ਗ਼ਜ਼ਲ….. ਸਾਨੂੰ ਕਹਿਕੇ ਆਪਣਾ ਇਕ ਵਾਰੀਂ,ਜੇ ਤੂੰ ਜੱਗ ਦੇ ਭਰਮ ਮੁਕਾ ਦਿੰਦਾ।

ਗ਼ਜ਼ਲ…..
ਸਾਨੂੰ ਕਹਿਕੇ ਆਪਣਾ ਇਕ ਵਾਰੀਂ,ਜੇ ਤੂੰ ਜੱਗ ਦੇ ਭਰਮ ਮੁਕਾ ਦਿੰਦਾ।
ਅਸੀਂ ਲੱਖ ਝਨਾਵਾਂ ਨੂੰ ਠਿਲ ਜਾਂਦੇ,ਜੇ ਤੂੰ ਇਕ ਵੀ ਕੌਲ ਨਿਭਾ ਦਿੰਦਾ।
ਲਗੀ ਵਾਲੇ ਨਾ ਰਾਤ ਨੂੰ ਕਦੇ ਸੌਦੇ,ਤੇ ਗੀਤ ਬ੍ਰਿਹਾ ਦੇ ਸਦਾ ਹੀ ਰਹਿਣ ਗਾਉਂਦੇ,
ਸੱਸੀ ਥਲਾਂ’ਚ ਕਦੇ ਵੀ ਭਟਕਦੀ ਨਾ,ਜੇ ਤੂੰ ਜਾਗ ਕੇ ਰਾਤ ਬਿਤਾ ਦਿੰਦਾ
ਲਿਖੀ ਚੰਦਰੀ ਕਿਸੇ ਤਕਦੀਰ ਸਾਡੀ,ਤੇ ਮਿਲੀ ਥੋਹਰ ਦੀ ਜੂਨ ਹੰਡਾਉਂਣ ਦੇ ਲਈ,
ਮਹਿਕ ਸਾਨੂੰ ਵੀ ਹੋ ਨਸੀਬ ਜਾਂਦੀ,ਜੇ ਫ਼ੁਲ ਚਾਰ ਵੀ ਅਰਥੀ ਤੇ ਪਾ ਦਿੰਦਾ।
ਸੁੱਕ ਗਏ ਦਰਾਂ ਤੇ ਖੜੇ ਇੰਤਜਾਰ ਕਰਦੇ,ਵੇ ਤੈ ਨੂੰ ਦਰਦ ਨਾ ਸਾਡੇ ਤੇ ਰਤਾ ਆਇਆ,
ਤੇਰੇ ਰਾਹਾਂ’ਚ ਨੈਣ ਵਿਛਾ ਦਿੰਦੇ,ਜੇ ਸਾਡੀ ਗਲੀ’ਚ ਪੈਰ ਵੀ ਪਾ ਦਿੰਦਾ।
ਫਟ ਚੰਦਰੇ ਇਸ਼ਕ ਦੇ ਬਹੁਤ ਡੂੰਘੇ,ਵੇ ਕੋਈ ਇੰਨਾ੍ਹ ਦੀ ਸਾਰ ਨਾ ਪਾ ਸਕਿਆ,
ਸਾਨੂੰ ਦਰਦਾਂ ਦੀ ਕਦੇ ਨਾ ਪੀੜ ਹੁੰਦੀ,ਜੇ ਫੋਕੀ ਮਲ੍ਹਮ ਤਸਲੀ ਦੀ ਲਾ ਦਿੰਦਾ।
ਰਕੀਬ ਸਾਡੇ ਅਸਮਾਂਨ ਚੜ੍ਹਾ ਦਿਤੇ,ਵੇ ਥਾਂ ਥਾਂ ਜੱਪ ਕੇ ਉਨਾਂ੍ਹ ਦੀ ਤੁਸੀਂ ਮਾਲਾ।
‘ਸੈਣੀ’ਜੱਗ ਵਿਚ ਰੋਸ਼ਨ ਹੋ ਜਾਂਦੇ,ਜੇ ਸਾਡੀ ਇਕ ਵੀ ਗ਼ਜ਼ਲ ਤੂੰ ਗਾ ਦਿੰਦਾ।