ਪੰਜਾਬ ਸਰਕਾਰ ਵੱਲੋਂ ਡਾ. ਯੋਗ ਰਾਜ ਸ਼ਰਮਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨਿਯੁਕਤ.
ਚੰਡੀਗੜ, 29 ਜੁਲਾਈ
ਪੰਜਾਬ ਸਰਕਾਰ ਨੇ ਡਾ. ਯੋਗ ਰਾਜ ਸ਼ਰਮਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਡਾ. ਯੋਗਰਾਜ ਸ਼ਰਮਾਂ ਦੀ ਨਿਯੁਕਤੀ ਸਬੰਧੀ ਨੋਟੀਫਿਕੇਸ਼ਨ ਅੱਜ ਸ਼ਾਮ ਜਾਰੀ ਕੀਤਾ ਗਿਆ।
ਪੰਜਾਬ ਸਰਕਾਰ ਦੇ ਇੱਕ ਬੁਲਾਰੇ ਅਨੁਸਾਰ ਇਹ ਨਿਯੁਕਤੀ 3 ਸਾਲ ਦੇ ਸਮੇਂ ਤੱਕ ਜਾਂ 66 ਸਾਲ ਦੀ ਉਮਰ ਤੱਕ (ਜੋ ਵੀ ਪਹਿਲਾਂ ਹੋਵੇਗੀ) ਹੋਵੇਗੀ। ਉਨਾਂ ਦੀ ਨਿਯੁਕਤੀ ਦੀਆਂ ਸ਼ਰਤਾਂ ਬਾਅਦ ਵਿੱਚ ਤੈਅ ਕੀਤੀਆਂ ਜਾਣਗੀਆਂ।
ਡਾ. ਯੋਗ ਰਾਮ ਸ਼ਰਮਾ ਪੰਜਾਬੀ ਭਾਸ਼ਾ ਦੇ ਉੱਘੇ ਵਿਦਿਵਾਨ ਹਨ। ਉਨਾਂ ਦੀਆਂ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਅਤੇ ਖੋਜ ਪੱਤਰ ਪ੍ਰਕਾਸ਼ਿਤ ਹੋਏ ਹਨ। ਭਾਈ ਵੀਰ ਸਿੰਘ ਅਤੇ ਰਵਿੰਦਰ ਰਵੀ ਬਾਰੇ ਉਨਾਂ ਦੇ ਕੰਮ ਦੀ ਵਿਸ਼ੇਸ਼ ਚਰਚਾ ਰਹੀ ਹੈ। ਉਨਾਂ ਨੇ ਡਰਾਮਾ, ਫਿਕਸ਼ਨ ਅਤੇ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲ ਵਿਖੇ ਪੰਜਾਬੀ ਵਿਕਾਸ ਵਿਭਾਗ ਵਿੱਚ ਪ੍ਰੋਫਫੈਸਰ ਰਹੇ ਹਨ। ਉਨਾਂ ਨੇ ਡਾਕਟਰੇਟ ਡਿਗਰੀ ਹਾਸਲ ਕਰਨ ਤੋਂ ਇਲਾਵਾ ਐਮ.ਏ. (ਆਨਰਜ਼) ਪੰਜਾਬੀ, ਐਮ.ਏ. ਹਿੰਦ ਅਤੇ ਐਮ.ਏ. ਪੱਤਰਕਾਰੀ ਅਤੇ ਜਨਸੰਚਾਰ ਵੀ ਕੀਤੀ ਹੈ। ਉਨਾਂ ਦਾ ਸਿੱਖਿਆ ਅਤੇ ਖੋਜ ਦਾ 25 ਸਾਲ ਤੋਂ ਵੱਧ ਤਜਰਬਾ ਹੈ। ਉਨਾਂ ਨੇ ਅਨੇਕਾਂ ਪ੍ਰੋਜੈਕਟਾਂ ’ਤੇ ਵੀ ਕੰਮ ਕੀਤਾ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਸੈਨੇਟ ਮੈਂਬਰ ਵੀ ਰਹੇ ਹਨ।
—————
ਸਕੱਤਰੇਤ ਪ੍ਰਸ਼ਾਸ਼ਨ ਵਲੋਂ ਸੈਕਸੁਅਲ ਹਰਾਸ਼ਮੈਂਟ ਦੀ ਸ਼ਿਕਾਇਤ ’ਤੇ ਉੱਪ ਸਕੱਤਰ ਕਿ੍ਰਸ਼ਨ ਕੁਮਾਰ ਸਿੰਗਲਾ ਨੂੰ ਜ਼ਬਰੀ ਸੇਵਾ ਨਿਵਰਿਤ ਕੀਤਾ ਗਿਆ
ਚੰਡੀਗੜ, ਜੁਲਾਈ 29:
ਪੰਜਾਬ ਸਰਕਾਰ ਵਲੋਂ ਸੈਕਸੁਅਲ ਹਰਾਸ਼ਮੈਂਟ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਉੱਪ ਸਕੱਤਰ ਕਿ੍ਰਸ਼ਨ ਕੁਮਾਰ ਸਿੰਗਲਾ ਨੂੰ ਸਰਕਾਰੀ ਸੇਵਾ ਤੋਂ ਜ਼ਬਰੀ ਸੇਵਾ ਨਿਵਰਿਤ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਅਧਿਕਾਰੀ ਪੰਜਾਬ ਸਿਵਲ ਸਕੱਤਰੇਤ ਵਿੱਚ ਬਤੌਰ ਉੱਪ ਸਕੱਤਰ (ਪਰਖਕਾਲ ਅਧੀਨ) ਤੈਨਾਤ ਸੀ ਅਤੇ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01.09.2019 ਤੋਂ ਪਹਿਲੇ ਸਾਲ ਦੇ ਸੇਵਾਕਾਲ ਦੇ ਵਾਧੇ ਤੇ ਚਲ ਰਿਹਾ ਸੀ। ਇਸ ਅਧਿਕਾਰੀ ਵਿਰੁੱਧ ਇਸ ਅਧੀਨ ਤੈਨਾਤ ਮਹਿਲਾ ਸੀਨੀਅਰ ਸਹਾਇਕ ਵਲੋਂ ਸੈਕਸੁਅਲ ਹਰਾਸ਼ਮੈਂਟ ਦੀ ਸ਼ਿਕਾਇਤ ਕੀਤੀ ਗਈ ਸੀ। ਜਿਸ ਉਪਰੰਤ ਕਰਮਚਾਰਨ ਵਲੋਂ ਅਧਿਕਾਰੀ ਵਿਰੁੱਧ ਸ਼ਿਕਾਇਤ ਲਗਾਏ ਗਏ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਕੱਤਰੇਤ ਪ੍ਰਸ਼ਾਸ਼ਨ ਵਲੋਂ ਸ਼ਿਕਾਇਤ ਦੇ ਮਾਮਲੇ ਨੂੰ ਇਨਟਰਨਲ ਕੰਪਲੇਂਟ ਕਮੇਟੀ ਅਗੇਨਸਟ ਸੈਕਸੁਅਲ ਹਰਾਸ਼ਮੈਂਟ ਆਫ ਵੂਮੈਨ ਨੂੰ ਪੜਤਾਲ ਕਰਨ ਲਈ ਸੋਪਿਆ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕਮੇਟੀ ਵਲੋਂ ਮਿਤੀ 3 ਮਾਰਚ, 2020 ਨੂੰ ਸਕੱਤਰੇਤ ਪ੍ਰਸ਼ਾਸ਼ਨ ਨੂੰ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਸਬੰਧਤ ਮਹਿਲਾ ਸੀਨੀਅਰ ਸਹਾਇਕ ਵਲੋਂ ਸ਼੍ਰੀ ਕਿ੍ਰਸ਼ਨ ਕੁਮਾਰ ਸਿੰਗਲਾ, ਉੱਪ ਸਕੱਤਰ (ਪਰਖਕਾਲ ਅਧੀਨ) ਵਿਰੁੱਧ ਸ਼ਿਕਾਇਤ ਵਿੱਚ ਲਗਾਏ ਦੋਸ਼ ਸਾਬਿਤ ਹੋਏ। ਪੇਸ਼ ਕੀਤੀ ਗਈ ਰਿਪੋਰਟ ’ਤੇ ਗੰਭੀਰ ਨੋਟਿਸ ਲੈਂਦੇ ਹੋਏ, ਮੁੱਖ ਮੰਤਰੀ, ਪੰਜਾਬ ਨੇ ਹੁਕਮ ਕੀਤੇ ਕਿ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਨੋਕਰੀ ਤੋ ਜ਼ਬਰੀ ਸੇਵਾ ਨਿਵਰਿਤ ਕੀਤਾ ਜਾਵੇ। ਇਨਾਂ ਹੁਕਮਾਂ ਅਨੁਸਾਰ ਕਾਰਵਾਈ ਕਰਦਿਆਂ ਸਕੱਤਰੇਤ ਪ੍ਰਸ਼ਾਸ਼ਨ ਵਲੋਂ ਉੱਪ ਸਕੱਤਰ ਕਿ੍ਰਸ਼ਨ ਕੁਮਾਰ ਸਿੰਗਲਾ ਨੂੰ ਜ਼ਬਰੀ ਸੇਵਾ ਨਿਵਰਿਤ ਕੀਤਾ ਗਿਆ।
