ਜਨਤਕ ਵੰਡ ਪ੍ਰਣਾਲੀ ਤੇ ਭੰਡਰਾਣ ਦੀ ਪੂਰੀ ਵਿਵਸਥਾ ਨੂੰ ਡਿਜੀਟਲ ਕੀਤਾ ਜਾਵੇਗਾ – ਖੁਰਾਕ ਅਤੇ ਸਪਲਾਈ ਰਾਜ ਮੰਤਰੀ

ਚੰਡੀਗੜ੍ਹ, 10 ਅਗਸਤ  – ਹਰਿਆਣਾ ਦੇ ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣਦੇਵ ਕੰਬੋਜ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਤੇ ਭੰਡਰਾਣ ਦੀ ਪੂਰੀ ਵਿਵਸਥਾ ਨੂੰ ਡਿਜੀਟਲ ਕੀਤਾ ਜਾਵੇਗਾ। ਇਸ ਦੇ ਤਹਿਤ ਖਪਤਕਾਰਾਂ ਨੂੰ ਡਿਪੂ ਵਿਚ ਰਾਸ਼ਨ ਦੇ ਆਉਣ ਤੇ ਵੰਡ ਦੀ ਸੂਚਨਾ ਮੋਬਾਇਲ ‘ਤੇ ਭੇਜ ਦਿੱਤੀ ਜਾਵੇਗੀ। ਪਾਇਲਟ ਪ੍ਰੋਜੈਕਟ ਦੇ ਤਹਿਤ ਜਲਦ ਹੀ ਇਸ ਦੀ ਸ਼ੁਰੂਆਤ ਪੰਚਕੂਲਾ ਤੋਂ ਕੀਤੀ ਜਾਵੇਗੀ।
ਸ੍ਰੀ ਕੰਬੋਜ ਅੱਜ ਇੱਥੇ ਸੂਬੇ ਦੇ ਸਾਰੇ ਜਿਲਾ ਖੁਰਾਕ ਤੇ ਸਪਲਾਈ ਕੰਟ੍ਰੋਲ ਦੀ ਮੀਟਿੰਗ ਨੂੰ ਸੰਬੋਧਤ ਕਰ ਰਹੇ ਸਨ। ਇਸ ਵਿਚ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਸ.ਪ੍ਰਸਾਦ, ਡਾਇਰੈਕਟਰ ਸੀ.ਆਰ.ਰਾਣਾ ਸਮੇਤ ਅਨੇਕ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
ਖੁਰਾਕ ਤੇ ਸਪਲਾਈ ਰਾਜ ਮੰਤਰੀ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਪਿੰਡਾਂ ਵਿਚ ਵੰਡਿਆ ਜਾਣ ਵਾਲਾ ਆਟਾ, ਦਾਲ, ਚਾਵਲ, ਚੀਨੀ, ਤੇਲ ਅਤੇ ਹੋਰ ਵਸਤੂਆਂ ਦੀ ਸੂਚਨਾ ਹੁਣ ਖਪਤਕਾਰਾਂ ਨੂੰ ਉਨ੍ਹਾਂ ਦੇ ਮੋਬਾਇਲ ‘ਤੇ ਦਿੱਤੀ ਜਾਵੇਗੀ। ਇਸ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਪੰਚਕੂਲਾ ਤੋਂ ਕੀਤੀ ਜਾ ਰਹੀ ਹੈ, ਜਿਸ ਲਈ 20 ਡਿਪੂ ਹੋਲਡਰਾਂ ਦੀ ਚੋਣ ਕਰ ਲਈ ਗਈ ਹੈ। ਇਸ ਲਈ ‘ਪੁਆਇੰਟ ਆਫ ਸੇਲ ਡਿਵਾਇਸ’ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਦੇ ਗੋਦਾਮ ਤੋਂ ਡਿਪੂ ਤਕ ਪੁੱਜਣ ਦੀ ਜਾਣਕਾਰੀ ਜਲਦ ਹੀ ਵੈਟਸਅਪ ‘ਤੇ ਵੀ ਉਪਲੱਬਧ ਕਰਵਾਈ ਜਾਵੇਗੀ।
