ਪੰਜਾਬ ਸਰਕਾਰ ਸੀ.ਆਈ.ਸੀ.ਯੂ. ਤੇ ਜੀ.ਐਨ.ਡੀ.ਈ.ਸੀ. ਦੇ ਸਹਿਯੋਗ ਨਾਲ ਸੂਖਮ ਤੇ ਲਘੂ ਉਦਯੋਗਾਂ ‘ਚ ਖੋਜ ਤੇ ਨਵੀਨਤਾਕਾਰੀ ਨੂੰ ਕਰੇਗੀ ਉਤਸਾਹਤ..

ਚੰਡੀਗੜ, 8 ਅਕਤੂਬਰ:
ਸੂਬੇ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਵਿਚ ਖੋਜ ਅਤੇ ਨਵੀਨਤਾਕਾਰੀ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ, ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ.), ਲੁਧਿਆਣਾ ਅਤੇ ਜੀ.ਐਨ.ਡੀ.ਈ.ਸੀ. ਸਾਂਝੇ ਤੌਰ ’ਤੇ ਉਪਰਾਲੇ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੇ ਸੀ.ਆਈ.ਸੀ.ਯੂ., ਲੁਧਿਆਣਾ ਦੇ ਇੰਡਸਟ੍ਰੀਅਲ ਐਸੋਸੀਏਸ਼ਨ ਮੈਂਬਰਾਂ ਨਾਲ ਇੱਕ ਮੀਟਿੰਗ ਆਯੋਜਿਤ ਕੀਤੀ ਜਿੱਥੇ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਕੇਸ਼ ਵਰਮਾ ਨੇ ਉਦਯੋਗਪਤੀਆਂ ਨੂੰ ਸੂਬੇ ਵਿੱਚ ਖੋਜ ਤੇ ਨਵੀਨਤਾਕਾਰੀ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵਲੋਂ ਚਲਾਏ ‘ਮਿਸ਼ਨ ਇਨੋਵੇਟਿਵ ਪੰਜਾਬ’ ਤੋਂ ਜਾਣੂ ਕਰਵਾਇਆ। ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਸੂਬੇ ਵਿੱਚ ਇਹ ਮਿਸ਼ਨ ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ, ਉਦਯੋਗਾਂ, ਸਰਕਾਰੀ ਵਿਭਾਗਾਂ ਅਤੇ ਫੰਡਿੰਗ ਏਜੰਸੀਆਂ ਦੀ ਭਾਈਵਾਲੀ ਨਾਲ ਚਲਾਇਆ ਜਾਵੇਗਾ। ਉਦਯੋਗਪੀਆਂ ਨੂੰ ਮਾਈਕਰੋ, ਛੋਟੇ ਤੇ ਮੱਧਮ ਇੰਟਰਪ੍ਰਾਈਜ਼ਾਂ(ਐਮ.ਐਸ.ਐਮ.ਈ.) ਉੱਤੇ ਇਨੋਵੇਸ਼ਨ ਦੇ ਪ੍ਰਭਾਵ ਸਬੰਧੀ ਜਾਗਰੂਕ ਕਰਵਾਇਆ।
