ਸੀ.ਬੀ.ਆਈ. ਰਾਹੀਂ ਬੇਅਦਬੀ ਜਾਂਚ ਰੋਕ ਕੇ ਮੋਦੀ ਸਰਕਾਰ ਬਾਦਲਾਂ ਨੂੰ ਬਚਾਅ ਕੇ ਸਿਆਸਤ ਵਿਚ ਮੁੜ ਬਹਾਲੀ ਨਹੀਂ ਕਰਵਾ ਸਕਦੀ-ਕਾਂਗਰਸੀ ਮੰਤਰੀ.

ਚੰਡੀਗੜ•, ੧2 ਜੁਲਾਈ: ਪੰਜਾਬ ਦੇ ਤਕਰੀਬਨ ਅੱਧੀ ਦਰਜਨ ਕਾਂਗਰਸੀ ਵਜ਼ੀਰਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਦਬੀ ਦੀਆਂ ਘਟਨਾਵਾਂ ਦੀ ਪੰਜਾਬ ਪੁਲੀਸ ਵਲੋਂ ਕੀਤੀ ਜਾ ਰਹੀ ਜਾਂਚ ਨੂੰ ਹਰ ਹਾਲਤ ਵਿਚ ਸਿਰੇ ਲਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਮੋਦੀ ਸਰਕਾਰ ਹੁਣ ਸੀ.ਬੀ.ਆਈ. ਰਾਹੀਂ ਇਸ ਜਾਂਚ ਨੂੰ ਰੋਕ ਕੇ ਬਾਦਲ ਪਰਿਵਾਰ ਨੂੰ ਬਚਾਉਣ ਅਤੇ ਸਿਆਸਤ ਵਿਚ ਮੁੜ ਬਹਾਲ ਕਰਵਾਉਣ ਵਿਚ ਕਦਾਚਿੱਤ ਵੀ ਸਫ਼ਲ ਨਹੀ ਹੋ ਸਕੇਗੀ।
ਸੂਬਾ ਸਰਕਾਰ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਰਤ ਭੂਸ਼ਨ ਆਸ਼ੂ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਭਲਾਈ ਮੰਤਰੀ ਅਰੁਣਾ ਚੌਧਰੀ ਨੇ ਅੱਜ ਇਥੇ ਇੱਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਲੋਕਾਂ ਦੀ ਕਚਹਿਰੀ ਵਿਚ ਇਹ ਸਿੱਧ ਹੋ ਚੁੱਕਿਆ ਹੈ ਕਿ ਬੇਅਦਬੀ ਦੀਆਂ ਅਤਿ ਨਿੰਦਣਯੋਗ ਘਟਨਾਵਾਂ ਲਈ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖ਼ਬੀਰ ਸਿੰਘ ਬਾਦਲ ਵੀ ਦੋਸ਼ੀ ਹਨ। ਉਹਨਾਂ ਕਿਹਾ ਕਿ ਹੁਣ ਮਾਮਲਾ ਇਹਨਾਂ ਦੋਸ਼ਾਂ ਨੂੰ ਕਾਨੂੰਨ ਦੀ ਕਚਹਿਰੀ ਵਿਚ ਸਿੱਧ ਕਰਨ ਦਾ ਹੈ ਜਿਸ ਲਈ ਲੋਂੜੀਦੇ ਸਬੂਤ ਇਕੱਠੇ ਕਰਨ ਲਈ ਪੰਜਾਬ ਪੁਲੀਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਮੰਤਰੀਆਂ ਨੇ ਕਿਹਾ ਕਿ ਬਾਦਲਾਂ ਨੂੰ ਬਚਾਉਣ ਲਈ ਮੋਦੀ ਸਰਕਾਰ ਸੀ.ਬੀ.