ਪੰਜਾਬ 2025 ਤੱਕ ਟੀਬੀ ਮੁਕਤ ਹੋਵੇਗਾ: ਚੇਤਨ ਸਿੰਘ ਜੌੜਾਮਾਜਰਾ.

ਚੰਡੀਗੜ, 9 ਨਵੰਬਰ:
2025 ਤੱਕ ਟੀਬੀ ਦੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਕਿਹਾ ਕਿ ਪੰਜਾਬ ਦੇ ਅੱਠ ਜ਼ਿਲਿਆਂ ਨੂੰ ਪਹਿਲਾਂ ਹੀ ਬ੍ਰਾਂਜ ਕੈਟਾਗਰੀ ਦੀ ਸਰਟੀਫਿਕੇਸ਼ਨ ਮਿਲ ਚੁੱਕੀ ਹੈ ਅਤੇ ਵਿਭਾਗ ਨੇ ਆਉਣ ਵਾਲੇ ਸਾਲ ਵਿੱਚ ਪੰਜ ਹੋਰ ਜ਼ਿਲੇ ਸਿਲਵਰ ਕੈਟਾਗਰੀ ਅਤੇ ਤਿੰਨ ਜ਼ਿਲਿਆਂ ਨੂੰ ਬ੍ਰਾਂਜ ਕੈਟਾਗਰੀ ਵਿੱਚ ਲਿਆਉਣ ਦਾ ਟੀਚਾ ਮਿੱਥਿਆ ਹੈ।
ਇਹ ਪ੍ਰਗਟਾਵਾ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸਾਲ 2022-23 ਲਈ ਵਿਭਾਗ ਨੇ 70,000 ਮਰੀਜ਼ਾਂ ਦੀ ਪਛਾਣ ਕਰਕੇ ਇਲਾਜ ਦਾ ਟੀਚਾ ਮਿੱਥਿਆ ਹੈ। ਉਨਾਂ ਦੱਸਿਆ ਕਿ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਟੀਬੀ ਦੇ ਨਵੇਂ ਕੇਸਾਂ ਵਿੱਚ 80 ਫੀਸਦੀ ਤੋਂ ਵੱਧ ਕਮੀ ਲਿਆ ਕੇ ਟੀਬੀ ਦੇ ਖਾਤਮੇ ਦੇ ਉਦੇਸ਼ ਨਾਲ ਮਗਸੀਪਾ ਚੰਡੀਗੜ ਵਿਖੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਵਰਕਸ਼ਾਪ ਦਾ ਆਯੋਜਨ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਤੇ ਰਾਸ਼ਟਰੀ ਟੀਬੀ ਐਲੀਮੀਨੇਸ਼ਨ ਪ੍ਰੋਗਰਾਮ (ਐਨਟੀਈਪੀ) ਦੁਆਰਾ ਭਾਈਵਾਲਾਂ, ਪ੍ਰਾਈਵੇਟ ਸੈਕਟਰ, ਮਰੀਜ਼ਾਂ ਅਤੇ ਕਮਿਊਨਟੀਜ਼ ਨਾਲ ਸਰਗਰਮੀ ਨਾਲ ਸਹਿਯੋਗ ਜ਼ਰੀਏ ਟੀਬੀ ਦੇ ਵੱਧ ਤੋਂ ਵੱਧ ਕੇਸਾਂ ਦਾ ਪਤਾ ਲਗਾਉਣ, ਜਾਂਚ ਅਤੇ ਇਲਾਜ ਲਈ ਦੇਸ਼ ਵਿਆਪੀ ਯਤਨਾਂ ਦੇ ਹਿੱਸੇ ਵਜੋਂ ਕੀਤਾ ਗਿਆ ਹੈ।
ਸ. ਜੌੜਾਮਾਜਰਾ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਹਾਲ ਹੀ ਵਿੱਚ ਸੂਬੇ ਦੇ 40 ਦੇ ਕਰੀਬ ਵਪਾਰਕ ਘਰਾਣਿਆਂ ਦੀ ਸੂਬਾ ਪੱਧਰੀ ਮੀਟਿੰਗ ਕਰਕੇ ਉਨਾਂ ਨੂੰ ਆਪਣੇ ਆਪ ਨੂੰ ਨਿਕਸ਼ੈ ਮਿੱਤਰ ਵਜੋਂ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ। ਉਨਾਂ ਡੀ.ਟੀ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਉਨਾਂ ਨਾਲ ਸੰਪਰਕ ਕਰਨ ਅਤੇ ਇਸ ਨੂੰ ਅਗਲੇ ਪੱਧਰ ਤੱਕ ਲੈ ਜਾਣ। ਉਨਾਂ ਨੇ ਦੁਹਰਾਇਆ ਕਿ ਟੀਬੀ ਦੇ ਖਾਤਮੇ ਦਾ ਟੀਚਾ ਭਾਵੇਂ ਵੱਡਾ ਅਤੇ ਔਖਾ ਜਾਪਦਾ ਹੈ ਪਰ ਸਮੂਹਿਕ ਯਤਨਾਂ ਨਾਲ ਇਸ ਨੂੰ ਹਾਸਲ ਕੀਤਾ ਜਾਵੇਗਾ।
