ਪੰਜਾਬ ਦੇ ਮੁੱਖ ਮੰਤਰੀ ਦੀ ਬੇਨਤੀ ’ਤੇ ਰੇਲਵੇ ਨੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੱਕ ਐਕਸਪ੍ਰੈਸ ਰੇਲ ਗੱਡੀ ਚਲਾਉਣ ਦੀ ਦਿੱਤੀ ਸਹਿਮਤੀ.

ਚੰਡੀਗੜ, 11 ਸਤੰਬਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਇਸ ਇਤਿਹਾਸਕ ਸ਼ਹਿਰ ਨੂੰ ਰੇਲ ਰਾਹੀਂ ਨਵੀਂ ਦਿੱਲੀ ਨਾਲ ਜੋੜਨ ਲਈਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਬੇਨਤੀ ਨੂੰ ਮੰਨਦਿਆਂ ਕੇਂਦਰ ਸਰਕਾਰ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ।

ਰੇਲਵੇ ਮੰਤਰਾਲੇ ਨੇ 4 ਅਕਤੂਬਰ 2019 ਤੋਂ ਨਵੀਂ ਦਿੱਲੀ-ਲੁਧਿਆਣਾ ਸ਼ਤਾਬਦੀ ਨੂੰ ਇੰਟਰ ਸਿਟੀ ਐਕਸਪ੍ਰੈਸ ਵਜੋਂ ਹਫਤੇ ਵਿੱਚ ਪੰਜ ਦਿਨ ਲੋਹੀਆ ਖਾਸ ਤੱਕ ਚਲਾਉਣ ਦਾ ਫੈਸਲਾ ਕੀਤਾ ਹੈ ਜਿਹੜੀ ਸੁਲਤਾਨਪੁਰ ਲੋਧੀ ਵਿਖੇ ਉਚੇਚੇ ਤੌਰ ’ਤੇ ਰੋਕੇਗੀ।

ਇਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲੇ ਸਿੱਖ ਗੁਰੂ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੀਂ ਐਕਸਪ੍ਰੈਸ ਰੇਲ ਗੱਡੀ ਚਲਾਉਣ ਲਈ ਰੇਲਵੇ ਮੰਤਰਾਲੇ ਨੂੰ ਲਿਖੇ ਪੱਤਰ ਦੇ ਜਵਾਬ ਵਿੱਚ ਕੀਤਾ ਗਿਆ ਹੈ।

ਇੰਟਰ ਸਿਟੀ ਐਕਸਪ੍ਰੈਸ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸਵੇਰੇ 7.00 ਵਜੇ ਰਵਾਨਾ ਹੋਵੇਗੀ ਜਿਹੜੀ ਲੁਧਿਆਣਾ ਤੇ ਜਲੰਧਰ ਹੁੰਦੀ ਹੋਈ ਦੁਪਹਿਰ ਬਾਅਦ 2.40 ਵਜੇ ਸੁਲਤਾਨਪੁਰ ਲੋਧੀ ਪੁੱਜੇਗੀ। ਇਹ ਰੇਲ ਗੱਡੀ ਵਾਪਸੀ ਦਾ ਸਫਰ ਲੋਹੀਆ ਖਾਸ ਤੋਂ ਦੁਪਹਿਰ ਬਾਅਦ 3.35 ਵਜੇ ਸ਼ੁਰੂ ਕਰਕੇ ਨਵੀਂ ਦਿੱਲੀ ਵਿਖੇ ਰਾਤ 11 ਵਜੇ ਪਹੁੰਚੇਗੀ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਰੇਲਵੇ ਮੰਤਰਾਲੇ ਨੂੰ ਸੁਲਤਾਨਪੁਰ ਲੋਧੀ ਲਈ ਹੋਰ ਵੀ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਇਥੇ ਪੁੱਜਣ ਵਿੱਚ ਕੋਈ ਦਿੱਕਤ ਨਾ ਆਵੇ। ਸੁਲਤਾਨਪੁਰ ਲੋਧੀ ਉਹ ਇਤਿਹਾਸਕ ਸ਼ਹਿਰ ਹੈ ਜਿੱਥੋਂ ਪਹਿਲੇ ਸਿੱਖ ਗੁਰੂ ਜੀ ਦਾ ਰੂਹਾਨੀਅਤ ਦਾ ਸਫ਼ਰ ਸ਼ੁਰੂ ਹੋਇਆ ਅਤੇ ਆਪਣੀ ਜ਼ਿੰਦਗੀ ਦੇ 17 ਵਰੇ ਬਤੀਤ ਕੀਤੇ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਉਮੀਦ ਹੈ ਕਿ 1 ਨਵੰਬਰ ਤੋਂ ਸ਼ੁਰੂ ਹੋ ਰਹੇ ਸਮਾਗਮਾਂ ਨੂੰ ਦੇਖਦਿਆਂ ਰੇਲਵੇ ਮੰਤਰਾਲਾ ਸੂਬੇ ਵਿੱਚੋਂ ਆਉਣ ਵਾਲੇ ਸ਼ਰਧਾਲੂਆਂ ਲਈ ਛੋਟੀ ਦੂਰੀ ਅਤੇ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਦੂਰੀ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾਵੇ।

ਬੁਲਾਰੇ ਨੇ ਇਹ ਵੀ ਦੱਸਿਆ ਕਿ ਰੇਲਵੇ ਵੱਲੋਂ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਵੀ ਅੱਪਗ੍ਰੇਡ ਕੀਤਾ ਜਾ ਰਿਹਾ ਹੈ ਜਿਸ ਦਾ ਕੰਮ ਨਵੰਬਰ ਮਹੀਨੇ ਹੋਣ ਵਾਲੇ ਇਤਿਹਾਸਕ ਸਮਾਗਮਾਂ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ।

—–

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

‘ਮਿਸ਼ਨ ਇਨੋਵੇਟ ਪੰਜਾਬ’ ਤਹਿਤ ‘ਇਨੋਵੇਸ਼ਨ ਅਤੇ ਤਕਨਾਲੋਜੀ ਸੰਮੇਲਨ‘ 5 ਨਵੰਬਰ ਨੂੰ ਕਰਵਾਇਆ ਜਾਵੇਗਾ

ਸੰਮੇਲਨ ਪੰਜਾਬ ਨੂੰ ਨਵੀਆਂ ਖੋਜਾਂ ਲਈ ਆਲਮੀ ਥਾਂ ਵਜੋਂ ਕਰੇਗਾ ਸਥਾਪਿਤ: ਰਾਕੇਸ਼ ਵਰਮਾ

ਸਾਇੰਸ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਸਬੰਧਿਤ ਧਿਰਾਂ ਨਾਲ ਸੰਮੇਲਨ ਤੋਂ ਪਹਿਲਾਂ ਕੀਤੀ ਵਿਚਾਰ-ਚਰਚਾ