ਆਂਈ. ਨੂੰ ਵਰਤ ਕੇ ਪੰਜਾਬ ਪੁਲੀਸ ਵਲੋਂ ਕੀਤੀ ਜਾ ਰਹੀ ਜਾਂਚ ਨੂੰ ਰੋਕਣਾ ਚਾਹੁੰਦੀ ਹੈ ਜਿਸ ਵਿਚ ਸੂਬਾ ਪੁਲੀਸ ਨੇ ਕਾਫ਼ੀ ਮਿਹਨਤ ਨਾਲ ਤਫ਼ਤੀਸ਼ ਕਰ ਕੇ ਉਹਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ•ਾਂ ਨੇ ਡੇਰਾ ਸੱਚਾ ਸੌਦਾ ਦੇ ਮੁੱਖੀ ਦੇ ਕਹਿਣ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦਾ ਘੋਰ ਅਪਰਾਧ ਕੀਤਾ ਸੀ। ਉਹਨਾਂ ਦੋਸ਼ ਲਾਇਆ ਕਿ ਬਾਦਲਾਂ ਨੂੰ ਬੇਅਦਬੀ ਦੀਆਂ ਹਿਰਦੇਵੇਦਕ ਘਟਨਾਵਾਂ ਵਿੱਚ ਹੋਣ ਵਾਲੀਆਂ ਸਜ਼ਾਵਾਂ ਤੋਂ ਬਚਾਅ ਕੇ ਸਿਆਸਤ ਵਿਚ ਮੁੜ ਸਥਾਪਤ ਕਰਨ ਲਈ ਸੀ.ਬੀ.ਆਈ. ਦੀ ਕੀਤੀ ਜਾ ਦੁਰਵਰਤੋਂ ਮੋਦੀ ਸਰਕਾਰ ਦਾ ਬਹੁਤ ਹੀ ਘਟੀਆ ਹੱਥਕੰਡਾ ਹੈ।
ਮੰਤਰੀਆਂ ਨੇ ਕਿਹਾ ਕਿ ਲੋਕਾਂ ਨੂੰ ਭਲੀਭਾਂਤ ਯਾਦ ਹੈ ਕਿ ਬਾਦਲਾਂ ਵਲੋਂ ਉਸ ਸਮੇਂ ਦੋਸ਼ੀਆਂ ਨੂੰ ਬਚਾਉਣ ਅਤੇ ਇਨਸਾਫ਼ ਲੈਣ ਲਈ ਉੱਠੀ ਸ਼ਕਤੀਸ਼ਾਲੀ ਲੋਕ ਲਹਿਰ ਨੂੰ ਦਬਾਉਣ ਲਈ ਚੁੱਕਿਆ ਗਿਆ ਹਰ ਕਦਮ ਗਹਿਰੀ ਸਾਜ਼ਿਸ਼ ਤਹਿਤ ਚੁੱਕਿਆ ਗਿਆ ਸੀ। ਉਹਨਾਂ ਕਿਹਾ ਕਿ ਬਾਦਲਾਂ ਨੇ ਉਸ ਵੇਲੇ ਉੱਠੀ ਲੋਕ ਲਹਿਰ ਦਾ ਮੁਕਾਬਲਾ ਕਰਨ ਲਈ ਸਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਸਦਭਾਵਨਾ ਕਾਨਫਰੰਸਾਂ ਕਰਾਉਣ ਦਾ ਢੌਂਗ ਵੀ ਰਚਿਆ ਸੀ। ਬਾਦਲਾਂ ਨੇ ਇਹੀ ਢੰਗ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਨੂੰ ਲੈ ਕੇ ੨੦੧੮ ਵਿਚ ਲੱਗੇ ਬਰਗਾੜੀ ਇਨਸਾਫ਼ ਮੋਰਚੇ ਸਮੇਂ ਵੀ ਅਪਣਾਇਆ ਸੀ। ਮੰਤਰੀਆਂ ਨੇ ਕਿਹਾ ਕਿ ਬਾਦਲ ਤਾਂ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰ ਕੇ ਡੇਰਾ ਸੱਚਾ ਸੌਧਾ ਮੁਖੀ ਨੂੰ ਮੁਆਫ਼ੀਨਾਮਾ ਦੁਆਉਣ ਤੱਕ ਵੀ ਚਲੇ ਗਏ ਸਨ, ਸਿੱਖ ਪੰਥ ਵਿਚ ਉੱਠੀ ਰੋਹ ਦੀ ਲਹਿਰ ਕਾਰਨ ਇਹ ਮੁਆਫ਼ੀਨਾਮਾ ਵਾਪਸ ਲੈਣਾ ਪਿਆ ਸੀ।