ਵਰਕਸ਼ਾਪ ਸਬੰਧੀ ਜਾਣਕਾਰੀ ਦਿੰਦਿਆਂ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਅਭਿਨਵ ਤਿ੍ਰਖਾ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਰਾਜ ਅਤੇ ਜ਼ਿਲਾ ਸਿਹਤ ਅਧਿਕਾਰੀਆਂ, ਆਈ.ਏ.ਪੀ.ਐੱਸ.ਐੱਮ. ਦੇ ਫੈਕਲਟੀ ਮੈਂਬਰ ਕਮ ਨੋਡਲ ਅਫਸਰਾਂ ਨੇ ਹਿੱਸਾ ਲਿਆ। ਉਨਾਂ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਅਧਿਕਾਰੀਆਂ ਨੂੰ ਟੀ.ਬੀ ਦੇ ਖਾਤਮੇ ਦੇ ਮਿੱਥੇ ਟੀਚੇ ਨੂੰ ਨਿਰਧਾਰਤ ਸਮਾਂ ਸੀਮਾ ਅੰਦਰ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਟੀ.ਬੀ. ਦੇ ਕੇਸਾਂ ਵਿੱਚ ਵਿੱਚ ਕਮੀ ਲਿਆਉਣ ਲਈ ਯਤਨ ਕਰਨ ਵਾਸਤੇ ਅੱਠ ਜ਼ਿਲਿਆਂ ਫਤਹਿਗੜ ਸਾਹਿਬ, ਸ਼ਹੀਦ ਭਗਤ ਸਿੰਘ ਨਗਰ ਕਪੂਰਥਲਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਰੂਪਨਗਰ ਅਤੇ ਤਰਨ ਤਾਰਨ ਦੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ। ਉਨਾਂ ਕਿਹਾ ਕਿ ਵਿਭਾਗ ਨੇ ਐਨਟੀਈਪੀ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਭਾਗੀਦਾਰਾਂ ਤੋਂ ਫੀਡਬੈਕ ਪ੍ਰਾਪਤ ਕਰਨ ਤੋਂ ਇਲਾਵਾ ਜ਼ਿਲਾ ਟੀਬੀ ਅਧਿਕਾਰੀਆਂ ਨੂੰ ਉਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਐਨਟੀਈਪੀ ਬਾਰੇ ਵੇਰਵੇ ਦਿੰਦਿਆਂ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਜਨਤਕ ਖੇਤਰ ਦੇ ਨਾਲ-ਨਾਲ ਨਿੱਜੀ ਖੇਤਰ ਵਿੱਚ ਟੀਬੀ ਦੇ ਸਾਰੇ ਨੋਟੀਫਾਇਡ ਮਰੀਜ਼ਾਂ ਨੂੰ ਮੁਫਤ ਜਾਂਚ ਸੇਵਾਵਾਂ ਅਤੇ ਮੁਫਤ ਇਲਾਜ ਪ੍ਰਦਾਨ ਕਰਦਾ ਹੈ। ਉਨਾਂ ਕਿਹਾ ਕਿ ਇਹ ਪ੍ਰੋਗਰਾਮ ਡੀਬੀਟੀ ਰਾਹੀਂ ਨਿਕਸ਼ੈ ਪੋਸ਼ਣ ਯੋਜਨਾ ਦੇ ਤਹਿਤ ਪੋਸ਼ਣ ਸਬੰਧੀ ਸਹਾਇਤਾ ਲਈ ਸਾਰੇ ਮਰੀਜ਼ਾਂ ਨੂੰ ਪ੍ਰਤੀ ਮਹੀਨਾ 500 ਰੁਪਏ ਵੀ ਪ੍ਰਦਾਨ ਕਰਦਾ ਹੈ।
