ਆਮ ਆਦਮੀ ਪਾਰਟੀ ‘ਆਮ ਆਦਮੀ’ ਦੀ ਨਹੀਂ, ਖ਼ਾਸ ਆਦਮੀਆਂ ਦੀ ਸਰਕਾਰ – ਸਾਬਕਾ ਸਿਹਤ ਮੰਤਰੀ-

ਐਸ.ਏ.ਐਸ. ਨਗਰ, 16 ਜਨਵਰੀ – ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੋਹਾਲੀ ‘ਚ ਰੀਅਲ ਅਸਟੇਟ ਡਿਵੈਲਪਰਾਂ ਵੱਲੋਂ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਦੀ ਜਾਂਚ ਕਰਵਾਉਣ ਦੇ ਫੈਸਲੇ ਨੂੰ ਟਾਲਮਟੋਲ ਕਰਦੇ ਦਿੱਖ ਰਹੇ ਹਨ । ਸਿੱਧੂ ਨੇ ਕਿਹਾ ਧਾਲੀਵਾਲ ਸਾਬ ਅਤੇ ਆਪ ਸਰਕਾਰ ਉਤੇ ਇਹ ਜਾਂਚ ਨੂੰ ਟਾਲਣ ਲਈ ਬਹੁਤ ਦਬਾਅ ਬਣਾਇਆ ਜਾ ਰਿਹਾ ਹੈ।

ਸਿੱਧੂ ਨੇ ਕਿਹਾ ਉਹਨਾਂ ਦੇ ਨਾਲ ਨਾਲ ਮੀਡਿਆ ਨੇ ਵੀ ਇਸ ਮੁੱਦੇ ਨੂੰ ਜਨਤਕ ਹਿੱਤ ਵਿੱਚ ਬਹੁਤ ਵਾਰ ਚੁੱਕਿਆ ਹੈ ਪਰ ਆਪ ਸਰਕਾਰ ਨੂੰ ਬਹੁਤ ਕਾਰਨਾਂ ਕਰਕੇ ਇਸ ਮਾਮਲੇ ਨੂੰ ਦਬਾਉਣਾ ਪੈ ਰਿਹਾ ਹੈ। ਇਹ ਗੱਲ ਸਾਰੇ ਜਾਣਦੇ ਹਨ ਕਿ ਕਲਵੰਤ ਸਿੰਘ ਆਪ ਦੇ ਸੱਭ ਤੋਂ ਅਮੀਰ ਵਿਧਾਇਕਾਂ ਵਿੱਚ ਸ਼ੁਮਾਰ ਹਨ ਅਤੇ ਉਨ੍ਹਾਂ ਉਤੇ ਕੋਈ ਜਾਂਚ ਕਰਵਾਉਣਾ ਆਪ ਪਾਰਟੀ ਲਈ ਹਰ ਪੱਖੋਂ ਭਾਰੀ ਪਏਗਾ।

ਸਿੱਧੂ ਨੇ ਸਵਾਲ ਚੁਕਦਿਆਂ ਕਿਹਾ ‘ਕਿਥੇ ਗਏ ਆਪ ਸਰਕਾਰ ਦੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਵਾਅਦੇ। ਉਹਨਾਂ ਨੇ ਤੰਜ ਕਸਦਿਆਂ ਮੁੱਖ ਮੰਤਰੀ ਨੂੰ ਆਖਿਆ ਕਿ ਭ੍ਰਿਸ਼ਟਾਚਾਰ ਪ੍ਰਤੀ ਪੱਖਪਾਤੀ ਰਵੱਈਆ ਨਾਲ ਆਮ ਆਦਮੀ ਦਾ ਆਪ ਸਰਕਾਰ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ । ਉਹਨਾਂ ਨੇ ਮੁੱਖ ਮੰਤਰੀ ਅਤੇ ਪੰਚਾਇਤ ਮੰਤਰੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਪਿੰਡ ਵਾਸੀਆਂ ਅਤੇ ਪਿੰਡਾਂ ਲਈ ਹਮਦਰਦੀ ਦਿਖਾਉਣ ਜਿਨ੍ਹਾਂ ਨੂੰ ਅਜੇ ਤੱਕ ਉਨ੍ਹਾਂ ਦਾ ਜਾਇਜ਼ ਹਿੱਸਾ ਨਹੀਂ ਮਿਲਿਆ।

ਸਿੱਧੂ ਨੇ ਕਿਹਾ ਇਹ ਘੋਟਾਲਾ 500 ਕਰੋੜ ਤੋਂ ਉੱਪਰ ਦਾ ਘੋਟਾਲਾ ਹੈ ਅਤੇ ਇਸ ਦੀ ਜਾਂਚ ਤੋਂ ਬਾਅਦ ਬਹੁਤ ਵੱਡੇ ਵੱਡੇ ਨਾਮ ਬਾਹਰ ਆਉਣਗੇ। ਉਹਨਾਂ ਨੇ ਅਗੇ ਕਿਹਾ ਕਿ ਮੋਹਾਲੀ ਦੀ ਜ਼ਮੀਨ ਸੋਨਾ ਹੈ ਪਰ ਸੱਤਾਧਾਰੀ ਸਰਕਾਰ ਦੇ ਵਿਧਾਇਕ ਅਤੇ ਕੁਝ ਖਾਸ ਲੋਕਾਂ ਨੇ ਆਪਣੇ ਪ੍ਰਭਾਵ ਨਾਲ ਜਮੀਨਾਂ ਨੂੰ ਦਬਾਇਆ ਹੋਇਆ ਹੈ, ਜਿਸ ਨਾਲ ਸਰਕਾਰ ਨੂੰ ਵੀ ਮਾਲੀਆ ਦਾ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇੱਕਲੇ ਪਿੰਡ ਪਾਪੜੀ ਦੇ ਇਕ ਮਾਮਲੇ ਵਿੱਚ 100 ਕਰੋੜ ਤੋਂ ਉੱਪਰ ਦਾ ਘੋਟਾਲਾ ਹੈ ਅਤੇ ਸੁਪਰੀਮ ਕੋਰਟ ਵਲੋਂ ਇਸ ਮਾਮਲੇ ਵਿੱਚ ਸਟੇ ਲੱਗੀ ਹੋਈ ਹੈ। ਸਿੱਧੂ ਨੇ ਆਖਿਆ ਕਿ ਇਸ ਦੀ ਜਾਂਚ ਵਿੱਚ ਹੁਣ ਦੇਰੀ ਨਹੀਂ ਹੋਣੀ ਚਾਹੀਦੀ।

Share