ਮਠਿਆਈ ਲੁਕਾ ਕੇ ਲਿਜਾ ਰਹੇ ਅਖ਼ਬਾਰਾਂ ਦੀ ਡਲਿਵਰੀ ਵਾਲੇ ਵਾਹਨ ਫੜ੍ਹੇ.



ਚੰਡੀਗੜ੍ਹ, 16 ਅਕਤੂਬਰ :

ਨਕਲੀ ਅਤੇ ਗੈਰ ਮਿਆਰੀ ਮਠਿਆਈਆਂ ਦੀ ਵਿਕਰੀ ਵਿਰੁੱਧ ਆਪਣੀ ਜੰਗ ਵਿੱਚ ਫੂਡ ਸੇਫਟੀ ਟੀਮਾਂ ਵੱਲੋਂ 2 ਵੱਖ ਵੱਖ ਛਾਪੇਮਾਰੀਆਂ ਵਿੱਚ ਅਖ਼ਬਾਰਾਂ ਦੀ ਡਲਿਵਰੀ ਵਾਲੇ 2 ਵਾਹਨ ਫੜ੍ਹ ਗਏ, ਜੋ ਗੈਰ ਮਿਆਰੀ ਅਤੇ ਮਿਲਾਵਟੀ ਮਠਿਆਈਆਂ ਲੁਕਾ ਕੇ ਲਿਜਾ ਰਹੇ ਸਨ। ਇਹ ਜਾਣਕਾਰੀ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਕਮਿਸ਼ਨਰ, ਪੰਜਾਬ ਸ੍ਰੀ ਕਾਹਨ ਸਿੰਘ ਪੰਨੂੰ ਨੇ ਦਿੱਤੀ।

ਸਵੇਰੇ ਤਕਰੀਬਨ 4:30 ਵਜੇ, ਪਠਾਨਕੋਟ ਦੀ ਫੂਡ ਸੇਫਟੀ ਟੀਮ ਵੱਲੋਂ 150 ਕਿਲੋ ਬੂੰਦੀ ਦਾਣਾ ਅਤੇ 100 ਕਿਲੋ ਬਰਫੀ ਲਿਜਾਂਦਾ ਟਾਟਾ ਏਸ ਨਾਮੀ ਵਹੀਕਲ ਫੜ੍ਹਿਆ ਗਿਆ। ਡਰਾਇਵਰ ਨੇ ਖੁਲਾਸਾ ਕੀਤਾ ਕਿ ਇਸ ਬੂੰਦੀ ਦਾਣੇ ਦਾ ਸਬੰਧ ਇੰਦਰਜੀਤ ਕ੍ਰਿਸ਼ਨ ਲਾਲ ਐਂਡ ਸਨਜ਼, ਗਾਂਧੀ ਕੈਂਪ ਜਲੰਧਰ ਨਾਲ ਹੈ ਅਤੇ ਡਰਾਇਵਰ ਵੱਲੋਂ ਉਕਤ ਸਬੰਧੀ ਚਲਾਨ ਵੀ ਪੇਸ਼ ਕੀਤਾ ਗਿਆ ਪਰ ਉਹ ਬਰਫੀ ਲਿਜਾਣ ਸਬੰਧੀ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕਿਆ । 

ਇਸੇ ਤਰ੍ਹਾਂ ਇੱਕ ਹੋਰ ਛਾਪੇ ਦੌਰਾਨ ਇਸ ਟੀਮ ਵੱਲੋਂ ਦੰਗੂ ਰੋਡ ‘ਤੇ ਟਾਟਾ 407 ਵਹੀਕਲ ਫੜ੍ਹਿਆ ਗਿਆ ਜੋ 4.05 ਕੁਇੰਟਲ ਮਠਿਆਈ  ਅਖ਼ਬਾਰਾਂ ਦੇ ਸਟਾਕ ਹੇਠ ਲੁਕਾ ਕੇ ਲਿਜਾ ਰਿਹਾ ਸੀ ਜਿਸਦਾ ਸਬੰਧ ਕਿਸ਼ੋਰ ਪੇਠਾ ਹਾਊਸ, ਮੁਕੇਰੀਆਂ ਨਾਲ ਦੱਸਿਆ ਗਿਆ। ਇਸਦੇ ਨਾਲ ਹੀ ਜਾਂਚ ਦੌਰਾਨ ਇਸ ਵਹੀਕਲ ਵਿੱਚੋਂ ਲਵਲੀ ਸਵੀਟਸ, ਨਕੋਦਰ ਰੋਡ, ਜਲੰਧਰ ਨਾਲ ਸਬੰਧਤ 1000 ਕਿਲੋ ਮਠਿਆਈ ਵੀ ਜ਼ਬਤ ਕੀਤੀ ਗਈ। ਮਠਿਆਈਆਂ ਜਿਵੇਂ ਲੱਡੂ, ਗੁਲਾਬਜਾਮੁਨ, ਬਰਫ਼ੀ ਅਤੇ ਸ਼ਕਰਪਾਰੇ ਦੇ ਨਮੂਨੇ ਲੈ ਲਏ ਗਏ ਹਨ।

ਟੀਮਾਂ ਦੀ ਚੌਕਸੀ ਦੀ ਸ਼ਲਾਘਾ ਕਰਦਿਆਂ ਸ੍ਰੀ ਪੰਨੂੰ ਨੇ ਕਿਹਾ ਕਿ ਕਮਿਸ਼ਨਰੇਟ ਦਾ ਸਮੂਹ ਸਟਾਫ਼ ਤੰਦਰੁਸਤ ਪੰਜਾਬ ਮਿਸ਼ਨ ਦੀ ਕਾਮਯਾਬੀ ਲਈ ਪੂਰੀ ਤਨਦੇਹੀ, ਸਮਰਪਿਤ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਆਮ ਨਾਗਰਿਕ ਆਪਣੇ ਕਮਰਿਆਂ ਵਿੱਚ ਆਰਾਮ ਦੀ ਨੀਂਦ ਲੈ ਰਹੇ ਹੁੰਦੇ ਹਨ, ਫੂਡ ਸੇਫਟੀ ਟੀਮਾਂ ਉਸ ਵੇਲੇ ਵੀ ਆਪਣੀ ਡਿਊਟੀ ਨਿਭਾ ਰਹੀਆਂ ਹੁੰਦੀਆਂ ਹਨ। ਉਨ੍ਹਾਂ  ਕਿਹਾ ਕਿ ਸਵੇਰ ਸੁਵਕਤੇ ਕੀਤੀਆਂ ਜਾਣ ਵਾਲੀਆਂ ਛਾਪੇਮਾਰੀਆਂ ਵਿੱਚ ਮਹਿਲਾ ਅਧਿਕਾਰੀਆਂ ਦੀ ਸਵੈ-ਇੱਛਤ ਭਾਗੀਦਾਰੀ ਕਾਬਿਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਕਮਿਸ਼ਨਰੇਟ ਮਿਲਾਵਟਖੋਰੀ ਦੀ ਸਮੱਸਿਆ ਦੇ ਖਾਤਮੇ ਲਈ ਵਚਨਬੱਧ ਹੈ।

Share