—————–
ਤੁਹਾਡੀਆਂ ਧਮਕੀਆਂ ਮੈਨੂੰ ਪੰਜਾਬ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਨ ਤੋਂ ਨਹੀਂ ਰੋਕ ਸਕਦੀਆਂ; ਕੈਪਟਨ ਅਮਰਿੰਦਰ ਸਿੰਘ ਦੀ ਸੁਖਬੀਰ ਨੂੰ ਵੰਗਾਰ
ਕਿਹਾ, ਦੇਸ਼ ਵਿਰੋਧੀ ਤਾਕਤਾਂ ਤੋਂ ਭਾਰਤ ਦੀ ਸੁਰੱਖਿਆ ਲਈ ਕਾਨੂੰਨ ਅਨੁਸਾਰ ਸਭ ਲੋੜੀਂਦੇ ਕਦਮ ਚੁੱਕਾਂਗੇ
ਅਕਾਲੀ ਦਲ ਦੇ ਪ੍ਰਧਾਨ ਨੂੰ ਪੰਜਾਬੀ ਨੌਜਵਾਨਾਂ ਨੂੰ ਪੁਲਿਸ ਖਿਲਾਫ ਭੜਕਾ ਕੇ ਵੱਖਵਾਦੀ ਤਾਕਤਾਂ ਦਾ ਹੱਥ ਠੋਕਾ ਬਣਨ ਤੋਂ ਗੁਰੇਜ਼ ਕਰਨ ਲਈ ਕਿਹਾ
ਚੰਡੀਗੜ, 29 ਜੁਲਾਈ
ਗੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ.ਏ.ਪੀ.ਏ.) ਤਹਿਤ ਕੀਤੀਆਂ ਗਈਆਂ ਹਾਲੀਆਂ ਗਿ੍ਰਫਤਾਰੀਆਂ ਉਤੇ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਗਈ ਅਖੌਤੀ ਧਮਕੀ ਉਤੇ ਕਰੜੀ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪੰਜਾਬ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਕਾਨੂੰਨ ਅਨੁਸਾਰ ਸਭ ਢੁੱਕਵੇਂ ਚੁੱਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਦੀਆਂ ਧਮਕੀਆਂ ਉਨਾਂ ਨੂੰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਰਾਹ ਤੋਂ ਹਟਾ ਨਹੀਂ ਸਕਦੀਆਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਦੇ ਦਾਅਵੇ ਅਨੁਸਾਰ ਯੂ.ਏ.ਪੀ.ਏ. ਤਹਿਤ ਪੰਜਾਬ ਪੁਲਿਸ ਵੱਲੋਂ ਗਲਤ ਢੰਗ ਨਾਲ ਗਿ੍ਰਫਤਾਰ ਕਰਨ ਜਾਂ ਮਾਮਲਾ ਦਰਜ ਸਬੰਧੀ ਕੋਈ ਵਿਸ਼ੇਸ਼ ਕੇਸ ਉਨਾਂ ਦੇ ਧਿਆਨ ਵਿੱਚ ਹੈ ਤਾਂ ਅਕਾਲੀ ਦਲ ਪ੍ਰਧਾਨ ਬੇਲੋੜੀ ਬਿਆਨਬਾਜ਼ੀ ਦੀ ਥਾਂ ਉਨਾਂ ਨੂੰ ਇਸ ਦੀ ਸੂਚੀ ਭੇਜ ਸਕਦੇ ਹਨ। ਉਨਾਂ ਸਾਫ ਕੀਤਾ ਕਿ ਕਿਸੇ ਉਤੇ ਵੀ ਝੂਠਾ ਮਾਮਲਾ ਦਰਜ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਪੰਜਾਬੀ ਨੌਜਵਾਨਾਂ ਖਾਸ ਕਰਕੇ ਸਿੱਖਾਂ ਨੂੰ ਪੰਜਾਬ ਪੁਲਿਸ ਖਿਲਾਫ ਭੜਕਾ ਕੇ ਵੱਖਵਾਦੀ ਤਾਕਤਾਂ ਦਾ ਹੱਥ ਠੋਕਾ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਅਗਾਂਹ ਕਿਹਾ ਕਿ ਯੂ.ਏ.ਪੀ.ਏ. ਕਾਫੀ ਸਮਾਂ ਪਹਿਲਾ ਤੋਂ ਹੀ ਵਜੂਦ ਵਿੱਚ ਹੈ ਅਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਇਸ ਐਕਟ ਤਹਿਤ ਪੰਜਾਬ ਵਿੱਚ 60 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ ਜਿਨਾਂ ਵਿੱਚੋਂ 2010 ਵਿੱਚ 19 ਅਤੇ 2017 ਵਿੱਚ 12 ਮਾਮਲੇ ਸਨ। ਇਨਾਂ ਮਾਮਲਿਆਂ ਵਿੱਚ ਗਿ੍ਰਫਤਾਰ ਕੀਤੇ 225 ਵਿਅਕਤੀਆਂ ਵਿੱਚੋਂ 120 ਨੂੰ ਬਰੀ ਕਰ ਦਿੱਤਾ ਗਿਆ ਜੋ ਇਸ ਗੱਲ ਦਾ ਸਾਫ ਸੰਕੇਤ ਹੈ ਕਿ ਇਹ ਅਕਾਲੀ ਹਕੂਮਤ ਦੌਰਾਨ ਹੀ ਇਸ ਐਕਟ ਦੀ ਅੰਨੇਵਾਹ ਦੁਰਵਰਤੋਂ ਕੀਤੀ ਗਈ ਸੀ।
ਪੰਜਾਬ ਪੁਲਿਸ ਖਾਸ ਕਰ ਕੇ ਡੀ.ਜੀ.ਪੀ. ਜਿਨਾਂ ਦੀ ਧਰਮ ਨਿਰਪੱਖਤਾ ਅਤੇ ਆਪਣੇ ਫਰਜ਼ ਪ੍ਰਤੀ ਸਮਰਪਣ ਉਤੇ ਉਗਲੀ ਨਹੀਂ ਚੁੱਕੀ ਜਾ ਸਕਦੀ, ਖਿਲਾਫ ਸਿਆਸਤ ਤੋਂ ਪ੍ਰੇਰਿਤ ਗੁੰਮਰਾਹਕੁਨ ਪ੍ਰਚਾਰ ਰਾਹੀਂ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਕਰੜੇ ਹੱਥੀ ਲੈਂਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਕ ਅਜਿਹੀ ਪਾਰਟੀ ਜੋ ਕਿ ਸਿੱਖੀ ਦੀ ਅਲੰਬਰਦਾਰ ਹੋਣ ਦਾ ਦਾਅਵਾ ਕਰਦੀ ਹੈ, ਦੇ ਪ੍ਰਧਾਨ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਵੱਲੋਂ ਵੱਖਵਾਦੀ ਅਤੇ ਦਹਿਸ਼ਤਗਰਦੀ ਤੱਤਾਂ ਖਿਲਾਫ ਵਿੱਢੀ ਗਈ ਮੁਹਿੰਮ ਦੀ ਵਿਰੋਧਤਾ ਕਰ ਕੇ ਸਿੱਖਾਂ ਵਿੱਚ ਫਿਰਕੂ ਵੰਡੀਆਂ ਪਾਉਣ ਦਾ ਕੋਝਾ ਯਤਨ ਕਰ ਰਹੇ ਹਨ।