————

20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵਲੋਂ ਰਜਿਸਟਰੀ ਕਲਰਕ ਗਿ੍ਰਫਤਾਰ
ਚੰਡੀਗੜ, 9 ਨਵੰਬਰ:
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਤਹਿਸੀਲ ਦਫ਼ਤਰ ਜ਼ੀਰਕਪੁਰ, ਐਸ.ਏ.ਐਸ. ਨਗਰ ਵਿਖੇ ਤਾਇਨਾਤ ਰਜਿਸਟਰੀ ਕਲਰਕ ਗੁਰਮੀਤ ਕੌਰ ਨੂੰ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਥਾਣਾ ਡੇਰਾਬੱਸੀ ਦੇ ਪਿੰਡ ਅੱਡਾ ਝੁੰਗੀਆਂ ਦੇ ਹਰਸਿਮਰਨ ਸਿੰਘ ਵੱਲੋਂ ਮੁੱਖ ਮੰਤਰੀ ਦੀ ਭਿ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਉਕਤ ਮਹਿਲਾ ਕਲਰਕ ਖ਼ਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ’ਤੇ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਇਸ ਸ਼ਿਕਾਇਤ ਅਤੇ ਇਸ ਸਬੰਧੀ ਸਬੂਤਾਂ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਰਜਿਸਟਰੀ ਕਲਰਕ ਨੇ ਸ਼ਿਕਾਇਤਕਰਤਾ ਪਾਸੋਂ ਆਪਣਾ ਖੁਦਮੁਖਤਿਆਰਨਾਮਾ ਦਰਜ ਕਰਵਾਉਣ ਬਦਲੇ 20,000 ਰੁਪਏ ਲਏ ਹਨ।
ਉਹਨਾਂ ਦੱਸਿਆ ਕਿ ਪੜਤਾਲ ਦੌਰਾਨ ਦੋਸ਼ ਸਹੀ ਪਾਏ ਗਏ ਅਤੇ ਉਕਤ ਮਹਿਲਾ ਮਾਲ ਅਧਿਕਾਰੀ ਖਿਲਾਫ ਵਿਜੀਲੈਂਸ ਬਿਓਰੋ ਦੇ ਉਡਣ ਦਸਤਾ-1, ਐਸ.ਏ.ਐਸ.ਨਗਰ ਵਿਖੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
———-

ਮੁੱਖ ਚੋਣ ਅਧਿਕਾਰੀ ਪੰਜਾਬ ਨੇ ਚੋਣਾਂ ਵਿੱਚ ਭਾਗ ਲੈਣ ਦਾ ਸੁਨੇਹਾ ਦੇਣ ਲਈ 200 ਸਾਈਕਲ ਸਵਾਰਾਂ ਦੀ ਕੀਤੀ ਅਗਵਾਈ
– ਐਸ.ਐਸ.ਆਰ.-2023 ਦੀ ਸ਼ੁਰੂਆਤ ਕਰਨ ਲਈ ਐਸ.ਏ.ਐਸ. ਨਗਰ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ
ਇਹ ਵਿਸ਼ੇਸ਼ ਸੋਧ 9 ਨਵੰਬਰ, 2022 ਤੋਂ ਸ਼ੁਰੂ ਹੋ ਕੇ 8 ਦਸੰਬਰ, 2022 ਨੂੰ ਹੋਵੇਗੀ ਸਮਾਪਤ

ਮੋਹਾਲੀ, 9 ਨਵੰਬਰ:
