ਖੇਡ ਵਿਭਾਗ ਵੱਲੋਂ ਖੇਲੋ ਇੰਡੀਆ ਯੂਥ ਖੇਡਾਂ ਲਈ ਪੰਜਾਬ ਹਾਕੀ ਟੀਮ ਅੰਡਰ-17 ਅਤੇ ਅੰਡਰ 21 ਦੇ ਚੋਣ ਟਰਾਇਲ ਮੁੜ ਲੈਣ ਦਾ ਫੈਸਲਾ.
ਚੰਡੀਗੜ੍ਹ, 25 ਅਕਤੂਬਰ
ਪੰਜਾਬ ਦੇ ਖੇਡ ਵਿਭਾਗ ਵੱਲੋਂ ਜਨਵਰੀ ਵਿੱਚ ਗੁਵਾਹਟੀ ਵਿਖੇ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਖੇਡਾਂ ਲਈ ਪੰਜਾਬ ਹਾਕੀ ਟੀਮ ਅੰਡਰ-17 ਅਤੇ ਅੰਡਰ 21 ਦੇ ਚੋਣ ਟਰਾਇਲ ਮੁੜ ਲੈਣ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਖੇਡ ਵਿਭਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਐਸ.ਏ.ਐਸ. ਵਿਖੇ 18 ਅਕਤੂਬਰ 2019 ਨੂੰ ਅੰਡਰ-17 ਦੇ ਲੜਕੇ ਤੇ ਲੜਕੀਆਂ ਦੇ ਲਏ ਗਏ ਟਰਾਇਲ ਹੁਣ 30 ਅਕਤੁਬਰ 2019 ਨੂੰ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਜਲੰਧਰ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਹੀ 19 ਅਕਤੂਬਰ 2019 ਨੂੰ ਅੰਡਰ-21 ਦੇ ਲੜਕਿਆਂ ਦੇ ਲਏ ਗਏ ਟਰਾਇਲ ਵੀ 30 ਅਕਤੁਬਰ 2019 ਨੂੰ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਜਲੰਧਰ ਵਿਖੇ ਲਏ ਜਾਣਗੇ।
ਬੁਲਾਰੇ ਅਨੁਸਾਰ ਅੰਡਰ-17 ਦੇ ਖਿਡਾਰੀਆਂ ਦਾ ਜਨਮ 1 ਜਨਵਰੀ 2003 ਜਾਂ ਇਸ ਤੋਂ ਬਾਅਦ ਹੋਣਾ ਚਾਹੀਦਾ ਹੈ ਅਤੇ ਇਹ ਖਿਡਾਰੀ ਕਿਸੇ ਸਕੂਲ ਜਾਂ ਇਸ ਦੇ ਬਰਾਬਰ ਦੀ ਸੰਸਥਾ ਵਿੱਚ ਪੜ੍ਹਦਾ ਹੋਵੇ। ਇਸੇ ਤਰ੍ਹਾਂ ਹੀ ਅੰਡਰ-21 ਦੇ ਖਿਡਾਰੀਆਂ ਦਾ ਜਨਮ 1 ਜਨਵਰੀ 1999 ਜਾਂ ਇਸ ਤੋਂ ਬਾਅਦ ਹੋਣਾ ਚਾਹੀਦਾ ਹੈ ਅਤੇ ਖਿਡਾਰੀ ਕਿਸੇ ਕਾਲਜ/ਯੂਨੀਵਰਸਿਟੀ ਵਿੱਚ ਪੜ੍ਹਦਾ ਹੋਣਾ ਚਾਹੀਦਾ ਹੈ।
ਬੁਲਾਰੇ ਅਨੁਸਾਰ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਤੇ ਰਾਜ ਪੱਧਰ ਦੀਆਂ ਖੇਡਾਂ ਵਿੱਚ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਟਰਾਇਲਾਂ ਦੌਰਾਨ ਤਰਜੀਹ ਦਿੱਤੀ ਜਾਵੇਗੀ। ਖਿਡਾਰੀਆਂ ਨੂੰ ਰਜਿਸਟਰੇਸ਼ਨ ਲਈ ਟਰਾਇਲ ਵਾਲੀ ਥਾਂ ’ਤੇ ਜ਼ਿਲ੍ਹ ਖੇਡ ਅਫਸਰ ਕੋਲ ਸਵੇਰੇ 8 ਵਜੇ ਸਾਰੇ ਸਬੰਧਿਤ ਸਰਟੀਫਿਕੇਟਾਂ ਅਤੇ ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਨਾਲ ਰਿਪੋਰਟ ਕਰਨਾ ਪਵੇਗਾ। ਇਸ ਸਬੰਧ ਵਿੱਚ ਕੋਈ ਵੀ ਟੀ.ਏ.ਡੀ.ਏ ਨਹੀਂ ਦਿੱਤਾ ਜਾਵੇਗਾ।