ਉੱਪ ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਬੱਸ ਅੱਡਿਆਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਏਗੀ.

ਚੰਡੀਗੜ, 2 ਅਕਤੂਬਰ
ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ ਤੋਂ ਬਾਅਦ, ਕਾਰਜਕਾਰੀ ਡੀ.ਜੀ.ਪੀ. ਸ੍ਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਅੱਜ
ਸਾਰੇ ਪੁਲਿਸ ਕਮਿਸ਼ਨਰਾਂ/ਐਸ.ਐਸ.ਪੀਜ਼ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਬੱਸ ਅੱਡਿਆਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਮੱਦੇਨਜ਼ਰ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰਾਂ ਨੂੰ ਲੋੜੀਂਦੀ ਪੁਲਿਸ ਫੋਰਸ ਮੁਹੱਈਆ ਕਰਵਾਈ ਜਾਵੇ।

ਇਹ ਕਾਰਵਾਈ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਭਰ ਦੇ ਸਾਰੇ ਬੱਸ ਅੱਡਿਆਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਏ ਜਾਣ ਨੂੰ ਯਕੀਨੀ ਬਣਾਉਣ ਦੇ ਆਦੇਸ਼ਾਂ ਦੇ ਤਿੰਨ ਦਿਨਾਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

ਪੰਜਾਬ ਪੁਲਿਸ ਵੱਲੋਂ ਕੀਤੇ ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਜਦੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸਬੰਧਤ ਅਥਾਰਟੀਆਂ ਵਲੋਂ ਪੁਲਿਸ ਸਹਾਇਤਾ ਮੁਹੱਈਆ ਕਰਵਾਉਣ ਲਈ ਕੋਈ ਕਾਨੂੰਨੀ ਮੰਗ ਪ੍ਰਾਪਤ ਹੁੰਦੀ ਹੈ ਤਾਂ ਟਰਾਂਸਪੋਰਟ ਵਿਭਾਗ ਦੇ ਜਨਰਲ ਮੈਨੇਜਰਾਂ ਨੂੰ ਇੱਕ ਗਜਟਿਡ ਅਫਸਰ ਦੀ ਕਮਾਂਡ ਹੇਠ ਪੁਲਿਸ ਫੋਰਸ ਮੁਹੱਈਆ ਕਰਵਾਈ ਜਾਵੇ। ਹੁਕਮਾਂ ਅਨੁਸਾਰ ਟਰਾਂਸਪੋਰਟ ਵਿਭਾਗ (ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ) ਦੇ ਜਨਰਲ ਮੈਨੇਜਰ ਨੋਡਲ ਅਫਸਰ ਹੋਣਗੇ, ਜੋ ਸਬੰਧਤ ਪੁਲਿਸ ਕਮਿਸ਼ਨਰ/ਐਸਐਸਪੀ ਨਾਲ ਸੰਪਰਕ ਕਰਨਗੇ।

ਇਸ ਦੌਰਾਨ ਰੇਂਜ ਆਈ.ਜੀ./ਡੀ.ਆਈ.ਜੀ. ਸੂਬਾ ਸਰਕਾਰ ਦੇ ਇਨ੍ਹਾਂ ਮਹੱਤਵਪੂਰਨ ਹੁਕਮਾਂ ਦੀ ਨਿਗਰਾਨੀ ਕਰਨ ਲਈ ਵੀ ਕਿਹਾ ਗਿਆ ਹੈ।
————

*ਮੁੱਖ ਮੰਤਰੀ ਦੀ ਅਪੀਲ ’ਤੇ ਕੇਂਦਰ ਵੱਲੋਂ ਪੰਜਾਬ ਨੂੰ 3 ਅਕਤੂਬਰ ਤੋਂ ਝੋਨੇ ਦੀ ਖਰੀਦ ਸੁਰੂ ਕਰਨ ਦੀ ਇਜਾਜਤ*

*ਇਸ ਮੁੱਦੇ ਦੇ ਤੇਜੀ ਨਾਲ ਹੱਲ ਲਈ ਨਿੱਜੀ ਤੌਰ ’ਤੇ ਦਖਲ ਦੇਣ ਲਈ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ*