ਪਾਕਿਸਤਾਨ ਦੀ ਆਈ.ਸੀ.ਆਈ. ਵੱਲੋਂ ਸਰਹੱਦ ਪਾਰ ਤੋਂ ਪੰਜਾਬ ਵਿੱਚ ਦਹਿਸ਼ਤਗਰਦਾਂ ਦੀ ਘੁਸਪੈਠ ਅਤੇ ਹਥਿਆਰਾਂ ਦੀ ਤਸਕਰੀ ਕਰਵਾਉਣ ਦੀਆਂ ਵਧਦੀਆਂ ਜਾ ਰਹੀਆਂ ਕੋਸ਼ਿਸ਼ਾਂ ਵੱਲ ਧਿਆਨ ਦਿਵਾਉਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਕਾਨੂੰਨ ਅਨੁਸਾਰ ਲੋੜੀਂਦੇ ਕਦਮ ਚੁੱਕ ਰਹੀ ਹੈ ਤਾਂ ਜੋ ਨਾ ਸਿਰਫ ਪੰਜਾਬ ਸਗੋਂ ਸਮੁੱਚੇ ਦੇਸ਼ ਦੀ ਅਜਿਹੇ ਤੱਤਾਂ ਤੋਂ ਰਾਖੀ ਕੀਤੀ ਜਾ ਸਕੇ। ਉਨਾਂ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਦੇ ਖਾਲਿਸਤਾਨੀ ਏਜੰਡੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੁਝ ਅਜਿਹੀਆਂ ਤਾਕਤਾਂ ਹਨ ਜੋ ਵੱਖਵਾਦੀ ਵਿਚਾਰਧਾਰਾ ਨੂੰ ਉਤਸ਼ਾਹਤ ਕਰ ਕੇ ਦੇਸ਼ ਵਿੱਚ ਗੜਬੜੀ ਪੈਦਾ ਕਰਨਾ ਚਾਹੁੰਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਐਸ.ਐਫ.ਜੇ. ਨੂੰ ਭਾਰਤ ਸਰਕਾਰ ਵੱਲੋਂ ਗੈਰ-ਕਾਨੂੰਨੀ ਸੰਸਥਾ ਐਲਾਨਿਆ ਜਾ ਚੁੱਕਾ ਹੈ ਅਤੇ ਇਸ ਦੇ ਮੁਖੀ ਗੁਰਪਤਵੰਤ ਪੰਨੂੰ ਨੂੰ ਅਤਿਵਾਦੀ ਘੋਸ਼ਿਤ ਕੀਤਾ ਗਿਆ ਹੈ। ਇਸ ਨਾਲ ਪੰਜਾਬ ਸਮੇਤ ਸਾਰੇ ਸੂਬਿਆਂ ਦੀ ਪੁਲਿਸ ਫੋਰਸ ਕੌਮੀ ਸੁਰੱਖਿਆ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਵਿਰੁੱਧ ਹਰ ਕਾਨੂੰਨੀ ਕਦਮ ਚੁੱਕਣ ਲਈ ਪਾਬੰਦ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਦੁਨੀਆਂ ਭਰ ਦੇ ਮੁਲਕ ਐਸ.ਐਫ.ਜੇ. ਦੇ ਖਾਲਿਸਤਾਨੀ ਪੱਖੀ ਏਜੰਡੇ ਨੂੰ ਰੱਦ ਕਰ ਰਹੇ ਹਨ ਤਾਂ ਉਸ ਵੇਲੇ ਸੁਖਬੀਰ ਵੱਲੋਂ ਆਪਣੇ ਸੂਬੇ ਦੀ ਪੁਲਿਸ ’ਤੇ ਹੀ ਨਿਸ਼ਾਨਾ ਸਾਧ ਕੇ ਅਸਲ ਮਾਅਨਿਆਂ ’ਚ ਇਸ ਦੀ ਹਮਾਇਤ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸੂਬੇ ਦੀ ਪੁਲਿਸ ਨੇ ਵੱਖਵਾਦੀਆਂ ਦੀਆਂ ਧਮਕੀਆਂ ਦਾ ਸਾਹਮਣਾ ਕਰਦਿਆਂ ਪੰਜਾਬ ਦੀ ਅਮਨ ਸ਼ਾਂਤੀ ਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਮਾਰਚ 2017 ਤੋਂ 30 ਅੱਤਵਾਦੀ ਗਿਰੋਹਾਂ ਦਾ ਪਰਦਾਫਾਸ਼ ਕੀਤਾ ਅਤੇ 170 ਅਤਿਵਾਦੀ ਗਿ੍ਰਫਤਾਰ ਕੀਤੇ। ਉਨਾਂ ਕਿਹਾ ਕਿ ਇਨਾਂ ਕਾਰਵਾਈਆਂ ਦੌਰਾਨ ਪੁਲਿਸ ਨੇ ਲਗਭਗ 85 ਅਤਿ ਆਧੁਨਿਕ ਰਾਈਫਲਜ਼/ਪਿਸਤੌਲ ਸਮੇਤ ਏ.ਕੇ-47 ਅਤੇ ਐਮ.ਪੀ.-9/ਐਮ.ਪੀ.-5 ਰਾਈਫਲਜ਼, ਚੀਨ ਦੇ ਬਣੇ ਤਿੰਨ ਸ਼ਕਤੀਸ਼ਾਲੀ ਡਰੋਨ, 5 ਸੈਟੇਲਾਈਟ ਫੋਨ ਅਤੇ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ ਗਿਆ ਜੋ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਦੇ ਸੰਕੇਤ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਪੱਸ਼ਟ ਤੌਰ ’ਤੇ ਸੁਖਬੀਰ ਦੀ ਇਨਾਂ ਤੱਥਾਂ ਵਿੱਚ ਕੋਈ ਦਿਲਚਸਪੀ ਨਹੀਂ ਅਤੇ ਉਹ ਸਿਰਫ਼ ਤੇ ਸਿਰਫ਼ ਆਪਣੇ ਸੌੜੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਵੱਲ ਹੀ ਧਿਆਨ ਦਿੰਦਾ ਹੈ, ਭਾਵੇਂ ਇਸ ਦੀ ਪੰਜਾਬ ਅਤੇ ਇੱਥੋਂ ਦੇ ਲੋਕਾਂ ਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ।
ਸੁਖਬੀਰ ਵੱਲੋਂ ਪੰਜਾਬ ਦੇ ‘ਕਾਲੇ ਦੌਰ’ ਦਾ ਜ਼ਿਕਰ ਕਰਨ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਕਾਲੇ ਦੌਰ ਵਿੱਚ ਜਾਣ ਤੋਂ ਰੋਕਣ ਲਈ ਉਨਾਂ ਦੀ ਸਰਕਾਰ ਅਤੇ ਸੂਬੇ ਦੀ ਪੁਲੀਸ ਸਾਰੇ ਅਤਿਵਾਦੀਆਂ ਅਤੇ ਵੱਖਵਾਦੀ ਗਤੀਵਿਧੀਆਂ ’ਤੇ ਸ਼ਿਕੰਜਾ ਕੱਸ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੱਥੋਂ ਤੱਕ ਕਿ ਉਨਾਂ ਦੀ ਸਰਕਾਰ ਨੇ ਨੌਜਵਾਨਾਂ ਨੂੰ ਗਰਮਖ਼ਿਆਲੀ ਵਿਚਾਰਾਂ ਤੋਂ ਲਾਂਭੇ ਕਰਨ ਵਾਸਤੇ ਸੋਸ਼ਲ ਮੀਡੀਆ ਰਾਹੀਂ ਵਿਆਪਕ ਮੁਹਿੰਮ ਚਲਾਈ ਤਾਂ ਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਗਰਮਖ਼ਿਆਲੀ ਵਿਚਾਰਧਾਰਾ ਨਾਲ ਜੋੜਣ ਅਤੇ ਉਨਾਂ ਨੂੰ ਅੱਤਵਾਦੀ ਜਾਂ ਹਿੰਸਕ ਗਤੀਵਿਧੀਆਂ ਲਈ ਉਕਸਾਉਣ ਵਾਲੇ ਪਾਕਿਸਤਾਨ ਅਤੇ ਐਸ.ਐਫ.ਜੇ. ਦੇ ਹੱਥਠੋਕਿਆਂ ਦੇ ਮਨਸੂਬਿਆਂ ਨੂੰ ਪੱਟੜੀ ਤੋਂ ਲਾਹਿਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨਾਂ ਨੌਜਵਾਨਾਂ ’ਤੇ ਦੋਸ਼ ਲਾਉਣ ਜਾਂ ਗਿ੍ਰਫਤਾਰ ਕਰਨ ਦੀ ਬਜਾਏ ਅਸਲ ਵਿੱਚ ਇਨਾਂ ਨੂੰ ਕਾਊਂਸਿਗ ਕਰਕੇ ਸਮਝਾਇਆ ਗਿਆ ਅਤੇ ਸਮਾਜਿਕ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਗਿਆ।
