ਪੰਜਾਬ ਦੇ ਰਾਜਪਾਲ ਤੇ ਯੂ.ਟੀ. ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਤਿਮਾਹੀ ਮੈਗਜ਼ੀਨ ‘ਸੰਕਲਪ’ ਜਾਰੀ।
।
ਚੰਡੀਗੜ੍ਹ, 22 ਨਵੰਬਰ:ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵੱਲਂੈ ਅੱਜ ਇੱਕ ਤਿਮਾਹੀ ਮੈਗਜ਼ੀਨ ‘ਪੰਜਾਬ ਰਾਜ ਭਵਨ ਸੰਕਲਪ’ ਜਾਰੀ ਕੀਤੀ ਗਈ ਹੈ, ਜਿਸ ਵਿੱਚ ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਦੀਆਂ ਵੱਖ-ਵੱਖ ਗਤੀਵਿਧੀਆਂ ਦਾ ਸਾਰ ਸ਼ਾਮਲ ਕੀਤਾ ਗਿਆ ਹੈ।
ਪੰਜਾਬ ਰਾਜ ਭਵਨ ਅਤੇ ਯੂ.ਟੀ. ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਇਹ ਮੈਗਜ਼ੀਨ ਦੋਵਾਂ ਖੇਤਰਾਂ ਵਿੱਚ ਰਾਜਪਾਲ ਦੇ ਦੌਰਿਆਂ ਦਾ ਵਰਣਨ ਕਰਨ ਦੇ ਨਾਲ-ਨਾਲ ਭਾਈਚਾਰਿਆਂ ਅਤੇ ਵਸਨੀਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਅਨੇਕਾਂ ਭਲਾਈ ਸਕੀਮਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਨੂੰ ਵੀ ਉਜਾਗਰ ਕਰਦੀ ਹੈ।
ਜ਼ਿਕਰਯੋਗ ਹੈ ਕਿ ਇਹ ਮੈਗਜ਼ੀਨ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਪਹਿਲਕਦਮੀਆਂ ਅਤੇ ਸਥਾਈ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਦੇ ਸਮਰਪਣ ਬਾਰੇ ਜਨਤਾ ਨੂੰ ਸੂਚਿਤ ਕਰਨ ਵਾਸਤੇ ਰਾਜਪਾਲ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਆਗਾਮੀ ਐਡੀਸ਼ਨ ਵਿੱਚ ਲੋਕ ਭਲਾਈ ਸਕੀਮਾਂ ਅਤੇ ਪੰਜਾਬ ਤੇ ਚੰਡੀਗੜ੍ਹ ਦੇ ਸੈਰ-ਸਪਾਟਾ ਆਕਰਸ਼ਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਇਹ ਮੈਗਜ਼ੀਨ ਪ੍ਰਿੰਟ ਦੇ ਨਾਲ-ਨਾਲ punjabrajbhavan.gov.in ਪਲੇਟਫਾਰਮ ‘ਤੇ ਵੀ ਉਪਲਬਧ ਹੈ।
ਮੈਗਜ਼ੀਨ ਰਿਲੀਜ਼ ਦੌਰਾਨ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਰਾਜੀਵ ਵਰਮਾ; ਰਾਜਪਾਲ ਦੇ ਵਧੀਕ ਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ; ਸਕੱਤਰ ਲੋਕ ਸੰਪਰਕ ਯੂ.ਟੀ. ਮਿਸ ਪ੍ਰੇਰਨਾ ਪੁਰੀ, ਪ੍ਰਸ਼ਾਸਕ ਦੇ ਵਿਸ਼ੇਸ਼ ਸਕੱਤਰ ਸ੍ਰੀ ਅਭਿਜੀਤ ਵਿਜੇ ਚੌਧਰ, ਡਿਪਟੀ ਡਾਇਰੈਕਟਰ ਪ੍ਰੈੱਸ ਟੂ ਗਵਰਨਰ ਸ੍ਰੀ ਗੁਰਮੀਤ ਖਹਿਰਾ ਅਤੇ ਲੋਕ ਸੰਪਰਕ ਯੂ.ਟੀ. ਦੇ ਡਾਇਰੈਕਟਰ ਸ੍ਰੀ ਰਾਜੀਵ ਤਿਵਾੜੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।