ਵੋਟਰ ਸੂਚੀ-ਸਪੈਸ਼ਲ ਸਮਰੀ ਰੀਵੀਜ਼ਨ (ਐਸ.ਐਸ.ਆਰ.)-2023 ਵਿੱਚ ਸੋਧ ਕਰਨ ਵਾਸਤੇ ਵਿਆਪਕ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਅੱਜ ਐਸ.ਏ.ਐਸ.ਨਗਰ ਵਿਖੇ “ਪੈਡਲ ਫਾਰ ਪਾਰਟੀਸੀਪੇਟਿਵ ਇਲੈਕਸ਼ਨਜ਼”ਦੇ ਬੈਨਰ ਹੇਠ ਸਾਈਕਲੋਥੌਨ ਦੇ ਆਯੋਜਨ ਉਪਰੰਤ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਚੋਣਾਂ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਉਹਨਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ।
ਯਾਦਵਿੰਦਰਾ ਪਬਲਿਕ ਸਕੂਲ ਨੇੜਿਓਂ ਨੇਚਰ ਪਾਰਕ ਤੋਂ ਘੱਟੋ-ਘੱਟ 200 ਸਾਈਕਲ ਸਵਾਰਾਂ ਦੀ ਅਗਵਾਈ ਕਰਦਿਆਂ, ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਡਾ. ਐਸ. ਕਰੁਣਾ ਰਾਜੂ ਨੇ 3ਬੀ-1 ਮੋਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਜਿੱਥੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਤੱਕ ਯਾਤਰਾ ਕੀਤੀ। ਇਸ ਮੌਕੇ ਵਧੀਕ ਸੀ.ਈ.ਓ. ਬੀ ਸ੍ਰੀਨਿਵਾਸਨ ਅਤੇ ਐਸ.ਏ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾਰ ਨੇ ਵੀ ਸਾਈਕਲੋਥੌਨ ਵਿੱਚ ਸ਼ਮੂਲੀਅਤ ਕੀਤੀ। ਮੋਹਾਲੀ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਐਨ.ਐਸ.ਐਸ. ਵਲੰਟੀਅਰਾਂ ਸਮੇਤ ਸਾਈਕਲ ਸਵਾਰਾਂ ਨੇ “ਪੈਡਲ ਫਾਰ ਪਾਰਟੀਸੀਪੇਟਿਵ ਇਲੈਕਸ਼ਨਜ਼”ਦਾ ਸੁਨੇਹਾ ਦੇਣ ਲਈ ਸਾਈਕਲੋਥੌਨ ਵਿੱਚ ਭਾਗ ਲਿਆ।
ਜ਼ਿਕਰਯੋਗ ਹੈ ਕਿ ਮਜ਼ਬੂਤ ਲੋਕਤੰਤਰ ਦੇ ਹਿੱਤ ਵਿੱਚ, ਚੋਣਾਂ ਨੂੰ ਯਕੀਨੀ ਬਣਾਉਣ ਅਤੇ ਵੋਟਰ ਸੂਚੀ ਵਿੱਚ ਸੁਧਾਰ ਕਰਨ ਲਈ ਵੋਟਰ ਸੂਚੀ ਦੀ ਸਲਾਨਾ ਸੋਧ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤਾ ਜਾਣ ਵਾਲਾ ਮਹੱਤਵਪੂਰਨ ਅਭਿਆਸ ਹੈ। ਇਹ ਵਿਸ਼ੇਸ਼ ਸੋਧ 9 ਨਵੰਬਰ, 2022 ਤੋਂ ਸ਼ੁਰੂ ਹੋ ਕੇ 8 ਦਸੰਬਰ, 2022 ਨੂੰ ਸਮਾਪਤ ਹੋਵੇਗੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਰਾਜੂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ’ਕੋਈ ਵੀ ਵੋਟਰ ਪਿੱਛੇ ਨਾ ਰਹਿ ਜਾਵੇ’ ਸਬੰਧੀ ਆਪਣੇ ਯਤਨਾਂ ਨੂੰ ਯਕੀਨੀ ਬਣਾਉਂਦਿਆਂ ਔਰਤਾਂ, ਅਪਾਹਜ ਵਿਅਕਤੀਆਂ, ਸਮਾਜ ਦੇ ਸੀਮਾਂਤ ਮੈਂਬਰਾਂ, ਪੇਂਡੂ ਅਤੇ ਸ਼ਹਿਰੀ ਵੋਟਰਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਬਣਾਉਂਦਾ ਹੈ।
ਉਨਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਨੌਜਵਾਨ ਦੇਸ਼ ਦਾ ਭਵਿੱਖ ਹਨ।
ਇਸ ਤੋਂ ਪਹਿਲਾਂ ਸੀ.ਈ.ਓ ਨੇ ਸਕੂਲ ਦੇ ਦੋ ਬੂਥਾਂ ਦਾ ਨਿਰੀਖਣ ਵੀ ਕੀਤਾ ਅਤੇ ਵਿਸ਼ੇਸ਼ ਸੁਧਾਈ ਸਬੰਧੀ ਬੀ.ਐਲ.ਓਜ਼ ਨਾਲ ਗੱਲਬਾਤ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੇ ਵੋਟਰ ਸਬੰਧੀ ਸਹੁੰ ਚੁੱਕੀ ਅਤੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਦਾ ਸੁਨੇਹਾ ਦਿੰਦਿਆਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵੀ ਕੀਤੀਆਂ।
————-

ਪੰਜਾਬ ਦੀ ਮਾਨ ਸਰਕਾਰ ਨੇ ਸਕੂਲਾਂ ਵਿੱਚ ਹੋਰ ਜਿਆਦਾ ਸੁਧਾਰ ਲਿਆਉਣ ਲਈ ਜਾਰੀ ਕੀਤੀ ਕਰੋੜਾਂ ਦੀ ਗ੍ਰਾਂਟ
ਪੰਜਾਬ ਦੇ ਸਕੂਲਾਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਖਰਚ ਕੀਤੇ ਜਾਣਗੇ 23 ਕਰੋੜ
ਹੁਣ ਸਕੂਲ ਹੋਣਗੇ ਹੋਰ ਵੀ ਬਿਹਤਰ, ਕਲਾਸਰੂਮ, ਪਖਾਨਿਆਂ, ਲਾਇਬ੍ਰੇਰੀਆਂ ਅਤੇ ਆਰਟ ਐਂਡ ਕਰਾਫ਼ਟ ਕਮਰਿਆਂ ਦੀ ਉਸਾਰੀ ਅਤੇ ਕੀਤੀ ਜਾਵੇਗੀ ਮੇਜਰ ਰਿਪੇਅਰ
ਚੰਡੀਗੜ 9 ਨਵੰਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਦੇ ਮਕਸਦ ਨਾਲ ਲਗਭਗ 23 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਜਿਸ ਵਿਚੋ ਵਾਧੂ ਕਲਾਸਰੂਮ, ਪਖਾਨਿਆਂ, ਲਾਇਬ੍ਰੇਰੀਆਂ ਅਤੇ ਆਰਟ ਐਂਡ ਕਰਾਫ਼ਟ ਕਮਰਿਆਂ ਦੀ ਉਸਾਰੀ ਲਈ 12 ਕਰੋੜ 65 ਲੱਖ 25 ਹਜ਼ਾਰ ਦੀ ਨਵੀਂ ਗ੍ਰਾਂਟ ਜਾਰੀ ਕੀਤੀ ਗਈ ਹੈ ਜਦਕਿ ਪਹਿਲਾਂ ਚਲ ਰਹੇ ਕਾਰਜਾਂ ਨੂੰ ਵੀ ਜਾਰੀ ਰੱਖਣ ਲਈ 