‘ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਦੂਜੇ ਦਿਨ ਹੋਈ ‘ਹੁੰਮਸ’ ਦੀ ਪੇਸ਼ਕਾਰੀ.
ਚੰਡੀਗੜ੍ਹ, 12 ਨਵੰਬਰ : ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਹਰ ਸਾਲ ਕਰਵਾਏ ਜਾਂਦੇ ‘ਗੁਰਸ਼ਰਨ ਸਿੰਘ ਨਾਟ ਉਤਸਵ’ 13ਵੇਂ ਉਤਸਵ ਦੇ ਦੂਜੇ ਦਿਨ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਟੈਗੋਰ ਥੀਏਟਰ ਚੰਡੀਗੜ੍ਹ ਵਿੱਚ ਪੰਜਾਬੀ ਨਾਟਕ ‘ਹੁੰਮਸ’ ਖੇਡਿਆ ਗਿਆ। ਕਿਰਪਾਲ ਕਜ਼ਾਕ ਦੀ ਸਕ੍ਰਿਪਟ ਮਨੁੱਖੀ ਜੀਵਨ ਦੀਆਂ ਚਾਰ ਅਵਸਥਾਵਾਂ-ਬਚਪਨ, ਜਵਾਨੀ, ਗ੍ਰਹਿਸਤ ਤੇ ਬੁਢਾਪੇ ਨੂੰ ਵੱਖ-ਵੱਖ ਪਾਤਰਾਂ ਸਦਕਾ ਮੰਚ ’ਤੇ ਸਾਕਾਰ ਕਰਦੀ ਹੈ। ਇਹ ਅਵਸਥਾਵਾਂ ਮਾਨਵੀ ਇਤਿਹਾਸ ਅੰਦਰ ਸੰਕਟ ਤੋਂ ਮੁਕਤ ਤਾਂ ਨਹੀਂ ਸਨ, ਪਰ ਪੂੰਜੀਵਾਦੀ ਵਰਤਾਰੇ ਦੇ ਸਿਖ਼਼ਰ ਵਿਸ਼ਵੀਕਰਨ ਨੇ ਸੰਕਟ ਹੋਰ ਵੀ ਗਹਿਰਾ ਕਰ ਦਿੱਤਾ ਹੈ। ਵਿਸ਼ਵੀਕਰਨ ਦੇ ਪਰੋਸੇ ਸੁਪਨਿਆਂ ਦੀ ਹਕੀਕਤ ਜੀਵਨ ਦੇ ਹਰ ਪੜਾਅ ’ਤੇ ਵਿਚਰਦੇ ਮਨੁੱਖ ਲਈ ‘ਹੁੰਮਸ’ ਦਾ ਤੋਹਫ਼ਾ ਲੈ ਕੇ ਆਈ ਹੈ, ਜਿਸ ਵਿੱਚ ਹਰ ਕਿਸੇ ਦਾ ਸਾਹ ਘੁੱਟ ਰਿਹਾ ਹੈ।
ਨਾੱਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਮਨਿਸਟਰੀ ਆੱਫ ਕਲਚਰ ਤੇ ਡਿਪਾਰਟਮੈਂਟ ਆੱਫ ਕਲਚਰਲ ਅਫੇਅਰਜ਼ ਹਰਿਆਣਾ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਦੂਜੇ ਦਿਨ ਨਾਟਕ ‘ਹੁੰਮਸ’ ਦਾ ਆਗਾਜ਼ ਦਸ-ਗਿਆਰਾਂ ਸਾਲ ਦੇ ਸਕੂਲੀ ਬੱਚਿਆਂ ਤੋਂ ਹੁੰਦਾ ਹੈ, ਜਿਨ੍ਹਾਂ ਦੇ ਬਸਤਿਆਂ ਦਾ ਬੋਝ ਤਾਂ ਵਧ ਹੀ ਰਿਹਾ ਹੈ, ਉਹ ਆਪਣੇ ਮਾਪਿਆਂ ਦੀ ਜੀਵਨਜਾਚ ਹੱਥੋਂ ਵੀ ਦੁਖੀ ਹਨ। ਇਸ ਤਰ੍ਹਾਂ ਨਾਟਕ ਮਾਨਵੀ ਮਨੋਦਸ਼ਾ ਦੀ ਹੁੰਮਸ ਦਾ ਅਹਿਸਾਸ ਜਗਾ ਜਾਂਦਾ ਹੈ। ਇਸਦੇ ਲੇਖਕ-ਨਿਰਦੇਸ਼ਕ ਨੇ ਪੰਜਾਬੀ ਪਰਿਵਾਰਾਂ ਦੇ ਬਾਲਾਂ ਦੀ ਭਾਸ਼ਾ ਹਿੰਦੀ ਰੱਖੀ ਹੈ, ਜੋ ਪੰਜਾਬ ਦੀ ਬਦਲਦੀ ਤਸਵੀਰ ਵੱਲ ਸੰਕੇਤ ਹੈ। ਇਸਦੇ ਅਗਲੇ ਪੜਾਅ ’ਤੇ ਜਵਾਨੀ ਦੇ ਸੁਪਨਿਆਂ ਦਾ ਸੁਪਨਈ ਸੰਸਾਰ ਭੰਗ ਹੋਣ ਵੱਲ ਸੰਕੇਤ ਹੈ, ਜਿਸ ਵਿੱਚ ਆਪੋ-ਆਪਣੇ ਸੁਰੱਖਿਅਤ ਭਵਿੱਖ ਲਈ ਜਾਤਪਾਤ ਦੇ ਬੰਧਨ ਟੁੱਟਦੇ ਹਨ, ਜਦੋਂ ਦਲਿਤ ਨੌਜਵਾਨ ਤੇ ਉਚ ਜਾਤੀ ਦੀ ਮੁਟਿਆਰ ਆਪੋ-ਆਪਣੇ ਸਹਿਜ ਪਿਆਰ ਦੇ ਰਿਸ਼ਤੇ ਨੂੰ ਤਿਲਾਂਜਲੀ ਦੇ ਆਪਸ ਵਿੱਚ ਸ਼ਾਦੀ ਰਚਾ ਲੈਣ ਦਾ ਸੁਪਨਾ ਵੇਖਦੇ ਹਨ। ਇਸ ਕਥਾ ਦਾ ਨਾਇਕ ਅਫਸਰ ਬਣਨ ਦੀ ਵਿਦਿਅਕ ਯੋਗਤਾ ਤਾਂ ਹਾਸਿਲ ਕਰ ਗਿਆ ਹੈ, ਪਰ ਉਸ ਕੋਲ਼ ਸੀਟ ਲੈਣ ਦਾ ਜੁਗਾੜ ਨਹੀਂ ਹੈ। ਇਨ੍ਹਾਂ ਹਾਲਾਤ ਵਿੱਚ ਪਿਆਰ ਦੀ ਥਾਂ ਸਵਾਰਥ ਦਾ ਰਿਸ਼ਤਾ ਬਣਦਾ ਹੈ, ਜਿਸ ਵਿੱਚ ਨਾਟਕੀ ਮੋੜ ਉਸ ਵਕਤ ਵਾਪਰਦਾ ਹੈ, ਜਦੋਂ ਨੌਜਵਾਨ ਦਾ ਦਲਿਤ ਬਾਪ ਰਿਸ਼ਤੇ ਨੂੰ ਠੋਹਕਰ ਮਾਰ ਦਿੰਦਾ ਹੈ। ਉਸਦੀ ਸਿੱਧੀ-ਸਾਧੀ ਦਲੀਲ ਹੈ ਕਿ ਵੱਡੇ ਲੋਕ ਸਦੀਆਂ ਤੋਂ ਗਰੀਬਾਂ ਦੀ ਇੱਜ਼ਤ ਨਾਲ਼ ਖੇਡਦੇ ਆ ਰਹੇ ਹਨ ਤੇ ਹੁਣ ਪੜ੍ਹੇ-ਲਿਖੇ ਦਲਿਤ ਨੌਜਵਾਨਾਂ ਨੂੰ ਆਪਣੀਆਂ ਧੀਆਂ ਦੇ ਕੇ ਦਲਿਤ ਲੜਕੀਆਂ ਦੇ ਹਿੱਤਾਂ ’ਤੇ ਡਾਕਾ ਮਾਰ ਰਹੇ ਹਨ।