ਚੰਡੀਗੜ, 11 ਸਤੰਬਰ: ਮਿਸ਼ਨ ਇਨੋਵੇਟ ਪੰਜਾਬ ਨੂੰ ਹੋਰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ 5 ਨਵੰਬਰ ਨੂੰ ਇਨੋਵੇਸ਼ਨ ਅਤੇ ਤਕਨਾਲੋਜੀ ਸੰਮੇਲਨ 2019 ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦਾ ਮੰਤਵ ਪੰਜਾਬ ਨੂੰ ਨਵੀਆਂ ਖੋਜਾਂ ਲਈ ਆਲਮੀ ਥਾਂ ਵਜੋਂ ਸਥਾਪਿਤ ਕਰਨਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਮੁੱਖ ਸਕੱਤਰ ਸਾਇੰਸ ਤਕਨਾਲੋਜੀ ਅਤੇ ਵਾਤਾਵਰਨ ਸ੍ਰੀ ਰਾਕੇਸ਼ ਵਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਸੰਮੇਲਨ ਪੰਜਾਬ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ‘ਮਿਸਨ ਇਨੋਵੇਟ ਪੰਜਾਬ’ ਤਹਿਤ ਖੋਜ ਅਤੇ ਨਵੀਨਤਾ ਲਈ ਸੁਚਾਰੂ ਮਾਹੌਲ ਵਿਕਸਿਤ ਕਰਨ ਸਬੰਧੀ ਇਕ ਪ੍ਰਭਾਵਸ਼ਾਲੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਮੁਕਾਬਲੇਬਾਜੀ, ਆਰਥਿਕ ਵਿਕਾਸ ਅਤੇ ਰੁਜਗਾਰ ਉੱਤਪਤੀ ਨੂੰ ਹੁਲਾਰਾ ਦਿੱਤਾ ਜਾ ਸਕੇ।

ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਵਿਖੇ ਵਿਦਿਅਕ ਅਤੇ ਖੋਜ ਸੰਸਥਾਵਾਂ ਦੇ ਮੁੱਖੀਆਂ ਨਾਲ ਇਸ ਸਬੰਧੀ ਰੂਪ-ਰੇਖਾ ਤਿਆਰ ਕਰਨ ਸਬੰਧੀ ਕੀਤੀ ਗਈ ਪ੍ਰੀ-ਸੰਮੇਲਨ ਮੀਟਿੰਗ ਦੌਰਾਨ ਸ੍ਰੀ ਰਾਕੇਸ਼ ਵਰਮਾ ਨੇ ਕਿਹਾ ਕਿ ਅਧੁਨਿਕ ਖੋਜ ਤੇ ਨਵੀਨਤਮ ਢਾਂਚੇ ਵਾਲੀਆਂ ਨੈਟਵਰਕਿੰਗ ਸੰਸਥਾਵਾਂ ਦੀ ਸਰਗਰਮ ਸ਼ਮੂਲੀਅਤ ਜ਼ਰੀਏ ਊਸਾਰੂ ਮਾਹੌਲ ਸਿਰਜਣ ਲਈ ਉਪਰਾਲੇ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ। ਉਹਨਾਂ ਅੱਗੇ ਕਿਹਾ ਕਿ ਇਸ ਸਬੰਧ ਵਿਚ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੀ ਅਗਵਾਈ ਹੇਠ ਪੰਜਾਬ ਰਿਸਰਚ ਐਂਡ ਇਨੋਵੇਸਨ ਲਈ ਇਕ ਕੌਂਸਲ ਸਥਾਪਤ ਕੀਤੀ ਜਾ ਚੁੱਕੀ ਹੈ।

ਇਸ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਮੀਟਿੰਗ ਵਿਚ ਵੱਖ-ਵੱਖ ਮੁੱਦੇ ਜਿਵੇਂ ਸੰਸਥਾਵਾਂ ਨਾਲ ਸਾਂਝੇਦਾਰੀ, ਉਦਘਾਟਨੀ ਪ੍ਰੋਗਰਾਮ ਲਈ ਜਿਹਨਾਂ ਸ਼ਖਸ਼ੀਅਤਾਂ ਨੂੰ ਸੱਦਾ ਦੇਣਾ ਹੈ, ਤਕਨੀਕੀ ਸੈਸ਼ਨਾਂ ਦੀ ਜਾਣਕਾਰੀ, ਫੰਡਿੰਗ ਸੰਭਾਵਨਾਵਾਂ, ਸੰਸਥਾਵਾਂ/ਸਟਾਰਟ-ਅੱਪਸ ਨੂੰ ਸਨਮਾਨਿਤ ਕਰਨ ਸਬੰਧੀ ਮੁੱਦੇ ਵੀ ਵਿਚਾਰੇ ਗਏ।

ਪ੍ਰਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ‘ਲਿਵਰੇਜਿੰਗ ਪੰਜਾਬ ਐਜ਼ ਲੈਂਡ ਆਫ ਅਪਰਚੁਨਟੀਜ਼ ਫਾਰ ਇਨੋਵੇਸ਼ਨਸ‘ ‘ਤੇ ਉਦਘਾਟਨੀ ਸੈਸ਼ਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਮਿਸ਼ਨ ਇਨੋਵੇਟ ਪੰਜਾਬ ਲਾਂਚ ਕੀਤਾ ਜਾਵੇਗਾ, ਜਿਥੇ ਸਰਕਾਰ, ਅਕੈਡਮੀਆਂ, ਉਦਯੋਗਾਂ, ਇਨੋਵੇਸ਼ਨ ਅਤੇ ਰਿਸਰਚ ਸੰਸਥਾਵਾਂ ਦੇ ਕੌਮੀ ਅਤੇ ਕੌਮਾਂਤਰੀ ਬੁਲਾਰੇ ਰਿਸਰਚ ਅਤੇ ਇਨੋਵੇਸ਼ਨ ਲਈ ਪੰਜਾਬ ਨੂੰ ਉਭਰ ਰਹੇ ਥਾਂ ਵਜੋਂ ਦਰਸਾਉਣ ਲਈ ਉਪਲੱਬਧ ਮੌਕਿਆਂ ਅਤੇ ਸਮਰੱਥਾਵਾਂ ‘ਤੇ ਚਾਨਣਾ ਪਾਉਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸੂਬੇ ਵਿਚ ਰਿਸਰਚ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਸਬੰਧੀ ਮਿਸ਼ਨ ਇਨੋਵੇਟ ਪੰਜਾਬ, ਸੰਮੇਲਨ ਵਿਚ ਵਿਚਾਰਨ ਲਈ ਵਾਤਾਵਰਨ ਤਬਦੀਲੀ ‘ਤੇ ਡਰਾਫਟ ਸਟੇਟ ਐਕਸ਼ਨ ਪਲਾਨ (ਐਸ.ਏ.ਪੀ.ਸੀ.ਸੀ.) ਅਤੇ ਡੀ.ਐਸ.ਟੀ.ਈ., ਪੰਜਾਬ ਸਰਕਾਰ ਦੀ ਆਰ ਐਂਡ ਆਈ ਸੰਸਥਾਵਾ ਨਾਲ ਸਾਂਝੇਦਾਰੀ ਸਬੰਧੀ ਰੂਪ-ਰੇਖਾ ਵੀ ਜਾਰੀ ਕਰਨਗੇ।

