636 ਗੈਰ ਤਕਨੀਕੀ ਕਰਮਚਾਰੀਆਂ ਦੀ ਭਰਤੀ ਕਰਨ ਦੀ ਯੋਜਨਾ

ਚੰਡੀਗੜ੍ਹ, 9 ਅਗਸਤ – ਹਰਿਆਣਾ ਦੇ ਟਰਾਂਸਪੋਰਟ ਤੇ ਆਵਾਸ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਕਿਹਾ ਕਿ ਰੋਡਵੇਜ ਦੀਆਂ ਸੇਵਾਵਾਂ ਨੂੰ ਦੁਰਸਤ ਕਰਨ ਦੇ ਲਈ 636 ਗੈਰ ਤਕਨੀਕੀ ਕਰਮਚਾਰੀਆਂ ਦੀ ਭਰਤੀ ਕਰਨ ਦੀ ਯੋਜਨਾ ਹੈ।
ਸ੍ਰੀ ਪਵਾਰ ਅੱਜ ਜੀਂਦ ਦੇ ਛੋਟੂਰਾਮ ਕਿਸਾਨ ਕਾਲਜ ਦੇ ਸਟੈਡੀਅਮ ਵਿਚ ਤਿੰਨ ਰੋਜਾ ਜ਼ਿਲ੍ਹਾ ਬਾਸਕਿਟ ਬਾਲ ਸੰਘ ਵੱਲੋਂ ਲੜਕੇ ਤੇ ਲੜਕੀਆਂ ਦੀ ਹਰਿਆਣਾ ਸਟੇਟ ਜੂਨੀਅਰ ਬਾਸਕਿਟ ਬਾਲ ਚੈਪੀਅਨਸ਼ਿਪ ਦੀ ਸ਼ੁਰੂਆਤ ਮੌਕੇ ਬੋਲ ਰਹੇ ਸਨ। ਇਸ ਮੁਕਾਬਲੇ ਵਿਚ ਲੜਕਿਆਂ ਦੀ 20 ਅਤੇ ਲੜਕੀਆਂ ਦੀਆਂ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਆਪਣੇ ਸਵੈਇਛੁੱਕ ਫੰਡ ਵਿਚੋਂ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਪਰਿਵਾਹਨ ਦੇ ਬੇੜੇ ਨੂੰ ਘਾਟੇ ਤੋਂ ਕੱਢਣ ਦੇ ਲਈ ਯਤਨ ਕੀਤੇ ਜਾ ਰਹੇ ਹਨ। ਲੋਕਾਂ ਨੂੰ ਵਧੀਆ ਆਵਾਜਾਈ ਸਹੂਲਤਾਂ ਮਿਲਣ ਇਸਦੇ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰੋਡਵੇਜ ਦੇ ਕਰਮਚਾਰੀਆਂ ਦੇ ਲਈ ਵਰਦੀ ਭੱਤੇ ਵਿਚ ਵਾਧਾ ਕੀਤਾ ਗਿਆ ਹੈ। ਇਸ ਮੌਕੇ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਦੇ ਵੀਸੀ ਡਾ. ਰਣਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਨੌਜਵਾਨਾਂ ਨੂੰ ਭਾਰਤੀ ਸੈਨਾਵਾਂ ਵਿਚ ਭਰਤੀ ਹੋਣ ਦੇ ਲਈ ਟ੍ਰੇਨਿੰਗ ਦਿੱਤੀ ਜਾ ਰਹੇ ਹੈ। ਪ੍ਰੋਗਰਾਮ ਵਿਚ ਜੁਲਾਨਾ ਦੇ ਵਿਧਾਇਕ ਪਰਮਿੰਦਰ ਢੂਲ, ਸਾਬਕਾ ਵਿਧਾਇਕ ਰਾਮਫਲ ਨੇ ਵੀ ਸ਼ਿਰਕਤ ਕੀਤੀ। ਹਰਿਆਣਾ ਸਟੇਟ ਬਾਸਕੇਟ ਬਾਲ ਫੈਡਰੇਸ਼ਨ ਦੇ ਜਨਰਲ ਸਕੱਤਰ ਪ੍ਰੋ. ਦਲਬੀਰ ਸਿੰਘ ਖਰਬ ਹਾਜ਼ਰ ਸਨ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਖੇਡ ਵਿਅਕਤੀ ਨੂੰ ਸ਼ਰੀਰਕ ਰੂਪ ਵਿਚ ਸਿਹਤਮੰਦ ਬਣਾਉਦੀ ਹੈ। ਉਨ੍ਹਾਂ ਕਿਹਾ ਕਿ ਖੇਡ ਨੂੰ ਖੇਡ ਦੀ ਭਾਵਨਾ ਨਾਲ ਹੀ ਖੇਡਣਾ ਚਾਹੀਦਾ, ਕਿਉਂਕਿ ਖੇਡ ਵਿਚ ਹਾਰ ਜਿੱਤ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਖੇਡ ਮੰਤਰੀ ਸ੍ਰੀ ਅਨਿਲ ਵਿਜ ਖੇਡਾਂ ਦੇ ਵਿਕਾਸ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਰਾਜ ਸਰਕਾਰ ਨੇ ਯੋਗ ਨੂੰ ਵਧਾਵਾ ਦੇਣ ਦੇ ਲਈ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਹਰ ਜ਼ਿਲ੍ਹੇ ਵਿਚ ਇਕ ਇੰਨਡੋਰ ਸਟੈਡੀਅਮ ਬਣਾਉਣ ਦੀ ਸੋਚ ਰੱਖਦੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਨੌਕਰੀਆਂ ਵਿਚ ਰਾਖਵਾਂ ਕੋਟਾ ਦਿੱਤਾ ਜਾ ਰਿਹਾ ਹੈ।

Share