ਅੱਜ(ਕਵਿਤਾ)
ਅੱਜ(ਕਵਿਤਾ)
ਅੱਜ ਲੋਕੀਂ ਚੰਦ ਦੇ ਉੱਤੇ, ਜ਼ਮੀਨਾਂ ਰਹੇ ਖ਼ਰੀਦ।
ਪ੍ਰੇਮ ਭਾਵ ਦਾ ਮਹਿਲ ਇੱਥਂੋ ਦਾ,ਕਰ ਕੇ ਚਕਨਾਂ ਚੂਰ।
ਚਾਹੇ ਖਾਣ ਪੀਣ ਨੂੰ ਬੱਚਿਆਂ ਤਾਈਂ,ਮਿਲੇ ਨਾ ਦੁੱਧ ਕਰੀਮ।
ਸ਼ੀਸ਼ੇ ਦੇ ਡਾਈਨਿੰਗ ਟੇਬਲ ‘ਤੇ ਸਜੇ,ਨਕਲੀ ਫ਼ਲ ਜਰੂਰ।
ਡਰਾਇੰਗ ਰੂਮ ਹੁਣ ਹਰ ਘਰ ਦਾ,ਸਜਿਆ ਸਜਿਆ ਲੱਗਦਾ।
ਸ਼ਿੰਗਾਰ ਰਹੇ ਹਰ ਕੋਨਾ ਇਸਦਾ,ਨਕਲੀ ਫੁੱਲ ਜਰੂਰ।
ਕਾਲ ਕਲੋਟਿਆਂ ਚਿਹਰਿਆਂ aੁੱਤੇ,ਲਾ ਕੇ ਪਾਊਡਰ ਕਰੀਮ।
ਜਾਅਲੀ ਹੁਸਨ ਬਣਾ ਕੇ ਲੋਕੀਂ,ਤੁਰਦੇ ਵਿਚ ਮਗਰੂਰ।
ਚਿਹਰੇ ਉੱਤੇ ਪਹਿਨ ਮਖੌਟਾ,ਫਿਰਦਾ ਹਰ ਇਨਸਾਨ।
ਹੂਰਾਂ ਦੀ ਬਸਤੀ ‘ਚੋ ਇਕ ਵੀ,ਨਜ਼ਰ ਨਾ ਆਵੇ ਹੂਰ।
ਅੱਧੇ ਮੀਟਰ ਨਾਲ ਹੁਸੀਨਾ,ਢੱਕਦੀਆਂ ਹੁਣ ਸਰੀਰ।
ਪਤੀਵਰਤਾ ਦੇ ਚੀਰ ‘ਚ ਦਿਸਦਾ,ਨਕਲੀ ਪਿਆ ਸੰਧੂਰ।
ਲੋਕਾਂ ਨੂੰ ਮੱਤ ਦੇਂਦਾ ਫਿਰਦਾ,ਪੀਣ ਦੀ ਆਦਤ ਛਡੋ।
ਸੁਬ੍ਹਾ ਸ਼ਾਮ ਖੁਦ ਪੀ ਕੇ ‘ਸੈਣੀ’ ਘੁੰਮਦਾ ਵਿਚ ਸਰੂਰ।