ਸੰਮੇਲਨ ਦੇ ਅੰਤ ਵਿਚ ਖੋਜ ਅਤੇ ਸੂਬੇ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਖੋਜ ਸੰਸਥਾਵਾਂ/ਉਦਯੋਗਾਂ/ਸਟਾਰਟ-ਅੱਪਸ ਨੂੰ ਇਨੋਵੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮਹਾਰਾਜ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ, ਬਠਿੰਡਾ ਦੇ ਉਪ-ਕੁੱਲਪਤੀ ਪ੍ਰੋ. ਮੋਹਨ ਪਾਲ ਸਿੰਘ ਇਸ਼ਰ, ਡੀ.ਏ.ਵੀ. ਯੂਨੀਵਰਸਿਟੀ, ਜਲੰਧਰ ਦੇ ਉਪ-ਕੁੱਲਪਤੀ ਡਾ. ਦੇਸ਼ ਬੰਧੂ, ਐਨ.ਆਈ.ਟੀ. ਜਲੰਧਰ ਦੇ ਡਾਇਰੈਕਟਰ ਪ੍ਰੋ. ਲਲਿਤ ਕੁਮਾਰ ਅਵਸਥੀ, ਪੀ.ਟੀ.ਯੂ. ਕਪੂਰਥਲਾ ਤੋਂ ਡੀਨ ਆਰ ਐਂਡ ਡੀ, ਆਈ.ਆਈ.ਟੀ. ਰੋਪੜ, ਪੀ.ਜੀ.ਆਈ. ਚੰਡੀਗੜ, ਕੇਂਦਰੀ ਯੂਨੀਵਰਸਿਟੀ ਬਠਿੰਡਾ, ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ, ਨਵੀਂ ਦਿੱਲੀ ਅਤੇ ਪੰਜਾਬੀ ਯੂਨੀਵਰਸਿਟਚੀ ਵਰਗੀਆਂ ਸੰਸਥਾਵਾਂ ਦੇ ਪ੍ਰੋਫੈਸਰ ਅਤੇ ਸੀਨੀਅਰ ਫੈਕਲਟੀਜ਼ ਹਾਜ਼ਰ ਸਨ।

—————–

ਵਿਜੀਲੈਂਸ਼ ਬਿਓਰੋ, ਪੰਜਾਬ

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੁਪਰਡੰਟ 30,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਚੰਡੀਗੜ, 11 ਸਤੰਬਰ :

ਵਿਜੀਲੈਂਸ ਬਿਓਰੋ ਪੰਜਾਬ ਨੇ ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ-3, ਬਠਿੰਡਾ ਵਿਖੇ ਤਾਇਨਾਤ ਸੁਪਰਡੰਟ ਨੂੰ 30,000 ਰੁਪਏ ਰਿਸ਼ਵਤ ਲੈਂਦਿਆ ਕਾਬੂ ਕੀਤਾ ਹੈ।

ਅੱਜ ਇਥੇ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੁਪਰਡੰਟ ਉਮੇਸ਼ ਕੁਮਾਰ ਨੂੰ ਲਖਵੀਰ ਸਿੰਘ ਵਾਸੀ ਸਾਦਿਕ ਰੋਡ, ਫਰੀਦਕੋਟ ਦੀ ਸ਼ਿਕਾਇਤ ਤੇ ਗਿ੍ਰਫਤਾਰ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਵਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ-3, ਬਠਿੰਡਾ ਵਿਖੇ 9 ਮੋਬਾਈਲ ਵਾਟਰ ਟੈਂਕਰ ਸਪਲਾਈ ਕੀਤੇ ਸਨ। ਇਨਾਂ ਟੈਂਕਰਾਂ ਦੇ ਬਿਲ (12,13,200 ਰੁਪਏ) ਦੀ ਅਦਾਇਗੀ ਕਰਨ ਬਦਲੇ ਉਮੇਸ਼ ਕੁਮਾਰ ਸੁਰਪਡੈਂਟ ਵਲੋਂ 35,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ ਅਤੇ ਸੋਦਾ 30,000 ਰੁਪਏ ਵਿਚ ਤੈਅ ਹੋਇਆ ਹੈ।

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਸੁਪਰਡੰਟ ਨੰੂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।

ਉਕਤ ਦੋਸ਼ੀ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭਿ੍ਰਸ਼ਟਾਚਾਰ ਰੋਕੂ ਕਾਨੰੂਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਬਠਿੰਡਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

——————-

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਬਾਦਲ ਪਰਿਵਾਰ ਨੇ ਹਮੇਸ਼ਾ ਹੀ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕੀਤੀ – ਤਿ੍ਰਪਤ ਬਾਜਵਾ

ਹਰਸਿਮਰਤ ਬਾਦਲ ਹੋੋਰਨਾਂ ਉੱਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਫੇਰੇ

ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਨਿਮਾਣੇ ਸਿੱਖ ਵਜੋੋਂ ਅਕਾਲ ਤਖ਼ਤ ਸਾਹਿਬ ਉੱਤੇ ਗਏ

ਪੰਜਾਬ ਸਰਕਾਰ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਹਰ ਸਹਿਯੋੋਗ ਦੇ ਰਹੀ ਹੈ

ਚੰਡੀਗੜ, 11 ਸਤੰਬਰ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੇਠੀ ਕਰਨ ਦੇ ਲਾਏ ਗਏ ਦੋਸ਼ ਨੂੰ ਪੂਰੀ ਤਰਾਂ ਨਕਾਰਦਿਆਂ, ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਇੱਕ ਨਹੀਂ ਅਨੇਕਾਂ ਵਾਰੀ ਸਿੱਖ ਪੰਥ ਦੇ ਇਸ ਸਰਬ ਉੱਚ ਅਸਥਾਨ ਦੀ ਅਜ਼ਮਤ ਨੂੰ ਢਾਹ ਲਾਈ ਹੈ।

ਸ੍ਰੀ ਬਾਜਵਾ ਨੇ ਕਿਹਾ ਕਿ 31 ਦਸੰਬਰ 1998 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਇੱਕ ਹੁਕਮਨਾਮਾ ਜਾਰੀ ਕਰਕੇ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਨੂੰ ਹਦਾਇਤ ਕੀਤੀ ਸੀ ਕਿ ਖਾਲਸਾ ਪੰਥ ਦੀ ਤੀਜੀ ਸਿਰਜਨਾ ਸ਼ਤਾਬਦੀ ਤੋਂ ਪਹਿਲਾਂ ਕੋਈ ਵੀ ਧੜਾ ਇੱਕ ਦੂਜੇ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਕਰੇ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਸਤਾ ਦੇ ਬਲਬੂਤੇ 16 ਮਾਰਚ, 1999 ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਹਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਸ਼ਰੇਆਮ ਉਲੰਘਣਾ ਕਰਕੇ ਇਸ ਦੀ ਸਰਬਉਚਤਾ ਨੂੰ ਚੁਣੋਤੀ ਦਿੱਤੀ ਸੀ।

