ਕਾਂਗਰਸ ਦੀ ਖਾਨਾਜੰਗੀ ਦੇ ਸਾਈਡ ਇਫੈਕਟ ਆਉੇਣੇ ਸ਼ੁਰੂ, ਝੋਨੇ ਦੀ ਖ੍ਰੀਦ ਲੇਟ, ਮੰਡੀਆਂ ‘ਚ ਰੁਲਣ ਲਈ ਕਿਸਾਨ ਮਜ਼ਬੂਰ: ਜਸਵੀਰ ਸਿੰਘ ਗੜ੍ਹੀ.

ਜਲੰਧਰ:2/10/21,

ਕਾਂਗਰਸ ਦੀ ਖਾਨਾਜੰਗੀ ਦੇ ਸਾਈਡ ਇਫੈਕਟ ਆਉਣੇ ਸ਼ੁਰੂ ਹੋ ਗਏ ਹਨ ਅਤੇ ਇਸੇ ਦਾ ਹੀ ਸਾਈਡ ਇਫੈਕਟ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ੍ਰੀਦ ਦੇ ਪ੍ਰਬੰਧ ਮੁਕੰਮਲ ਨਾ ਹੋਣ ਕਰਕੇ 10 ਦਿਨਾਂ ਲਈ ਖ੍ਰੀਦ ਲੇਟ ਕਰ ਦਿੱਤੀ ਗਈ ਜਿਸ ਕਰਕੇ ਪੰਜਾਬ ਦਾ ਅੰਨਦਾਤਾ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੈ ਅਤੇ ਪੁੱਤਾਂ ਵਾਂਗ ਪਾਲੀ ਹੋੲੋ ਕਿਸਾਨਾਂ ਦੀ ਝੋਨੇ ਦੀ ਫਸਲ ਵੀ ਖਰਾਬ ਹੋ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਸ਼ਨੀਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਤੰਜ ਕੱਸਦਿਆਂ ਸ. ਗੜ੍ਹੀ ਨੇ ਕਿਹਾ ਕਿ ਆਸ਼ੂ ਸਾਹਿਬ ਜਿੰਨਾਂ ਸਮਾਂ ਆਪਣੀ ਦਾੜ੍ਹੀ ਨੂੰ ਸਵਾਰਨ ਲਈ ਹਰ ਰੋਜ਼ ਸਵੇਰੇ ਬਰਬਾਦ ਕਰਦੇ ਹਨ, ਜੇਕਰ ਉਨ੍ਹਾਂ ਸਮਾਂ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ੍ਰੀਦ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਲਈ ਲਾਇਆ ਹੁੰਦਾ ਤਾਂ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨ ਅਤੇ ਝੋਨਾ ਰੁਲਣ ਲਈ ਮਜਬੂਰ ਨਾ ਹੁੰਦੇ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਵਿੱਚ ਕੋਈ ਅੰਤਰ ਨਹੀਂ ਅਤੇ ਦੋਵੇਂ ਹੀ ਪਾਰਟੀਆਂ ਕਿਸਾਨ ਅਤੇ ਕਿਸਾਨੀ ਦਾ ਘਾਣ ਕਰਨ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅੰਨਦਾਤਾ ਇੱਕ ਪਾਸੇ ਦਿੱਲੀ ਦੇ ਬਾਰਡਰਾਂ ਤੇ ਰੁਲ ਰਿਹਾ ਹੈ ਅਤੇ ਦੂਸਰੇ ਪਾਸੇ ਪੰਜਾਬ ਵਿੱਚ ਹੁਣ ਝੋਨਾ ਵੇਚਣ ਲਈ ਪ੍ਰੇਸ਼ਾਨ ਹੋ ਰਿਹਾ ਹੈ ਜਦਕਿ ਪੰਜਾਬ ਦੇ ਖੁਰਾਕ ਘੁਟਾਲਾ ਕਰਨ ਵਾਲੇ ਆਸ਼ੂ ਵਰਗੇ ਮੰਤਰੀ ਘੂਕ ਸੁੱਤੇ ਪਏ ਹਨ। ਉਧਰ, ਕਾਂਗਰਸ ਪਾਰਟੀ ਦੀ ਅੰਦਰੂਨੀ ਖਾਨਾਜੰਗੀ ਤੇ ਚੁਟਕੀ ਲੈਂਦੇ ਹੋਏ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਫੈਵੀਕੋਲ ਵਰਤ ਕੇ ਦੇਖ ਲੈਣਾ ਚਾਹੀਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਫੈਵੀਕੋਲ ਦਾ ਜੋੜ ਬਹੁਤ ਮਜ਼ਬੂਤ ਹੁੰਦਾ ਹੈ ਅਤੇ ਕਾਂਗਰਸ ਨੂੰ ਜੋੜਣ ਲਈ ਕਾਂਗਰਸ ਹਾਈਕਮਾਨ ਇਸ ਫੈਵੀਕੋਲ ਦੀ ਵਰਤੋਂ ਕਰਕੇ ਦੇਖ ਲਵੇ, ਸ਼ਾਇਦ ਪੰਜਾਬ ਕਾਂਗਰਸ ਫੈਵੀਕੋਲ ਦੇ ਨਾਲ ਹੀ ਜੁੜ ਜਾਵੇ। ਸ. ਗੜ੍ਹੀ ਨੇ ਕਾਂਗਰਸ ਪਾਰਟੀ ਨੂੰ ਬੰਪਰ ਆਫਰ ਦਿੰਦਿਆਂ ਕਿਹਾ ਕਿ ਕਾਂਗਰਸ ਹਾਈਕਮਾਨ ਵੱਲੋਂ ਜੇਕਰ ਪੰਜਾਬ ਕਾਂਗਰਸ ਨੂੰ ਜੋੜਣ ਲਈ ਫੈਵੀਕੋਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਬਹੁਜਨ ਸਮਾਜ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੀ ਹਾਈਕਮਾਨ ਨੂੰ ਫੈਵੀਕੋਲ ਮੁਫਤ ਵਿੱਚ ਉਪਲਬਧ ਕਰਵਾਇਆ ਜਾਵੇਗਾ। ਇਸ ਮੌਕੇ ਸ. ਗੜ੍ਹੀ ਵੱਲੋਂ ਆਉਣ ਵਾਲੀ 9 ਅਕਤੂਬਰ ਨੂੰ ਜਲੰਧਰ ਦੀ ਡੀ.ਏ.ਵੀ ਯੁਨਿਵਰਸਿਟੀ ਨੇੜੇ ਹੋੲ ਵਾਲੀ ਭੁੱਲ ਸੁਧਾਰ ਰੈਲੀ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਗਿਆ ਅਤੇ ਰੈਲੀ ਦੀ ਅਪਾਰ ਸਫਲਤਾ ਲਈ ਵਰਕਰਾਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ। ਉਨ੍ਹਾਂ ਦਸਿਆ ਕਿ ਰੈਲੀ ਨੂੰ ਲੈ ਕੇ ਵਰਕਰਾਂ ਵਿੱਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਰੈਲੀ ਪੰਜਾਬ ਵਿੱਚ ਕਾਂਗਰਸ ਸਰਕਾਰ ਦੀਆਂ ਜੜ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਖੋਖਲਾ ਕਰ ਦੇਵੇਗੀ ਅਤੇ ਇਸ ਰੈਲੀ ਤੋਂ ਬਾਅਦ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਦਾ ਰਸਤਾ ਪੂਰੀ ਤਰ੍ਹਾਂ ਨਾਲ ਕਲੀਅਰ ਹੋ ਜਾਵੇਗਾ ਅਤੇ ਕਾਂਗਰਸ ਦੇ ਤਾਬੂਤ ਵਿੱਚ ਰਿਹ ਰੈਲੀ ਆਖਰੀ ਕਿੱਲ ਸਾਬਿਤ ਹੋਵੇਗੀ।

Share