ਖੇਡ ਅਧਿਕਾਰੀ ਤੇ ਕੋਚ ਕਾਗਜ਼ੀ ਕਾਰਵਾਈਆਂ ਛੱਡ ਕੇ ਖੇਡ ਮੈਦਾਨਾਂ ਵਿੱਚ ਨਿੱਤਰਨ- ਪਰਗਟ ਸਿੰਘ.

ਚੰਡੀਗੜ੍ਹ, 14 ਅਕਤੂਬਰ
ਖੇਡਾਂ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਖੇਡ ਅਧਿਕਾਰੀਆਂ ਤੇ ਕੋਚਾਂ ਨੂੰ ਕਿਹਾ ਹੈ ਕਿ ਕਾਗਜ਼ੀ ਕਾਰਵਾਈਆਂ ਛੱਡ ਕੇ ਖੇਡਾਂ ਨਾਲ ਸਬੰਧਤ ਗਤੀਵਿਧੀਆਂ ਪ੍ਰੈਕਟੀਕਲ ਤੌਰ ਉਤੇ ਗਰਾਊਂਡ ਵਿੱਚ ਨਜ਼ਰ ਆਉਣੀਆਂ ਚਾਹੀਦੀਆਂ ਹਨ। ਖਿਡਾਰੀਆਂ ਲਈ ਜਾਰੀ ਖੇਡਾਂ ਦਾ ਸਮਾਨ ਤੇ ਕਿੱਟਾਂ ਦੀ ਵੰਡ ਤੁਰੰਤ ਕੀਤੀ ਜਾਵੇ। ਜੇਕਰ ਕਿਸੇ ਵੀ ਖੇਡ ਦਫਤਰ ਦੇ ਸਟੋਰ ਵਿੱਚ ਸਮਾਨ ਅਣ-ਵੰਡਿਆ ਪਾਇਆ ਗਿਆ, ਉਸ ਜ਼ਿਲੇ ਦੇ ਖੇਡ ਅਧਿਕਾਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਖੇਡ ਅਧਿਕਾਰੀਆਂ ਤੇ ਕੋਚਾਂ ਨੂੰ ਦਫਤਰੀ ਕਮਰਿਆਂ ਵਿੱਚੋਂ ਨਿਕਲ ਕੇ ਖੇਡ ਮੈਦਾਨਾਂ ਵਿੱਚ ਖੇਡਾਂ ਲਈ ਸਾਜਗਾਰ ਮਾਹੌਲ ਬਣਾਉਣ ਲਈ ਕਿਹਾ ਕਿਉਂਕਿ ਅਸਲ ਡਿਊਟੀ ਉਨ੍ਹਾਂ ਦੀ ਗਰਾਊਂਡ ਵਿੱਚ ਹੈ।
ਸ. ਪਰਗਟ ਸਿੰਘ ਨੇ ਯੁਵਕ ਸੇਵਾਵਾਂ ਵਿਭਾਗ ਨੂੰ ਵੀ ਆਖਿਆ ਹੈ ਕਿ ਪਿੰਡਾਂ ਵਿੱਚ ਠੱਪ ਹੋਏ ਯੂਥ ਕਲੱਬਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ। ਇਸੇ ਤਰ੍ਹਾਂ ਖੇਡ ਵਿਭਾਗ ਦੇ ਕੋਚਾਂ, ਯੁਵਕ ਸੇਵਾਵਾਂ ਵਿਭਾਗ ਦੇ ਅਧਿਕਾਰੀਆਂ ਅਤੇ ਸਕੂਲ ਸਿੱਖਿਆ ਤੇ ਉਚੇਰੀ ਸਿੱਖਿਆ ਵਿਭਾਗਾਂ ਦੇ ਸਰੀਰਕ ਸਿੱਖਿਆ ਅਧਿਆਪਕਾਂ ਤੇ ਲੈਕਚਰਾਰਾਂ ਨੂੰ ਆਪਸੀ ਤਾਲਮੇਲ ਬਣਾ ਕੇ ਮਿਲ ਕੇ ਕੰਮ ਲਈ ਪ੍ਰੇਰਿਆ ਹੈ ਤਾਂ ਜੋ ਸੂਬੇ ਦੀ ਨੌਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਿਆ ਜਾ ਸਕੇ।
ਸ. ਪਰਗਟ ਸਿੰਘ ਨੇ ਇਹ ਨਿਰਦੇਸ਼ ਅੱਜ ਇਥੇ ਦੋਵਾਂ ਵਿਭਾਗਾਂ ਦੇ ਉਚ ਅਧਿਕਾਰੀਆਂ ਨੂੰ ਨਾਲ ਲੈ ਕੇ ਪੰਜਾਬ ਭਵਨ ਵਿਖੇ ਸੱਦੀ ਖੇਡ ਵਿਭਾਗ ਦੇ ਅਧਿਕਾਰੀਆਂ, ਜ਼ਿਲਾ ਖੇਡ ਅਫਸਰਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਤੇ ਜ਼ਿਲਿਆਂ ਦੇ ਸਹਾਇਕ ਡਾਇਰੈਕਟਰਾਂ ਦੀ ਮੀਟਿੰਗ ਵਿੱਚ ਦਿੱਤੇ।