ਪੰਚਾਇਤ ਮੰਤਰੀ ਨੇ ਕਿਹਾ ਕਿ ਇਸ ਉਲੰਘਣਾ ਦੇ ਦੋਸ਼ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਜਦੋਂ ਸਬੰਧਤ ਅਕਾਲੀ ਦਲ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਤਲਬ ਕੀਤਾ ਤਾਂ ਤਲਬੀ ਵਾਲੇ ਦਿਨ ਤੋਂ ਪਹਿਲਾਂ ਹੀ ਜੱਥੇਦਾਰ ਭਾਈ ਰਣਜੀਤ ਸਿੰਘ ਨੂੰ ਅਹੁਦੇ ਤੋਂ ਲਾਹ ਕੇ ਇੱਕ ਵਾਰ ਫਿਰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੀ ਪਦਵੀ ਦੀ ਤੌੌਹੀਨ ਕਰਨ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜਮਤ ਨੂੰ ਢਾਹ ਲਾਈ।

ਸ੍ਰੀ ਬਾਜਵਾ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਿ੍ਰੰਗ ਕਮੇਟੀ ਦੀ ਸੱਦੀ ਗਈ ਮੀਟਿੰਗ ਭਾਈ ਰਣਜੀਤ ਸਿੰਘ ਨੂੰ ਹਟਾ ਕੇ ਉਹਨਾਂ ਦੀ ਥਾਂ ਭਾਈ ਮੋਹਣ ਸਿੰਘ ਨੂੰ ਨਵਾਂ ਜੱਥੇਦਾਰ ਨਿਯੁਕਤ ਕਰਕੇ ਖਤਮ ਹੋੋ ਗਈ ਸੀ ਅਤੇ ਇਹ ਖੁਸ਼ਖ਼ਬਰੀ ਦੇਣ ਲਈ ਕਮੇਟੀ ਦੇ ਸਾਰੇ ਮੈਂਬਰ ਅੰਮਿ੍ਰਤਸਰ ਦੇ ਸਰਕਟ ਹਾਊਸ ਚਲੇ ਗਏ ਸਨ। ਜਦੋੋਂ ਇਹ ਖ਼ਬਰ ਮਿਲੀ ਕਿ ਭਾਈ ਮੋਹਣ ਸਿੰਘ ਨੇ ਜੱਥੇਦਾਰ ਦਾ ਅਹੁਦਾ ਸੰਭਾਲਣ ਤੋੋਂ ਨਾਂਹ ਕਰ ਦਿੱਤੀ ਹੈ ਤਾਂ ਇਹਨਾਂ ਮੈਂਬਰਾਂ ਨੇ ਸਰਕਟ ਹਾਊਸ ਵਿੱਚ ਹੀ ਇੱਕ ਗੈਰਕਾਨੂੰਨੀ ਮੀਟਿੰਗ ਕਰਕੇ ਗਿਆਨੀ ਪੂਰਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਵਾਂ ਜੱਥੇਦਾਰ ਥਾਪ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਉੱਤੇ ਸ਼ੋ੍ਰਮਣੀ ਕਮੇਟੀ ਦੀ ਅੰਤਿ੍ਰੰਗ ਕਮੇਟੀ ਵੱਲੋੋਂ ਕੀਤੀ ਗਈ ਇਹ ਕਾਰਵਾਈ ਨਾ ਸਿਰਫ ਗੈਰ ਕਾਨੂੰਨੀ ਹੀ ਸੀ ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੀਆਂ ਪੰਥਕ ਰਿਵਾਇਤਾਂ ਦੀ ਵੀ ਘੋੋਰ ਉਲੰਘਣਾ ਸੀ।

ਪੰਚਾਇਤ ਮੰਤਰੀ ਸ੍ਰੀ ਬਾਜਵਾ ਨੇ ਬਾਦਲ ਪਰਿਵਾਰ ਵੱਲੋੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਕਾਰ ਨੁੂੰ ਢਾਹ ਲਾਉਣ ਦੀ ਅਗਲੀ ਉਦਾਹਰਣ ਦਿੰਦਿਆਂ ਦੱਸਿਆ ਕਿ ਜੱਥੇਦਾਰ ਗਿਆਨੀ ਪੂਰਨ ਸਿੰਘ ਨੇ ਉਸ ਵੇਲੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌੌਰ ਨੂੰ ਪੰਥਕ ਰਿਵਾਇਤਾਂ ਦੀ ਉਲੰਘਣਾ ਦੇ ਦੋਸ਼ ਵਿੱਚ ਤਨਖਾਹੀਆ ਕਰਾਰ ਦੇ ਕੇ 12 ਮਾਰਚ, 2000 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕੀਤਾ ਸੀ, ਪਰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ਹਿ ਉੱਤੇ ਬੀਬੀ ਜਾਗੀਰ ਕੌੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਨਾ ਹੋ ਕੇ ਇਸ ਅਸਥਾਨ ਦੀ ਸਰਬਉੱਚਤਾ ਨੂੰ ਵੰਗਾਰਿਆ। ਇਸ ਉਲੰਘਣਾ ਬਦਲੇ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਨੇ ਜਦੋੋਂ 12 ਮਾਰਚ, 2000 ਨੂੰ ਬੀਬੀ ਜਾਗੀਰ ਕੌੌਰ ਨੂੰ ਸਿੱਖ ਪੰਥ ਵਿੱਚੋੋਂ ਛੇਕ ਦਿੱਤਾ ਤਾਂ ਪ੍ਰਕਾਸ ਸਿੰਘ ਬਾਦਲ ਦੇ ਹੁਕਮਾਂ ਉੱਤੇ ਗਿਆਨੀ ਪੂਰਨ ਸਿੰਘ ਨੂੰ ਵੀ ਅਕਾਲ ਤਖ਼ਤ ਸਾਹਿਬ ਦੇ ਅਹੁਦੇ ਤੋੋਂ ਫਾਰਗ ਕਰਕੇ ਜੋੋਗਿੰਦਰ ਸਿੰਘ ਵੇਦਾਂਤੀ ਨੂੰ ਜੱਥੇਦਾਰ ਲਾ ਦਿੱਤਾ ਗਿਆ। ਪਰ ਜਦੋਂ ਸ੍ਰੀ ਵੇਦਾਂਤੀ ਨੇ ਨਾਨਕਸ਼ਾਹੀ ਕਲੰਡਰ ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦੇਣ ਤੋੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਤੁਰੰਤ ਅਹੁਦੇ ਤੋੋਂ ਲਾਹ ਕੇ ਗਿਆਨੀ ਗੁਰਬਚਨ ਸਿੰਘ ਨੂੰ ਜੱਥੇਦਾਰ ਲਾ ਦਿੱਤਾ।