ਚੰਡੀਗੜ, 2 ਅਕਤੂਬਰ
ਝੋਨੇ ਦੀ ਖ਼ਰੀਦ ਜਲਦੀ ਤੋਂ ਜਲਦੀ ਸ਼ੁਰੂ ਕਰਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਪੀਲ ਨੂੰ ਸਵਿਕਾਰਦਿਆਂ ਭਾਰਤ ਸਰਕਾਰ ਨੇ ਸੂਬੇ ਨੂੰ ਭਲਕੇ (3 ਅਕਤੂਬਰ) ਤੋਂ ਝੋਨੇ ਦੀ ਖ਼ਰੀਦ ਸੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਇਸ ਸਬੰਧੀ ਤੁਰੰਤ ਨਿੱਜੀ ਦਖ਼ਲ ਦੇ ਕੇ ਖਪਤਕਾਰ ਮਾਮਲਿਆਂ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੂੰ ਸਲਾਹ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਸ. ਚੰਨੀ ਨੇ ਕਿਹਾ ਕਿ ਇਹ ਫ਼ੈਸਲਾ ਕਿਸਾਨਾਂ ਦੀ ਸੰਤੁਸਟੀ ਲਈ ਝੋਨੇ ਦੀ ਨਿਰਵਿਘਨ ਅਤੇ ਸੁਚਾਰੂ ਖ਼ਰੀਦ ਯਕੀਨੀ ਬਣਾਉਣ ਸਹਾਈ ਸਿੱਧ ਹੋਵੇਗਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਬੀਤੇ ਕੱਲ ਸ੍ਰੀ ਮੋਦੀ ਨੂੰ ਮਿਲੇ ਸਨ, ਜਿਨਾਂ ਨੇ ਸ. ਚੰਨੀ ਨੂੰ ਇਸ ਮੁੱਦੇ ਦੇ ਛੇਤੀ ਹੱਲ ਦਾ ਭਰੋਸਾ ਦਿੱਤਾ ਸੀ। ਭਾਰਤ ਸਰਕਾਰ ਦੇ ਖਪਤਕਾਰ ਮਾਮਲਿਆਂ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਝੋਨੇ ਦੀ ਖ਼ਰੀਦ ਨਿਰਧਾਰਤ ਮਿਤੀ 1 ਅਕਤੂਬਰ ਦੀ ਬਜਾਏ 11 ਅਕਤੂਬਰ ਨੂੰ ਸਵੇਰੇ ਗਿਆਰਾਂ ਵਜੇ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਸੀ। ਐਨ ਮੌਕੇ ਲਏ ਗਏ ਇਸ ਫ਼ੈਸਲੇ ਨਾਲ ਕਿਸਾਨਾਂ ਵਿੱਚ ਨਾਰਾਜਗੀ ਅਤੇ ਦੁਚਿੱਤੀ ਪਾਈ ਜਾ ਰਹੀ ਸੀ।
————

ਪੰਜਾਬ ਸਰਕਾਰ ਨੇ ਸਾਰੇ ਪਿੰਡਾਂ ਵਿੱਚ 5 ਮਰਲਾ ਪਲਾਟ ਸਕੀਮ ਤਹਿਤ ਯੋਗ ਲਾਭਪਾਤਰੀਆਂ ਦੀ ਪਛਾਣ ਕਰਨ ਲਈ ਮੁਹਿੰਮ ਦੀ ਕੀਤੀ ਸ਼ੁਰੂਆਤ: ਤਿ੍ਰਪਤ ਬਾਜਵਾ

ਸਾਰੇ ਯੋਗ ਲਾਭਪਾਤਰੀਆਂ ਨੂੰ ਸਮਾਂਬੱਧ ਢੰਗ ਨਾਲ ਦਿੱਤੇ ਜਾਣਗੇ ਪਲਾਟ

ਚੰਡੀਗੜ 2 ਅਕਤੂਬਰ:

ਪੰਜਾਬ ਸਰਕਾਰ ਨੇ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਅੱਜ 5 ਮਰਲਾ ਪਲਾਟ ਸਕੀਮ ਅਧੀਨ ਯੋਗ ਲਾਭਪਾਤਰੀਆਂ ਦੀ ਪਛਾਣ ਕਰਨ ਲਈ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਵਿਸ਼ੇਸ਼ ਗਰੀਬਾਂ ਪੱਖੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪਿੰਡਾਂ ਦੇ ਇਨਾਂ ਸਾਰੇ ਯੋਗ ਲਾਭਪਾਤਰੀਆਂ ਨੂੰ ਸਮਾਂਬੱਧ ਢੰਗ ਨਾਲ ਪਲਾਟ ਅਲਾਟ ਕੀਤੇ ਜਾਣਗੇ।

ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੋਂ ਜਾਰੀ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਵਿਸ਼ੇਸ਼ ਮੁਹਿੰਮ ਗਰੀਬ-ਪੱਖੀ ਪਹਿਲਕਦਮੀਆਂ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਦੇ ਫੈਸਲੇ ਤਹਿਤ ਸ਼ੁਰੂ ਕੀਤੀ ਗਈ ਹੈ। ਉਨਾਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਨੇ ਅੱਜ ਪੰਜਾਬ ਦੇ ਸਾਰੇ ਪਿੰਡਾਂ ਵਿੱਚ 5 ਮਰਲਾ ਪਲਾਟ ਯੋਜਨਾ ਨਾਲ ਸਬੰਧਤ ਇਸ ਵਿਸ਼ੇਸ਼ ਮੁਹਿੰਮ ਦੀ ਮਿਸ਼ਨ ਮੋਡ ਵਿੱਚ ਸ਼ੁਰੂਆਤ ਕੀਤੀ ਹੈ।

ਸ੍ਰੀ ਤਿ੍ਰਪਤ ਬਾਜਵਾ ਨੇ ਕਿਹਾ ਕਿ ਏ.ਡੀ.ਸੀ (ਡੀ), ਡੀ.ਡੀ.ਪੀ.ਓਜ਼, ਡਿਪਟੀ ਸੀ.ਈ.ਓਜ਼, ਬੀ.ਡੀ.ਪੀ.ਓਜ਼ ਦੀ ਨਿਗਰਾਨੀ ਹੇਠ ਸੂਬੇ ਦੇ ਸਾਰੇ ਪਿੰਡਾਂ ਵਿੱਚ ਵਿਸ਼ੇਸ਼ ਗ੍ਰਾਮ ਸਭਾਵਾਂ (ਇਜਲਾਸ) ਕਰਵਾਈਆਂ ਗਈਆਂ। ਉਨਾਂ ਕਿਹਾ ਕਿ ਇਹ ਮੁਹਿੰਮ, ਆਰਥਿਕ ਵਿਕਾਸ ਅਤੇ ਸਮਾਜਿਕ ਨਿਆਂ ਲਈ ਪੰਚਾਇਤ ਵਿਕਾਸ ਯੋਜਨਾਵਾਂ ਨੂੰ ਸਬੰਧਤ ਵਿਭਾਗਾਂ ਨਾਲ ਮਿਲ ਕੇ ਤਿਆਰ ਕਰਨ ਲਈ ਪੀਪਲਜ਼ ਪਲੈਨ ਮੁਹਿੰਮ (ਪੀਪੀਸੀ) ਸ਼ੁਰੂ ਕਰਨ ’ਤੇ ਕੇਂਦਰਿਤ ਹੈ । ਉਨਾਂ ਕਿਹਾ ਕਿ 5 ਮਰਲੇ ਦੇ ਪਲਾਟਾਂ ਦੀ ਅਲਾਟਮੈਂਟ ਲਈ ਯੋਗ ਲਾਭਪਾਤਰੀਆਂ ਦੀ ਪਛਾਣ ਕਰਨ ਵਿੱਚ ਵਿਸ਼ੇਸ਼ ਤੇਜ਼ੀ ਲਿਆਂਦੀ ਗਈ ਹੈ।
————

ਪੰਜਾਬ ਸਰਕਾਰ ਵੱਲੋਂ ਸੁਪਰ ਸਪੈਸ਼ਲਿਸਟ ਡਾਕਟਰਾਂ ਦੇ ਤਨਖਾਹ ਸਕੇਲਾਂ ’ਚ ਛੇਤੀ ਕੀਤੀ ਜਾਵੇਗੀ ਸੋਧ: ਓ ਪੀ ਸੋਨੀ
ਉਪ ਮੁੱਖ ਮੰਤਰੀ ਨੇ ਹੰਡਿਆਇਆ ਵਿਖੇ 300 ਬਿਸਤਰਿਆਂ ਵਾਲੇ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਰੱਖਿਆ ਨੀਂਹ ਪੱਥਰ
ਸਿਵਲ ਹਸਪਤਾਲ ਬਰਨਾਲਾ ਲਈ 2 ਕਰੋੜ ਰੁਪਏ ਦੀ ਗ੍ਰਾਂਟ ਐਲਾਨੀ