ਖੇਡ ਮੰਤਰੀ ਜੋ ਖੁਦ ਹਾਕੀ ਓਲੰਪੀਅਨ ਰਹੇ ਹਨ, ਨੇ ਆਖਿਆ ਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਖਿਡਾਰੀਆਂ ਨੂੰ ਵੰਡਿਆ ਜਾਣ ਵਾਲਾ ਖੇਡ ਸਮਾਨ ਤੇ ਕਿੱਟਾਂ ਅਣ-ਵੰਡੀਆਂ ਹੀ ਸਟੋਰਾਂ ਵਿੱਚ ਪਈਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ। ਸਟੋਰਾਂ ਵਿੱਚ ਕੰਡਮ ਹੋਏ ਸਮਾਨ ਨੂੰ ਵਿਧੀ ਅਨੁਸਾਰ ਬਾਹਰ ਕੱਢਿਆ ਜਾਵੇ। ਉਨ੍ਹਾਂ ਸਾਰੇ ਜ਼ਿਲਾ ਖੇਡ ਅਫਸਰਾਂ ਤੋਂ ਵਿੰਗਾਂ, ਖੇਡ ਸੈਂਟਰਾਂ, ਕੋਚਾਂ ਦੀ ਤਾਇਨਾਤੀ ਅਤੇ ਖਿਡਾਰੀਆਂ ਦੀ ਗਿਣਤੀ ਦੇ ਵੇਰਵੇ ਵੀ ਵਾਰੋ-ਵਾਰੀ ਲੈਂਦਿਆ ਆਦੇਸ਼ ਦਿੱਤੇ ਕਿ ਜਿਸ ਜਗ੍ਹਾਂ ਕੋਚ ਲੋੜੀਂਦਾ ਹੋਵੇ, ਉਥੇ ਉਸ ਦੀ ਤਾਇਨਾਤੀ ਕੀਤੀ ਜਾਵੇ ਅਤੇ ਕੋਈ ਵੀ ਸੈਂਟਰ ਬੰਦ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਵੀ ਕਿਸੇ ਵੀ ਸੈਂਟਰ ਦੀ ਚੈਕਿੰਗ ਕਰ ਸਕਦੇ ਹਨ ਤੇ ਸੈਂਟਰ ਬੰਦ ਪਾਏ ਜਾਣ ਦੀ ਸੂਰਤ ਵਿੱਚ ਸਬੰਧਤ ਖੇਡ ਅਧਿਕਾਰੀ ਖਿਲਾਫ ਕਾਰਵਾਈ ਹੋਵੇਗੀ।
ਸ. ਪਰਗਟ ਸਿੰਘ ਨੇ ਕਿਹਾ ਕਿ ਦੋਵੇਂ ਵਿਭਾਗ ਸੂਬੇ ਦੇ ਨੌਜਵਾਨਾਂ ਨਾਲ ਸਿੱਧੇ ਤੌਰ ਉਤੇ ਜੁੜੋ ਹੋਏ ਹਨ ਅਤੇ ਇਨ੍ਹਾਂ ਵਿਭਾਗਾਂ ਦੇ ਕੰਮਕਾਜ ਵਿੱਚ ਫੁਰਤੀ ਲਿਆਉਣ ਦੀ ਲੋੜ ਹੈ। ਇਸ ਤੋਂ ਇਲਾਵਾ ਕੋਰੋਨਾ ਕਾਰਨ ਠੱਪ ਹੋਈਆਂ ਗਤੀਵਿਧੀਆਂ ਮੁੜ ਸ਼ੁਰੂ ਕੀਤੀਆਂ ਜਾਣ ਤੇ ਹਰ ਜ਼ਿਲਾ ਆਪਣੇ ਖੇਡ ਕੈਲੰਡਰ ਬਣਾ ਕੇ ਟੂਰਨਾਮੈਂਟ ਕਰਵਾਏ। ਖੇਡ ਗਤੀਵਿਧੀਆਂ ਵੀ ਤਿੰਨ ਪਰਤੀ ਸ਼ੁਰੂ ਕੀਤੀਆਂ ਜਾਣ। ਸਾਰੇ ਨੌਜਵਾਨਾਂ ਦੀ ਸ਼ਮੂਲੀਅਤ ਵਾਲੀਆਂ ਖੇਡਾਂ, ਖਿਡਾਰੀਆਂ ਲਈ ਵਿਸ਼ੇਸ਼ੀਕ੍ਰਿਤ ਅਤੇ ਉਚ ਕੋਟੀ ਦੇ ਖਿਡਾਰੀਆਂ ਲਈ ਉਚ ਵਿਸ਼ੇਸ਼ਕ੍ਰਿਤੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ.) ਦੇ ਕੰਮਕਾਜ ਕਾਰਜਸ਼ੀਲ ਬਣਾਉਣ ਉਤੇ ਵੀ ਜ਼ੋਰ ਦਿੱਤਾ।
ਮੀਟਿੰਗ ਵਿੱਚ ਖੇਡ ਵਿਭਾਗ ਦੇ ਸਕੱਤਰ ਸ੍ਰੀ ਅਜੋਏ ਸ਼ਰਮਾ, ਡਾਇਰੈਕਟਰ ਸ੍ਰੀ ਡੀ.ਪੀ.ਐਸ.ਖਰਬੰਦਾ, ਪੀ.ਆਈ.ਐਸ. ਦੇ ਡਾਇਰੈਕਟਰ (ਪ੍ਰਸ਼ਾਸਕੀ) ਅਮਰਦੀਪ ਸਿੰਘ, ਜੁਆਇੰਟ ਡਾਇਰੈਕਟਰ ਸ੍ਰੀ ਕਰਤਾਰ ਸਿੰਘ, ਹਾਕੀ ਓਲੰਪੀਅਨ ਸੁਖਬੀਰ ਸਿੰਘ ਗਰੇਵਾਲ, ਯੁਵਕ ਸੇਵਾਵਾਂ ਦੇ ਡਿਪਟੀ ਡਾਇਰੈਕਟਰ ਸ੍ਰੀ ਕਮਲਜੀਤ ਸਿੰਘ ਸਿੱਧੂ ਵੀ ਹਾਜ਼ਰ ਸਨ।

Share