ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਤੇ ਤੋਪਾਂ-ਟੈਂਕਾਂ ਨਾਲ ਹਮਲਾ ਕਰਨ ਲਈ ਭਾਜਪਾ ਆਗੂਆਂ ਨੇ ਬਣਾਇਆ ਸੀ ਦਬਾਅ

ਜਲੰਧਰ, 6 ਅਕਤੂਬਰ :

ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਭਾਜਪਾ ਤੇ ਵੱਡਾ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਤੋਪਾਂ-ਟੈਂਕਾਂ ਨਾਲ ਹਮਲਾ ਕਰਨ ਅਤੇ ਫੌਜ ਭੇਜਣ ਲਈ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿੰਨੀਂ ਦੋਸ਼ੀ ਹੈ ਉਨੇਂ ਹੀ ਦੋਸ਼ੀ ਭਾਜਪਾ ਦੇ ਉਸ ਸਮੇਂ ਦੇ ਆਗੂ ਵਾਜਪਾਈ, ਅਡਵਾਨੀ ਤੇ ਸੁਸ਼ਮਾ ਸਵਰਾਜ ਵੀ ਹਨ ਕਿਉਂਕਿ ਸ੍ਰੀ ਦਰਬਾਰ ਸਾਹਿਬ ਵਿੱਚ ਫੌਜ ਭੇਜਕੇ ਹਮਲਾ ਕਰਨ ਲਈ ਭਾਜਪਾ ਦੇ ਇਨ੍ਹਾਂ ਆਗੂਆਂ ਨੇ ਇੰਦਰਾ ਗਾਂਧੀ ਨੂੰ ਉਕਸਾਇਆ ਅਤੇ ਰੋਸ਼ ਮਾਰਚਾ ਨਾਲ ਜ਼ਬਰਦਸਤ ਦਬਾਅ ਬਣਾਇਆ ਸੀ। ਜ਼ਿਕਰਯੋਗ ਹੈ ਕਿ ਹੁਣ ਤੱਕ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਇਲਜ਼ਾਮ ਸਿਰਫ ਕਾਂਗਰਸ ਤੇ ਲੱਗਦਾ ਆਇਆ ਹੈ ਪਰ ਬਸਪਾ ਪ੍ਰਧਾਨ ਵੱਲੋਂ ਕੀਤੇ ਇਸ ਖੁਲਾਸੇ ਨੇ ਭਾਜਪਾ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਜਨਨੀ ਆਰ.ਐਸ.ਐਸ ਹੈ ਅਤੇ ਆਰ.ਐਸ.ਐਸ ਵਿੱਚੋਂ ਹੀ ਜਨਸੰਘ ਦਾ ਗਠਨ ਹੋਇਆ ਜੋ ਬਾਅਦ ਵਿੱਚ ਜਾਕੇ ਭਾਜਪਾ ਬਣੀ ਅਤੇ ਆਰ.ਐਸ.ਐਸ ਸ਼ੁਰੂ ਤੋਂ ਹੀ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਦੀ ਵਿਰੋਧੀ ਰਹੀ ਹੈ ਅਤੇ ਡਾ. ਅੰਬੇਦਕਰ ਦੇ ਪੁਤਲੇ ਤੱਕ ਫੂਕੇ ਹਨ। ਸ. ਗੜ੍ਹੀ ਨੇ ਕਿਹਾ ਕਿ ਭਾਜਪਾ ਘੱਟ ਗਿਣਤੀਆਂ ਨਾਲ ਧੱਕਾ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀ ਅਤੇ ਇਸ ਦੀਆਂ ਮਿਸਾਲਾਂ ਵੀ ਬਹੁਤ ਹਨ ਜਿਨ੍ਹਾਂ ਵਿੱਚੋਂ ਕੁੱਝ ਕੁ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿੱਚ 1984 ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਫੌਜ ਭੇਜਣ ਲਈ ਉਕਸਾਉਣਾ, 1989 ਵਿੱਚ ਮੰਡਲ ਕਮਿਸ਼ਨ ਦੇ ਵਿਰੋਧ ਵਿਚ ਕਮੰਡਲ ਤੇ ਰਾਮ ਰੱਥ ਯਾਤਰਾ ਜਿਸ ਨਾਲ ਓਬੀਸੀ ਸ਼੍ਰੇਣੀਆਂ ਲਈ ਰਾਖਵਾਂਕਰਨ ਦਾ ਵਿਰੋਧ ਕੀਤਾ, 1992 ਵਿੱਚ ਬਾਬਰੀ ਮਜ਼ਜਿਦ ਢਾਉਣੀ, 2002 ਗੁਜਰਾਤ ਦਾ ਗੋਧਰਾ ਕਾਂਡ ਕਿਸੇ ਤੋਂ ਲੁਕਿਆ ਹੋਇਆ ਨਹੀਂ ਜਦਕਿ 2014ਵਿੱਚ ਗੁਜਰਾਤ ਦੇ ਊਨਾ ਸ਼ਹਿਰ ਵਿਖੇ ਚਾਰ ਦਲਿਤ ਨੌਜਵਾਨਾਂ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਨਾ, ਮਹਾਂਰਾਸ਼ਟਰ ਦੇ ਭੀਮਾ ਕੋਰਗਾਂਉਂ ਦਾ ਮਾਮਲਾ ਅਜੇ ਵੀ ਤਾਜ਼ਾ ਹੀ ਹੈ ਜਦਕਿ ਦਿੱਲੀ ਤੁਗਲਕਾਬਾਦ ਵਿੱਚ ਸ੍ਰੀ ਗੁਰੁ ਰਵਿਦਾਸ ਜੀ ਦੇ ਮੰਦਰ ਨੂੰ ਢਾਉਣਾ ਆਦਿ ਕਈ ਘਟਨਾਵਾਂ ਸ਼ਾਮਿਲ ਹਨ ਜਿਨ੍ਹਾਂ ਵਿੱਚ ਸਿੱਧੇ ਤੌਰ ਤੇ ਭਾਜਪਾ ਦਾ ਹੱਥ ਹੋਣ ਦੇ ਸਬੂਤ ਤੱਕ ਸਾਹਮਣੇ ਆ ਚੁੱਕੇ ਹਨ।
ਸ. ਗੜ੍ਹੀ ਨੇ ਕਿਹਾ ਕਿ ਭਾਜਪਾ ਨਾ ਸਿਰਫ ਘੱਟ ਗਿਣਤੀਆਂ, ਦਲਿਤਾਂ ਜਾਂ ਵਪਾਰੀਆਂ ਦੀ ਵਿਰੋਧੀ ਹੈ ਸਗੋਂ ਕਿਸਾਨਾਂ ਦੀ ਵੀ ਧੁਰ ਵਿਰੋਧੀ ਹੈ ਅਤੇ ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੇ ਤਕਰੀਬਨ 10 ਮਹੀਨਿਆਂ ਤੋਂ ਵੱਧ ਦੇ ਸਮੇਂ ਤੋਂ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਹਨ ਅਤੇ ਕਿਸਾਨਾਂ ਦੇ ਮਸਲੇ ਹੱਲ ਤਾਂ ਕੀ ਕਰਨੇ ਭਾਜਪਾ ਦੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਤੱਕ ਕਰਨ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਬੱਕਰੀ ਅਤੇ ਸੂਰ 5 ਮਹੀਨਿਆਂ ਜਦਕਿ ਗਾਂ 9 ਮਹੀਨਿਆਂ ਅਤੇ ਮੱਝ 10 ਮਹੀਨਿਆਂ ਵਿੱਚ ਬੱਚਾ ਜੰਮ ਦਿੰਦੀ ਹੈ ਪਰ ਕੇਂਦਰ ਦੀ ਸਰਕਾਰ ਤਾਂ ਇਨ੍ਹਾਂ ਨੂੰ ਪਿੱਛੇ ਛੱਡਦੀ ਜਾ ਰਹੀ ਹੈ ਅਤੇ ਦੇਸ਼ ਦੇ ਅੰਨਦਾਤੇ ਦੇ ਮਸਲੇ ਹੱਲ ਕਰਨ ਦੀ ਥਾਂ ਉਸ ਤੇ ਜ਼ੁਲਮ ਢਾਉਣ ਅਤੇ ਤਸ਼ਦੱਦ ਕਰਨ ਲਈ ਰੋਜ਼ ਨਵੀਆਂ ਵਿਉਂਤਬੰਦੀਆਂ ਕਰ ਰਹੀ ਹੈ ? ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਲੋਕਾਂ ਦੇ ਰੋਹ ਦਾ ਖਾਮਿਆਜਾ ਆਉਂਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ ਅਤੇ ਭਾਜਪਾ ਨੂੰ ਸੱਤਾ ਵਿੱਚੋਂ ਬਾਹਰ ਕਰਨ ਲਈ ਲੋਕ ਆਪ ਮੁਹਾਰੇ ਕਮਰ ਕੱਸੇ ਕਰ ਚੁੱਕੇ ਹਨ।
ਸ. ਗੜ੍ਹੀ ਨੇ ਕਿਹਾ ਕਿ ਭਾਜਪਾ ਜੋ ਖੁਦ ਨੂੰ ਸ਼ਹਿਰਾਂ ਦੀ ਪਾਰਟੀ ਕਹਿੰਦੀ ਆ ਰਹੀ ਹੈ, ਉਹ ਕਿਸੇ ਦੀ ਵੀ ਸਕੀ ਨਹੀਂ ਹੈ। ਸ਼ਹਿਰੀ ਵਪਾਰੀਆਂ ਦੇ ਕਾਰੋਬਾਰ ਤਬਾਹੀ ਵੱਲ ਨੂੰ ਜਾ ਰਹੇ ਹਨ ਪਰ ਭਾਜਪਾ ਦੇ ਆਗੂ ਇਸ ਗੱਲ ਦਾ ਹੱਲ ਤਾਂ ਬਹੁਤ ਦੂਰ ਸਗੋਂ ਵਪਾਰੀਆਂ ਤੇ ਹਰ ਆਏ ਦਿਨ ਨਿੱਤ ਨਵੇਂ ਬੋਝ ਪਾਕੇ ਵਪਾਰ ਨੂੰ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ। ਸ. ਗੜ੍ਹੀ ਨੇ ਦੇਸ਼ ਭਰ ਦੇ ਵੋਟਰਾਂ ਖਾਸ ਤੌਰ ਤੇ ਸ਼ਹਿਰੀ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ ਜਮਹੂਰੀ ਹੱਕ ਦੇ ਇਸਤੇਮਾਲ ਦੌਰਾਨ ‘ਵੋਟ ਬੰਬ’ ਦਾ ਇਸਤੇਮਾਲ ਕਰਕੇ 2022 ਦੀਆਂ ਪੰਜਾਬ, ਯੂ.