10 ਕਰੋੜ 34 ਲੱਖ 73 ਹਜ਼ਾਰ 221 ਰੁਪਏ ਦੀ ਵਾਧੂ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਚਾਲੂ ਸਾਲ ਦੌਰਾਨ ਵਾਧੂ ਕਮਰਿਆਂ ਦੀ ਉਸਾਰੀ, ਲੜਕੇ ਅਤੇ ਲੜਕੀਆਂ ਦੇ ਪਖਾਨਿਆਂ ਅਤੇ ਸਕੂਲ ਦੀ ਮੇਜਰ ਰਿਪੇਅਰ ਲਈ 12 ਕਰੋੜ 65 ਲੱਖ 25 ਹਜਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਜਿਸ ਵਿਚੋ ਜ਼ਿਲਾ ਅੰਮਿ੍ਰਤਸਰ ਨੂੰ 81,81,400 ਰੁਪਏ, ਬਰਨਾਲਾ ਨੂੰ 44,09,500 ਰੁਪਏ, ਬਠਿੰਡਾ ਨੂੰ 30,18,000 ਰੁਪਏ, ਫਰੀਦਕੋਟ ਨੂੰ 24,68,000 ਫਤਿਹਗੜ ਸਾਹਿਬ ਨੂੰ 8,44,000 ਰੁਪਏ, ਫ਼ਾਜ਼ਿਲਕਾ ਨੂੰ 1,35,21,700 ਰੁਪਏ, ਫ਼ਿਰੋਜ਼ਪੁਰ ਨੂੰ 1,21,14,300 ਰੁਪਏ, ਗੁਰਦਾਸਪੁਰ ਨੂੰ 67,20,000 ਰੁਪਏ, ਹੁਸ਼ਿਆਰਪੁਰ ਨੂੰ 43,00,300 ਰੁਪਏ, ਜਲੰਧਰ ਨੂੰ 58,03,000 ਰੁਪਏ, ਕਪੂਰਥਲਾ ਨੂੰ 86,76,000 ਰੁਪਏ, ਲੁਧਿਆਣਾ ਨੂੰ 64,60,000 ਰੁਪਏ, ਮਾਲੇਰਕੋਟਲਾ ਨੂੰ 24,92,700 ਰੁਪਏ, ਮਾਨਸਾ ਨੂੰ 18,80,000 ਰੁਪਏ, ਮੋਗਾ ਨੂੰ 31,67,100 ਰੁਪਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ 65,23,000 ਰੁਪਏ, ਸ੍ਰੀ ਮੁਕਤਸਰ ਸਾਹਿਬ ਨੂੰ 27,50,000 ਰੁਪਏ, ਸ਼ਹੀਦ ਭਗਤ ਸਿੰਘ ਨਗਰ ਨੂੰ 4,20,000 ਰੁਪਏ, ਪਠਾਨਕੋਟ ਨੂੰ 25,34,400 ਰੁਪਏ, ਪਟਿਆਲਾ ਨੂੰ 74,62,000 ਰੁਪਏ, ਰੂਪਨਗਰ ਨੂੰ 17,40,000 ਰੁਪਏ, ਸੰਗਰੂਰ ਨੂੰ 79,24,200 ਰੁਪਏ ਅਤੇ ਤਰਨਤਾਰਨ ਨੂੰ 1,31,15,400 ਰੁਪਏ ਨਵੀਂ ਗ੍ਰਾਂਟ ਤਹਿਤ ਜਾਰੀ ਕੀਤੇ ਗਏ ਹਨ।
ਇਸਦੇ ਨਾਲ ਹੀ ਵੱਖ-ਵੱਖ ਸਕੂਲਾਂ ਵਿੱਚ ਪਹਿਲਾਂ ਚਲ ਰਹੇ ਕੰਮਾਂ ਲਈ ਵੀ 10 ਕਰੋੜ 34 ਲੱਖ 73 ਹਜ਼ਾਰ 221 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨਾਲ ਸਕੂਲਾਂ ਵਿੱਚ ਚਲ ਰਹੇ ਕੰਮਾਂ ਨੂੰ ਨੇਪਰੇ ਚੜਾਇਆ ਜਾ ਸਕੇਗਾ। ਇਸ ਤਹਿਤ ਅੰਮਿ੍ਰਤਸਰ ਨੂੰ 73,87,865 ਰੁਪਏ, ਬਰਨਾਲਾ ਨੂੰ 10,35,766 ਰੁਪਏ, ਬਠਿੰਡਾ ਨੂੰ 