—–
ਕੋਵਿਡ-19 ਦੀ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਲਈ 15 ਹੋਰ ਟਰੂਨਾਟ ਮਸ਼ੀਨਾਂ ਦੀ ਖਰੀਦ ਕੀਤੀ: ਬਲਬੀਰ ਸਿੰਘ ਸਿੱਧੂ
ਸੂਬੇ ਵਿੱਚ ਟਰੂਨਾਟ ਮਸ਼ੀਨਾਂ ਨਾਲ 4167 ਟੈਸਟ ਕੀਤੇ ਗਏ ਜਿਨਾ ਵਿੱਚੋਂ 264 ਪਾਜ਼ੇਟਿਵ ਪਾਏ ਗਏ
ਚੰਡੀਗੜ, 29 ਜੁਲਾਈ:
ਕੋਵਿਡ -19 ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੰਜਾਬ ਨੇ ਕਰੋਨਾਵਾਇਰਸ ਦੇ ਲੱਛਣਾਂ ਦਾ ਜਲਦੀ ਪਤਾ ਲਗਾਉਣ ਅਤੇ ਟੈਸਟਿੰਗ ਲਈ ਨਵੀਨ ਢੰਗ-ਤਰੀਕਿਆਂ ਦੀ ਵਰਤੋਂ ਦੀ ਪਹਿਲ ਕੀਤੀ ਹੈ।ਸੂਬਾ ਸਰਕਾਰ ਨੇ ਟੈਸਟਿੰਗ ਲਈ 15 ਹੋਰ ਟਰੂਨਾਟ ਮਸ਼ੀਨਾਂ ਖਰੀਦੀਆਂ ਹਨ ਤਾਂ ਜੋ ਮਰੀਜ਼ਾਂ ਦਾ ਜਲਦ ਪਤਾ ਲਗਾ ਕੇ, ਟੈਸਟਿੰਗ ਕਰਕੇ ਅਤੇ ਉਨਾਂ ਨੂੰ ਕੁਆਰੰਨਟਾਈਨ ਕਰਕੇ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਹੁਣ ਸਰਕਾਰੀ ਹਸਪਤਾਲਾਂ ਵਿੱਚ ਕੁੱਲ 30 ਮਸ਼ੀਨਾਂ ਕਾਰਜਸ਼ੀਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੰਘ ਸਿੱਧੂ ਨੇ ਦੱਸਿਆ ਕਿ ਟਰੂਨਾਟ ਮਸ਼ੀਨਾਂ ਜ਼ਰੀਏ ਟੈਸਟਿੰਗ ਲਈ ਸੂਬੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਦਿਸ਼ਾ ਨਿਰਦੇਸ਼ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ। ਕਰੋਨਾ ਜੰਗ ਦੇ ਯੋਧਿਆਂ ਵਿੱਚ ਸ਼ੱਕੀ ਮਰੀਜ਼ਾਂ ਜਿਵੇਂ ਸਿਹਤ ਸੰਭਾਲ ਕਰਮਚਾਰੀਆਂ / ਡਾਕਟਰਾਂ / ਪੁਲਿਸ / ਪਸ਼ਾਸਨਿਕ ਅਧਿਕਾਰੀਆਂ, ਗਰਭਵਤੀ ਮਹਿਲਾਵਾਂ, ਐਸ.ਏ.ਆਰ.ਆਈ. ਮਰੀਜ਼ਾਂ ਅਤੇ ਐਮਰਜੈਂਸੀ ਸਰਜਰੀ ਦੇ ਮਰੀਜ਼ਾਂ ਨੂੰ ਸੂਬੇ ਵਿਚ ਟਰੂਨਾਟ ਟੈਸਟਿੰਗ ਲਈ ਤਰਜੀਹ ਦਿੱਤੀ ਜਾਏਗੀ।
ਮੰਤਰੀ ਨੇ ਦੱਸਿਆ ਕਿ ਸੂਬੇ ਕੋਲ 15, ਦੋ ਚੈਨਲ ਵਾਲੀਆਂ ਅਤੇ 15, ਚਾਰ ਚੈਨਲ ਵਾਲੀਆਂ ਮਸ਼ੀਨਾਂ ਹਨ।ਇਹ ਮਸ਼ੀਨਾਂ ਸਰਕਾਰੀ ਹਸਪਤਾਲਾਂ ਵਿੱਚ ਕਾਰਜਸ਼ੀਲ ਹਨ ਅਤੇ ਰੋਜ਼ਾਨਾ ਟੈਸਟ ਕੀਤੇ ਜਾ ਰਹੇ ਹਨ।ਇਨਾਂ ਮਸ਼ੀਨਾਂ ਜ਼ਰੀਏ ਟੈਸਟਿੰਗ ਦੇ ਨਤੀਜੇ ਆਉਣ ਵਿੱਚ ਘੱਟ ਸਮਾਂ ਲੱਗਦਾ ਹੈ।ਉਦਾਹਰਣ ਵਜੋਂ 4 ਚੈਨਲ ਵਾਲੀਆਂ ਮਸ਼ੀਨਾਂ ਵਿੱਚ, ਇੱਕ ਸਮੇਂ 4 ਟੈਸਟ ਕੀਤੇ ਜਾ ਸਕਦੇ ਹਨ ਅਤੇ ਡੇਢ ਘੰਟੇ ਦੇ ਸਮੇਂ ਅੰਦਰ 4 ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਉਨਾਂ ਕਿਹਾ ਕਿ ਅੰਮਿ੍ਰਤਸਰ, ਐਸ.ਏ.ਐਸ.ਨਗਰ ਅਤੇ ਜਲੰਧਰ ਜ਼ਿਲੇ ਨੂੰ ਸਰਕਾਰੀ ਹਸਪਤਾਲ ਵਿੱਚ 2-2 ਮਸ਼ੀਨਾਂ, ਲੁਧਿਆਣਾ ਜ਼ਿਲੇ ਨੂੰ 3 ਅਤੇ ਬਾਕੀ ਜ਼ਿਲਿਆਂ ਨੂੰ ਇੱਕ-ਇੱਕ ਮਸ਼ੀਨ ਦਿੱਤੀ ਗਈ ਹੈ। ਉਨਾਂ ਅੱਗੇ ਦੱਸਿਆ ਕਿ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਨੂੰ ਵੀ ਇੱਕ-ਇੱਕ ਮਸ਼ੀਨ ਦਿੱਤੀ ਗਈ ਹੈ।
ਸ. ਸਿੱਧੂ ਨੇ ਦੱਸਿਆ ਕਿ 28 ਜੁਲਾਈ 2020 ਤੱਕ ਸੂਬੇ ਵਿੱਚ ਟਰੂਨਾਟ ਮਸ਼ੀਨਾਂ ਨਾਲ ਤਕਰੀਬਨ 4167 ਟੈਸਟ ਕੀਤੇ ਗਏ ਹਨ ਜਿਨਾਂ ਵਿੱਚੋਂ 264 ਦੀ ਰਿਪੋਰਟ ਪਾਜ਼ੇਟਿਵ ਆਈ ਹੈ।ਉਨਾਂ ਕਿਹਾ ਕਿ ਪ੍ਰਾਈਵੇਟ ਨਰਸਿੰਗ ਹੋਮ / ਹਸਪਤਾਲ ਵਿੱਚ ਦਾਖਲ ਮਰੀਜ਼, ਜਿਨਾਂ ਨੂੰ ਤੁਰੰਤ ਟੈਸਟ ਦੀ ਲੋੜ ਹੁੰਦੀ ਹੈ, ਨੂੰ ਵੀ ਟਰੂਨਾਟ ਟੈਸਟਿੰਗ ਲਈ ਸਰਕਾਰੀ ਹਸਪਤਾਲਾਂ ਵਿੱਚ ਭੇਜਿਆ ਜਾ ਸਕਦਾ ਹੈ ਜਿੱਥੇ ਇਹ ਟੈਸਟ 1500 ਰੁਪਏ ਪ੍ਰਤੀ ਟੈਸਟ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਹੁਣ ਤੱਕ, ਨਿੱਜੀ ਸਿਹਤ ਸੰਸਥਾਵਾਂ ਵੱਲੋਂ ਭੇਜੇ ਗਏ 119 ਨਮੂਨਿਆਂ ਦੀ ਜਾਂਚ ਟਰੂਨਾਟ ਮਸ਼ੀਨਾਂ ਦੀ ਵਰਤੋਂ ਨਾਲ ਕੀਤੀ ਗਈ ਹੈ।
————
ਮਾਈ ਭਾਗੋ ਆਰਮਡ ਫੋਰਸਿਜ਼ ਪੈ੍ਰਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵੱਲੋਂ ਦਾਖ਼ਲਾ ਪ੍ਰੀਖਿਆ 5 ਅਗਸਤ ਨੂੰ ਲਈ ਜਾਵੇਗੀ
ਡਿਫੈਂਸ ਸਰਵਿਸਿਜ਼ ਵਿੱਚ ਕਮਿਸ਼ਨਡ ਅਫ਼ਸਰਾਂ ਵਜੋਂ ਕਰੀਅਰ ਦੀ ਸਿਖਲਾਈ ਲਈ 25 ਲੜਕੀਆਂ ਦੇ ਬੈਚ ਦੀ ਚੋਣ ਕੀਤੀ ਜਾਵੇਗੀ