ਹੰਡਿਆਇਆ (ਬਰਨਾਲਾ), 2 ਅਕਤੂਬਰ
ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਵਿਚ ਹੋਰ ਸੁਧਾਰ ਲਈ ਸੁਪਰ ਸਪੈਸ਼ਲਿਸਟ ਡਾਕਟਰਾਂ ਦੀਆਂ ਅਸਾਮੀਆਂ ਭਰਨ ਲਈ ਛੇਤੀ ਹੀ ਤਨਖਾਹ ਸਕੇਲਾਂ ਵਿਚ ਸੋਧ ਕੀਤੀ ਜਾਵੇਗੀ। ਇਹ ਪ੍ਰਗਟਾਵਾ ਬਰਨਾਲਾ ਵਿਚ ਅੱਜ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਣ ਮੌਕੇ ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓ ਪੀ ਸੋਨੀ ਵੱਲੋਂ ਕੀਤਾ ਗਿਆ। ਉਨਾਂ ਕਿਹਾ ਕਿ ਬਰਨਾਲਾ ਦੇ ਇਸ 300 ਬਿਸਤਰਿਆਂ ਦੇ ਹਸਪਤਾਲ ਨੂੰ ਸੂਬੇ ਦੇ ਮੋਹਰੀ ਹਸਪਤਾਲਾਂ ਵਿਚ ਲਿਆਂਦਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ ਵੀ ਮੌਜੂਦ ਸਨ। ਇਸ ਮੌਕੇ ਉਨਾਂ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ।
ਇਸ ਮੌਕੇ ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਿਹਾ ਕਿ ਉਨਾਂ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਮੁਫਤ ਦਵਾਈਆਂ ਦੀ ਸਹੂਲਤ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਨਾ ਖਰੀਦਣੀਆਂ ਪੈਣ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ 235 ਕਿਸਮ ਦੀਆਂ ਦਵਾਈਆਂ ਖਰੀਦੀਆਂ ਗਈਆਂ ਹਨ ਤੇ ਮੁਫਤ ਵੰਡੀਆਂ ਗਈਆਂ ਹਨ। ਇਸ ਤੋਂ ਇਲਾਵਾ ਜਿਹੜੀਆਂ ਦਵਾਈਆਂ ਦਾ ਸਟਾਕ ਉਪਲਬੱਧ ਨਹੀਂ ਹੈ, ਉਹ ਖਰੀਦਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਇਸ ਸਬੰਧੀ ਇਕ ਆਨਲਾਈਨ ਐਪ ਵੀ ਬਣਾਈ ਜਾਵੇਗੀ ਤਾਂ ਜੋ ਹਸਪਤਾਨਾ ਵਿਚ ਦਵਾਈਆਂ ਦਾ ਸਟਾਕ ਆਨਲਾਈਨ ਚੈਕ ਕੀਤਾ ਜਾ ਸਕੇ।
ਉਨਾਂ ਸੁਪਰਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਣ ਮਗਰੋਂ ਕਿਹਾ ਕਿ ਇਸ ਹਸਪਤਾਲ ਵਿਚ ਡੇਢ ਲੱਖ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ ਤੇ ਇਸ ਹਸਪਤਾਲ ਦੇ ਬਣਨ ਨਾਲ ਲੋਕਾਂ ਨੂੰ ਬਾਹਰਲੇ ਵੱਡੇ ਹਸਪਤਾਲਾਂ ਵਿਚ ਨਹੀਂ ਜਾਣਾ ਪਵੇਗਾ। ਉਨਾਂ ਕਿਹਾ ਕਿ ਇਹ ਹਸਪਤਾਲ 300 ਬਿਸਤਰਿਆਂ ਵਾਲਾ ਹੋਵੇਗਾ, ਜਿੱਥੇ ਕਈ ਤਰਾਂ ਦੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਹੋਵੇਗਾ। ਇਸ ਮੌਕੇ ਉਨਾਂ ਸਿਵਲ ਹਸਪਤਾਲ ਬਰਨਾਲਾ ਲਈ 2 ਕਰੋੜ ਰੁਪਏ ਦਾ ਐਲਾਨ ਕੀਤਾ, ਜਿਸ ਨਾਲ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ ਵਿਕਾਸ ਦਾ ਦੂਜਾ ਨਾਂਅ ਹਨ, ਜੋ ਬਰਨਾਲੇ ਦੇ ਵਿਕਾਸ ਅਤੇ ਇਸ ਨੂੰ ਹਰ ਪੱਖੋਂ ਅੱਗੇ ਲਿਜਾਣ ਲਈ ਤਤਪਰ ਰਹਿੰਦੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਜ਼ਮੀਨੀ ਪੱਧਰ ’ਤੇ ਕੰਮ ਕਰਾਉਣ ਵਾਲੀ ਸਰਕਾਰ ਹੈ।
ਇਸ ਮੌਕੇ ਸ. ਕੇਵਲ ਸਿੰਘ ਢਿੱੱਲੋਂ ਨੇ ਕਿਹਾ ਕਿ ਲਗਭਗ ਸਾਢੇ 6 ਏਕੜ ਰਕਬੇ ਵਿਚ ਬਣਨ ਵਾਲੇ ਇਸ ਹਸਪਤਾਲ ਵਾਸਤੇ ਸ਼ੁਰੂਆਤੀ ਪੜਾਅ ਵਿਚ 40 ਕਰੋੜ ਰੁਪਏ ਮਨਜ਼ਰੂ ਕਰਵਾਏ ਗਏ ਹਨ ਤੇ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਹਸਪਤਾਲ ਨੂੰ ਸੂਬੇ ਦਾ ਨੰਬਰ ਇਕ ਹਸਪਤਾਲ ਬਣਾਇਆ ਜਾਵੇਗਾ।
ਇਸ ਮੌਕੇ ਸ੍ਰੀ ਸੀਨੀਅਰ ਆਗੂ ਸ. ਪਵਨ ਗੋਇਲ ਵੱਲੋਂ ਉਪ ਮੁੱਖ ਮੰਤਰੀ, ਸਾਰੇ ਸੀਨੀਅਰ ਆਗੂਆਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਆਦੇਸ਼ ਕੰਗ, ਡਾ. ਜੀ ਬੀ ਸਿੰਘ, ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ, ਡੀ.ਆਈ.ਜੀ. ਸ੍ਰੀ ਗੁਰਪ੍ਰੀਤ ਸਿੰਘ ਤੂਰ, ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ, ਸ. ਕੰਵਰਇੰਦਰ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ, ਐਸ.ਡੀ.ਐਮ. ਸ੍ਰੀ ਵਰਜੀਤ ਵਾਲੀਆ ਸਹਾਇਕ ਕਮਿਸ਼ਨਰ (ਜ) ਸ੍ਰੀ ਦੇਵਦਰਸ਼ਦੀਪ ਸਿੰਘ, ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਤੇ ਹੋਰ ਹਾਜ਼ਰ ਸਨ।
———

ਦੂਜੇ ਰਾਜਾਂ ਤੋਂ ਝੋਨਾ/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰਨ ਦੀ ਕਾਰਵਾਈ ਤੇਜ

ਦੂਜੇ ਰਾਜਾਂ ਤੋਂ ਝੋਨਾ/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿਚ ਦੋ ਐਫ.ਆਈ.ਆਰ. ਦਰਜ: ਆਸੂ

ਆਰ ਐੱਨ ਢੋਕੇ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਦੀ ਅਗਵਾਈ ਵਿਚ ਦੂਜੇ ਰਾਜਾਂ ਤੋਂ ਰੀ-ਸਾਇਕਲਿੰਗ ਲਈ ਆਉਣ ਵਾਲੇ ਝੋਨਾ/ ਚੌਲ ਨੂੰ ਰੋਕਣ ਲਈ ਟੀਮ ਗਠਿਤ

ਚੰਡੀਗੜ, 2 ਅਕਤੂਬਰ:

ਦੂਜੇ ਰਾਜਾਂ ਤੋਂ ਝੋਨਾ/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿੱਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਐਫ.ਆਈ.ਆਰ. ਦਰਜ ਕਰਵਾਉਣ ਦੀ ਕਾਰਵਾਈ ਨੂੰ ਤੇਜ ਕਰ ਦਿੱਤਾ ਗਿਆ ਹੈ।