4,46,000 ਰੁਪਏ, ਫਰੀਦਕੋਟ ਨੂੰ 92,57,000 ਫਤਿਹਗੜ ਸਾਹਿਬ ਨੂੰ 27,57,766 ਰੁਪਏ, ਫ਼ਾਜ਼ਿਲਕਾ ਨੂੰ 16,77,266 ਰੁਪਏ, ਫ਼ਿਰੋਜ਼ਪੁਰ ਨੂੰ 1,12,04,163 ਰੁਪਏ, ਗੁਰਦਾਸਪੁਰ ਨੂੰ 1,12,91,928 ਰੁਪਏ, ਹੁਸ਼ਿਆਰਪੁਰ ਨੂੰ 38,12,865 ਰੁਪਏ, ਜਲੰਧਰ ਨੂੰ 64,72,014 ਰੁਪਏ, ਕਪੂਰਥਲਾ ਨੂੰ 37,14,732 ਰੁਪਏ, ਲੁਧਿਆਣਾ ਨੂੰ 86,23,098 ਰੁਪਏ, ਮਾਲੇਰਕੋਟਲਾ ਨੂੰ 7,02,000 ਰੁਪਏ, ਮਾਨਸਾ ਨੂੰ 29,57,266 ਰੁਪਏ, ਮੋਗਾ ਨੂੰ 40,15,000 ਰੁਪਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ 78,000 ਰੁਪਏ, ਸ੍ਰੀ ਮੁਕਤਸਰ ਸਾਹਿਬ ਨੂੰ 9,85,433 ਰੁਪਏ, ਸ਼ਹੀਦ ਭਗਤ ਸਿੰਘ ਨਗਰ ਨੂੰ 9,57,433 ਰੁਪਏ, ਪਠਾਨਕੋਟ ਨੂੰ 27,58,266 ਰੁਪਏ, ਪਟਿਆਲਾ ਨੂੰ 89,84,098 ਰੁਪਏ, ਰੂਪਨਗਰ ਨੂੰ 74,29,464 ਰੁਪਏ, ਸੰਗਰੂਰ ਨੂੰ 64,99,798 ਰੁਪਏ ਅਤੇ ਤਰਨਤਾਰਨ ਨੂੰ 4,26,000 ਰੁਪਏ ਗ੍ਰਾਂਟ ਤਹਿਤ ਜਾਰੀ ਕੀਤੇ ਗਏ ਹਨ।
ਸ. ਬੈਂਸ ਨੇ ਕਿਹਾ ਕਿ ਸਾਡੀ ਸਰਕਾਰ ਲਈ ਸਿੱਖਿਆ ਤਰਜੀਹੀ ਖੇਤਰ ਹੈ। ਜਿਸ ਸਦਕੇ ਸਕੂਲਾਂ ਵਿਚ ਬੁਨਿਆਦੀ ਢਾਂਚੇ ਨੂੰ ਪੁਰੀ ਤਰਾਂ ਸਥਾਪਿਤ ਕਰਨ ਲਈ ਲਗਾਤਾਰ ਗ੍ਰਾਂਟਾ ਜਾਰੀ ਕੀਤੀਆਂ ਜਾ ਰਹੀਆਂ ਹਨ।
———–

ਪੰਜਾਬ ਦੀ ਮਾਨ ਸਰਕਾਰ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਤੋਹਫਾ
ਮਾਤਰੂ ਵੰਦਨਾ ਯੋਜਨਾ ਦੇ ਤਹਿਤ 60,912 ਲਾਭਪਾਤਰੀਆਂ ਨੂੰ ਚਾਲੂ ਵਿੱਤੀ ਸਾਲ ਦੌਰਾਨ ਵੰਡ ਚੁੱਕੀ ਹੈ 10.40 ਕਰੋੜ ਰੁਪਏ ਦੀ ਰਾਸ਼ੀ: ਡਾ. ਬਲਜੀਤ ਕੌਰ
ਸਰਕਾਰ ਨੇ ਸਕੀਮ ਲਈ ਚਾਲੂ ਵਿੱਤੀ ਵਰੇ ਲਈ 36.60 ਕਰੋੜ ਰੁਪਏ ਦਾ ਬਜਟ ਰੱਖਿਆ ਰਾਖਵਾਂ
