ਵਾਇਰਲ ਵੀਡਿਓ ਵਿੱਚ ਚਿੱਟੇ ਦਾ ਸੇਵਨ ਕਰਦਾ ਫੜਿਆ ਪੰਜਾਬ ਪੁਲਿਸ ਦਾ ਏ.ਐਸ.ਆਈ. ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਬਰਖਾਸਤ ਮੁੱਖ ਮੰਤਰੀ ਵੱਲੋਂ ਅਜਿਹਾ ਗੁਨਾਹ ਕਰਨ ਵਾਲੇ ਵਰਦੀਧਾਰੀ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ

ਚੰਡੀਗੜ, 22 ਅਗਸਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਉਤੇ ਪੰਜਾਬ ਪੁਲਿਸ ਦੇ ਏ.ਐਸ.ਆਈ./ਐਲ.ਆਰ. ਜ਼ੋਰਾਵਰ ਸਿੰਘ ਨੂੰ ਸ਼ਨਿਚਰਵਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਜਿਸ ਦੀ ਚਿੱਟੇ ਦਾ ਸੇਵਨ ਕਰਦੇ ਦੀ ਵੀਡਿਓ ਵਾਇਰਲ ਹੋਈ ਸੀ।
ਮੁੱਖ ਮੰਤਰੀ, ਜਿਨਾਂ ਕੋਲ ਗ੍ਰਹਿ ਵਿਭਾਗ ਵੀ ਹੈ, ਦੇ ਨਿਰਦੇਸ਼ਾਂ ’ਤੇ ਐਸ.ਐਸ.ਪੀ. ਤਰਨ ਤਾਰਨ ਧਰੁਮਨ ਐਚ ਨਿੰਬਲੇ ਨੇ ਉਕਤ ਏ.ਐਸ.ਆਈ. ਨੂੰ ਬਰਖਾਸਤ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਵੱਲੋਂ ਅਜਿਹਾ ਗੁਨਾਹ ਕਰਦੇ ਕਿਸੇ ਵੀ ਵਰਦੀਧਾਰੀ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਮੀਡੀਆ ਦੇ ਇਕ ਹਿੱਸੇ ਦੁਆਰਾ ਸ਼ੁੱਕਰਵਾਰ ਨੂੰ ਸਾਹਮਣੇ ਲਿਆਂਦੇ ਗਏ ਵੀਡੀਓ ਦਾ ਸਖ਼ਤ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਨੇ ਆਪਣੇ ‘ਕੈਪਟਨ ਨੂੰ ਸਵਾਲ’ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਜਾਂਚ ਪਿੱਛੋਂ ਏ.ਐਸ.ਆਈ. ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ ਸੀ।
ਇਕ ਸਰਕਾਰੀ ਬੁਲਾਰੇ ਅਨੁਸਾਰ ਜਾਂਚ ਵਿੱਚ ਇਹ ਸਬੂਤ ਸਾਹਮਣੇ ਆਇਆ ਕਿ ਉਕਤ ਏ.ਐਸ.ਆਈ. (ਨੰ:438/ਤਰਨ ਤਾਰਨ, ਪੁਲੀਸ ਥਾਣਾ ਸਰਾਏ ਅਮਾਨਤ ਖਾਂ ਵਿਖੇ ਤਾਇਨਾਤ) ਇਕ ਲਾਈਟਰ ਅਤੇ ਚਾਂਦੀ ਦੇ ਵਰਕ ਦੀ ਮਦਦ ਨਾਲ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਿਹਾ ਸੀ ਜਿਵੇਂ ਕਿ ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ।