ਝੋਨੇ ਦੇ ਚਾਲੂ ਸੀਜਨ ਦੌਰਾਨ ਪੰਜਾਬ ਰਾਜ ਵਿਚ ਦੂਜੇ ਰਾਜਾਂ ਤੋਂ ਝੋਨਾ 1509/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਕਾਰਵਾਈ ਕਰਦਿਆਂ ਦੋ ਐਫ.ਆਈ.ਆਰ ਦਰਜ ਕਰਵਾਈਆਂ ਹਨ , ਉਕਤ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸਨ ਆਸੂ ਨੇ ਅੱਜ ਇਥੇ ਦਿੱਤੀ।
ਸ੍ਰੀ ਆਸੂ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਤਰਨਤਾਰਨ ਜਲਿੇ ਹਰੀਕੇ ਕਸਬੇ ਵਿਚ ਪੈਂਦ ਰੱਤਾ ਗੁੱਦਾ ਅਨਾਜ ਮੰਡੀ ਵਿੱਚ ਦੂਜੇ ਰਾਜਾਂ ਤੋਂ ਲਿਆਂਦਾ 1509/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਉਤਾਰਿਆ ਜਾ ਰਿਹਾ ਹੈ। ਜਿਸ ਤੇ ਕਾਰਵਾਈ ਕਰਦਿਆਂ ਪ੍ਰਤਾਪ ਕਮਿਸਨ ਏਜੰਟ ਦੇ ਮਾਲਿਕ ਪ੍ਰਤਾਪ ਸਿੰਘ ਅਤੇ ਟਰੱਕ ਡਰਾਈਵਰ ਖਲਿਾਫ ਵੱਖ ਵੱਖ ਧਾਰਾਵਾਂ ਅਧੀਨ ਐਫ.ਆਈ.ਆਰ.ਦਰਜ ਕਰਵਾਈ ਗਈ।

ਸ੍ਰੀ ਆਸੂ ਨੇ ਕਿਹਾ ਕਿ ਝੋਨੇ ਦੇ ਚਾਲੂ ਖਰੀਦ ਸੀਜਨ ਦੌਰਾਨ ਦੇਸ ਦੇ ਦੂਸਰੇ ਰਾਜਾਂ ਤੋਂ ਝੋਨਾ/ ਚੌਲ ਲਿਆਉਣ ‘ ਤੇ ਵੀ ਪੂਰਣ ਪਾਬੰਦੀ ਰਹੇਗੀ।

ਉਨਾਂ ਕਿਹਾ ਕਿ ਦੂਜੇ ਰਾਜਾਂ ਤੋਂ ਝੋਨਾ 1509/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ/ਰੀ-ਸਾਇਕਲਿੰਗ ਲਈ ਝੋਨਾ/ਚੌਲ ਪੰਜਾਬ ਵਿੱਚ ਲਿਆਉਣ ਵਾਲੇ ਦੋਸੀਆਂ ਨੂੰ ਬਖਸਅਿਾ ਨਹੀਂ ਜਾਵੇਗਾ ਅਤੇ ਉਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਸ੍ਰੀ ਆਸੂ ਨੇ ਕਿਹਾ ਕਿ ਖਰੀਫ ਸੀਜ਼ਨ 2020-21 ਦੌਰਾਨ ਅਜਿਹੇ ਕੁੱਝ ਕੇਸ ਸਾਹਮਣੇ ਆਏ ਸਨ ਜਿਨਾਂ ਵਿੱਚ ਆੜਤੀਆਂ ਜਾਂ ਰਾਈਸ ਸ਼ੈੱਲਰਾਂ ਮਾਲਕਾਂ ਵੱਲੋਂ ਹੋਰ ਰਾਜਾਂ ਤੋਂ ਸਸਤੇ ਭਾਅ ਤੇ ਖਰੀਦਿਆ ਝੋਨਾ ਪੰਜਾਬ ਵਿੱਚ ਘੱਟੋ-ਘੱਟ ਸਮੱਰਥਨ ਮੁੱਲ ਤੇ ਵੇਚਣ ਲਈ ਲਿਆਂਦਾ ਗਿਆ ਜਾਂ ਪਬਲਿਕ ਡਿਸਟ੍ਰੀਬਿਉਸ਼ਨ ਸਿਸਟਮ ਅਧੀਨ ਵੰਡੇ ਜਾਣ ਵਾਲੇ ਚਾਵਲ ਨੂੰ ਪੰਜਾਬ ਰਾਜ ਵਿੱਚ ਲਿਆ ਕੇ ਉਸ ਵਿਰੁੱਧ ਝੋਨੇ ਦੀ ਬੋਗਸ ਬਿਲਿੰਗ ਕੀਤੀ ਗਈ ਸੀ, ਇਸ ਲਈ ਰਾਜ ਸਰਕਾਰ ਵੱਲੋਂ ਇਸ ਖਰੀਫ ਸੀਜ਼ਨ 2021-22 ਦੌਰਾਨ ਸੂਬੇ ਵਿੱਚ ਬਾਹਰਲੇ ਰਾਜਾਂ ਤੋਂ ਸਸਤੇ ਭਾਅ ਤੇ ਖਰੀਦਿਆ ਝੋਨਾ/ ਚੌਲ ਪੰਜਾਬ ਰਾਜ ਵਿੱਚ ਲਿਆ ਕੇ ਵੇਚਣ ਅਤੇ ਝੋਨੇ/ ਚੌਲ ਦੀ ਬੋਗਸ ਬਿਲਿੰਗ ਨੂੰ ਰੋਕਣ ਲਈ ਮੁਹਿੰਮ ਵਿੱਢਦੇ ਹੋਏ, ਸਖਤੀ ਨਾਲ ਕਾਰਵਾਈ ਕਰਣ ਲਈ ਕਮਰ-ਕੱਸ ਲਈ ਹੈ, ਤਾਂ ਜੋ ਝੋਨੇ/ ਚੌਲਾਂ ਦੀ ਰੀਸਾਇਕਲਿੰਗ ਨੂੰ ਰੋਕਿਆ ਜਾ ਸਕੇ।