ਸੀ-ਡੈਕ ਵੱਲੋਂ ਕੋਵਿਡ-19 ਸੁਰੱਖਿਆ ਨੇਮਾਂ ਅਨੁਸਾਰ ਲਈ ਜਾਵੇਗੀ ਪੀ੍ਰਖਿਆ
ਚੰਡੀਗੜ, 29 ਜੁਲਾਈ: ਪੰਜਾਬ ਸਰਕਾਰ ਦੀ ਪ੍ਰਮੁੱਖ ਸੰਸਥਾ ਮਾਈ ਭਾਗੋ ਆਰਮਡ ਫੋਰਸਿਜ ਪ੍ਰੈਪਰੇਟਰੀ ਇੰਸਟੀਚਿਊ ਫਾਰ ਗਰਲਜ ਵੱਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਸਾਲ ਉਮੀਦਵਾਰਾਂ ਦੀ ਰਜਿਟੇ੍ਰਸ਼ਨ ਸੀ-ਡੈਕ ਪੋਰਟਲ ’ਤੇ ਆਨਲਾਈਨ ਕੀਤੀ ਗਈ ਹੈ। ਮਾਈ ਭਾਗੋ ਆਰਮਡ ਫੋਰਸਿਜ ਪ੍ਰੈਪਰੇਟਰੀ ਇੰਸਟੀਚਿਊਟ ਵਿਚ ਸਿਖਲਾਈ ਲਈ ਲੜਕੀਆਂ ਦੇ ਨਵੇਂ ਬੈਚ ਦੀ ਦਾਖਲਾ ਪ੍ਰੀਖਿਆ 5 ਅਗਸਤ, 2020 ਨੂੰ ਹੋਵੇਗੀ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮਾਈ ਭਾਗੋ ਏ.ਐਫ.ਪੀ.ਆਈ ਦੇ ਡਾਇਰੈਕਟਰ ਮੇਜਰ ਜਨਰਲ ਆਈ. ਪੀ. ਸਿੰਘ ਨੇ ਦੱਸਿਆ ਕਿ ਪ੍ਰੀਖਿਆ ਲੈਣ ਦਾ ਜ਼ਿੰਮਾ ਆਊਟਸੋਰਸਿੰਗ ਆਧਾਰ ’ਤੇ ਸੀ-ਡੈਕ ਨੂੰ ਦਿੱਤਾ ਗਿਆ ਹੈ, ਜੋ ਉਮੀਦਵਾਰਾਂ ਦੀ ਯੋਗਤਾ, ਦਾਖਲਾ ਕਾਰਡ ਜਾਰੀ ਕਰਨ ਅਤੇ ਉਨਾਂ ਨੂੰ ਪ੍ਰੀਖਿਆ ਦੀ ਮਿਤੀ ਅਤੇ ਸਥਾਨ ਦੀ ਜਾਣਕਾਰੀ ਦੇਵੇਗਾ।
ਜਨਰਲ ਆਈ.ਪੀ. ਸਿੰਘ ਨੇ ਦੱਸਿਆ ਕਿ ਮਾਈ ਭਾਗੋ ਏ.ਐਫ.ਪੀ.ਆਈ ਵੱਲੋਂ ਹਰ ਸਾਲ 12 ਵੀਂ ਪਾਸ 25 ਲੜਕੀਆਂ ਦੇ ਨਵੇਂ ਬੈਚ ਵਿੱਚ ਦਾਖਲੇ ਲਈ ਲਿਖਤੀ ਦਾਖਲਾ ਪ੍ਰੀਖਿਆ ਕਰਵਾਈ ਜਾਂਦੀ ਹ,ੈ ਜਿੰਨਾਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਕਰੀਅਰ ਦੀ ਸਿਖਲਾਈ ਦਿੱਤੀ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਆਮ ਤੌਰ ’ਤੇ ਪਿਛਲੇ ਸਾਲਾਂ ਦੌਰਾਨ ਦਾਖਲਾ ਪ੍ਰਕਿਰਿਆ 15 ਜੁਲਾਈ ਤੱਕ ਮੁਕੰਮਲ ਹੋ ਜਾਂਦੀ ਸੀ, ਪਰ ਇਸ ਸਾਲ ਕੋਵਿਡ -19 ਕਾਰਨ ਇਸ ਪ੍ਰਕਿਰਿਆ ਵਿਚ ਦੇਰੀ ਹੋਈ ਹੈ।
ਜਨਰਲ ਸਿੰਘ ਨੇ ਦੱਸਿਆ ਕਿ ਇਸ ਸਾਲ 1155 ਉਮੀਦਵਾਰਾਂ ਨੇ ਆਨ ਲਾਈਨ ਰਜਿਸਟਰੇਸ਼ਨ ਕੀਤੀ ਹੈ, ਜਿਨਾਂ ਵਿਚੋਂ 821 ਉਮੀਦਵਾਰ ਪ੍ਰੀਖਿਆ ਵਿਚ ਸ਼ਾਮਲ ਹੋਣ ਦੇ ਯੋਗ ਪਾਏ ਗਏ। ਉਨਾਂ ਦੱਸਿਆ ਕਿ ਪ੍ਰੀਖਿਆ ਕਰਵਾਉਣ ਸਬੰਧੀ ਸਾਰੀਆਂ ਲੋੜੀਂਦੀਆਂ ਪ੍ਰਬੰਧਕੀ ਮਨਜੂਰੀਆਂ ਲੈ ਲਈਆਂ ਗਈਆਂ ਹਨ। ਸਮਾਜਿਕ ਦੂਰੀ ਬਣਾਈ ਰੱਖਣ ਅਤੇ ਇਕੱਠ ਤੋਂ ਬਚਣ ਲਈ ਇਹ ਪ੍ਰੀਖਿਆ ਦੋ ਸਥਾਨਾਂ, ਗੋਲਡਨ ਬੈੱਲ ਪਬਲਿਕ ਸਕੂਲ, ਸੈਕਟਰ 77, ਐਸ.ਏ.ਐਸ.ਨਗਰ (ਮੁਹਾਲੀ) ਅਤੇ ਮਾਈ ਭਾਗੋ ਏ.ਐਫ.ਪੀ.ਆਈ, ਗਰਲਜ਼ ਕੈਂਪਸ, ਸੈਕਟਰ 66, ਮੁਹਾਲੀ ਵਿਖੇ ਲਈ ਜਾਏਗੀ। ਯੋਗ ਉਮੀਦਵਾਰ ਆਪਣਾ ਦਾਖ਼ਲਾ ਕਾਰਡ ਵੈਬਸਾਈਟ ਲਿੰਕ ://.-.//4.?=੨੬ ਤੋਂ ਡਾਨਲੋਡ ਕਰ ਸਕਦੇ ਹਨ।
ਉਨਾਂ ਅੱਗੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਪ੍ਰੀਖਿਆਵਾਂ ਕਰਵਾਉਣ ਲਈ ਉਮੀਦਵਾਰਾਂ ਦੀ ਸੁਰੱਖਿਆ ਅਤੇ ਸਰਕਾਰ ਦੇ ਸਾਰੇ ਦਿਸ਼ਾਂ ਨਿਰਦਸ਼ਾਂ ਦੀ ਪਾਲਣਾ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਕੋਰੋਨਾ ਤੋਂ ਬਚਾਅ ਲਈ ਸਮਾਜਿਕ ਦੂਰੀ ਬਣਾ ਰੱਖਣ, ਤਾਪਮਾਨ ਮਾਪਣ, ਕੇਂਦਰੀ ਪ੍ਰਬੰਧਾਂ ਤਹਿਤ ਹਰੇਕ ਵਿਅਕਤੀ ਵਿਸ਼ੇਸ਼ ਦੀ ਸਮੁੱਚੀ ਸੈਨੇਟਾਈਜੇਸ਼ਨ, ਮਾਸਕ ਪਹਿਨਣ, ਇਨਵਿਜੀਲੇਟਰਾਂ ਦੁਅਰਾ ਹੈਂਡ ਸੈਨੇਟਾਈਜ਼ਰ ਅਤੇ ਫੇਸ ਸ਼ੀਲਡਾਂ ਦੀ ਵਰਤੋਂ ਦੀ ਪਾਲਣਾ ਕੀਤੀ ਜਾਵੇਗੀ।ਜੇਕਰ ਸਕਰੀਨਿਗ ਦੌਰਾਨ ਕਿਸੇ ਉਮੀਦਵਾਰ ਵਿੱਚ ਕੋਰੋਨਾ ਦੇ ਲੱਛਣਾਂ ਪਾਏ ਜਾਂਦੇ ਹਨ ਤਾਂ ਉਸ ਉਮੀਦਵਾਰ ਨੂੰ ਸਿੱਧਾ ਹਸਪਤਾਲ ਭੇਜਿਆ ਜਾਵੇਗਾ।
ਜਨਰਲ ਸਿੰਘ ਨੇ ਇਹ ਵੀ ਦੱਸਿਆ ਕਿ ਬਾਰਵੀਂ ਜਮਾਤ ਦੇ ਨਤੀਜੇ ਹਾਲ ਹੀ ਵਿੱਚ ਐਲਾਨੇ ਗਏ ਹਨ ਅਤੇ ਕਾਲਜਾਂ ਦਾ ਅਕਾਦਮਿਕ ਸੈਸ਼ਨ 1 ਸਤੰਬਰ, 2020 ਤੋਂ ਸੁਰੂ ਹੋਣ ਦੀ ਸੰਭਾਵਨਾ ਹੈ, ਚੁਣੀਆਂ ਲੜਕੀਆਂ ਆਪਣੀ ਅਕਾਦਮਿਕ ਪੜਾਈ ਲਈ ਕਾਲਜ ਵਿਚ ਦਾਖਲਾ ਲੈ ਸਕਣਗੀਆਂ, ਜਿਕਰਯੋਗ ਹੈ ਕਿ ਆਰਮਡ ਫੋਰਸਿਜ਼ ਪੈ੍ਰਪਰੇਟਰੀ ਇੰਸਟੀਚਿਊਟ ਦੀ ਦਾਖ਼ਲਾ ਪ੍ਰੀਖਿਆ ਵਿੱਚ ਚੁਣੀਆਂ ਜਾਂਦੀਆਂ ਲੜਕੀਆਂ ਐਮ. ਸੀ. ਐਮ ਡੀ.ਏ.ਵੀ ਕਾਲਜ ਚੰਡੀਗੜ ਤੋਂ ਆਪਣੀ ਗ੍ਰੈਜੂਏਸਨ ਕਰਦੀਆਂ ਹਨ।
