‘1084 ਦੀ ਮਾਂ’ ਨੇ ਇਤਿਹਾਸਕ ‘1084 ਦੀ ਮਾਂ’ ਨੇ ਇਤਿਹਾਸਕ ਪਲ ਜਗਾ ਕੇ ਦਿੱਤਾ ਬਿਹਤਰ ਭਵਿੱਖ ਦਾ ਸੰਦੇਸ਼ਪਲ ਜਗਾ ਕੇ ਦਿੱਤਾ ਬਿਹਤਰ ਭਵਿੱਖ ਦਾ ਸੰਦੇਸ਼
ਚੰਡੀਗੜ੍ਹ, 18 ਨਵੰਬਰ
ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਵੱਲੋਂ ਕਰਵਾਏ ਜਾ ਪੰਜ ਰੋਜ਼ਾ ਥੀਏਟਰ ਫੈਸਟੀਵਲ ਦੇ ਤੀਜੇ ਦਿਨ ਸੁਚੇਤਕ ਰੰਗਮੰਚ ਮੋਹਾਲੀ ਦਾ ਨਾਟਕ ‘1084 ਦੀ ਮਾਂ’ ਨਾਟਕ ਪੇਸ਼ ਕੀਤਾ ਗਿਆ, ਜਿਸਦੇ ਲੇਖਕ ਸ਼ਬਦੀਸ਼ ਨਿਰਦੇਸ਼ਕ ਵੀ ਸਨ। ਇਹ ਨਾਟਕ ਮਹਾਸ਼ਵੇਤਾ ਦੇਵੀ ਦੇ ਨਾਵਲ ਦਾ ਨਾਟਕੀ ਰੂਪਾਂਤਰ ਸੀ, ਜਿਸਦਾ ਪ੍ਰਕਾਸ਼ਨ 1973 ਵਿੱਚ ਹੋਇਆ ਸੀ। ਇਹ ਨਾਟਕ 1970 ਤੋਂ 1972 ਤੱਕ ਦੇ ਸਾਲਾਂ ਦੀ ਕਥਾ ਹੈ, ਜਦੋਂ ਨਕਸਲੀ ਲਹਿਰ ਵਿੱਚ ਸ਼ਾਮਲ ਹਜ਼ਾਰਾਂ ਨੌਜਵਾਨਾਂ ਦਾ ਜ਼ਾਲਮਾਨਾ ਤੰਤਰ ਹੱਥੋਂ ਕਤਲ ਹੋਇਆ ਸੀ। ਇਹ ਸੱਤਾ ਦੇ ਹਾਮੀ ਗੁੰਡਿਆਂ ਹੱਥੋਂ ਕਤਲ ਹੋਏ 20 ਸਾਲਾ ਵ੍ਰਤੀ ਚੈਟਰਜੀ ਦੀ ਮਾਂ ਦੇ ਦਰਦ ਨੂੰ ਸਾਕਾਰ ਕਰਦੀ ਹੈ, ਜਿਸਦੇ ਪੁੱਤਰ ਨੂੰ ਸ਼ਿਨਾਖ਼ਤ ਤੋਂ ਪਹਿਲਾਂ ਇੱਕ ਹਜ਼ਾਰ ਚੌਰਾਸੀ ਨੰਬਰ ਦਿੱਤਾ ਗਿਆ ਸੀ। ਨਾਵਲ ਦੀ ਕਹਾਣੀ ਕੋਲਕਾਤਾ ਸ਼ਹਿਰ ਵਿੱਚ ਵਾਪਰਦੀ ਹੈ। ਮਹਾਸ਼ਵੇਤਾ ਦੇਵੀ ਨੇ ਨਾਵਲ ਵਿੱਚ ਚਾਰੂ ਮਜੂਮਦਾਰ ਦੇ ਕਹੇ ਸ਼ਬਦ ਤੋਂ ਸਿਵਾ ਨਕਸਲੀ ਲਹਿਰ ਨਾਲ਼ ਜੁੜੇ ਸੰਕੇਤ ਦੇਣ ਤੋਂ ਸਿਵਾ ਕਹਾਣੀ ਨੂੰ ਮਾਂ ਦੇ ਦਰਦ ਤੱਕ ਸੀਮਤ ਰੱਖਿਆ ਹੈ। ਇਸਦਾ ਨਾਟਕੀ ਰੂਪਾਂਤਰ ਤਿਆਰ ਕਰਦੇ ਹੋਏ ਸ਼ਬਦੀਸ਼ ਕੋਲਕਾਤਾ ਸ਼ਹਿਰ ਦੀ ਥਾਂ ਦੁਨੀਆਂ ਦੇ ਕਿਸੇ ਵੀ ਅਜਿਹੇ ਸ਼ਹਿਰ ਦੀ ਕਲਪਨਾ ਕੀਤੀ ਹੈ, ਜਿੱਥੇ ਬਿਹਤਰ ਭਵਿੱਖ ਲਈ ਲੜਦੇ ਹਜ਼ਾਰਾਂ ਨੌਜਵਾਨ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ ਤੇ ਦੋ ਸਾਲਾਂ ਬਾਅਦ ਸ਼ਹਿਰ ਵਿੱਚ ਕਬਰਾਂ ਵਰਗੀ ਸ਼ਾਂਤੀ ਛਾ ਗਈ ਹੋਵੇ।
‘1084 ਦੀ ਮਾਂ’ ਨਾਟਕ ਦੀ ਕਹਾਣੀ ਦਾ ਆਰੰਭ ਮਾਂ ਸੁਜਾਤਾ ਚੈਟਰਜੀ (ਅਨੀਤਾ ਸ਼ਬਦੀਸ਼) ਨੂੰ ਆਈ ਫ਼ੋਨ ਕਾਲ ਤੋਂ ਹੁੰਦਾ ਹੈ, ਜਿਸਨੇ ਲਾਸ਼ ਦੀ ਸ਼ਿਨਾਖ਼ਤ ਕਰਨ ਜਾਣਾ ਹੈ। ਇਹ ਨਾਟਕੀ ਕਥਾ ਮੁਤਾਬਿਕ 17 ਜਨਵਰੀ ਦੀ ਰਾਤ ਹੈ। ਇਸਦੇ ਨਾਇਕ ਵ੍ਰਤੀ ਚੈਟਰਜੀ (ਅਰਮਾਨ ਸੰਧੂ) ਦਾ ਜਨਮ 20 ਸਾਲ ਪਹਿਲਾਂ 17 ਜਨਵਰੀ ਦੀ ਰਾਤ ਨੂੰ ਹੀ ਹੋਇਆ ਸੀ। ਇਸੇ ਦਿਨ ਦੀ ਸ਼ਾਮ ਸੁਜਾਤਾ ਚੈਟਰਜੀ ਦੀ ਛੋਟੀ ਧੀ ਤੁਲੀ (ਸੁਸ਼ਮਾ ਗਾਂਧੀ) ਦੀ ਮੰਗਣੀ ਦਾ ਜਸ਼ਨ ਹੁੰਦਾ ਹੈ। ਇਸ ਫ਼ੋਨ ਕਾਲ ਹੋਏ-ਬੀਤੇ ਨੂੰ ਵਰਤਮਾਨ ਬਣਾ ਰਹੀ ਹੈ ਅਤੇ ਪਰਿਵਾਰਕ ਦੇ ਬਾਕੀ ਜੀਆਂ ਦਾ ਕਿਰਦਾਰ ਵੀ ਤੈਅ ਕਰ ਰਹੀ ਹੈ। ਭੱਦਰ ਪੁਰਸ਼ ਪਰਿਵਾਰ ਦਾ ਮੁਖੀ ਦਿਵਯਨਾਥ ਚੈਟਰਜੀ (ਮੁਕੇਸ਼ ਚੰਦੇਲੀਆ) ਕ੍ਰਾਂਤੀਕਾਰੀ ਸਰਗਰਮੀ ਵਿੱਚ ਸ਼ਾਮਲ ਆਪਣੇ ਪੁੱਤਰ ਦੀ ਵ੍ਰਤੀ ਚੈਟਰਜੀ ਦੀ ਲਾਸ਼ ਲੈਣ ਜਾਣ ਜਾਂ ਆਪਣੀ ਗੱਡੀ ਭੇਜਣ ਲਈ ਤਿਆਰ ਨਹੀਂ ਹੈ। ਇਸ ਤਰ੍ਹਾਂ ਇੱਕ ਹਜ਼ਾਰ ਚੌਰਾਸੀ ਦੀ ਮਾਂ ਸੁਜਾਤਾ ਚੈਟਰਜੀ ਆਪਣੀ ਧੀ ਤੁਲੀ (ਸੁਸ਼ਮਾ ਗਾਂਧੀ) ਨਾਲ਼ ਲਾਸ਼ ਦੀ ਸ਼ਿਨਾਖ਼ਤ ਕਰਨ ਜਾਣ ਲਈ ਮਜਬੂਰ ਹੈ, ਜਿਸਦੇ ਰਾਤ ਦੇ ਹਨੇਰੇ ਵਿੱਚ ਅੰਤਿਮ ਸੰਸਕਾਰ ਹੋਣਾ ਹੈ। ਨਾਟਕ ਦੀ ਕਹਾਣੀ ਦੇ ਹਰ ਅਗਲੇ ਪੜਾਅ ’ਤੇ ਜਾਣ ਨਾਲ਼ ਹੌਲ਼ੀ-ਹੌਲ਼ੀ ਘਰ-ਪਰਿਵਾਰ ਦੀਆਂ ਦਿਸ਼ਾਵਾਂ ਦੀ ਪਰਤਾਂ ਸਾਹਮਣੇ ਆਉਂਦੀਆਂ ਹਨ। ਇੱਕ ਪਾਸੇ ਅਕਾਉਂਟੈਂਟ ਬਾਪ ਹੈ, ਜੋ ਬਹੁਤੀਆਂ ਸ਼ਾਮਾਂ ਤੇ ਰਾਤਾਂ ਰਖੇਲ ਨਾਲ਼ ਗੁਜ਼ਾਰਦਾ ਹੈ ਤੇ ਪਤਨੀ ਨੂੰ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਤਸੱਵੁਰ ਕਰਦਾ ਹੈ। ਉਸਦੀ ਧੀ ਨੀਪਾ ਹੈ, ਜੋ ਆਪਣੇ ਪਤੀ ਤੋਂ ਅੱਖ ਬਚਾਏ ਬਿਨਾ ਦਿਉਰ ਨਾਲ਼ ਜਾ ਸੌਂਦੀ ਹੈ। ਉਸਦੀ ਛੋਟੀ ਧੀ ਤੁਲੀ ਵੀ ਬਾਹਰਲੇ ਦੇਸ਼ਾਂ ਵਿੱਚ ਭਾਰਤ ਦੇ ਪਰੰਪਰਕ ਸਾਮਾਨ ਦਾ ਵਪਾਰ ਕਰਦੇ ਨੌਜਵਾਨ ਨਾਲ਼ ਸ਼ਾਦੀ ਕਰਨ ਜਾ ਰਹੀ ਹੈ, ਜਿਸਦੇ ਦੋਸਤ ਪੁਲਿਸ ਅਫ਼ਸਰ ਸਰੋਜਪਾਲ ਨੇ ਹੀ ਵ੍ਰਤੀ ਤੇ ਉਸਦੇ ਪੰਜ ਸਾਥੀਆਂ ਦਾ ਗੁੰਡਿਆਂ ਹੱਥੋਂ ਕਤਲ ਕਰਵਾਇਆ ਹੈ।
ਇਸ ਘਰ ਵਿੱਚ ਮਾਂ ਤੇ ਛੋਟਾ ਪੁੱਤਰ ਵ੍ਰਤੀ ਹੀ ਹੈ, ਜੋ ਗਲਾਜ਼ਤ ਭਰੇ ਵਿਵਹਾਰ ਦੀ ਥਾਂ ਮਾਨਵੀ ਸੰਵੇਦਨਾ ਨਾਲ਼ ਜੀਅ ਰਹੇ ਹਨ। ਵ੍ਰਤੀ ਚੈਟਰਜੀ ਤਾਂ ਕ੍ਰਾਂਤੀਕਾਰੀ ਤਬਦੀਲੀ ਦੇ ਸੰਘਰਸ਼ ਵਿੱਚ ਸ਼ਮੂਲੀਅਤ ਹੀ ਘਰ ਤੋਂ ਦੁਖੀ ਹੋ ਕਰਦਾ ਹੈ। ਉਹ ਆਪਣੀ ਮਾਂ ਨਾਲ਼ ਮੋਹ ਭਰੇ ਪਲਾਂ ਵਿੱਚ ਅੰਡਰ ਗਰਾਉਂਡ ਪਾਰਟੀ ਦੀ ਵਿਚਾਰਧਾਰਾ ਦੀਆਂ ਗੱਲਾਂ ਕਰਦਾ ਹੈ, ਪਰ ਬੈਂਕ ਵਿੱਚ ਨੌਕਰੀ ਕਰਦੀ ਮਾਂ ਪੁੱਤਰ ਦੀਆਂ ਗੱਲਾਂ ਨੂੰ ਨਾਟਕਾਂ ਦੇ ਡਾਇਲਾੱਗ ਸਮਝਦੀ ਹੈ। ਉਸਦੇ ਵਿਚਾਰਾਂ ਦੀ ਸਚਾਈ ਸ਼ਹਾਦਤ ਤੋਂ ਬਾਅਦ ਹੌਲ਼ੀ-ਹੌਲ਼ੀ ਸਾਹਮਣੇ ਆਉਂਦੀ ਹੈ, ਜਦੋਂ ਸੁਜਾਤਾ ਚੈਟਰਜੀ ਸ਼ਹੀਦ ਹੋਏ ਸਾਥੀਆਂ ਦੀਆਂ ਮਾਵਾਂ ਤੇ ਦੋਸਤਾਂ ਨੂੰ ਮਿਲਦੀ ਹੈ। ਇਨ੍ਹਾਂ ਵਿੱਚ ਕਤਲ ਹੋਏ ਸਮੂ ਦੀ ਮਾਂ (ਰਵਨੀਤ ਕੌਰ) ਵੀ ਹੈ, ਜਿਸਨੂੰ ਇਹ ਤਾਂ ਸਮਝ ਆ ਜਾਂਦੀ ਕਿ ਉਸਦਾ ਪੁੱਤਰ ਗਰੀਬੀ ਦੀ ਨਰਕ ਭਰੀ ਜ਼ਿੰਦਗੀ ਤੋਂ ਮੁਕਤੀ ਲਈ ਕ੍ਰਾਂਤੀਕਾਰੀ ਪਾਰਟੀ ਵਿੱਚ ਸ਼ਾਮਲ ਹੋਇਆ ਸੀ, ਪਰ ਇਹ ਸਮਝਣਾ ਔਖਾ ਹੈ ਕਿ ਭਲੇ-ਚੰਗੇ ਤੇ ਖਾਂਦੇ-ਪੀਂਦੇ ਵ੍ਰਤੀ ਨੂੰ ਕੀ ਜ਼ਰੂਰਤ ਸੀ ਕਿ ਉਹ ‘ਖ਼ਤਰਨਾਕ ਰਾਹ ਦਾ ਪਾਂਧੀ’ ਬਣੇ ? ਇਸ ਸਵਾਲ ਦੇ ਜਵਾਬ ਵਿੱਚ ਅਨੀਤਾ ਸ਼ਬਦੀਸ਼ ਦੀ ਅਦਾਕਾਰੀ ਦੌਰਾਨ ਬੋਲਦੀ ਖ਼ਾਮੋਸ਼ੀ ਦਿੰਦੀ ਹੈ ਕਿ ਨਰਕੀ ਜੀਵਨ ਗਰੀਬੀ ਦਾ ਹੀ ਹੁੰਦਾ, ਬਲਕਿ ਕਦਰਾਂ-ਕੀਮਤਾਂ ਦੀ ਤੌਹੀਨ ਕਰਦੀ ਅਮੀਰੀ ਵੀ ਨਰਕੀ ਜੀਵਨ ਦਾ ਮਾਹੌਲ ਪੈਦਾ ਕਰ ਦਿੰਦੀ ਹੈ।
ਇਸ ਨਾਟਕ ਦਾ ਇੱਕ ਹੋਰ ਅਹਿਮ ਕਿਰਦਾਰ ਸਾਥੀਆਂ ਦੇ ਕਤਲ ਦੀ ਰਾਤ ਨੂੰ ਗ੍ਰਿਫ਼ਤਾਰ ਹੋਈ ਨੰਦਨੀ (ਨੀਤੂ ਸ਼ਰਮਾ) ਹੈ, ਜੋ ਦੋ ਸਾਲਾਂ ਬਾਅਦ ਰਿਹਾਅ ਹੋਈ ਹੈ ਤੇ ਉਸ ਦੀਆਂ ਅੱਖਾਂ ਤਹਿਕੀਕਾਤ ਦੌਰਾਨ ਤੇਜ਼ ਰੌਸ਼ਨੀਆਂ ਖਾ ਗਈਆਂ ਹਨ। ਉਹ ਸੂਰਜ ਦੀ ਰੌਸ਼ਨੀ ਦਾ ਸਾਹਮਣਾ ਨਹੀਂ ਕਰ ਸਕਦੀ ਤੇ ਉਹ ਸ਼ਹਿਰ ਵਿੱਚ ਪਸਰੀ ਸ਼ਾਂਤੀ ਤੋਂ ਪਰੇਸ਼ਾਨ ਹੈ, ਜਿਸ ਹਜ਼ਾਰਾਂ ਨੌਜਵਾਨਾਂ ਦੀ ਮੌਤ ਦੀ ਕੀਮਤ ਵੀ ਭੁੱਲ ਚੁੱਕੀ ਹੈ। ਨਾਟਕ ਦੇ ਇਸ ਹਿੱਸੇ ਵਿੱਚ ਹੀ ਲਹਿਰ ਦੇ ਸਰੋਕਾਰਾਂ ਤੇ ਕਮੀਆਂ ਦੇ ਸਵਾਲ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਕਲਾਤਮਕ ਸੰਕੇਤਾਂ ਦੀ ਸ਼ਕਲ ਵਿੱਚ ਪੇਸ਼ ਕੀਤਾ ਗਿਆ ਹੈ।