ਪੇਂਡੂ ਵਿਕਾਸ ਮੰਤਰੀ ਨੇ ਇਸ ਤੋੋਂ ਵੀ ਪਿਛਾਂਹ ਜਾਂਦਿਆਂ ਦੱਸਿਆ ਕਿ 1994 ਵਿੱਚ ਵੱਖ-ਵੱਖ ਅਕਾਲੀ ਧੜਿਆਂ ਦੀ ਏਕਤਾ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋੋਂ ਨਿਭਾਈ ਜਾ ਰਹੀਂ ਭੂਮਿਕਾ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਇੱਕ ਸਮਾਗਮ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਤੋੋਂ ਅਸਤੀਫਾ ਲਿਖ ਕੇ ਅਕਾਲ ਤਖ਼ਤ ਦੇ ਜੱਥੇਦਾਰ ਭਾਈ ਮਨਜੀਤ ਸਿੰਘ ਨੂੰ ਸੌੌਂਪ ਦਿੱਤਾ ਸੀ। ਪਰ ਜਦੋੋਂ ਕੁੱਝ ਦਿਨਾਂ ਬਾਅਦ ਉਹ ਆਪਣੇ ਇਸ ਫੈਸਲੇ ਤੋਂ ਮੁਨਕਰ ਹੋ ਗਏ ਤਾਂ ਉਹਨਾਂ ਨੂੰ 6 ਮਈ, 1994 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕਰ ਲਿਆ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਨਿਮਾਣੇ ਸਿੱਖ ਵਜੋੋਂ ਅਕਾਲ ਤਖ਼ਤ ਸਾਹਮਣੇ ਪੇਸ਼ ਹੋਣ ਦੀ ਬਜਾਏ ਆਪਣੇ ਸੈਂਕੜੇ ਸਮਰਥਕਾਂ ਨੂੰ ਨਾਲ ਲਿਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਧਮਕਾਇਆ ਅਤੇ ਉਹਨਾਂ ਦੀ ਪਦਵੀ ਦੀ ਤੌਹੀਨ ਕੀਤੀ। ਇਸ ਕਾਰਵਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਧਾਵਾ ਕਰਨ ਦੇ ਬਰਾਬਰ ਦਸਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਪ੍ਰੋੋ. ਮਨਜੀਤ ਸਿੰਘ ਨੇ ਸਿੱਖ ਸੰਗਤ ਨੂੰ ਇਹਨਾਂ ਆਗੂਆਂ ਨੂੰ ਮੂੰਹ ਨਾ ਲਾਉਣ ਦੀ ਅਪੀਲ ਕੀਤੀ ਸੀ।

ਸ੍ਰੀ ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ਤੋੋਂ ਉਲਟ ਕੈਪਟਨ ਅਮਰਿੰਦਰ ਸਿੰਘ ਨੂੰ ਜਦੋੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਬੁਲਾਇਆ ਗਿਆ ਤਾਂ ਉਹ ਹਮੇਸ਼ਾ ਇੱਕ ਨਿਮਾਣੇ ਸਿੱਖ ਵਜੋੋਂ ਪੇਸ਼ ਹੋਏ ਅਤੇ ਤਖ਼ਤ ਸਾਹਿਬ ਵੱਲੋੋਂ ਮਿਲੇ ਹਰ ਆਦੇਸ਼ ਦੀ ਹੂ-ਬ-ਹੂ ਪਾਲਣਾ ਕੀਤੀ।

ਸ਼ੋ੍ਰਮਣੀ ਅਕਾਲੀ ਦਲ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਾਰੀਆਂ ਧਿਰਾਂ ਵੱਲੋੋਂ ਰਲ ਮਿਲ ਕੇ ਮਨਾਉਣ ਦੇ ਜਵਾਬ ਵਿੱਚ ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਸਹਿਯੋਗ ਦੇ ਰਹੀ ਹੈ, ਪਰ ਇਹ ਆਗੂ ਇਹ ਤਾਂ ਦੱਸਣ ਕਿ 1999 ਵਿੱਚ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਨੂੰ ਰਲ-ਮਿਲ ਕੇ ਨਾ ਮਨਾਏ ਜਾਣ ਲਈ ਕੌਣ ਜ਼ਿੰਮੇਵਾਰ ਸੀ ? ਕਿਨਾਂ ਵਿਅਕਤੀਆਂ ਨੇ ਕਿਸ ਦੀ ਸ਼ਹਿ ਉੱਤੇ ਇਸ ਸਬੰਧੀ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਲਾਈ ਸੀ? ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੀ ਤੌਹੀਨ ਕਰਨ ਵਾਲੀਆਂ ਇਹ ਸਾਰੀਆਂ ਕਾਰਵਾਈਆਂ ਬਾਦਲ ਪਰਿਵਾਰ ਵੱਲੋੋਂ ਕੀਤੀਆਂ ਗਈਆਂ ਸਨ, ਜਿਸ ਬਾਰੇ ਹਰਸਿਮਰਤ ਕੌਰ ਬਾਦਲ ਨੂੰ ਜਵਾਬ ਦੇਣਾ ਚਾਹੀਦਾ ਹੈ।

ਸ੍ਰੀ ਬਾਜਵਾ ਨੇ ਕਿਹਾ ਕਿ 1999 ਵਿੱਚ ਖਾਲਸਾ ਪੰਥ ਦੀ ਤੀਜੀ ਜਨਮ ਸ਼ਤਾਬਦੀ ਵੀ ਪੰਜਾਬ ਸਰਕਾਰ ਵੱਲੋੋਂ ਮਨਾਈ ਗਈ ਸੀ। ਇਸ ਸਬੰਧੀ 8 ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਜਿਹੜੇ ਮੁੱਖ ਸਮਾਗਮ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਲਾਲ ਕਿ੍ਰਸ਼ਨ ਅਡਵਾਨੀ ਸਮੇਤ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਿਲ ਹੋਈਆਂ ਸਨ ਉਸ ਸਮਾਗਮ ਦੀ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਖ਼ਜ਼ਾਨਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ ਨਿਭਾਈ ਸੀ। ਸ੍ਰੀ ਅਨੰਦਪੁਰ ਸਾਹਿਬ ਵਿਖੇ 7 ਦਿਨ ਚੱਲੇ ਸਰਕਾਰੀ ਸਮਾਗਮਾਂ ਵਿੱਚ ਹਰ ਰੋੋਜ਼ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਸਟੇਜ ਸਕੱਤਰ ਹੁੰਦੇ ਸਨ।

ਉਹਨਾਂ ਕਿਹਾ ਕਿ 2008 ਵਿੱਚ ਨਾਂਦੇੜ ਸਾਹਿਬ, ਮਹਾਂਰਾਸ਼ਟਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਗੱਦੀ ਦਿਵਸ ਅਤੇ 2017 ਵਿੱਚ ਪਟਨਾ ਸਾਹਿਬ, ਬਿਹਾਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਪ੍ਰਕਾਸ਼ ਪੁਰਬ ਵੀ ਉੱਥੋੋਂ ਦੀਆਂ ਸੂਬਾ ਸਰਕਾਰਾਂ ਵੱਲੋੋਂ ਹੀ ਮਨਾਏ ਗਏ ਸਨ।