ਸ਼੍ਰੀ ਆਸ਼ੂ ਨੇ ਕਿਹਾ ਕਿ ਇਸ ਸਬੰਧੀ ਅੰਤਰ ਰਾਜੀ ਸਰਹੱਦਾਂ ਤੇ ਵਿਸ਼ੇਸ਼ ਨਾਕੇ ਸਥਾਪਤ ਕਰਨ ਲਈ ਪੁਲਿਸ ਮੁਖੀ ਨੂੰ ਹੁਕਮ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰੀ-ਸਾਇਕਲਿੰਗ ਲਈ ਝੋਨਾ/ ਚੌਲ ਲਿਆਉਣ ਦੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਬਿਲਕੁੱਲ ਨਹੀਂ ਬਖਸ਼ਿਆ ਜਾਵੇਗਾ ਅਤੇ ਉਨਾਂ ਵਿਰੁੱਧ ਫੌਜਦਾਰੀ ਮੁਕੱਦਮੇ ਦਾਇਰ ਕਰਵਾਂਉਦੇ ਹੋਏ ਉਨਾਂ ਦੀ ਗਿ੍ਰਫਤਾਰੀ ਯਕੀਨੀ ਬਨਾਉਣ ਦੇ ਨਾਲ ਉਨਾਂ ਪਾਸੋਂ ਬਰਾਮਦ ਚਾਵਲ/ ਝੋਨਾ ਜਬਤ ਕਰ ਲਿਆ ਜਾਵੇਗਾ।

ਖੁਰਾਕ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਆਰ ਐੱਨ ਢੋਕੇ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਦੀ ਇਸ ਮੁਹਿੰਮ ਦੀ ਅਗਵਾਈ ਕਰਣ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨਾਲ ਤਾਲ-ਮੇਲ ਕਰਣ ਲਈ ਡਿਊਟੀ ਲਗਾਈ ਗਈ ਹੈ। ਉਨਾਂ ਵੱਲੋਂ ਇਹ ਵੀ ਦੱਸਿਆ ਕਿ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਅਚਨਚੇਤ ਛਾਪੇਮਾਰੀ ਦੌਰਾਨ ਹਾਲ ਵਿੱਚ ਸਾਹਮਣੇ ਆਏ ਅਜਿਹੇ ਮਾਮਲਿਆਂ ਵਿੱਚ ਸਰਕਾਰ ਵੱਲੋਂ ਕਪੁਰਥਲਾ ਦੇ ਦੇਵਕੀ ਅੱਗਰਵਾਲ, ਸਮੀਰ ਅੱਗਰਵਾਲ ਅਤੇ ਕਿ੍ਰਸ਼ਨ ਕੁਮਾਰ ਵਿਰੱਧ ਆਈ ਪੀ ਸੀ ਦੀ ਧਾਰਾ 420, 120 ਬੀ ਅਤੇ ਈ ਸੀ ਐਕਟ ਦੀ ਧਾਰਾ 7 ਅਧੀਨ ਥਾਣਾ ਸਿਟੀ ਕਪੁਰਥਲਾ ਵਿਖੇ ਐਫ ਆਈ ਆਰ ਨੰ. 303 ਮਿਤੀ 01.10.2021 ਦਰਜ ਕਰਵਾਈ ਗਈ। ਇਸ ਤੋਂ ਇਲਾਵਾ ਕੱਲ ਦੇਰ ਰਾਤ ਦੌਰਾਨ ਪ੍ਰਤਾਪ ਕਮਿਸ਼ਨ ਏਜੰਟ ਮੰਡੀ ਰੱਤਾ ਗੁੱਦਾ ਵਿਖੇ ਬਿਹਾਰ ਰਾਜ ਤੋਂ ਸਸਤੇ ਭਾਅ ਤੇ ਲਿਆਂਦੇ ਝੋਨਾ ਦੇ 8 ਤੋਂ 10 ਟਰੱਕ ਮੌਕੇ ਤੇ ਫੜਦਿਆ ਉਸ ਵਿਰੁੱਧ ਆਈ ਪੀ ਸੀ ਦੀ ਧਾਰਾ 420, 120 ਬੀ ਥਾਣਾ ਹਰੀਕੇ ਜਿਲਾ ਤਰਨ ਤਾਰਨ ਵਿਖੇ ਐਫ ਆਈ ਆਰ ਨੰ. 81 ਮਿਤੀ 02.10.2021 ਦਰਜ ਕਰਵਾਈ ਗਈ।

