-550ਵਾਂ ਪ੍ਰਕਾਸ਼ ਪੁਰਬ- ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਅਨਿੰਦਿਤਾ ਮਿੱਤਰਾ.
ਚੰਡੀਗੜ੍ਹ/ਸੁਲਤਾਨਪੁਰ ਲੋਧੀ, 15 ਅਕਤੂਬਰ :
ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਗੁਰੂ ਸਾਹਿਬ ਨਾਲ ਸਬੰਧਤ ਅਸਥਾਨਾਂ ਉੱਪਰ ਵਿਸ਼ਵ ਪੱਧਰੀ ਸਮਾਗਮ ਕਰਵਾਏ ਜਾ ਰਹੇ ਹਨ।
ਉਹ ਅੱਜ ਸੁਲਤਾਨਪੁਰ ਲੋਧੀ ਵਿਖੇ 1 ਤੋਂ 12 ਨਵੰਬਰ ਤੱਕ ਕਰਵਾਏ ਜਾ ਰਹੇ ਡਿਜੀਟਲ ਮਿਊਜ਼ੀਅਮ ਅਤੇ ਆਵਾਜ਼ ਤੇ ਰੋਸ਼ਨੀ ਪ੍ਰੋਗਰਾਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ। ਉਨ੍ਹਾਂ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਮੁੱਖ ਸਮਾਗਮਾਂ ਦੌਰਾਨ ਦੇਸ਼ ਭਰ ਤੋਂ ਆਉਣ ਵਾਲੇ ਪੱਤਰਕਾਰਾਂ ਦੀ ਸਹੂਲਤ ਲਈ ਮੀਡੀਆ ਸੈਂਟਰ ਦੀ ਸਥਾਪਨਾ, ਮੀਡੀਆ ਕਰਮੀਆਂ ਦੀ ਰਿਹਾਇਸ਼ ਅਤੇ ਸ਼ਨਾਖਤੀ ਪਾਸ ਬਣਾਉਣ ਸਬੰਧੀ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਪਵਿੱਤਰ ਬੇਈਂ ਦੇ ਕੰਢੇ ਸਥਾਪਿਤ ਕੀਤੇ ਗਏ ਮੁੱਖ ਪੰਡਾਲ ਨੇੜੇ ਕਰਵਾਏ ਜਾਣ ਵਾਲੇ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਦਾਸੀਆਂ ਅਤੇ ਫਲਸਫ਼ੇ ਤੋਂ ਲੋਕਾਈ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਸੂਬੇ ਭਰ ਵਿਚ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜੋ ਕਿ 10 ਫਰਵਰੀ 2020 ਤੱਕ ਜਾਰੀ ਰਹਿਣਗੇ।
ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਅਤਿ-ਆਧੁਨਿਕ ਤਕਨੀਕਾਂ ਵਾਲੇ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ 10 ਹਜਾਰ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ 1 ਤੋਂ 3 ਨਵੰਬਰ ਤੱਕ ਡਿਜ਼ੀਟਲ ਮਿਊਜ਼ੀਅਮ ਸਵੇਰੇ 7 ਤੋਂ ਸ਼ਾਮ 5.30 ਵਜੇ ਤੱਕ ਸੰਗਤ ਲਈ ਖੁੱਲ੍ਹਾ ਰਹੇਗਾ। ਇਸ ਤੋਂ ਇਲਾਵਾ 45 ਮਿੰਟ ਦਾ ਲਾਈਟ ਤੇ ਸਾਊਂਡ ਸ਼ੋਅ 2 ਤੇ 3 ਨਵੰਬਰ ਨੂੰ ਸ਼ਾਮ 6.15 ਤੋਂ ਸ਼ਾਮ 7 ਵਜੇ ਤੱਕ ਅਤੇ 7.45 ਤੋਂ 8.30 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ 4 ਤੋਂ 9 ਨਵੰਬਰ ਤੱਕ ਇਹ ਪ੍ਰੋਗਰਾਮ ਰੋਜ਼ਾਨਾ ਸ਼ਾਮ 7 ਤੋਂ 7.45 ਤੱਕ ਹੋਵੇਗਾ, ਜਦਕਿ 10, 11 ਤੇ 12 ਨਵੰਬਰ ਨੂੰ ਸ਼ੋਅ 7 ਤੋਂ 7.45 ਅਤੇ 8.30 ਤੋਂ 9.15 ਤੱਕ ਹੋਣਗੇ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸੰਗਤ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕਰਨ ਦੇ ਨਿਰਦੇਸ਼ ਵੀ ਦਿੱਤੇ।
ਉਨ੍ਹਾਂ ਦੱਸਿਆ ਕਿ ਵਰਤਮਾਨ ਸਮੇਂ ਇਹ ਪ੍ਰੋਗਰਾਮ ਜਲੰਧਰ ਜ਼ਿਲ੍ਹੇ ਵਿਚ ਚੱਲ ਰਹੇ ਹਨ, ਜੋ ਕਿ ਅੱਗੋਂ 19 ਤੋਂ 21 ਨੂੰ ਆਈ.ਐਫ.ਐਸ. ਕਾਲਜ ਘੱਲ ਕਲਾਂ ਮੋਗਾ, 23 ਤੋਂ 25 ਨੂੰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ, 1 ਤੋਂ 3 ਨਵੰਬਰ ਨੂੰ ਵੀ.ਵੀ.ਆਈ.ਪੀ. ਪਾਰਕਿੰਗ ਸੁਲਤਾਨਪੁਰ ਲੋਧੀ, 5 ਤੋਂ 7 ਨਵੰਬਰ ਨੂੰ ਬਹੁਤਕਨੀਕੀ ਕਾਲਜ ਬਟਾਲਾ, 9 ਤੋਂ 11 ਨਵੰਬਰ ਨੂੰ ਦਾਣਾ ਮੰਡੀ ਡੇਰਾ ਬਾਬਾ ਨਾਨਕ, 13 ਤੋਂ 15 ਨਵੰਬਰ ਨੂੰ ਪਠਾਨਕੋਟ ਸ਼ਹਿਰ, 17 ਤੋਂ 19 ਪੁੱਡਾ ਮੈਦਾਨ ਗੁਰਦਾਸਪੁਰ, 21 ਤੋਂ 23 ਰੌਸ਼ਨ ਮੈਦਾਨ ਹੁਸ਼ਿਆਰਪੁਰ, 25 ਤੋਂ 27 ਐਸ.ਬੀ.ਐਸ. ਨਗਰ ਸ਼ਹਿਰ, 29 ਨਵੰਬਰ ਤੋਂ 1 ਦਸੰਬਰ ਨੂੰ ਨਹਿਰੂ ਸਟੇਡੀਅਮ ਰੋਪੜ, 3 ਤੋਂ 5 ਦਸੰਬਰ ਨੂੰ ਚੰਡੀਗੜ•, 7 ਤੋਂ 9 ਦਸੰਬਰ ਫ਼ਤਹਿਗੜ• ਸਾਹਿਬ ਸ਼ਹਿਰ, 11 ਤੋਂ 13 ਪਟਿਆਲਾ ਸ਼ਹਿਰ, 15 ਤੋਂ 17 ਸੰਗਰੂਰ ਸ਼ਹਿਰ, 19 ਤੋਂ 21 ਦਸੰਬਰ ਬਰਨਾਲਾ ਸ਼ਹਿਰ, 23 ਤੋਂ 25 ਦਸੰਬਰ ਮਾਨਸਾ ਸ਼ਹਿਰ, 15 ਤੋਂ 17 ਜਨਵਰੀ 2020 ਨੂੰ ਬਠਿੰਡਾ ਸ਼ਹਿਰ, 19 ਤੋਂ 21 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਸ਼ਹਿਰ, 23 ਤੋਂ 25 ਫ਼ਾਜ਼ਿਲਕਾ ਸ਼ਹਿਰ, 27 ਤੋਂ 29 ਫ਼ਰੀਦਕੋਟ ਸ਼ਹਿਰ, 31 ਜਨਵਰੀ ਤੋਂ 2 ਫ਼ਰਵਰੀ ਨੂੰ ਫ਼ਿਰੋਜ਼ਪੁਰ ਸ਼ਹਿਰ, 4 ਤੋਂ 6 ਫ਼ਰਵਰੀ ਨੂੰ ਤਰਨ ਤਾਰਨ ਸ਼ਹਿਰ ਅਤੇ 8 ਤੋਂ 10 ਫ਼ਰਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਅਤੇ ਡਿਜੀਟਲ ਮਿਊਜ਼ੀਅਮ ਲਗਾਏ ਜਾਣਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਿਜੀਟਲ ਮਿਊਜ਼ੀਅਮ ਅਤੇ ਆਵਾਜ਼ ਤੇ ਰੋਸ਼ਨੀ ਪ੍ਰੋਗਰਾਮਾਂ ਵਿਚ ਪਰਿਵਾਰਾਂ ਸਮੇਤ ਵੱਧ-ਚੜ੍ਹ ਕੇ ਸ਼ਿਰਕਤ ਕਰਨ।