ਚੰਡੀਗੜ, 9 ਨਵੰਬਰ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ 10.40 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਲਗਾਤਾਰ ਕਾਰਜਸ਼ੀਲ ਹੈ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਵਿੱਚ ਚਾਲੂ ਵਿੱਤੀ ਸਾਲ ਦੌਰਾਨ ਕੁੱਲ 60912 ਔਰਤ ਲਾਭਪਾਤਰੀਆਂ ਨੂੰ 10.40 ਕਰੋੜ ਵੰਡੇ ਜਾ ਚੁੱਕੇ ਹਨ।ਉਨਾਂ ਦੱਸਿਆ ਕਿ ਸਰਕਾਰ ਨੇ ਇਸ ਸਕੀਮ ਲਈ ਕੁੱਲ 36.60 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਹੈ ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਹਿਲੇ ਜੀਵਤ ਬੱਚੇ ਦੇ ਜਨਮ ‘ਤੇ 5000/-ਰੁਪਏ ਤਿੰਨ ਕਿਸਤਾਂ ਵਿੱਚ (ਰੁਪਏ 1000+2000+2000) ਦਿੱਤੇ ਜਾਂਦੇ ਹਨ। ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਵਿਸੇਸ ਸਰਤਾਂ ਦੀ ਪੂਰਤੀ ਦੇ ਅਧੀਨ ਦਿੱਤੇ ਜਾਂਦੇ ਹਨ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲਾਂ 5000 ਰੁਪਏ ਦਾ ਲਾਭ ਤਿੰਨ ਕਿਸਤਾਂ ਵਿੱਚ ਦਿੱਤਾ ਜਾਂਦਾ ਸੀ, ਜੋ ਅਪ੍ਰੈਲ 2022 ਤੋਂ ਬਾਅਦ ਸਮਾਜ ਦੇ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪਛੜੇ ਵਰਗਾਂ ਨਾਲ ਸਬੰਧਤ ਔਰਤਾਂ ਨੂੰ ਜਣੇਪਾ ਲਾਭ ਦੇ ਤਹਿਤ ਦੋ ਕਿਸਤਾਂ ਵਿੱਚ ਪੰਜ ਹਜਾਰ ਰੁਪਏ ਦਾ ਲਾਭ ਪ੍ਰਦਾਨ ਕੀਤਾ ਜਾਂਦਾ ਹੈ। ਪਹਿਲੀ ਕਿਸ਼ਤ 3000/- ਰੁਪਏ ਗਰਭ ਅਵਸਥਾ ਦੀ ਰਜਿਸਟ੍ਰੇਸਨ ‘ਤੇ ਅਤੇ ਘੱਟੋ-ਘੱਟ ਜਨਮ ਤੋਂ ਪਹਿਲਾਂ ਆਂਗਨਵਾੜੀ
ਕੇਂਦਰ (ਏ.ਡਬਲਿਯੂ.ਸੀ) ਵਿਖੇ ਐਲ.ਐਮ.ਪੀ ਮਿਤੀ ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਇੱਕ ਚੈੱਕ-ਅੱਪ ਤੇ ਰਾਜ/ਯੂ.ਟੀ ਦੁਆਰਾ ਪ੍ਰਵਾਨਿਤ ਸਿਹਤ ਸਹੂਲਤਾਂ ਦੀ ਪਛਾਣ ਤੇ ਅਤੇ ਦੂਜ਼ੀ ਕਿਸ਼ਤ 2000/- ਰੁਪਏ ਬੱਚੇ ਦੇ ਜਨਮ ਦੇ ਰਜਿਸਟਰੇਸ਼ਨ, ਬੱਚੇ ਨੂੰ ਬੀ.ਸੀ.ਜੀ, ਓ.ਪੀ.ਵੀ, ਡੀ.ਪੀ.ਟੀ ਅਤੇ ਹੈਪੇਟਾਈਟਸ-ਬੀ ਜਾਂ ਇਸਦੇ ਬਰਾਬਰ ਦੀ ਪਹਿਲੀ ਡੋਜ਼ ਪ੍ਰਾਪਤ ਕਰਨ ਤੇ ਮਿਲਣ ਯੋਗ ਹੈ।
ਮੰਤਰੀ ਨੇ ਦੱਸਿਆ ਕਿ ਵਿੱਤੀ ਸਹਾਇਤਾ ਦੀ ਅਦਾਇਗੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾਂਦੀ ਹੈ, ਜਿਨਾਂ ਨੂੰ ਆਧਾਰ ਨਾਲ ਜੋੜਿਆ ਜਾ ਚੁੱਕਾ ਹੈ।

Share