ਨੰ.ਪੀ.ਆਰ/19/858

————-

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਸੁਲਤਾਨਪੁਰ ਲੋਧੀ ਵਿਖੇ ਉਸਾਰੀ ਅਧੀਨ ਆਧੁਨਿਕ ਬੱਸ ਸਟੈਂਡ 30 ਸਤੰਬਰ ਤੱਕ ਮੁਕੰਮਲ ਹੋਵੇਗਾ: ਰਜ਼ੀਆ ਸੁਲਤਾਨਾ

5 ਕਰੋੜ 73 ਲੱਖ ਰੁਪਏ ਦੀ ਅਨੁਮਾਨਤ ਲਾਗਤ ਨਾਲ ਤਿਆਰ ਹੋਵੇਗਾ ਬੱਸ ਸਟੈਂਡ

ਚੰਡੀਗੜ, 11 ਸਤੰਬਰ:

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਇੱਕ ਨਵਾਂ ਤੇ ਆਧੁਨਿਕ ਬੱਸ ਸਟੈਂਡ 30 ਸਬੰਤਰ, 2019 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਹ ਬੱਸ ਸਟੈਂਡ ਵਿਖੇ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਹੋਣਗੀਆਂ।

ਪੰਜਾਬ ਦੀ ਆਵਾਜਾਈ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸੂੁਬਾ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਬਣਾਏ ਜਾ ਰਹੇ ਆਧੁਨਿਕ ਬੱਸ ਸਟੈਂਡ ’ਤੇ ਅਨੁਮਾਨਿਤ 5 ਕਰੋੜ 73 ਲੱਖ ਰੁਪਏ ਦੀ ਲਾਗਤ ਆਵੇਗੀ। ਉਨਾਂ ਕਿਹਾ ਸੁਲਤਾਨਪੁਰ ਲੋਧੀ ਬੱਸ ਸਟੈਂਡ ਦੀ ਉਸਾਰੀ ਦੇ ਕੰਮ ਜਾਇਜ਼ਾ ਵੀ ਲਿਆ। ਇਸ ਮੌਕੇ ਸ੍ਰੀ ਗੁਰਲਵਲੀਨ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ., ਸ੍ਰੀ ਜਤਿੰਦਰਪਾਲ ਸਿੰਘ ਗਰੇਵਾਲ ਕਾਰਜਕਾਰੀ ਇੰਜੀਨੀਅਰ ਪੀ.ਆਰ.ਟੀ.ਸੀ., ਸ੍ਰੀ ਪ੍ਰਵੀਨ ਸ਼ਰਮਾ ਜਨਰਲ ਮੈਨੇਜਰ ਪੀ.ਆਰ.ਟੀ.ਸੀ. ਕਪੂਰਥਲਾ, ਐਸ.ਡੀ.ਓ. ਪੀ.ਆਰ.ਟੀ.ਸੀ. ਆਦਿ ਤੋਂ ਇਲਾਵਾ ਸ਼ਹਿਰ ਦੀਆਂ ਅਹਿਮ ਸ਼ਖ਼ਸੀਅਤਾਂ ਅਤੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।

ਸ੍ਰੀਮਤੀ ਸੁਲਤਾਨਾ ਨੇ ਦੱਸਿਆ ਕਿ ਇਸ ਬੱਸ ਸਟੈਂਡ ਵਿਖੇ ਮੁੱਖ ਤੌਰ ਤੇ ਬੱਸਾਂ ਦੇ ਚੱਲਣ ਲਈ 8 ਵੱਖ-ਵੱਖ ਕਾੳੂਂਟਰ, ਜਨਾਨਾ-ਮਰਦਾਨਾ ਅਤੇ ਅੰਗਹੀਣਾਂ ਲਈ ਟਾਇਲਟ, ਸਵਾਰੀਆਂ ਲਈ ਏ.ਸੀ. ਵੇਟਿੰਗ ਹਾਲ, ਵਪਾਰਕ ਮੰਤਵ ਲਈ ਚਾਰ ਦੁਕਾਨਾਂ, ਇੱਕ ਰੈਸਟੋਰੈਂਟ, ਕਾਰ ਪਾਰਕਿੰਗ, ਰਿਕਸ਼ਾ ਪਾਰਕਿੰਗ, ਪੀਣ ਵਾਲੇ ਸ਼ੁੱਧ ਪਾਣੀ ਲਈ ਆਰ.ਓ. ਸਿਸਟਮ, ਵਾਟਰ ਕੂਲਰ, ਪੱਖੇ, ਸਵਾਰੀਆਂ ਦੇ ਬੈਠਣ ਲਈ ਗੋਦਰੇਜ਼ ਦੇ ਸਟੀਲ ਬੈਂਚ, ਅਨਲੋਡਿੰਗ ਪਲੇਟਫਾਰਮ ਆਦਿ ਮੁਹੱਈਆ ਕਰਵਾਏ ਗਏ ਹਨ।

ਆਵਾਜਾਈ ਮੰਤਰੀ ਨੇ ਅੱਗੇ ਦੱਸਿਆ ਕਿ ਬੱਸ ਸਟੈਂਡ ਦੀ ਇਤਿਹਾਸਕ ਦਿੱਖ ਬਣਾਉਣ ਲਈ ਮੁੱਖ ਪ੍ਰਵੇਸ਼ ਦੁਆਰ ਨੂੰ ਸ਼ਹਿਰ ਦੀ ਵਿਰਾਸਤੀ ਦਿੱਖ ਅਨੁਸਾਰ ਤਿਆਰ ਕੀਤਾ ਗਿਆ ਹੈ ਅਤੇ ਗੁੰਬਜਾਂ-ਗਮਟਿਆਂ ਆਦਿ ਦੀ ਉਸਾਰੀ ਵੀ ਕੀਤੀ ਗਈ ਹੈ। ਉਨਾਂ ਕਿਹਾ ਕਿ ਬੱਸ ਸਟੈਂਡ ਦੀ ਉਸਾਰੀ ਦਾ ਕੰਮ 80 ਫੀਸਦੀ ਮੁਕੰਮਲ ਹੋ ਚੁੱਕਾ ਹੈ ਅਤੇ ਇਹ ਕੰਮ 30 ਸਤੰਬਰ 2019 ਦੇ ਅੰਤ ਤੱਕ ਮੁਕੰਮਲ ਕਰਕੇ ਬੱਸ ਸਟੈਂਡ ਨੂੰ ਜਨਤਕ ਵਰਤੋ ਲਈ ਸਮਰਪਿਤ ਕਰ ਦਿੱਤਾ ਜਾਵੇਗਾ।

ਨੰ.ਪੀ.ਆਰ/19/857

————-

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਦਲਿਤ ਮਹਿਲਾ ਨੂੰ ਦੁਆਈ ਐਸ. ਸੀ. ਕਮਿਸ਼ਨ ਨੇ ਝੂਠੀਆਂ ਸਿਕਾਇਤਾਂ ਤੋਂ ਨਿਜਾਤ