ਮੁੱਖ ਮੰਤਰੀ ਨੇ ਇਹ ਮਹਿਸੂਸ ਕੀਤਾ ਕਿ ਏ.ਐਸ.ਆਈ. ਜ਼ੋਰਾਵਰ ਸਿੰਘ ਨੂੰ ਨੌਕਰੀ ’ਤੇ ਕਾਇਮ ਰੱਖਣਾ ਸੂਬੇ, ਪੁਲਿਸ ਫੋਰਸ ਅਤੇ ਆਮ ਲੋਕਾਂ ਦੇ ਹਿੱਤਾਂ ਦੇ ਖਿਲਾਫ਼ ਹੋਵੇਗਾ। ਇਹ ਬਰਖਾਸਤਗੀ ਇਸ ਲਈ ਜ਼ਰੂਰੀ ਸੀ ਤਾਂ ਜੋ ਇਹ ਸਖ਼ਤ ਸੰਦੇਸ਼ ਦਿੱਤਾ ਜਾ ਸਕੇ ਕਿ ਸੂਬਾ ਸਰਕਾਰ ਖਾਸ ਕਰਕੇ ਵਰਦੀਧਾਰੀ ਮੁਲਾਜ਼ਮਾਂ ਵੱਲੋਂ ਅਜਿਹਾ ਸੰਗੀਨ ਤੇ ਗੁਨਾਹ ਭਰਪੂਰ ਕੰਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਬਰਖਾਸਤਗੀ ਦਾ ਇਹ ਸਖ਼ਤ ਕਦਮ ਚੁੱਕਿਆ ਜਾਣਾ ਇਸ ਲਈ ਵੀ ਜ਼ਰੂਰੀ ਸੀ ਤਾਂ ਜੋ ਲੋਕਾਂ ਦੀਆਂ ਨਜ਼ਰਾਂ ਵਿੱਚ ਪੁਲਿਸ ਅਤੇ ਸਰਕਾਰ ਦੇ ਅਕਸ ਵਿੱਚ ਕੋਈ ਵਿਗਾੜ ਨਾ ਆਵੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਜੰਗ ਵੀ ਕਾਮਯਾਬ ਹੋ ਸਕੇ ਕਿਉਂ ਜੋ ਸੂਬਾ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਨਸ਼ਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਏ ਜਾਣ ਦਾ ਐਲਾਨ ਕੀਤਾ ਸੀ।
ਮੁੱਖ ਮੰਤਰੀ ਨੇ ਨਸ਼ਿਆਂ ਦੇ ਮੁੱਦੇ ਉੱਤੇ ਆਪਣੀ ਸਰਕਾਰ ਦੇ ਪੱਖ ਨੂੰ ਮੁੜ ਦਿ੍ਰੜ ਕਰਦਿਆਂ ਕਿਹਾ ਕਿ ਉਹ ਉਦੋਂ ਤੱਕ ਅਰਾਮ ਨਾਲ ਨਹੀਂ ਬੈਠਣਗੇ ਜਦੋਂ ਤੱਕ ਕਿ ਸੂਬੇ ਵਿੱਚੋਂ ਇਸ ਅਲਾਮਤ ਦੀ ਜੜ ਨਹੀਂ ਪੁੱਟੀ ਜਾਂਦੀ। ਉਨਾਂ ਇਹ ਵੀ ਕਿਹਾ ਕਿ ਇਕ ਪੁਲਿਸ ਅਧਿਕਾਰੀ ਵੱਲੋਂ ਕੀਤੀ ਨਸ਼ਾਖੋਰੀ ਦੀ ਅਜਿਹੀ ਹਰਕਤ ਨੂੰ ਮਾਫ਼ ਕਰਨਾ ਨਸ਼ਿਆਂ ਖਿਲਾਫ਼ ਜੰਗ ਨੂੰ ਕਮਜ਼ੋਰ ਕਰ ਸਕਦਾ ਹੈ।
ਉਨਾਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਪੁਲਿਸ ਮੁਲਾਜ਼ਮਾਂ ਕੀਤੇ ਅਜਿਹੇ ਗੁਨਾਹ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ।
——–

—-
ਪੰਜਾਬ ਸਰਕਾਰ ਦੁਆਰਾ ਜੰਗੀ ਸ਼ਹੀਦਾਂ ਦੇ ਵਾਰਸਾਂ ਤੇ ਦਿਵਿਆਂਗ ਸੈਨਿਕਾਂ ਨੂੰ ਵਧੀ ਹੋਈ ਐਕਸ ਗ੍ਰੇਸ਼ੀਆ ਦੀ ਅਦਾਇਗੀ ਲਈ ਬਜਟ ਅਲਾਟ
ਗਲਵਾਨ ਘਾਟੀ ’ਚ ਸ਼ਹੀਦ ਹੋਏ ਸੈਨਿਕਾਂ ਦੇ ਬੈਟਲ ਕੈਜੂਅਲਟੀ ਸਰਟੀਫਿਕੇਟ ਤਰਜੀਹੀ ਆਧਾਰ ’ਤੇ ਜਾਰੀ ਕਰਨ ਲਈ ਫੌਜ ਦੇ ਹੈੱਡਕੁਆਰਟਰ ਤੱਕ ਪਹੁੰਚ
