ਗੰਨਾ ਕਾਸ਼ਤਕਾਰਾਂ ਨੂੰ ਭੁਗਤਾਨ ਲਈ ਸਹਿਕਾਰੀ ਖੰਡ ਮਿੱਲਾਂ ਨੂੰ 65 ਕਰੋੜ ਰੁਪਏ ਜਾਰੀ: ਸੁਖਜਿੰਦਰ ਸਿੰਘ ਰੰਧਾਵਾ.

ਚੰਡੀਗੜ•, 22 ਜਨਵਰੀ
ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਸਾਲ 2017-18 ਦੀ ਗੰਨੇ ਦੀ ਕੀਮਤ ਦੀ ਅਦਾਇਗੀ ਕਰਨ ਲਈ 65 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਜੋ ਕੱਲ ਤੱਕ ਸਬੰਧਤ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਜਮ•ਾਂ ਹੋ ਜਾਣਗੇ। ਸਹਿਕਾਰੀ ਖੰਡ ਮਿੱਲਾਂ ਵੱਲੋਂ ਹੁਣ ਤੱਕ 151.33 ਕਰੋੜ ਰੁਪਏ  ਦਾ ਬਕਾਇਆ ਸੀ ਅਤੇ ਅੱਜ 65 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋਣ ਉਪਰੰਤ 86.33 ਕਰੋੜ ਰੁਪਏ ਗੰਨੇ ਦੀ ਰਾਸ਼ੀ ਬਕਾਇਆ ਰਹਿ ਜਾਵੇਗੀ ਜਿਸ ਦੀ ਵੀ ਜਲਦੀ ਅਦਾਇਗੀ ਕਰ ਦਿੱਤੀ ਜਾਵੇਗੀ। ਇਹ ਖੁਲਾਸਾ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।
ਸ. ਰੰਧਾਵਾ ਨੇ ਦੱਸਿਆ ਕਿ ਪਿੜਾਈ ਸੀਜ਼ਨ 2018-19 ਦੌਰਾਨ ਸਹਿਕਾਰੀ ਖੰਡ ਮਿੱਲਾਂ ਨੇ 21 ਜਨਵਰੀ ਤੱਕ 99.15 ਲੱਖ ਕੁਇੰਟਲ ਗੰਨਾ ਪੀੜਿਆ ਗਿਆ ਹੈ।  ਸਹਿਕਾਰੀ ਖੰਡ ਮਿੱਲਾਂ ਦੀ ਔਸਤਨ ਖੰਡ ਦੀ ਰਿਕਵਰੀ ਅੱਜ ਤੱਕ ਦੀ 10.40 ਫੀਸਦੀ ਅਤੇ ਹੁਣ ਤੱਕ ਦੀ ਰਿਕਵਰੀ 9.61 ਫੀਸਦੀ ਦੀ ਦਰ ਨਾਲ ਚੱਲ ਰਹੀ ਹੈ ਜਿਸ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ। ਭੋਗਪੁਰ ਅਤੇ ਮੋਰਿੰਡਾ ਸਹਿਕਾਰੀ ਖੰਡ ਮਿੱਲਾਂ ਵੱਲੋਂ ਪਿਛਲੇ ਸਾਲਾਂ ਨਾਲੋਂ ਵਧੀਆ ਕਾਰਗੁਜ਼ਾਰੀ ਕਰਦੇ ਹੋਏ 11.40 ਫੀਸਦੀ ਦੀ ਦਰ ਨਾਲ ਅੱਜ ਤੱਕ ਰਿਕਵਰੀ ਦਿੱਤੀ ਜਾ ਰਹੀ ਹੈ। ਪਿਛਲੇ ਪਿੜਾਈ ਸੀਜ਼ਨ ਦੇ ਮੁਕਾਬਲੇ ਸਹਿਕਾਰੀ ਖੰਡ ਮਿੱਲਾਂ ਵਲੋਂ ਹੁਣ ਤੱਕ ਲੱਗਭੱਗ 18 ਕਰੋੜ ਰੁਪਏ ਦੀ ਕੀਮਤ ਦੀ ਖੰਡ ਦੀ ਵੱਧ ਪੈਦਾਵਾਰ ਕੀਤੀ ਗਈ ਹੈ।
ਸਹਿਕਾਰਤਾ ਮੰਤਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੜਾਈ ਸੀਜ਼ਨ 2018-19 ਦੌਰਾਨ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਜਲਦੀ ਅਦਾਇਗੀ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ 21 ਜਨਵਰੀ ਤੱਕ ਪੰਜਾਬ ਸਰਕਾਰ ਵੱਲੋਂ ਨਿਰਧਾਰਤ 310 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਅਨੁਸਾਰ ਖਰੀਦੇ ਗਏ ਗੰਨੇ ਦੀ ਬਣਦੀ ਕੁੱਲ ਕੀਮਤ 307.28 ਕਰੋੜ ਰੁਪਏ ਵਿਚੋਂ 178.74 ਕਰੋੜ ਰੁਪਏ ਦੀ ਅਦਾਇਗੀ ਮਿੱਲਾਂ ਵੱਲੋਂ ਆਪਣੇ ਪੱਧਰ ‘ਤੇ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ 58.17 ਫੀਸਦੀ ਗੰਨੇ ਦੀ ਕੀਮਤ ਦੀ ਅਦਾਇਗੀ ਹੋ ਚੁੱਕੀ ਹੈ।

Share