ਲੁਧਿਆਣਾ ਸੂਬੇ ਵਿੱਚ ਉਤਪਾਦਕ ਸਰਗਰਮੀਆਂ ਦਾ ਧੁਰਾ ਹੋਣ ਕਰਕੇ ਪ੍ਰਮੁੱਖ ਸਕੱਤਰ ਨੇ ਸੀ.ਆਈ.ਸੀ.ਯੂ ਦੇ ਮੈਂਬਰਾਂ ਨੂੰ ਇਨੋਵੇਸ਼ਨ ਅਧਾਰਤ ਆਧੁਨਿਕ ਉਤਪਾਦਨ ਤਕਨਾਲੋਜੀ ਅਖ਼ਤਿਆਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਉ ਦੀ ਅਪੀਲ ਕੀਤੀ।
ਉਦਯੋਗਾਂ ਨੂੰ ਸਮੇਂ ਦੇ ਹਾਣੀ ਬਣਾਉਣ ਤਹਿਤ ਵੱਖ-ਵੱਖ ਵਿਚਾਰ ਵਟਾਂਦਰੇ ਵੀ ਕਰਵਾਏ ਗਏ ਤਾਂ ਨਵੀਂ ੳਦਯੋਗਿਕ ਤਕਨਾਲੋਜੀ 4.0 ਨੂੰ ਆਪਣੇ ਕਲਾਵੇ ਵਿੱਚ ਲਿਆ ਜਾ ਸਕੇ। ਨਵੀਂ ੳਤਪਦਾਨ ਤਕਨਾਲੋਜੀ ਨਾਲ ਨਾ ਕੇਵਲ ਪੈਦਾਵਰ ਸਗੋਂ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ ਅਤੇ ਸਾਡੇ ਉਦਯੋਗ ਆਲਮੀ ਪੱਧਰ ਦੇ ਹੋ ਸਕਣਗੇ।
ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਐਮ.ਐਸ.ਐਮ.ਈ ਦੀ ਕਾਰਜ ਸਮਰੱਥਾ ਵਿੱਚ ਵਾਧੇ ਦੇ ਬਾਵਜੂਦ ਮੌਜੂਦਾ ਹਾਲਾਤਾਂ ਵਿੱਚ ਐਮ.ਐਸ.ਐਮ.ਈ ਲਈ ਨਵੇਂ ਉਦਯੋਗ 4.0 ਨਾਲ ਮੁਕਾਬਲਾ ਕਰਨਾ ਬਹੁਤ ਵੱਡੀ ਚੁਣੌਤੀ ਹੈ। ਸਰਕਾਰ ਅਤੇ ਸੀ.ਆਈ.ਸੀ.ਯੂ ਨੇ ਅਜਿਹੇ ਸੰਸਥਾਨਾ ਦੀ ਚੋਣ ਕਰਨ ਲਈ ਸਹਿਮਤੀ ਪ੍ਰਗਟਾਈ ਹੈ ਜੋ ਉਦਯੋਗ 4.0 ਲਗਾਉਣ ਲਈ ਲੋੜੀਂਦੀ ਸਮਰੱਥਾ ਰੱਖਦੇ ਹਨ।
ਰਾਕੇਸ਼ ਵਰਮਾ ਨੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦਾ ਦੌਰਾ ਵੀ ਕੀਤਾ ਜਿਸ ਕੋਲ ਵਾਤਾਵਰਣ, ਸੂਚਨਾ ਤਕਨਾਲੋਜੀ, ਉਤਪਾਦਨ ਤੇ ਐਡਿਟਿਵ ਉਤਪਾਦਨ ਸਬੰਧੀ ਚੋਖਾ ਮਾਹੌਲ ਤੇ ਤਜਰਬਾ ਹੈ। ਇਸਦੇ ਨਾਲ ਹੀ ਇਹ ਅਦਾਰਾ ਉਦਯੋਗਾਂ ਨਾਲ ਮਿਲ ਕੇ ਆਪਣੀਆਂ ਲੈਬਾਂ ਨੂੰ ਉਦਯੋਗ 4.0 ਦੇ ਹਾਣ ਦਾ ਕਰਨ ਲਈ ਅਪਗਰੇਡ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਦਾ ਰਹਿੰਦਾ ਹੈ ਤਾਂ ਜੋ ਐਮ.ਐਸ.ਐਮ.ਈ ਤੋਂ ਉਦਯੋਗ 4.0 ਵੱਲ ਮੁੜਿਆ ਜਾ ਸਕੇ ਅਤੇ ਤਕਨੀਕੀ ਤੌਰ ’ਤ ਹੁਨਰਮੰਦ ਕਿਰਤੀ ਪੈਦਾ ਕੀਤੇ ਜਾ ਸਕਣ।