ਖੁਰਾਕ ਨਮੂਨਿਆਂ ਦੇ ਵਿਸ਼ਲੇਸ਼ਣ ਨੂੰ ਮਿਲੇਗੀ ਮਜ਼ਬੂਤੀ-ਕੇ.ਐਸ. ਪੰਨੂੰ.

ਚੰਡੀਗੜ•, 14 ਸਤੰਬਰ
ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਫੂਡ ਸੇਫਟੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਸੂਬੇ ਭਰ ਵਿਚ ਕੀਤੀਆਂ ਛਾਪੇਮਾਰੀਆਂ ਦੌਰਾਨ ਭੋਜਨ ਪਦਾਰਥਾਂ ਦੇ ਇਕੱਠੇ ਕੀਤੇ ਨਮੂਨਿਆਂ ਦੇ ਵਿਸ਼ਲੇਸ਼ਣ ਲਈ ਪੰਜਾਬ ਬਾਇਓ-ਤਕਨਾਲੋਜੀ ਇਨਕਿਊਬੇਟਰ (ਪੀ.ਬੀ.ਟੀ.ਆਈ.) ਲੈਬਾਟਰੀ ਦਾ ਸਹਿਯੋਗ ਵੀ ਲਿਆ ਜਾਵੇਗਾ। ਉਕਤ ਪ੍ਰਗਟਾਵਾ ਫੂਡ ਅਤੇ ਡਰੱਗ ਪ੍ਰਸ਼ਾਸਨ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪੰਨੂੰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਫੂਡ ਸੇਫਟੀ ਅਤੇ ਸਟੈਡਰਡ ਐਕਟ ਅਧੀਨ  ਐਸ.ਏ.ਐਸ ਨਗਰ ਮੋਹਾਲੀ ਵਿਖੇ ਸਥਿਤ ਪੰਜਾਬ ਬਾਇਓ-ਤਕਨਾਲੋਜੀ ਇਨਕਿਊਬੇਟਰ ਨੂੰ ਰੈਫਰਲ ਲੈਬਾਟਰੀ ਵਜੋਂ ਨੋਟੀਫਾਈ ਕੀਤਾ ਗਿਆ ਹੈ।  ਉਹਨਾਂ ਕਿਹਾ ਕਿ ਇਕ ਹੋਰ ਲੈਬ ਮਿਲ ਜਾਣ ਨਾਲ ਭਰੇ ਗਏ ਨਮੂਨਿਆਂ ਦੀ ਜਾਂਚ ਜਲਦ ਕਰਨ ਵਿਚ ਮਦਦ ਮਿਲੇਗੀ ਜਿਸ ਨਾਲ ਡਿਫਾਲਟਰਾਂ ਵਿਰੁੱਧ  ਤੇਜੀ ਨਾਲ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇਗੀ ।     ਪੀ.ਬੀ.ਟੀ.ਆਈ ਇਕ ਅਤਿ ਆਧੁਨਿਕ ਮਸ਼ੀਨਾਂ ਨਾਲ ਲੈਸ ਇਕ ਹਾਈ-ਟੈੱਕ ਲੈਬ ਹੈ। ਜਿਸ ਵਿਚ ਜਾਂਚ ਦੌਰਾਨ ਕਿਸੇ ਵੀ ਤਰ•ਾਂ ਦੀ ਰਹਿੰਦ-ਖੂਹੰਦ ਅਤੇ ਕੀਟਨਾਸ਼ਕਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਦਵਾਈਆਂ ਅਤੇ ਭਾਰੇ ਤੱਤ, ਫੂਡ ਅਡਿਕਟਿਵ ਐਨਾਲਾਈਜਸ, ਅਡਲਟਰੈਂਟਸ ਐਨਾਲਾਈਜਸ ਅਤੇ ਨਵੀਨਤਮ ਸਹੂਲਤਾਂ ਜਿਵੇਂ ਸ਼ਹਿਦ ਅਤੇ ਬਾਸਮਤੀ ਚਾਵਲ ਦੀ ਪ੍ਰਮਾਣਿਕਤਾ ਦੀ ਟੈਸਟਿੰਗ ਵਰਗੀਆਂ ਉਚ ਪੱਧਰੀ ਜਾਂਚ ਸਹੂਲਤਾਂ ਉਪਲੱਬਧ ਹਨ।
ਸ੍ਰੀ ਪੰਨੂੰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2008 ਤਹਿਤ ਪੀ.ਬੀ.ਟੀ.ਆਈ. ਦੇ ਦੋ ਵਿਗਿਆਨੀਆਂ ਰਵਨੀਤ ਕੌਰ ਸਿੱਧੂ ਅਤੇ ਸ੍ਰੀ ਅਮਿਤ ਅਗਰਵਾਲ ਨੂੰ ਫੂਡ ਐਨਾਲਿਸਟ ਵਜੋਂ ਨਿਯੁਕਤ ਕੀਤਾ ਗਿਆ ਹੈ ਜਿਸ ਨਾਲ ਇਹਨਾਂ ਮਾਹਿਰਾਂ ਦੀਆਂ ਸੇਵਾਵਾਂ ਸੂਬਾ ਸਰਕਾਰ ਵਲੋਂ ਲਈਆਂ ਜਾਣਗੀਆਂ ।
ਭਰੇ ਗਏ ਨਮੂਨਿਆਂ ਦੇ ਜਲਦ ਨਬੇੜੇ ਦੀ ਆਸ ਕਰਦਿਆਂ ਫੂਡ ਅਤੇ ਡਰੱਗ ਪ੍ਰਸ਼ਾਸਨ ਕਮਿਸ਼ਨਰ ਨੇ ਕਿਹਾ ਕਿ ਪਹਿਲਾਂ ਨਮੂਨਿਆਂ ਦੇ ਵਿਸ਼ਲੇਸ਼ਣ ਦੀ ਸਮੁੱਚੀ ਪ੍ਰਕਿਰਿਆ ਦਾ ਜਿੰਮਾ ਖਰੜ ਵਿਖੇ ਸਥਿਤ ਸਟੇਟ ਲੈਬ ਦੇ ਸਿਰ ਸੀ ਪਰ ਪੀ.ਬੀ.ਟੀ.ਆਈ. ਦੀਆਂ ਵਿਸ਼ਲੇਸ਼ਣ ਸੇਵਾਵਾਂ ਦੀ ਮੌਜੂਦਗੀ ਡਿਫਾਲਟਰਾਂ ‘ਤੇ ਤੁਰੰਤ ਕਾਬੂ ਪਾਉਣ ਵਿਚ ਸਹਾਈ ਸਿੱਧ ਹੋਵੇਗੀ।

Share