ਇਸ ਕਥਾ ਕੋਲਾਜ਼ ਦੀ ਤੀਜੀ ਕਹਾਣੀ ਜਵਾਨੀ ਵੇਲੇ ਲਵ ਮੈਰਿਜ ਕਰਵਾ ਚੁੱਕੇ ਪਤੀ-ਪਤਨੀ ਦੀ ਜ਼ਿੰਦਗੀ ਵਿੱਚ ਤੀਜੇ ਦੀ ਆਮਦ ਹੁੰਮਸ ਵਰਗੇ ਹਾਲਾਤ ਪੈਦਾ ਕਰ ਦਿੰਦੀ ਹੈ। ਇਥੇ ਮਰਦ ਲਈ ਔਰਤ ਦੀ ਜੀਵਨ ਵਿੱਚ ਮੌਜਾਂ ਮਾਨਣ ਦੀ ਮਰਦਾਵੀਂ ਮਨੋਦਸ਼ਾ ਹੈ, ਜਦਕਿ ਇਸਤਰੀ ਆਪਣੇ ਪਤੀ ਨੂੰ ਸਬਕ ਸਿਖਾਉਣ ਦੇ ਚੱਕਰ ਵਿੱਚ ਤੀਜੇ ਦੇ ਗਧੀਗੇੜ ਵਿੱਚ ਜਾ ਫਸਦੀ ਹੈ, ਜਿਸਦੀ ਹਮਦਰਦੀ ਦਾ ਰੰਗ ਮਰਦ-ਪ੍ਰਧਾਨ ਸਮਾਜ ਦੇ ਪਾਖੰਡੀ ਵਰਤਾਰੇ ਨੂੰ ਦਰਸਾਉਂਦਾ ਹੈ। ਇਹ ਕਥਾ ਸਿਖ਼ਰ ’ਤੇ ਜਾ ਕੇ ਮਰਦਾਂ ਦੇ ਗੇੜ ਵਿੱਚ ਫਸੀਆਂ ਦੋ ਔਰਤਾਂ ਲਈ ਮੁਕਤੀ ਦਾ ਸੰਕੇਤ ਦੇ ਜਾਂਦੀ ਹੈ, ਜਿਨ੍ਹਾਂ ਨੂੰ ਦੋਵੇਂ ਮਰਦ ਸਦਾ ਲਈ ਅਪਣਾਏ ਜਾਣ ਦਾ ਵਾਅਦੇ ਕਰਦੇ ਹੋਏ ਆਪੋ-ਆਪਣੀ ਪਤਨੀ ਤੋਂ ਮੁਕਤ ਹੋਣ ਦਾ ਐਲਾਨ ਕਰੀ ਬੈਠੇ ਹਨ।
‘ਹੁੰਮਸ’ ਦੀ ਸਿਖ਼ਰਲੀ ਕਹਾਣੀ ਉਮਰਭਰ ਬੱਚਿਆਂ ਲਈ ਜੀਵਨ ਜੀਣ ਵਾਲੇ ਬਜ਼ੁਰਗ ਮਾਂ-ਬਾਪ ਦੀ ਕਹਾਣੀ ਹੈ, ਜਿਨ੍ਹਾਂ ਨੂੰ ਦੋ ਪੁੱਤਰ ਵਾਰੋ-ਵਾਰੀ ਆਪਣੇ ਘਰੀਂ ਰੱਖਦੇ ਹਨ। ਇਹ ਕਥਾ ਸੇਵਾ ਮੁਕਤ ਹੋਏ ਬਜ਼ੁਰਗ ਅਧਿਆਪਕ ਸਦਕਾ ਸਾਕਾਰ ਹੁੰਦੀ ਹੈ, ਜੋ ਰੱਬ ਨੂੰ ਮਿਹਣੇ ਮਾਰਦਾ ਵਿਦਿਅਕ ਜੀਵਨ ਦੀ ਸੇਵਾ ਦੇ ਨਿਰਾਰਥਕ ਹੋਣ ’ਤੇ ਵੀ ਸਵਾਲ ਉਠਾ ਰਿਹਾ ਹੈ। ਇਸ ਕਥਾ ਦਾ ਸਿਖ਼ਰ ਮਾਂ-ਬਾਪ ਵੱਲੋਂ ਜਿਉਂਦੇ ਜੀ ਸਰਾਧ ਲਈ ਰੱਖੀ ਰਕਮ ਨਾਲ਼ ਪੁੱਤਰਾਂ ਦਾ ਸਰਾਧ ਕਰਨ ਦੇ ਫ਼ੈਸਲੇ ਨਾਲ਼ ਹੁੰਦਾ ਹੈ ਤੇ ਉਹ ਆਪਣੀ ਆਜ਼ਾਦ ਜ਼ਿੰਦਗੀ ਆਪਣੇ ਅੰਦਾਜ਼ ਵਿੱਚ ਜੀਣ ਦਾ ਤਹੱਈਆ ਕਰਦੇ ਹਨ।
ਇਸ ਨਾਟਕ ਦੇ ਵੱਖ-ਵੱਖ ਕਿਰਦਾਰ ਮਨਜੀਤ, ਸਹਿਰਾਬ, ਇੰਦੂ, ਪੂਜਾ, ਕਮਲਪ੍ਰੀਤ ਕੌਰ ਨਜ਼ਮ, ਜਾਸੀ ਸੱਗੂ, ਕਿਰਪਾ ਭੰਡਾਰੀ, ਗੁਰਦਿੱਤ ਗੁਰੀ ਤੇ ਸਿਧਾਰਥ ਨੇ ਅਦਾ ਕੀਤੇ। ਲਾਈਟਿੰਗ ਤੇ ਸੈੱਟ ਦੀ ਵਿਵਸਥਾ ਕ੍ਰਮਵਾਰ ਹਰਮੀਤ ਭੁੱਲਰ ਤੇ ਬਲਵਿੰਦਰ ਸਿੰਘ ਨੇ ਕੀਤੀ ਸੀ, ਜਦਕਿ ਗੀਤ ਤੇ ਸੰਗੀਤ ਵਿੱਚ ਕ੍ਰਮਵਾਰ ਸ਼ਬਦੀਸ਼ ਤੇ ਸਜਲ ਕੁਮਾਰ ਦਾ ਯੋਗਦਾਨ ਸੀ, ਜਿਸਦਾ ਸੰਚਾਲਨ ਕੁਲਵਿੰਦਰ ਕੈਲੇ ਕਰ ਰਹੇ ਸਨ।
13 ਨਵੰਬਰ ਦਾ ਨਾਟਕ : ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਤੀਜੇ ਦਿਨ ਮੇਜ਼ਬਾਨ ਟੀਮ ਸੁਚੇਤਕ ਰੰਗਮੰਚ ਮੋਹਾਲੀ ਦਾ ਨਾਟਕ ‘ਮਨ ਮਿੱਟੀ’ ਪੇਸ਼ ਕੀਤਾ ਜਾਵੇਗਾ। ਸ਼ਬਦੀਸ਼ ਦੀ ਸੋਲੋ ਪਲੇਅ ਸਕ੍ਰਿਪਟ ਨੂੰ ਮੰਚ ’ਤੇ ਸਾਕਾਰ ਕਰਨ ਲਈ ਅਨੀਤਾ ਸ਼ਬਦੀਸ਼ ਅਦਾਕਾਰਾ ਤੇ ਨਿਰਦੇਸ਼ਨ ਦੀ ਦੋਹਰੀ ਭੂਮਿਕਾ ਵਿੱਚ ਹੋਵੇਗੀ। ਇਹ ਨਾਟਕ ਦੇਸ਼ ਵਿਦੇਸ਼ ਵਿੱਚ ਬਲਾਤਕਾਰ ਦੀਆਂ ਸ਼ਿਕਾਰ ਔਰਤਾਂ ਦੀ ਕਹਾਣੀ ਹੈ, ਜਿਨ੍ਹਾਂ ਨੂੰ ਵੱਖੋ-ਵੱਖਰੇ ਹਾਲਾਤ ਵਿੱਚ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ ਹੈ, ਪਰ ਸਭ ਦਾ ਦਰਦ ਸਾਂਝਾ ਹੈ।