ਪੀ ਸਮੇਤ ਹੋਰ ਸੂਬਿਆਂ ਦੀ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਅਤੇ 2024 ਦੀਆਂ ਲੋਕਸਭਾ ਚੋਣਾਂ ਵਿੱਚ ਭਾਜਪਾ ਨੂੰ ਉਸ ਸੱਤਾ ਵਿੱਚੋਂ ਬਾਹਰ ਕਰਨ ਲਈ ਅੱਗੇ ਆਉਣ ਜਿਹੜੀ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਭਾਜਪਾ ਦੇ ਆਗੂ ਲੋਕਾਂ ਦੇ ਜ਼ੁਲਮ ਕਰ ਰਹੇ ਹਨ। ਸ. ਗੜ੍ਹੀ ਨੇ ਕਿਹਾ ਕਿ ਭਾਜਪਾ ਨਾ ਸਿਰਫ ਘੱਟ ਗਿਣਤੀਆਂ, ਦਲਿਤਾਂ ਜਾਂ ਵਪਾਰੀਆਂ ਦੀ ਵਿਰੋਧੀ ਹੈ।
ਬੌਕਸ:
ਬਸਪਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਖੇ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਦੇ ਕਤਲੇਆਮ ਦੀ ਜਿੰਨੀਂ ਵੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਵੱਲੋਂ ਆਪਣੇ ਬਾਪ ਦੀ ਸ਼ਹਿ ਤੇ ਕਿਸਾਨਾਂ ਤੇ ਜੋ ਗੱਡੀ ਚੜ੍ਹਾ ਕੇ ਕਿਸਾਨਾਂ ਦਾ ਕਤਲ ਕੀਤਾ ਗਿਆ ਹੈ ਉਹ ਸਾਰੀ ਦੁਨੀਆ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓਜ਼ ਰਾਹੀਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਇਸ ਕਤਲਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਪੀੜਤ ਕਿਸਾਨ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਣਾ ਸਮੇਂ ਦੀ ਮੁੱਖ ਮੰਗ ਹੈ। ਸ. ਗੜ੍ਹੀ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਲਈ ਜ਼ਰੂਰੀ ਹੈ ਕਿ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਭਾਜਪਾ ਆਪਣੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਪਾਰਟੀ ਵਿੱਚੋਂ ਬਰਖਾਸਤ ਕਰੇ ਤਾਂ ਜੋ ਜਾਂਚ ਨੂੰ ਪ੍ਰਭਾਵਿਤ ਨਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ ਦਵਾਉਣ ਲਈ ਬਸਪਾ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਬੈਠੀ ਹੈ ਅਤੇ ਬਸਪਾ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੀ ਹੈ ਤਾਂ ਜੋ ਭਾਜਪਾ ਦੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ।

Share