ਖੁਰਾਕ ਮੰਤਰੀ ਨੇ ਦੱਸਿਆ ਕਿ ਝੋਨਾ 1509/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਵੀ ਰਾਜ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਲਈ ਰਾਜ ਵਿੱਚ ਪੈਂਦੇ ਡਿਪਟੀ ਕਮਿਸ਼ਨਰਾਂ ਨੂੰ ਉਨਾਂ ਦੇ ਅਤੇ ਖੁਰਾਕ ਸਪਲਾਈ, ਮਾਰਕਿਟ ਕਮੇਟੀ, ਆਬਕਾਰੀ, ਪੁਲਿਸ ਵਿਭਾਗ ਦੇ ਨੁਮਾਂਇੰਦੇ ਨੂੰ ਸ਼ਾਮਲ ਕਰਦੇ ਹੋਏ ਜਿਲਾ ਪੱਧਰ ਤੇ ਉਡਣ ਦਸਤਿਆਂ ਦਾ ਗਠਨ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਟੀਮਾਂ ਖਾਸ ਤੌਰ ਤੇ ਸ਼ਾਮ/ ਰਾਤ ਨੂੰ ਵੀ ਮੰਡੀਆਂ ਦਾ ਦੌਰਾ ਕਰਦੇ ਹੋਏ ਗੈਰ-ਕਾਨੂੰਨੀ ਝੋਨੇ/ ਚਾਵਲ ਦੇ ਪਾਏ ਜਾਣ ਵਾਲੇ ਟਰੱਕ/ ਗੁਦਾਮ ਜਬਤ ਕਰਦੇ ਹੋਏ ਰੋਜ਼ਾਨਾ ਮਾਮਲੇ ਦੀ ਰਿਪੋਰਟ ਰਾਜ ਸਰਕਾਰ ਨੂੰ ਭੇਜਣਗੇ।

ਉਨਾਂ ਇਹ ਵੀ ਦੱਸਿਆਂ ਕਿ ਖਰੀਫ ਸੀਜ਼ਨ 2021-22 ਦੌਰਾਨ ਕੀਤੀ ਜਾਣ ਵਾਲੀ ਝੋਨੇ ਦੀ ਖਰੀਦ ਸਬੰਧੀ ਮੁਕੰਮਲ ਇੰਤਜ਼ਾਮ ਕਰ ਲਏ ਗਏ ਹਨ ਅਤੇ ਵਿਭਾਗ ਪੂਰੀ ਚੌਕਸੀ ਨਾਲ ਝੋਨੇ ਦੀ ਬੋਗਸ ਬਿਲਿੰਗ/ ਚੋਲਾਂ ਦੀ ਰੀ-ਸਾਇਕਲਿੰਗ ਵਰਗੇ ਗੈਰ-ਕਾਨੂੰਨੀ ਕੰਮਾਂ ਦੀ ਰੋਕ-ਥਾਮ ਲਈ ਡਟਿਆ ਹੋਇਆ ਹੈ। ਰਾਜ ਸਰਕਾਰ ਇਨਾਂ ਮਾਮਲਿਆਂ ਸਬੰਧੀ ਜੀਰੋ ਟੋਲਰੈਂਸ ਦੀ ਨੀਤੀ ਅਪਣਾਉਂਦਿਆ ਪਾਏ ਜਾਣ ਵਾਲੇ ਦੋਸ਼ੀਆਂ ਵਿਰੁਧ ਸਖਤੀ ਨਾਲ ਕਾਰਵਾਈ ਕਰੇਗੀ ਅਤੇ ਜੇਕਰ ਸਰਕਾਰ ਦੇ ਕਿਸੇ ਮੁਲਾਜ਼ਮ ਦੀ ਮਿਲੀ-ਭੁਗਤ ਅਜਿਹੇ ਮਾਮਲਿਆਂ ਵਿਚ ਪਾਈ ਗਈ ਤਾਂ ਉਸ ਵਿਰੁਧ ਵੀ ਪੂਰੀ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।
———-

ਮੁੱਖ ਮੰਤਰੀ ਵੱਲੋ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਕਿਸਾਨ ਜਥੇਬੰਦੀਆਂ ਖਿਲਾਫ਼ ਦਰਜ ਮਾਮਲੇ ਵਾਪਸ ਲੈਣ ਦੀ ਅਪੀਲ
ਚੰਡੀਗੜ, 2 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਨੀਵਾਰ ਨੂੰ ਚੇਅਰਮੈਨ, ਰੇਲਵੇ ਬੋਰਡ, ਭਾਰਤ ਸਰਕਾਰ, ਨਵੀਂ ਦਿੱਲੀ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਖਿਲਾਫ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਵੱਲੋਂ ਦਰਜ ਕੀਤੇ ਗਏ ਮਾਮਲੇ ਵਾਪਸ ਲੈ ਲਏ ਜਾਣ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਚੇਅਰਮੈਨ, ਰੇਲਵੇ ਬੋਰਡ ਨੂੰ ਇਸ ਸਾਰੇ ਮਾਮਲੇ ‘ਤੇ ਹਮਦਰਦੀ ਨਾਲ ਵਿਚਾਰ ਕਰਨ ਅਤੇ ਵੱਖੋ -ਵੱਖ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਖਿਲਾਫ ਦਰਜ ਮਾਮਲੇ ਵਾਪਸ ਲੈਣ ਲਈ ਅਰਜੋਈ ਕੀਤੀ ਹੈ।
ਜਿਕਰਯੋਗ ਹੈ ਕਿ ਭਾਰਤ ਸਰਕਾਰ ਦੁਆਰਾ ਲਾਗੂ ਖੇਤੀਬਾੜੀ ਕਾਨੂੰਨਾਂ ਵਿਰੁੱਧ ਜਾਰੀ ਅੰਦੋਲਨ ਦੌਰਾਨ ਵੱਖੋ -ਵੱਖ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਪੰਜਾਬ ਵਿਖੇ 2020 ਅਤੇ 2021 ਦੌਰਾਨ ਰੇਲਵੇ ਟ੍ਰੈਕਾਂ ‘ਤੇ ਧਰਨੇ ਦਿੱਤੇ ਸਨ। ਇਸੇ ਦੇ ਨਤੀਜੇ ਵਜੋਂ ਆਰ ਪੀ ਐੱਫ ਵੱਲੋਂ ਉਨਾਂ ਖਿਲਾਫ 30 ਕੇਸ ਦਰਜ ਕੀਤੇ ਗਏ ਸਨ।
———