ਮਾਈ ਭਾਗੋ ਸੰਸਥਾ ਦੇ ਡਾਇਰੈਕਟਰ, ਜਨਰਲ ਆਈ.ਪੀ. ਸਿੰਘ ਨੇ ਦੱਸਿਆ ਕਿ ਮਾਈ ਭਾਗੋ ਆਰਮਡ ਫੋਰਸਿਜ ਪ੍ਰੈਪਰੇਟਰੀ ਇੰਸਟੀਚਿਊ ਫਾਰ ਗਰਲਜ ਦੀਆਂ ਹੁਣ ਤੱਕ ਫੌਜ ਅਤੇ ਹਵਾਈ ਸੈਨਾ ਵਿੱਚ ਕ੍ਰਮਵਾਰ ਲੈਫਟੀਨੈਂਟ ਅਤੇ ਫਲਾਇੰਗ ਅਫ਼ਸਰ ਦੇ ਤੌਰ ’ਤੇ ਦੋ ਲੇਡੀ ਕੈਡਿਟਾਂ ਦੀ ਨਿਯੁਕਤੀ ਹੋਈ ਹੈ। ਤਿੰਨ ਮਹਿਲਾ ਕੈਡਿਟ ਓ.ਟੀ.ਏ, ਚੇਨਈ ਅਤੇ ਏ.ਐਫ.ਏ, ਡੁੰਡੀਗਲ ਵਿੱਚ ਸਿਖਲਾਈ ਅਧੀਨ ਹਨ।8 ਮਹਿਲਾ ਕੈਡਿਟਾਂ ਪ੍ਰੀ-ਕਮਿਸਨ ਟ੍ਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋਣ ਲਈ ਮੈਰਿਟ ਦੀ ਉਡੀਕ ਵਿੱਚ ਹਨ। ਇਸ ਵੇਲੇ ਮਾਈ ਭਾਗੋ ਆਰਮਡ ਫੋਰਸਿਜ਼ ਨਾਲ ਸਬੰਧਤ 58 ਮਹਿਲਾ ਕੈਡਿਟ ਏਅਰ ਫੋਰਸ ਅਤੇ ਆਰਮੀ ਐਸ.ਐਸ.ਬੀ. ਇੰਟਰਵਿਊ ਦੇ ਇੰਜ਼ਾਰ ਵਿੱਚ ਹਨ।
—————–
ਪੰਜਾਬ ਖੇਡ ਯੂਨੀਵਰਸਿਟੀ ਨੇ ਪੀ.ਜੀ. ਡਿਪਲੋਮਾ ਤੇ ਡਿਗਰੀ ਕੋਰਸਾਂ ਵਿੱਚ ਦਾਖਲਿਆਂ ਲਈ ਅਰਜ਼ੀਆਂ ਮੰਗੀਆਂ
ਚੰਡੀਗੜ, 29 ਜੁਲਾਈ
ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਖੇਡ ਯੂਨੀਵਰਸਿਟੀ, ਪਟਿਆਲਾ ਨੇ ਚਾਰ ਪੀ.ਜੀ. ਡਿਪਲੋਮਾ ਤੇ ਮਾਸਟਰ ਡਿਗਰੀ ਕੋਰਸਾਂ ਵਿੱਚ ਦਾਖਲਿਆਂ ਲਈ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
ਇਹ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਜੇ.ਐਸ. ਚੀਮਾ ਨੇ ਕਿਹਾ ਕਿ ਖੇਡ ਮੰਤਰੀ ਰਾਣਾ ਸੋਢੀ ਦੀਆਂ ਹਦਾਇਤਾਂ ਕਿ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਖੇਡਾਂ ਵੱਲ ਲਾਇਆ ਜਾਵੇ, ਉਤੇ ਚੱਲਦਿਆਂ ਅਕਾਦਮਿਕ ਸੈਸ਼ਨ 2020-21 ਲਈ ਚਾਰ ਪੀ.ਜੀ. ਡਿਪਲੋਮਾ ਤੇ ਮਾਸਟਰ ਡਿਗਰੀ ਕੋਰਸਾਂ ਵਿੱਚ ਦਾਖਲਿਆਂ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਪੀ.ਜੀ. ਡਿਪਲੋਮਾ ਇਨ ਯੋਗਾ, ਪੀ.ਜੀ. ਡਿਪਲੋਮਾ ਇਨ ਹੈਲਥ, ਫਿਟਨੈੱਸ ਤੇ ਵੈਲਨੈੱਸ, ਪੀ.ਜੀ. ਡਿਪਲੋਮਾ ਇਨ ਸਪੋਰਟਸ ਮੈਨੇਜਮੈਂਟ ਅਤੇ ਐਮ.ਐਸਸੀ (ਯੋਗਾ) ਵਿੱਚ ਦਾਖਲੇ ਲਈ ਯੋਗਤਾ ਵਿੱਚ ਜਨਰਲ ਵਰਗ ਲਈ ਕਿਸੇ ਵੀ ਵਿਸ਼ੇ ਵਿੱਚ ਘੱਟੋ ਘੱਟ 50 ਫੀਸਦੀ ਨੰਬਰਾਂ ਨਾਲ ਗਰੈਜੂਏਸ਼ਨ ਅਤੇ ਐਸ.ਸੀ./ਐਸ.ਟੀ./ਓ.ਬੀ.ਸੀ. ਲਈ ਗਰੈਜੂਏਸ਼ਨ ਵਿੱਚ 45 ਫੀਸਦੀ ਨੰਬਰ ਲਾਜ਼ਮੀ ਹਨ। ਜਿਨਾਂ ਉਮੀਦਵਾਰਾਂ ਨੇ ਕੌਮਾਂਤਰੀ/ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲਿਆ, ਉਹ ਵੀ ਦਾਖਲਿਆਂ ਲਈ ਯੋਗ ਹੋਣਗੇ।
ਵਾਈਸ ਚਾਂਸਲਰ ਨੇ ਦੱਸਿਆ ਕਿ ਉਨਾਂ ਇੱਛੁਕ ਉਮੀਦਵਾਰ ਨੂੰ ਪਹਿਲ ਮਿਲੇਗੀ, ਜਿਨਾਂ ਬੀ.ਪੀ.ਈ.ਐੱਡ, ਬੀ.ਪੀ.ਈ.ਐਸ., ਬੀ.ਐਸਸੀ (ਸਪੋਰਟਸ ਸਾਇੰਸ/ਸਪੋਰਟਸ ਨਿਊਟਰੀਸ਼ਨ ਅਤੇ ਖੇਡਾਂ ਨਾਲ ਸਬੰਧਤ ਹੋਰ ਕੋਰਸ) ਵਿੱਚ 4/2 ਸਾਲਾ ਡਿਗਰੀ ਕੀਤੀ ਹੋਵੇ। ਇਸ ਤੋਂ ਇਲਾਵਾ ਉਹ ਉਮੀਦਵਾਰ ਵੀ ਬਿਨੈ ਕਰ ਸਕਦੇ ਹਨ, ਜਿਨਾਂ ਕੌਮਾਂਤਰੀ/ਕੌਮੀ/ਸੂਬਾ/ਯੂਨੀਵਰਸਿਟੀ/ਕਾਲਜ ਪੱਧਰ ਉਤੇ ਕਿਸੇ ਖੇਡ ਮੁਕਾਬਲੇ ਵਿੱਚ ਭਾਗ ਲਿਆ ਹੋਵੇ। ਦਾਖਲੇ ਲਈ ਪੁਜੀਸ਼ਨ ਹਾਸਲ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਇੱਛੁਕ ਉਮੀਦਵਾਰ ਯੂਨੀਵਰਸਿਟੀ ਦੀ ਵੈੱਬਸਾਈਟ .. ਉਤੇ 21 ਅਗਸਤ 2020 ਤੱਕ ਆਨਲਾਈਨ ਵੀ ਬਿਨੈ ਕਰ ਸਕਦੇ ਹਨ। ਦਾਖਲਿਆਂ ਲਈ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 94657-80091 ਅਤੇ 88375-74060 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
—————-
ਕਮਲਜੀਤ ਕੌਰ ਮੁਲਤਾਨੀ ਨੇ ਬੈਕਫਿੰਕੋ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ
ਚੰਡੀਗੜ, 29 ਜੁਲਾਈ:
ਸ੍ਰੀਮਤੀ ਕਮਲਜੀਤ ਕੌਰ ਮੁਲਤਾਨੀ ਨੇ ਅੱਜ ਪੰਜਾਬ ਪੱਛੜੀਆਂ ਸ੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਦੇ ਬੋਰਡ ਆਫ਼ ਡਾਇਰੈਕਟਰ ਦੀ ਡਾਇਰੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਨਾਂ ਆਪਣਾ ਅਹੁਦਾ ਸ. ਹਰਜਿੰਦਰ ਸਿੰਘ ਠੇਕੇਦਾਰ ਸਾਬਕਾ ਵਿਧਾਇਕ ਅਤੇ ਚੇਅਰਮੈਨ ਬੈਕਫਿੰਕੋ, ਸ੍ਰੀ ਦਵਿੰਦਰ ਸਿੰਘ ਕਾਰਜਕਾਰੀ ਡਾਇਰੈਕਟਰ ਬੈਕਫਿੰਕੋ, ਸ੍ਰੀ ਮੁਹੰਮਦ ਗੁਲਾਬ, ਵਾਈਸ ਚੇਅਰਮੈਨ ਬੈਕਫਿੰਕੋ ਅਤੇ ਸ੍ਰੀਮਤੀ ਸਵਰਨਜੀਤ ਕੌਰ ਡਾਇਰੈਕਟਰ ਬੈਕਫਿੰਕੋ ਦੀ ਹਾਜ਼ਰੀ ’ਚ ਸੰਭਾਲਿਆ। ਇਸ ਮੌਕੇ ਨਵ ਨਿਯੁਕਤ ਡਾਇਰੈਕਟਰ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
ਇਸ ਮੌਕੇ ਸ੍ਰੀਮਤੀ ਕਮਲਜੀਤ ਕੌਰ ਮੁਲਤਾਨੀ ਨੇ ਇਹ ਜ਼ਿੰਮੇਵਾਰੀ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਜੀ ਦੀ ਯੋਗ ਰਹਿਨਨੁਮਾਈ ਹੇਠ ਅਤੇ ਚੇਅਰਮੈਨ ਬੈਕਫਿੰਕੋ ਦੀ ਅਗਵਾਈ ’ਚ ਪ੍ਰਤੀਬੱਧਤਾ ਨਾਲ ਨਿਭਾਉਣਗੇ।
ਵਰਣਨਯੋਗ ਹੈ ਕਿ ਸ੍ਰੀਮਤੀ ਮੁਲਤਾਨੀ ਨਾਲ ਜਲੰਧਰ ਜ਼ਿਲੇ ਨਾਲ ਸਬੰਧਤ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ’ਚ ਸਰਗਰਮ ਹਨ ਅਤੇ ਪੱਛੜੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਵਿਅਕਤੀਆਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਸਰਗਰਮ ਹਨ।
ਮੁੱਖ ਮੰਤਰੀ ਵੱਲੋਂ ਦੁਕਾਨਦਾਰਾਂ ਨੂੰ ਰੱਖੜੀ ਦੇ ਤਿਉਹਾਰ ’ਤੇ ਮਠਿਆਈਆਂ ਤੇ ਰੱਖੜੀਆਂ ਖ਼ਰੀਦਣ ਮੌਕੇ ਮਾਸਕ ਮੁਫ਼ਤ ਦੇਣ ਦੀ ਸਲਾਹ
ਚੰਡੀਗੜ, 29 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਮਠਿਆਈਆਂ ਵੇਚਣ ਵਾਲਿਆਂ ਅਤੇ ਹੋਰ ਦੁਕਾਨ ਮਾਲਕਾਂ ਨੂੰ ਰੱਖੜੀ ਦੇ ਤਿਉਹਾਰ ’ਤੇ ਗਾਹਕਾਂ ਨੂੰ ਮੁਫ਼ਤ ਮਾਸਕ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ ਹੈ।
ਮੁੱਖ ਮੰਤਰੀ ਇਸ ਤੋਂ ਪਹਿਲਾਂ ਐਲਾਨ ਕਰ ਚੁੱਕੇ ਹਨ ਕਿ ਸੂਬੇ ਵਿੱਚ ਐਤਵਾਰ ਨੂੰ ਲਾਕਡਾਊਨ ਲਾਗੂ ਹੋਣ ਦੇ ਬਾਵਜੂਦ ਰੱਖੜੀ ਦੇ ਤਿਉਹਾਰ ਦੀ ਪੂਰਵ ਸੰਧਿਆ ’ਤੇ 2 ਅਗਸਤ ਨੂੰ ਹਲਵਾਈਆਂ ਦੀਆਂ ਦੁਕਾਨਾਂ ਖੋਲਣ ਦੀ ਇਜਾਜ਼ਤ ਹੋਵੇਗੀ ਅਤੇ ਅੱਜ ਇਸ ਐਲਾਨ ਤੋਂ ਚਾਰ ਦਿਨ ਬਾਅਦ ਮੁੱਖ ਮੰਤਰੀ ਨੇ ਦੁਕਾਨਦਾਰਾਂ ਨੂੰ ਇਹ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲਿਆਂ ਵਿੱਚ ਮਠਿਆਈ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਗਾਹਕਾਂ ਵੱਲੋਂ ਮਠਿਆਈ ਖਰੀਦਣ ਮੌਕੇ ਇਕ ਜੋੜਾ ਮਾਸਕ ਦਾ ਮੁਫ਼ਤ ਦੇਣ ਦੀ ਸਲਾਹ ਦੇਣ ਵਾਸਤੇ ਕਿਹਾ ਗਿਆ ਹੈ ਤਾਂ ਕਿ ਲੋਕਾਂ ਵਿੱਚ ਮਾਸਕ ਦੀ ਵਰਤੋਂ ਨੂੰ ਹੋਰ ਜ਼ਿਆਦਾ ਉਤਸ਼ਾਹਤ ਕੀਤਾ ਜਾ ਸਕੇ। ਇਸੇ ਤਰਾਂ ਦੀ ਸਲਾਹ ਹੋਰ ਦੁਕਾਨ ਮਾਲਕਾਂ ਨੂੰ ਵੀ ਦਿੱਤੀ ਜਾ ਸਕਦੀ ਹੈ ਕਿ ਰੱਖੜੀਆਂ ਦੀ ਖਰੀਦ ਮੌਕੇ ਗਾਹਕਾਂ ਨੂੰ ਮੁਫ਼ਤ ਮਾਸਕ ਵੰਡੇ ਜਾਣ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਮਾਸਕ ਦੀ ਵਰਤੋਂ ਨੂੰ ਸਰਗਰਮੀ ਨਾਲ ਪ੍ਰਚਾਰਿਆ ਜਾਵੇ ਕਿਉਂ ਜੋ ਸੂਬੇ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਕੋਵਿਡ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਲਾਜ਼ਮੀ ਤੌਰ ’ਤੇ ਮਾਸਕ ਪਹਿਨਣ ਦੀ ਉਲੰਘਣਾ ਕਰਨ ’ਤੇ ਜੁਰਮਾਨੇ ਵਿੱਚ ਵਾਧਾ ਕਰ ਕੇ ਪਹਿਲਾਂ ਹੀ ਸਾਵਧਾਨ ਕੀਤਾ ਜਾ ਚੁੱਕਾ ਹੈ। ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣ ਮੌਕੇ ਮਾਸਕ ਨਾ ਪਹਿਨਣ ਵਾਲਿਆਂ ’ਤੇ ਜੁਰਮਾਨਾ ਲਾਉਣ ਵਿੱਚ ਪਹਿਲੇ ਸੂਬਿਆਂ ’ਚ ਸ਼ੁਮਾਰ ਪੰਜਾਬ ਵਿੱਚ ਇਸ ਵੇਲੇ ਉਲੰਘਣਾ ਕੀਤੇ ਜਾਣ ’ਤੇ 500 ਰੁਪਏ ਦਾ ਜੁਰਮਾਨਾ ਲਾਇਆ ਜਾ ਰਿਹਾ ਹੈ। ਹਾਲਾਂਕਿ, ਬਹੁਤੇ ਜ਼ਿਲਿਆਂ ਵਿੱਚ ਵੱਡੇ ਪੱਧਰ ’ਤੇ ਉਲੰਘਣਾ ਦੀਆਂ ਰਿਪੋਰਟਾਂ ਆ ਰਹੀਆਂ ਹਨ ਜਿਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਲੋਕਾਂ ਨੇ ਜ਼ਿੰਮੇਵਾਰੀ ਵਾਲਾ ਰਵੱਈਆ ਨਾ ਦਿਖਾਇਆ ਤਾਂ ਜੁਰਮਾਨਾ ਰਾਸ਼ੀ ਵਿੱਚ ਵਾਧਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਹਾਲ ਹੀ ਵਿੱਚ ਸਿਹਤ ਵਿਭਾਗ ਨੂੰ ਬੱਸ ਅੱਡਿਆਂ ਅਤੇ ਹੋਰ ਅਜਿਹੀਆਂ ਜਨਤਕ ਥਾਵਾਂ ’ਤੇ ਮਾਸਕ ਮੁਹੱਈਆ ਕਰਵਾਉਣ ਵਾਲੀਆਂ ਮਸ਼ੀਨਾਂ ਲਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਗਰੀਬਾਂ ਨੂੰ ਰਾਸ਼ਨ ਕਿੱਟਾਂ ਦੇਣ ਮੌਕੇ ਮੁਫ਼ਤ ਮਾਸਕ ਵੀ ਵੰਡੇ ਜਾ ਰਹੇ ਹਨ।
