ਪੰਜਾਬ ਦੇ ਰਾਜਪਾਲ ਵਲੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ.

ਚੰਡੀਗੜ੍ਹ, 14 ਜਨਵਰੀ:

ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਅੱਜ ਇੱਥੇ ਜਾਰੀ ਆਪਣੇ ਸ਼ੋਕ ਸੰਦੇਸ਼ ਵਿੱਚ ਰਾਜਪਾਲ ਨੇ ਕਿਹਾ, “ਮੈਂ ਚੌਧਰੀ ਜੀ ਦੇ ਬੇਵਕਤੀ ਦੇਹਾਂਤ ਤੋਂ ਬਹੁਤ ਦੁਖੀ ਹਾਂ। ਉਹ ਇੱਕ ਸਮਰਪਤ ਅਤੇ ਮਿਹਨਤੀ ਨੇਤਾ ਸਨ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”

ਸ੍ਰੀ ਪੁਰੋਹਿਤ ਨੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਸ ਨਾ ਪੂਰਿਆ ਜਾਣ ਵਾਲੇ ਘਾਟੇ ਨੂੰ ਬਰਦਾਸ਼ਤ ਕਰਨ ਦਾ ਬਲ ਬਖਸ਼ਣ।

ਸ੍ਰੀ ਸੰਤੋਖ ਸਿੰਘ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜਲੰਧਰ (ਲੋਕ ਸਭਾ ਹਲਕਾ) ਤੋਂ ਸੰਸਦ ਮੈਂਬਰ ਸਨ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਵਜੋਂ 2014 ਅਤੇ 2019 ਦੀਆਂ ਆਮ ਚੋਣਾਂ ਜਿੱਤੀਆਂ। ਪੰਜਾਬ ਦੇ ਫਿਲੌਰ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ 76 ਸਾਲ ਦੇ ਸਨ।

Share