ਸ੍ਰੀ ਕੰਬੋਜ ਨੇ ਕਿਹਾ ਕਿ ਭ੍ਰਿਸ਼ਟਾਚਾਰ ‘ਤੇ ਨੱਥ ਪਾਉਣ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਪੂਰੀ ਕੀਮਤ ਦੇਣ ਲਈ ਨਵੀਂ ਵਿਵਸਥਾ ਲਾਗੂ ਕੀਤੀ ਜਾਵੇਗੀ, ਜਿਸ ਦੇ ਤਹਿਤ ਕਿਸਾਨਾਂ ਵੱਲੋਂ ਵੇਚੇ ਗਏ ਫਸਲ ਦੀ ਪੂਰੀ ਕੀਮਤ ਚੈਕ ਰਾਹੀਂ ਦਿੱਤੀ ਜਾਵੇਗੀ। ਇਸ ਨਾਲ ਬਿਚੌਲਿਆਂ ਤੋਂ ਮੁਕਤੀ ਮਿਲੇਗੀ, ਭ੍ਰਿਸ਼ਟਾਚਾਰ ‘ਤੇ ਰੋਕ ਲਗੇਗੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਪੂਰੀ ਕੀਮਤ ਮਿਲ ਸਕੇਗੀ। ਇਸ ਬਾਰੇ ਵਿਚ ਸਾਰੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹੋਏ ਕਿਹਾ ਕਿ ਉਹ ਭਵਿੱਖ ਵਿਚ ਇਹ ਵਿਵਸਥਾ ਲਾਗੂ ਕਰਨ ਲਈ ਯੋਗ ਕਦਮ ਚੁੱਕਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਝੌਨੇ ਦੀ ਮੌਸਮ ਨੂੰ ਵੇਖਦੇ ਹੋਏ ਸਾਰੀਆਂ ਤਿਆਰੀਆਂ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿਚ ਕੋਈ ਦਿਕੱਤ ਨਾ ਆਵੇ।
ਸ੍ਰੀ ਕੰਬੋਜ ਨੇ ਕਿਹਾ ਕਿ ਇਸ ਵਿਵਸਥਾ ਨੂੰ ਸੁਚਾਰੂ ਤੌਰ ‘ਤੇ ਚਲਾਉਣ ਲਈ ਸਾਰੇ ਖਪਤਕਾਰਾਂ ਦੇ ਫੋਨ ਨੰਬਰ, ਖਾਤਾ ਨੰਬਰ ਅਤੇ ਆਧਾਰ ਕਾਰਡ ਨੂੰ ਰਾਸ਼ਨ ਕਾਰਡ ਨਾਲ ਜੋੜਿਆ ਜਾ ਰਿਹਾ ਹੈ। ਇਸ ਨਾਲ ਖਪਤਕਾਰਾਂ ਨੂੰ ਮਿਲਣ ਵਾਲੀ ਸਾਰੀ ਤਰ੍ਹਾਂ ਦੀ ਸਬਸਿਡੀ ਨੂੰ ਉਨ੍ਹਾਂ ਦੇ ਖਾਤਿਆਂ ਵਿਚ ਟਰਾਂਸਫਰ ਕਰਨ ਵਿਚ ਵੀ ਮਦਦ ਮਿਲੇਗੀ। ਉਨ੍ਹਾਂ ਨੇ ਵਿਭਾਗ ਨੂੰ ਜਨਤਕ ਵੰਡ ਪ੍ਰਦਾਲੀ ਵਿਚ ਸੁਧਾਰ ਲਈ ਸਖਤ ਕਦਮ ਚੁੱਕਣ ਦੇ ਆਦੇਸ਼ ਦਿੱਤੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ।
ਸਲਸਵਿਹ/2015

Share