ਝੂਠੀਆਂ ਸ਼ਿਕਾਇਤਾਂ ਕਰਨ ਵਾਲਿਆਂ ਵਿਰੁਧ ਐਸ.ਸੀ. ਕਮਿਸ਼ਨ ਦੇ ਦਖਲ ਤੋਂ ਬਾਅਦ ਮਾਮਲਾ ਦਰਜ

ਚੰਡੀਗੜ, 11 ਸਤੰਬਰ: ਕਪੂਰਥਲਾ ਜ਼ਿਲੇ ਦੀ ਵਸਨੀਕ ਇਕ ਦਲਿਤ ਵਿਧਵਾ ਮਹਿਲਾ ਨੂੰ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੇ ਦਖਲ ਤੋਂ ਬਾਅਦ ਝੂਠੀਆਂ ਸਿਕਾਇਤਾਂ ਤੋਂ ਨਿਜਾਤ ਮਿਲ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਦੇ ਚੈੈਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਨੇ ਦੱਸਿਆ ਕਿ ਅੰਜੂ ਲ਼ੂਥਰਾ ਪਤਨੀ ਸਵਰਗੀ ਕਿ੍ਰ੍ਰਸ਼ਨ ਗੋਪਾਲ ਵਾਸੀ ਗਲੀ ਨੰ: 01, ਪ੍ਰੀਤ ਨਗਰ, ਫਗਵਾੜਾਂ ਨੇ ਲ਼ਿਖਤੀ ਸ਼ਿਕਾਇਤ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਕੋਲ ਕੀਤੀ ਸੀ ਕਿ ਸਤਨਾਮਪੁਰਾ(ਕਪੂਰਥਲਾ) ਨਿਵਾਸੀ ਜੋਗਿੰਦਰਪਾਲ, ਪਰਮਜੀਤ ਕੋਰ ਅਤੇ ਡਿਪਸੀ ਵਲੋਂ ਉਸ ਖ਼ਿਲਾਫ਼ ਝੁਠੀਆ ਸਿਕਾਇਤ ਦੇ ਕੇ ਉਸਦੇ ਮਾਣ ਇੱਜਤ ਨੂੰ ਸੱਟ ਮਾਰਨ ਦੇ ਨਾਲ ਨਾਲ ਖੱਜਲ਼ ਖੂਆਰ ਕੀਤਾ ਜਾ ਰਿਹਾ ਸੀ। ਇਹ ਸਾਰੀਆਂ ਸਿਕਾਇਤਾਂ ਪੁਲਿਸ ਜਾਂਚ ਵਿੱਚ ਝੂਠੀਆ ਪਾਂਈਆ ਗਈਆਂ ਅਤੇ ਜ਼ਿਲਾ ਅਟਾਰਨੀ ਨੇ ਇਸ ਮਾਮਲੇ ਵਿੱਚ ਝੂਠੀਆ ਸਿਕਾਇਤਾਂ ਕਰਨ ਵਾਲਿਆਂ ਵਿਰੁਧ ਐਸ.ਸੀ. ਐਕਟ ਅਧੀਨ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਪ੍ਰੰਤੂ ਦੋ ਸਾਲ ਬੀਤ ਜਾਣ ਤੇ ਵੀ ਕਪੂਰਥਲਾ ਪੁਲਿਸ ਵਲੋਂ ਮਾਮਲਾ ਦਰਜ ਨਹੀਂ ਕੀਤਾ ਗਿਆ।

ਉਨਾਂ ਦੱਸਿਆ ਕਿ ਸਿਕਾਇਤ ਕਰਤਾ ਦੀ ਸਿਕਾਇਤ ਦਾ ਨਿਪਟਾਰਾ ਕਰਨ ਲਈ ਐਸ.ਸੀ ਕਮਿਸ਼ਨ ਦੇ ਮੈਬਰ ਗਿਆਨ ਚੰਦ ਦੀਵਾਲੀ ਨੂੰ ਇਸ ਮਾਮਲੇ ਦੀ ਪੜਤਾਲ ਸੌਪੀ ਗਈ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਤਿੰਨ ਐਸ.ਪੀ ਰੈਂਕ ਦੇ ਅਧਿਕਾਰੀਆਂ ਦੀ ਸਿੱਟ ਬਣਾਵਾ ਕੇ ਜਾਂਚ ਮੁਕੰਮਲ ਕਰਵਾਈ ਗਈ। ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਅੰਜੂ ਲੂਥਰਾ ਦੀ ਸਿਕਾਇਤ ਦਰੁਸਤ ਹੈ ਜਿਸ ਤੇ ਕਮਿਸ਼ਨ ਨੇ ਸਬੰਧਤ ਵਿਅਕਤੀਆਂ ਖ਼ਿਲਾਫ਼ ਐਸ.ਸੀ.ਐਕਟ ਅਧੀਨ ਮਾਮਲਾ ਦਰਜ ਕਰਨ ਦੇ ਹੁਕਮ ਜ਼ਿਲਾ ਪੁਲਿਸ ਕਪੂਰਥਲਾ ਨੂੰ ਦੇ ਦਿੱਤੇ। ਜ਼ਿਲਾ ਪੁਲਿਸ ਕਪੂਰਥਲਾ ਵਲੋਂ ਸਤਨਾਮਪੁਰਾ(ਕਪੂਰਥਲਾ) ਨਿਵਾਸੀ ਜੋਗਿੰਦਰਪਾਲ, ਪਰਮਜੀਤ ਕੋਰ ਅਤੇ ਡਿਪਸੀ ਵਿਰੁਧ ਐਸ.ਸੀ./ਐਸ.ਟੀ ( ਪ੍ਰੀਵੈਨਸ਼ਨ ਆਫ ਐਟਰੋਸਿਟੀ) ਐਕਟ ਦੀ ਧਾਰਾ 3(1)(9) ਅਤੇ ਆਈ.ਪੀ.ਸੀ. ਦੀ ਧਾਰਾ 182 ਅਧੀਨ ਮਾਮਲਾ ਦਰਜ ਕਰ ਲਿਆ ਹੈ।

ਨੰ.ਪੀ.ਆਰ/19/856/ਕੁਲਤਾਰ ਸਿੰਘ/9872032564

————

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਪੀ.ਡੀ.ਏ. ਦਾ ਇਕ ਹੋਰ ਵਾਤਾਵਰਨ ਪੱਖੀ ਕਦਮ

ਵੱਖ-ਵੱਖ ਪ੍ਰਾਜੈਕਟਾਂ ਵਿਚ ਐਲ.ਈ.ਡੀ. ਲਾਈਟਾਂ ਲਾਉਣ ਦਾ ਕੰਮ ਕੀਤਾ ਅਲਾਟ

ਪਟਿਆਲਾ ਵਿਕਾਸ ਅਥਾਰਟੀ ਪ੍ਰਤੀ ਸਾਲ ਬਚਾਏਗੀ ਤਕਰੀਬਨ 38 ਲੱਖ ਰੁਪਏ

ਚੰਡੀਗੜ, 11 ਸਤੰਬਰ:

ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਵੱਲੋਂ ਆਪਣੇ ਵੱਖ-ਵੱਖ ਪ੍ਰਾਜੈਕਟਾਂ ਵਿਚ ਪੁਰਾਣੀਆਂ ਸਟਰੀਟ ਲਾਈਟਾਂ ਦੀ ਥਾਂ ਐਲ.ਈ.ਡੀ. ਲਾਈਟਾਂ ਲਾਉਣ ਦਾ ਕੰਮ ਅਲਾਟ ਕਰ ਦਿੱਤਾ ਗਿਆ ਹੈ। ਇਹ ਕੰਮ ਨਵੰਬਰ, 2019 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ ਅਤੇ ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ 1.20 ਕਰੋੜ ਰੁਪਏ ਹੈ। ਇਸ ਕੰਮ ਵਿਚ 5 ਸਾਲਾਂ ਦੀ ਮਿਆਦ ਤੱਕ ਸਟਰੀਟ ਲਾਈਟ ਪੁਆਇੰਟਾਂ ਦਾ ਰੱਖ-ਰਖਾਅ ਵੀ ਸ਼ਾਮਲ ਹੈ।

ਕਾਬਲੇਗੌਰ ਹੈ ਕਿ ਪੀ.ਡੀ.ਏ. ਵੱਲੋਂ ਪੁਰਾਣੀਆਂ ਸਟਰੀਟ ਲਾਈਟਾਂ ਦੀ ਥਾਂ ਐਲ.ਈ.ਡੀ. ਲਾਈਟਾਂ ਲਾਉਣਾ ਊਰਜਾ ਦੀ ਬੱਚਤ ਵੱਲ ਕੀਤੀ ਇਕ ਹੋਰ ਪਹਿਲਕਦਮੀ ਹੈ ਇਸ ਤੋਂ ਪਹਿਲਾਂ ਹਾਲ ਹੀ ਵਿਚ ਅਥਾਰਟੀ ਵੱਲੋਂ ਅਰਬਨ ਅਸਟੇਟ, ਫੇਜ਼-2, ਪਟਿਆਲਾ ਵਿਖੇ ਆਪਣੀ ਇਮਾਰਤ ਦੀ ਛੱਤ ’ਤੇ 90 ਕਿਲੋਵਾਟ ਦੀ ਸਮਰੱਥਾ ਵਾਲਾ ਆਨ-ਗਰਿੱਡ ਸੋਲਰ ਪਾਵਰ ਪਲਾਂਟ ਸਿਸਟਮ ਵੀ ਸਥਾਪਤ ਕੀਤਾ ਗਿਆ ਸੀ।

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਭਾਗ ਹਰੇਕ ਖੇਤਰ ਵਿਚ ਸਸਤੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਲਈ ਯਤਨਸ਼ੀਲ ਹੈ। ਐਲ.ਈ.ਡੀ. ਲਾਈਟਾਂ ਲਾਉਣ ਨਾਲ ਜਿਥੇ ਊਰਜਾ ਦੀ ਬੱਚਤ ਹੋਵੇਗੀ, ਉਥੇ ਰਾਤ ਨੂੰ ਹੁੰਦੇ ਸੜਕ ਹਾਦਸਿਆਂ ਵਿੱਚ ਵੀ ਕਮੀ ਆਵੇਗੀ ਕਿਉਂ ਕਿ ਇਹਨਾਂ ਲਾਈਟਾਂ ਨਾਲ ਸੜਕਾਂ ‘ਤੇ ਹਨੇਰਾ ਨਹੀਂ ਰਹੇਗਾ। ਬੁਲਾਰੇ ਨੇ ਦੱਸਿਆ ਕਿ ਇਸ ਕਦਮ ਨਾਲ ਪੀ.ਡੀ.ਏ. ਦੇ ਬਿਜਲੀ ਖਰਚੇ ਵੀ ਘਟਣਗੇ ਕਿਉਂਕਿ ਮੌਜੂਦਾ ਲੱਗੀਆਂ ਹੈਲਾਈਡ, ਸੋਡੀਅਮ ਅਤੇ ਸੀ.ਐਫ.ਐਲ. ਲਾਈਟਾਂ ਨਾਲੋਂ ਐਲ.ਈ.ਡੀ. ਲਾਈਟਾਂ ਦੀ ਬਿਜਲੀ ਖਪਤ ਬਹੁਤ ਘੱਟ ਹੈ।

ਵਧੇਰੇ ਜਾਣਕਾਰੀ ਦਿੰਦਿਆਂ, ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ ਨੇ ਦੱਸਿਆ ਕਿ ਅਰਬਨ ਅਸਟੇਟ ਫੇਜ਼-1, 2 ਅਤੇ 3, ਪੀ.ਆਰ.ਟੀ.ਸੀ. ਵਰਕਸ਼ਾਪ, ਸਰਹਿੰਦ ਰੋਡ ਪਟਿਆਲਾ ਵਿਖੇ ਪਹਿਲਾਂ ਲੱਗੀਆਂ ਸਟਰੀਟ ਲਾਈਟਾਂ ਦੀ ਥਾਂ ਐਲ.ਈ.ਡੀ. ਲਾਈਟਾਂ ਲਗਾਉਣ ਸਬੰਧੀ ਟੈਂਡਰ ਅਲਾਟ ਕੀਤਾ ਜਾ ਚੁੱਕਾ ਹੈ। ਮੌਜੂਦਾ ਪ੍ਰਬੰਧ ਤਹਿਤ, ਜਿਥੇ ਹਰ ਸਾਲ ਲਗਭਗ 10 ਲੱਖ ਯੂਨਿਟ ਬਿਜਲੀ ਖਪਤ ਹੁੰਦੀ ਹੈ, ਉਥੇ ਐਲ.ਈ. ਲਾਈਟਾਂ ਲਗਾਉਣ ਤੋਂ ਬਾਅਦ ਸਲਾਨਾ ਖਪਤ ਲਗਭਗ 5.30 ਲੱਖ ਯੂਨਿਟ ਰਹਿ ਜਾਵੇਗੀ। ਉਹਨਾਂ ਦੱਸਿਆ ਕਿ ਇਸ ਨਾਲ ਅਥਾਰਟੀ ਵੱਲੋਂ ਬਿਜਲੀ ‘ਤੇ ਕੀਤਾ ਜਾ ਰਿਹਾ ਸਾਲਾਨਾ ਖਰਚਾ, ਮੌਜੂਦਾ ਖਰਚੇ ਤੋਂ ਅੱਧਾ ਰਹਿ ਜਾਵੇਗਾ।

ਮੁੱਖ ਪ੍ਰਸ਼ਾਸਕ ਨੇ ਦੱਸਿਆ ਕਿ ਪ੍ਰਤੀ ਦਿਨ 10 ਘੰਟੇ ਦਫ਼ਤਰੀ ਕੰਮ ਅਤੇ 8 ਰੁਪਏ ਪ੍ਰਤੀ ਯੂਨਿਟ ਬਿਜਲੀ ਰੇਟ ਦੇ ਹਿਸਾਬ ਨਾਲ ਪੀ.ਡੀ.ਏ. ਪ੍ਰਤੀ ਸਾਲ ਲਗਭਗ 38 ਲੱਖ ਰੁਪਏ ਬਚਾਏਗੀ।