ਚੰਡੀਗੜ, 22 ਅਗਸਤ:
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜੰਗੀ ਸ਼ਹੀਦਾਂ ਦੇ ਵਾਰਸਾਂ ਅਤੇ ਦਿਵਿਆਂਗ ਸੈਨਿਕਾਂ ਨੂੰ ਵਧੀ ਹੋਈ ਐਕਸ ਗ੍ਰੇਸ਼ੀਆ ਰਕਮ ਦੀ ਅਦਾਇਗੀ ਲਈ ਬਜਟ ਅਲਾਟ ਕਰ ਦਿੱਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਜਦੋਂ ਬਜਟ ਅਲਾਟ ਹੋ ਚੁੱਕਿਆ ਹੈ ਤਾਂ ਵਿਭਾਗ ਵੱਲੋਂ ਇੰਟੈਗਰੇਟਿਡ ਹੈੱਡਕੁਆਰਟਰ, ਰੱਖਿਆ ਮੰਤਰਾਲਾ (ਆਰਮੀ) ਨੂੰ ਲਿਖਿਆ ਗਿਆ ਹੈ ਕਿ ਗਲਵਾਨ ਘਾਟੀ ਅਤੇ ਹੋਰ ਦਹਿਸ਼ਤਗਰਦੀ ਵਿਰੋਧੀ ਆਪਰੇਸ਼ਨਾਂ ਦੇ ਸ਼ਹੀਦਾਂ ਜਿਨਾਂ ਵਿੱਚ ਸਿਪਾਹੀ ਗੁਰਬਿੰਦਰ ਸਿੰਘ (3 ਪੰਜਾਬ) ਨੰ:254989ਐਫ, ਸਿਪਾਹੀ ਗੁਰਤੇਜ ਸਿੰਘ (3 ਪੰਜਾਬ) ਨੰ: 2516683ਐਕਸ, ਲਾਂਸ ਨਾਇਕ ਸਲੀਮ ਖਾਨ (58 ਇੰਜੀਨੀਅਰ ਰੈਜੀਮੈਂਟ) ਨੰ:18014108ਐਕਸ, ਨਾਇਕ ਰਾਜਵਿੰਦਰ ਸਿੰਘ(24 ਪੰਜਾਬ/53 ਆਰ.ਆਰ.) ਨੰ:2503271ਐਕਸ ਅਤੇ ਸਿਪਾਹੀ ਲਖਵੀਰ ਸਿੰਘ (4 ਸਿੱਖ ਲਾਈਟ ਇਨਫੈਂਟਰੀ) ਨੰ:4493039ਐਚ ਵੀ ਸ਼ਾਮਲ ਹਨ, ਦੇ ਬੈਟਲ ਕੈਜੂਅਲਟੀ ਸਰਟੀਫਿਕੇਟ ਤਰਜੀਹੀ ਆਧਾਰ ’ਤੇ ਮੁਹੱਈਆ ਕਰਵਾਏ ਜਾਣ ਤਾਂ ਜੋ ਇਨਾਂ ਦੇ ਵਾਰਸਾਂ ਨੂੰ ਐਕਸ ਗ੍ਰੇਸ਼ੀਆ ਰਕਮ ਪ੍ਰਦਾਨ ਕੀਤੀ ਜਾ ਸਕੇ।
ਧਿਆਨ ਦੇਣ ਯੋਗ ਹੈ ਕਿ ਵੱਖੋ-ਵੱਖਰੇ ਆਪਰੇਸ਼ਨਾਂ ਵਿੱਚ, ਜਿਨਾਂ ’ਚ ਅਸਲ ਕੰਟਰੋਲ ਰੇਖਾ ਵਿਖੇ ਗਲਵਾਨ ਘਾਟੀ ਵਿਖੇ ਹੋਈਆਂ ਹਾਲੀਆ ਫੌਜੀ ਝੜਪਾਂ ਦੇ ਸ਼ਹੀਦ ਵੀ ਸ਼ਾਮਲ ਹਨ, ਸ਼ਹੀਦ ਹੋਏ ਸੈਨਿਕਾਂ ਅਤੇ ਅੰਗਹੀਣ ਹੋ ਚੁੱਕੇ ਸੈਨਿਕਾਂ ਨੂੰ ਪੰਜਾਬ ਸਰਕਾਰ ਨੇ ਵਧੀ ਹੋਈ ਐਕਸ ਗ੍ਰੇਸ਼ੀਆ ਰਕਮ ਦੇਣ ਦਾ ਐਲਾਨ ਕੀਤਾ ਹੈ। ਜੰਗੀ ਸ਼ਹੀਦਾਂ ਦੇ ਵਾਰਸਾਂ ਅਤੇ ਮਾਪਿਆਂ ਨੂੰ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਕਮ 12 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕੀਤੀ ਗਈ ਹੈ ਜਦੋਂਕਿ ਅੰਗਹੀਣ ਸੈਨਿਕਾਂ ਦੇ ਸਬੰਧ ਵਿੱਚ ਅੰਗਹੀਣਤਾ ਦੀ ਪ੍ਰਤੀਸ਼ਤ ਦੇ ਅਨੁਸਾਰ ਐਕਸ ਗ੍ਰੇਸ਼ੀਆ ਰਕਮ ਵਧਾ ਕੇ 20 ਲੱਖ ਕਰ ਦਿੱਤੀ ਗਈ ਹੈ।
——————