 ਮੌਤਾਂ ਨੂੰ ਦੇਖਦਿਆਂ ਸਿਹਤ ਮੰਤਰੀ ਵਲੋਂ ਲੋਕਾਂ ਨੂੰ ਟੈਸਟਿੰਗ ਲਈ ਦੇਰੀ ਨਾ ਕਰਨ ਦੀ ਅਪੀਲ.
ਚੰਡੀਗੜ੍ਹ, 2 ਸਤੰਬਰ:
ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨ੍ਹਾਂ ਕਿਸੇ ਦੇਰੀ ਤੋਂ ਆਪਣਾ ਕੋਵਿਡ ਦਾ ਟੈਸਟ ਕਰਵਾਉਣ। ਉਹਨਾਂ ਵਲੋਂ ਬੁੱਧਵਾਰ ਨੂੰ ਕੋਵਿਡ ਦੀ ਟੈਸਟਿੰਗ ਅਤੇ ਇਲਾਜ ਬਾਰੇ ਗਲਤ ਜਾਣਕਾਰੀ ਫੈਲਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵੀ ਡੀਜੀਪੀ ਨੂੰ ਕਿਹਾ ਗਿਆ।
ਰਾਜ ਵਿਚ ਕੋਰੋਨਾ ਵਾਇਰਸ ਕਾਰਨ 106 ਮੌਤਾਂ ਰਿਪੋਰਟ ਹੋਈਆਂ ਹਨ। ਇਸ ਬਾਰੇ ਸਿਹਤ ਮੰਤਰੀ ਨੇ ਕਿਹਾ ਕਿ ਵਧੀ ਹੋਈ ਮੌਤ ਦਰ ਦਾ ਮੁੱਖ ਕਾਰਨ ਮਰੀਜ਼ਾਂ ਵਲੋਂ ਟੈਸਟਿੰਗ ਅਤੇ ਇਲਾਜ ਲਈ ਦੇਰੀ ਨਾਲ ਕੋਵਿਡ ਸੰਭਾਲ ਕੇਂਦਰਾਂ ਵਿਚ ਪਹੁੰਚ ਕਰਨਾ ਹੈ। ਲਗਭਗ 67 ਫੀਸਦੀ ਮੌਤਾਂ ਦਾ ਮੁੱਖ ਕਾਰਨ ਸਿਹਤ ਸੰਸਥਾਵਾਂ ਵਿਖੇ ਮਰੀਜ਼ਾਂ ਵਲੋਂ ਗੰਭੀਰ ਲੱਛਣ ਪੈਦਾ ਹੋਣ ਤੋਂ ਬਾਅਦ ਪਹੁੰਚਣਾ ਹੈ। ਉਹਨਾਂ ਕਿਹਾ ਕਿ ਦੇਰੀ ਨਾਲ ਪਹੁੰਚਣ ਕਾਰਨ ਮਰੀਜ਼ਾਂ ਦੀ ਸਥਿਤੀ ਗੰਭੀਰ ਹੋ ਜਾਂਦੀ ਹੈ ਜੋ ਮੌਤ ਦਾ ਮੁੱਖ ਕਾਰਨ ਬਣਦਾ ਹੈ।
ਉਹਨਾਂ ਕਿਹਾ ਕਿ ਲੋਕਾਂ ਵਲੋਂ ਸੈਪਲਿੰਗ ਅਤੇ ਟੈਸਟਿੰਗ ਦਾ ਵਿਰੋਧ ਕਰਨ ਕਾਰਨ ਕੋਵਿਡ ਦੇ ਗੰਭੀਰ ਲੱਛਣ ਵਾਲੇ ਵਿਅਕਤੀ, ਜੋ ਹੋਰ ਸਹਿ-ਰੋਗ ਤੋਂ ਵੀ ਪੀੜਤ ਹਨ, ਸਿਹਤ ਸੰਸਥਾਵਾਂ ਨੂੰ ਰਿਪੋਰਟ ਨਹੀਂ ਕਰਦੇ ਜਦੋਂ ਤੱਕ ਇਹ ਬਿਮਾਰੀ ਗੰਭੀਰ ਰੂਪ ਧਾਰਨ ਨਹੀਂ ਕਰ ਲੈਂਦੀ। ਇਹੀ ਦੇਰੀ ਸ਼ੂਗਰ, ਹਾਈਪਰਟੈਨਸ਼ਨ, ਦਿਲ ਅਤੇ ਗੁਰਦੇ ਦੀ ਬਿਮਾਰੀ ਵਾਲੇ ਸਹਿ ਰੋਗਾਂ ਵਾਲੇ ਮਰੀਜ਼ਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਕੋਵਿਡ ਕਾਰਨ 50 ਫੀਸਦੀ ਤੋਂ ਵੱਧ ਮੌਤਾਂ ਸ਼ੂਗਰ ਵਾਲੇ ਮਰੀਜ਼ਾਂ ਦੀਆਂ ਹੋ ਰਹੀਆਂ ਹਨ।
ਮੰਤਰੀ ਨੇ ਕਿਹਾ ਕਿ ਗੈਰ ਸਮਾਜਿਕ ਅਨਸਰਾਂ ਵਲੋਂ ਟੈਸਟਿੰਗ ਅਤੇ ਕੋਵਿਡ ਮਰੀਜ਼ਾਂ ਨੂੰ ਇਕਾਂਤਵਾਸ ਵਿਚ ਰੱਖਣ ਸਬੰਧੀ ਝੂਠੀਆਂ ਖਬਰਾਂ ਅਤੇ ਗਲ਼ਤ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਜਿਸ ਕਰਕੇ ਮਰੀਜ਼ ਹਸਪਤਾਲਾਂ ਅਤੇ ਸਿਹਤ ਸੰਭਾਲ ਸੰਸਥਾਵਾਂ ਨੂੰ ਰਿਪੋਰਟ ਕਰਨ ਵਿਚ ਦੇਰੀ ਕਰ ਰਹੇ ਹਨ ਅਤੇ ਇਹੀ ਨਾ-ਪੱਖੀ ਪ੍ਰਚਾਰ ਹੈਲਥ ਵਰਕਰਾਂ ਖਿਲਾਫ ਵੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਗੈਰ ਸਮਾਜਿਕ ਲੋਕ, ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸੈਪਲਿੰਗ ਅਤੇ ਸਕ੍ਰਿਨਿੰਗ ਕੈਂਪ ਲਗਾਉਣ ਤੋਂ ਰੋਕ ਰਹੇ ਹਨ ਅਤੇ ਇਹਨਾਂ ਖਿਲਾਫ ਕਾਰਵਾਈ ਕਰਦੇ ਹੋਏ ਲੋਕਾਂ ਦਰਮਿਆਨ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ ਮੁਕੱਦਮੇ ਵੀ ਦਾਇਰ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਮੈਡੀਕਲ ਅਤੇ ਸੈਪਲਿੰਗ ਟੀਮਾਂ ਨਾਲ ਧੱਕਾ-ਮੁੱਕੀ ਅਤੇ ਦੁਰਵਿਵਹਾਰ ਦੀਆਂ ਘਟਨਾਵਾਂ ਵੀ ਹੋਈਆਂ ਹਨ। ਉਹਨਾਂ ਕਿਹਾ ਕਿ ਕਈ ਮਾਮਲਿਆਂ ਵਿਚ ਕੋਵਿਡ ਦੇ ਪਾਜੇਟਿਵ ਮਰੀਜ਼ ਨੂੰ ਇਕਾਂਤਵਾਸ ਕੇਂਦਰ ਵਿਚ ਤਬਦੀਲ ਕਰਨ ਸਮੇਂ ਵੀ ਰੋਕਿਆ ਗਿਆ। ਉਹਨਾਂ ਕਿਹਾ ਕਿ ਇਕ ਘਟਨਾ ਵਿਚ ਮੈਡੀਕਲ ਟੀਮ ਕੋਵਿਡ ਦੇ ਪਾਜੇਟਿਵ ਮਰੀਜ਼ ਨੂੰ ਪਾਤੜਾਂ, ਪਟਿਆਲਾ ਦੇ ਇਕਾਂਤਵਾਸ ਕੇਂਦਰ ਵਿਚ ਤਬਦੀਲ ਕਰਨ ਵੇਲੇ ਮੈਡੀਕਲ ਟੀਮ ਨਾਲ ਧੱਕਾਮੁੱਕੀ ਕੀਤੀ ਗਈ ਅਤੇ ਜਦੋਂ ਪੁਲਿਸ ਬਲ ਵਲੋਂ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਵਾਸੀਆਂ ਵਲੋਂ ਪੁਲਿਸ ‘ਤੇ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਦੋ ਪੁਲਿਸ ਵਾਲੇ ਜ਼ਖਮੀ ਹੋ ਗਏ ਅਤੇ ਪੁਲਿਸ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਿਆਂ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਬੈਚੇਨੀ ਦਾ ਅਸੁਰੱਖਿਅਤ ਮਾਹੌਲ ਬਣਿਆ ਹੈ ਅਤੇ ਇਸ ਨਾਲ ਕੋਵਿਡ ਵਿਰੁੱਧ ਜੰਗ ਲੜ ਰਹੇ ਸਿਹਤ ਮੁਲਾਜ਼ਮਾਂ ਦੇ ਆਤਮ ਵਿਸ਼ਵਾਸ ਨੂੰ ਠੇਸ ਪਹੁੰਚੀ ਹੈ।
ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਇਸ ਮਹਾਂਮਾਰੀ ਵਿਰੁੱਧ ਛੇੜੀ ਜੰਗ ਵਿਚ ਪੰਜਾਬ ਸਰਕਾਰ ਦਾ ਸਾਥ ਦਿਓ। ਉਹਨਾਂ ਕਿਹਾ ਕਿ ਜਦੋਂ ਤੱਕ ਇਸ ਬਿਮਾਰੀ ਦੀ ਕੋਈ ਵੈਕਸੀਨ ਨਹੀਂ ਆਉਂਦੀ, ਸਾਡੇ ਕੋਲ ਕੇਵਲ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਰਹਿ ਜਾਂਦਾ। ਇਸ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਮਾਸਕ ਲਗਾਉਣ ਅਤੇ ਸਮਾਜਿਕ ਦੂਰੀ ਨੂੰ ਬਰਕਾਰ ਰੱਖਣ ਵਾਲੀਆਂ ਹਦਾਇਤਾਂ ਦੀ ਪਾਲਣਾ ਜ਼ਿੰਮੇਵਾਰੀ ਨਾਲ ਕਰੀਏ।