ਵਸੰਤਦਾਦਾ ਸ਼ੂਗਰ ਇੰਸਟੀਚਿਊਟ ਪੰਜਾਬ ਦੀਆਂ ਖੰਡ ਮਿੱਲਾਂ ਨੂੰ ਮੁੜ ਸੁਰਜੀਤ ਕਰਨ ‘ਚ ਤਕਨੀਕੀ ਮੱਦਦ ਕਰੇਗਾ: ਰੰਧਾਵਾ

ਚੰਡੀਗੜ•/ਪੁਣੇ, 1 ਫਰਵਰੀ:
ਪੰਜਾਬ ਦੀਆਂ ਖੰਡ ਮਿੱਲਾਂ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਕਰਨ ਅਤੇ ਗੰਨੇ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਗੰਨੇ ਤੋਂ ਖੰਡ ਤੋਂ ਇਲਾਵਾ ਹੋਰ ਉਤਪਾਦ ਪੈਦਾ ਕਰਨ ਵਿੱਚ ਪੁਣੇ ਦਾ ਵਸੰਤਦਾਦਾ ਸ਼ੂਗਰ ਇੰਸਟੀਚਿਊਟ (ਵੀ.ਐਸ.ਆਈ.) ਪੰਜਾਬ ਦੀ ਤਕਨੀਕੀ ਤੌਰ ਉਤੇ ਮੱਦਦ ਕਰੇਗਾ। ਇਹ ਫੈਸਲਾ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਪੁਣੇ ਫੇਰੀ ਦੌਰਾਨ ਵੀ.ਸੀ.ਆਈ. ਦੇ ਡਾਇਰੈਕਟਰ ਜਨਰਲ ਸ੍ਰੀ ਸ਼ਿਵਾਜੀਰਾਓ ਦੇਸ਼ਮੁਖ ਨਾਲ ਹੋਈ ਲੰਬੀ ਮੀਟਿੰਗ ਵਿੱਚ ਹੋਇਆ।
ਸ. ਰੰਧਾਵਾ ਦੀ ਅਗਵਾਈ ਵਿੱਚ ਪੰਜਾਬ ਦੇ ਵਫਦ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਸਹਿਕਾਰਤਾ ਵਿਭਾਗ ਵੱਲੋਂ ਗੰਨੇ ਦੀ ਫ਼ਸਲ ਦੀ ਪੈਦਾਵਾਰ ਵਧਾਉਣ ਅਤੇ ਘਾਟੇ ਵਿੱਚ ਜਾ ਰਹੀਆਂ ਖੰਡ ਮਿੱਲਾਂ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਬਣਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ ਜਿਸ ਲਈ ਉਨ•ਾਂ ਨੂੰ ਵੀ.ਐਸ.ਆਈ. ਤੋਂ ਸਹਾਇਤਾ ਦੀ ਵੀ ਲੋੜ ਹੈ। ਬਟਾਲਾ ਤੇ ਗੁਰਦਾਸਪੁਰ ਖੰਡ ਮਿੱਲ ਦੇ ਮਜ਼ਬੂਤੀਕਰਨ ਤੇ ਨਵੀਨੀਕਰਨ ਦਾ ਵੀ ਪ੍ਰਾਜੈਕਟ ਵੀ ਚੱਲ ਰਿਹਾ ਹੈ ਅਤੇ ਕਲਾਨੌਰ ਵਿਖੇ ਸ਼ੂਗਰ ਇੰਸਟੀਚਿਊਟ ਦੀ ਵੀ ਤਜਵੀਜ਼ ਹੈ ਜਿਸ ਲਈ ਵੀ.ਐਸ.ਆਈ. ਦੀ ਤਕਨੀਕੀ ਮੱਦਦ ਬਹੁਤ ਅਹਿਮ ਹੈ। ਪੰਜਾਬ ਦੀ ਮੰਗ ਨੂੰ ਸਵਿਕਾਰਦਿਆਂ ਸ੍ਰੀ ਦੇਸ਼ਮੁੱਖ ਨੇ ਵਿਸ਼ਵਾਸ ਦਿਵਾਇਆ ਕਿ ਉਹ ਹਰ ਤਰ•ਾਂ ਦੀ ਮੱਦਦ ਮੁਹੱਈਆ ਕਰਵਾਉਣਗੇ।
ਸ. ਰੰਧਾਵਾ ਨੇ ਕਿਹਾ ਕਿ ਫਸਲੀ ਵਿਭਿੰਨਤਾ ਲਈ ਗੰਨੇ ਦੀ ਖੇਤੀ ਸਭ ਤੋਂ ਕਾਰਗਾਰ ਹਥਿਆਰ ਹੈ ਅਤੇ ਗੰਨੇ ਦੀ ਖੇਤੀ ਨੂੰ ਲਾਭਦਾਇਕ ਬਣਾਉਣ ਲਈ ਖੰਡ ਮਿੱਲਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਉਨ•ਾਂ ਕਿਹਾ ਕਿ ਗੰਨੇ ਤੋਂ ਇਕੱਲੀ ਖੰਡ ਹੀ ਨਹੀਂ ਬਲਕਿ ਈਥਨੌਲ, ਕੋਜੇਨਰੇਸ਼ਨ, ਬਾਇਓ ਸੀ.ਐਨ.ਜੀ. ਤੇ ਬਾਇਓ ਖਾਦ ਆਦਿ ਉਤਪਾਦ ਵੀ ਤਿਆਰ ਕਰਨ ਲਈ ਨਵੀਂ ਤਕਨਾਲੋਜੀ ਚਾਹੀਦੀ ਹੈ ਜਿਸ ਲਈ ਵੀ.ਐਸ.ਆਈ. ਦੀ ਤਕਨੀਕੀ ਮੱਦਦ ਪੰਜਾਬ ਦੀਆਂ ਖੰਡ ਮਿੱਲਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ।
ਪੰਜਾਬ ਦੇ ਵਫ਼ਦ ਵਿੱਚ ਸ਼ੂਗਰਫੈਡ ਦੇ ਚੇਅਰਮੈਨ ਸ. ਅਮਰੀਕ ਸਿੰਘ ਅਲੀਵਾਲ, ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਵਿਕਾਸ ਗਰਗ, ਸ਼ੂਗਰਫੈਡ ਦੇ ਐਮ.ਡੀ. ਸ੍ਰੀ ਪੁਨੀਤ ਗੋਇਲ, ਨੈਸ਼ਨਲ ਫੈਡਰੇਸ਼ਨ ਆਫ ਕੋਆਪਰੇਟਿਵ ਸ਼ੂਗਰ ਫੈਕਟਰੀ ਨਵੀਂ ਦਿੱਲੀ ਦੇ ਡਾਇਰੈਕਟਰ ਸ. ਮਨਜੀਤ ਸਿੰਘ ਹੰਬੜਾ ਅਤੇ ਪੰਜਾਬ ਵਿੱਚ ਸਹਿਕਾਰੀ ਖੰਡ ਮਿੱਲਾਂ ਦੇ ਜਨਰਲ ਮੈਨੇਜਰ ਵੀ ਸ਼ਾਮਲ ਸਨ। ਵਫਦ ਵੱਲੋਂ ਵੀ.ਐਸ.ਆਈ. ਦਾ ਦੌਰਾ ਵੀ ਕੀਤਾ ਗਿਆ।

Share