ਨਾਟਕ ਦਾ ਸਿਖ਼ਰ ਛੋਟੀ ਧੀ ਤੁਲੀ ਦੀ ਮੰਗਣੀ ਦਾ ਜਸ਼ਨ ਹੈ, ਜਿਸ ਲਈ 17 ਜਨਵਰੀ ਦੀ ਰਾਤ ਕਿਸੇ ਸਵਾਮੀ ਦੇ ਹੁਕਮ ’ਤੇ ਚੁਣੀ ਗਈ ਹੈ। ਇਹ ਸਵਾਮੀ ਕਿਸ ਕਿਸਮ ਦਾ ਹੈ, ਇਸਦਾ ਅੰਦਾਜ਼ਾ ਮੰਗੇਤਰ ਟੋਨੀ ਕਪਾੜੀਆਂ ਦੀ ਮਾਂ ਦੇ ਅੰਦਾਜ਼ ਤੋਂ ਹੋ ਜਾਂਦਾ ਹੈ, ਜੋ ਦਾਰੂ ਪੀਂਦੀ ਹੋਈ ਆਪਣੇ ਗੁਰੂ ਦਾ ਗੁਣਗਾਨ ਕਰ ਰਹੀ ਹੈ। ਸੁਜਾਤਾ ਚੈਟਰਜੀ, ਜਿਸ ਲਈ ਵ੍ਰਤੀ ਦੇ ਜਨਮ ਦਿਨ ਦੀ ਰਾਤ ਨੂੰ ਸ਼ਹਾਦਤ ਦੇ ਗਏ ਪੁੱਤਰ ਦਾ ਦਰਦ ਸਹਾਰਨਾ ਹੀ ਮੁਸ਼ਕਿਲ ਸੀ, ਉਹ ਧੀ ਦੀ ਮੰਗਣੀ ਤੇ ਉਸ ਵਿੱਚ ਸ਼ਾਮਲ ਕਾਤਲ ਨੂੰ ਵੇਖ ਕੇ ਚੀਖ਼ ਉਠਦੀ ਹੈ। ਇਸ ਚੀਖ਼਼ ਨੂੰ ਪਤੀ ਜਸ਼ਨ ਵਿੱਚ ਸ਼ਾਮਲ ਲੋਕਾਂ ਸਾਹਮਣੇ ਅਪੈਂਡਿਕਸ ਦਾ ਫਟ ਜਾਣਾ ਆਖ ਕੇ ਪਰਦਾਪੋਸ਼ੀ ਕਰਦਾ ਹੈ, ਜਿਸਨੇ ਮਾਮੂਲੀ ਜਿਹੇ ਚੀਰੇ ਨਾਲ਼ ਠੀਕ ਹੋ ਜਾਣਾ ਸੀ। ਨਾਟਕ ਦਾ ਸਿਖ਼ਰ ਸਿਆਸੀ-ਸਮਾਜੀ ਨਿਜ਼ਾਮ ਦੇ ਵੱਡੇ ਅਪਰੇਸ਼ਨ (ਕ੍ਰਾਂਤੀ) ਵੱਲ ਸੰਕੇਤ ਕਰਦਾ ਹੋਇਆ ਫੇਡ ਆਊਟ ਕਰਦਾ ਹੈ, ਜਿਸਦਾ ਅਹਿਸਾਸ ਸੰਵੇਦਨਸ਼ੀਲ ਦਰਸ਼ਕ ਦੀਆਂ ਅੱਖਾਂ ਵਿੱਚ ਨਜ਼ਰ ਆ ਰਿਹਾ ਸੀ।
ਇਸ ਨਾਟਕ ਦਾ ਸੈੱਟ ਲੱਖਾ ਲਹਿਰੀ ਦਾ ਸੀ, ਜਦਕਿ ਢੁੱਕਵਾਂ ਸੰਗੀਤ ਦਿਲਖ਼ੁਸ਼ ਥਿੰਦ ਦਾ ਸੀ। ਸ਼ਬਦੀਸ਼ ਦੇ ਗੀਤਾਂ ਨੂੰ ਸਲੀਮ ਸਿਕੰਦਰ ਦੀ ਖ਼ੂਬਸੂਰਤ ਆਵਾਜ਼ ਦੇ ਸਾਥ ਨੇ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ ਸੀ।