————-
ਪਿ੍ਰੰਸਪਾਲ ਸਿੰਘ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ: ਰਾਣਾ ਸੋਢੀ
ਐਨ.ਬੀ.ਏ. ਲਈ ਚੁਣੇ ਗਏ ਪੰਜਾਬ ਦੇ ਚੌਥੇ ਖਿਡਾਰੀ ਨੂੰ ਦਿੱਤੀਆਂ ਮੁਬਾਰਕਾਂ
ਚੰਡੀਗੜ, 29 ਜੁਲਾਈ:
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੰਯੁਕਤ ਰਾਸ਼ਟਰ ਅਮਰੀਕਾ ਦੀ ਪ੍ਰਮੁੱਖ ਪੇਸ਼ੇਵਾਰਾਨਾ ਬਾਸਕਿਟਬਾਲ ਲੀਗ, ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐਨ.ਬੀ.ਏ.) ਦੀ ਲੀਗ-ਜੀ ਵਿੱਚ ਚੁਣੇ ਜਾਣ ਲਈ ਪਿ੍ਰੰਸਪਾਲ ਸਿੰਘ ਨੂੰ ਵਧਾਈ ਦਿੱਤੀ ਹੈ।
ਐਨ.ਬੀ.ਏ. ਵਿੱਚ ਖੇਡਣ ਲਈ 6 ਫ਼ੁੱਟ 10 ਇੰਚ ਲੰਮੇ 19 ਸਾਲਾ ਖਿਡਾਰੀ ਦੀ ਚੋਣ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਸਤਨਾਮ ਸਿੰਘ ਭਮਰਾ, ਪਾਲਪ੍ਰੀਤ ਸਿੰਘ ਬਰਾੜ ਅਤੇ ਅਮਜੋਤ ਸਿੰਘ ਗਿੱਲ ਤੋਂ ਬਾਅਦ ਪਿ੍ਰੰਸਪਾਲ ਸਿੰਘ ਪੰਜਾਬ ਦਾ ਚੌਥਾ ਅਜਿਹਾ ਖਿਡਾਰੀ ਹੋਵੇਗਾ, ਜਿਸ ਨੇ ਸ਼ਾਨਦਾਰ ਮਾਅਰਕਾ ਮਾਰਿਆ ਹੈ। ਉਨਾਂ ਕਿਹਾ ਕਿ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਅਤੇ ਬਾਸਕਿਟਬਾਲ ਫ਼ੈਡਰੇਸ਼ਨ ਆਫ਼ ਇੰਡੀਆ ਅਧੀਨ ਚੱਲ ਰਹੀ ਵੱਕਾਰੀ ਨਰਸਰੀ ‘ਲੁਧਿਆਣਾ ਬਾਸਕਿਟਬਾਲ ਅਕੈਡਮੀ’ ਵਿੱਚ ਸਿਖਲਾਈ ਪ੍ਰਾਪਤ ਪਿ੍ਰੰਸਪਾਲ ਸਿੰਘ ਨੇ ਇਸ ਉਚਾਈ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।
ਭਵਿੱਖ ਵਿੱਚ ਪਿ੍ਰੰਸਪਾਲ ਸਿੰਘ ਦੇ ਵੱਡੀਆਂ ਮੱਲਾਂ ਮਾਰਨ ਦੀ ਕਾਮਨਾ ਕਰਦਿਆਂ ਰਾਣਾ ਸੋਢੀ ਨੇ ਗੁਰਦਾਸਪੁਰ ਜ਼ਿਲੇ ਵਿੱਚ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਕਾਦੀਆਂ ਗੁੱਜਰਾਂ ਵਿੱਚ ਰਹਿੰਦੇ ਉਸ ਦੇ ਪਿਤਾ ਗੁਰਮੇਜ ਸਿੰਘ ਨੂੰ ਵੀ ਵਧਾਈ ਦਿੱਤੀ, ਜਿਨਾਂ ਨੇ ਉਸ ਨੂੰ ਖੇਡ ਪਿੜ ਵਿੱਚ ਲਿਆਂਦਾ। ਉਨਾਂ ਕਿਹਾ ਕਿ ਪਿ੍ਰੰਸਪਾਲ ਸਿੰਘ ਦਾ ਐਨ.ਬੀ.ਏ. ਵਿੱਚ ਪ੍ਰਵੇਸ਼, ਵਿਸ਼ਵ ਦੀ ਵੱਕਾਰੀ ਲੀਗ ਵਿੱਚ ਖੇਡਣ ਦੇ ਉਸ ਦੇ ਸੁਪਨੇ ਦੇ ਪੂਰਾ ਹੋਣ ਦੇ ਨਜ਼ਦੀਕ ਹੈ। ਪਿ੍ਰੰਸਪਾਲ ਸਿੰਘ ਐਨ.ਬੀ.ਏ. ਦੀ ਜੀ-ਲੀਗ ਵਿੱਚ ਖੇਡਣ ਵਾਲਾ ਤੀਜਾ ਭਾਰਤੀ ਖਿਡਾਰੀ ਹੋਵੇਗਾ। ਉਹ 21 ਮੈਂਬਰੀ ਐਨ.ਬੀ.ਏ.-ਚੋਣ ਟੀਮ ਦੀ ਨੁਮਾਇੰਦਗੀ ਕਰੇਗਾ ਅਤੇ ਐਨ.ਬੀ.ਏ. ਨਾਲ ਉਹ ਸਿੱਧਾ ਇਕਰਾਰਨਾਮਾ ਕਰੇਗਾ। ਐਨ.ਬੀ.ਏ. ਅਕੈਡਮੀ ਦੇ ਗ੍ਰੈਜੂਏਟ ਪਿ੍ਰੰਸਪਾਲ ਸਿੰਘ ਨੇ ਅਗਲੇ ਸੀਜ਼ਨ ਵਿੱਚ ਐਨ.ਬੀ.ਏ. ਦੀ ਜੀ ਲੀਗ ਵਿੱਚ ਖੇਡਣ ਲਈ ਦਸਤਖ਼ਤ ਕੀਤੇ ਹਨ।
ਪੰਜਾਬ ਦੇ ਖੇਡ ਮੰਤਰੀ ਨੇ ਕਿਹਾ ਕਿ ਪਿ੍ਰੰਸਪਾਲ ਸਿੰਘ ਸੂਬੇ ਦੇ ਨੌਜਵਾਨਾਂ ਲਈ ਵੱਡੀ ਪ੍ਰੇਰਣਾ ਹੈ ਕਿਉਂ ਜੋ ਉਸ ਨੇ ਮੁਸ਼ਕਲ ਹਾਲਾਤ ਵਿੱਚ ਵੀ ਸਫ਼ਲਤਾ ਦੇ ਅਸਮਾਨ ਛੂਹੇ। ਹਾਲਾਂਕਿ ਉਹ 14 ਸਾਲ ਦੀ ਉਮਰ ਤੱਕ ਬਾਸਕਿਟਬਾਲ ਦੀਆਂ ਮੁਢਲੀਆਂ ਬਾਰੀਕੀਆਂ ਤੋਂ ਵੀ ਅਣਜਾਣ ਸੀ।
ਜ਼ਿਕਰਯੋਗ ਹੈ ਕਿ ਪਿ੍ਰੰਸਪਾਲ ਸਿੰਘ ਸਾਲ 2017 ਵਿੱਚ ਐਨ.ਬੀ.ਏ. ਅਕੈਡਮੀ ਦਿੱਲੀ ਵਿੱਚ ਸ਼ਾਮਲ ਹੋਇਆ ਅਤੇ ਨਵੰਬਰ 2018 ਵਿੱਚ ਐਨ.ਬੀ.ਏ. ਗਲੋਬਲ ਅਕੈਡਮੀ, ਆਸਟਰੇਲੀਆ ਵਿੱਚ ਚਲਾ ਗਿਆ। ਆਪਣੇ ਐਨ.ਬੀ.ਏ. ਦੇ ਸਫ਼ਰ ਦੌਰਾਨ ਉਸ ਨੇ ਬਾਸਕਿਟਬਾਲ ਵਿਦਾਊਟ ਬਾਰਡਰਜ਼ (ਬੀ.ਡਬਲਯੂ.ਬੀ.) ਏਸ਼ੀਆ 2018, ਬੀ.ਡਬਲਯੂ.ਬੀ. ਗਲੋਬਲ 2018 ਅਤੇ ਐਨ.ਬੀ.ਏ. ਗਲੋਬਲ ਕੈਂਪ 2018 ਵਰਗੇ ਕਈ ਕੌਮਾਂਤਰੀ ਬਾਸਕਿਟਬਾਲ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ। ਪਿ੍ਰੰਸਪਾਲ ਸਿੰਘ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਸੀਨੀਅਰ ਪੁਰਸ਼ ਟੀਮ ਰਾਹੀਂ ਭਾਰਤ ਦੀ ਨੁਮਾਇੰਦਗੀ ਵੀ ਕੀਤੀ।