ਮੁੱਖ ਮੰਤਰੀ ਵੱਲੋਂ ਨਵੀਂ ਪੈਨਸ਼ਨ ਸਕੀਮ ਤਹਿਤ ਆਉਂਦੇ ਮੁਲਾਜਮਾਂ ਨੂੰ ਪਾਰਿਵਾਰਿਕ ਪੈਨਸ਼ਨ ਦਾ ਲਾਭ ਦੇਣ ਨੂੰ ਮਨਜੂਰੀ
ਚੰਡੀਗੜ 2 ਅਕਤੂਬਰ :
ਮੁਲਾਜਮ ਪੱਖੀ ਇਕ ਵੱਡਾ ਫੈਸਲਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸ਼ਨਿਚਰਵਾਰ ਨੂੰ ਸੇਵਾ ਮੁਕਤੀ ਤੋਂ ਪਹਿਲਾਂ ਮੌਤ ਹੋਣ ਦੇ ਮਾਮਲੇ ਵਿਚ ਪਾਰਿਵਾਰਿਕ ਪੈਨਸ਼ਨ ਦਾ ਲਾਭ ਨਵੀ ਪੈਨਸ਼ਨ ਸਕੀਮ ਤਹਿਤ ਆਉਂਦੇ ਮੁਲਾਜਮਾਂ ਨੂੰ ਵੀ ਦੇਣ ਲਈ ਹਰੀ ਝੰਡੀ ਦੇ ਦਿੱਤੀ। ਇਸ ਦੇ ਨਾਲ ਹੀ 5-5-2009 ਦੇ ਪਾਰਿਵਾਰਿਕ ਪੈਨਸ਼ਨ ਸਬੰਧੀ ਦਿਸ਼ਾ ਨਿਰਦੇਸ਼ਾਂ ਅਤੇ ਮਿਤੀ 4-9-2019 ਨੂੰ ਇਸ ਮੁੱਦੇ ਨਾਲ ਜੁੜੀਆਂ ਹਦਾਇਤਾਂ ਅਪਣਾਏ ਜਾਣ ਨੂੰ ਵੀ ਮਨਜੂਰੀ ਦੇ ਦਿੱਤੀ ਗਈ। ਪੰਜਾਬ ਸਿਵਿਲ ਸੇਵਾਵਾਂ ਨਿਯਮ- ਜਿਲਦ 2 ਤਹਿਤ ਪ੍ਰਾਵਧਾਨਾਂ ਅਨੁਸਾਰ ਭਾਰਤ ਸਰਕਾਰ ਦੇ ਅਜਿਹੀ ਹੀ ਸਥਿਤੀ ਵਾਲੇ ਮੁਲਾਜਮਾਂ ਉੱਤੇ ਲਾਗੂ ਹੁੰਦੀ ਨਵੀਂ ਪੈਨਸ਼ਨ ਸਕੀਮ ਤਹਿਤ ਕਵਰ ਹੁੰਦੇ ਮੁਲਾਜਮਾਂ ਸਬੰਧੀ ਸੂਬਾ ਸਰਕਾਰ ਵਲੋਂ ਸੋਧਾਂ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਇਸ ਫੈਸਲੇ ਨੂੰ ਲਾਗੂ ਕਰਨ ਲਈ ਵਿੱਤ ਵਿਭਾਗ ਦੀ ਉਸ ਤਜਵੀਜ਼ ਲਈ ਸਹਿਮਤੀ ਦਿੱਤੀ ਹੈ ਜਿਸ ਨੂੰ ਕਿ 26 ਅਗਸਤ 2021 ਨੂੰ ਮੰਤਰੀ ਮੰਡਲ ਵੱਲੋਂ ਮਨਜੂਰੀ ਦੇ ਦਿੱਤੀ ਗਈ ਸੀ।
——–

*ਮੁੱਖ ਮੰਤਰੀ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਆਪਣੇ ਦੋਵੇਂ ਮਾਪੇ ਗਵਾ ਚੁੱਕੀਆਂ ਲੜਕੀਆਂ ਨੂੰ ਆਸੀਰਵਾਦ ਸਕੀਮ ਤਹਿਤ ਸਾਲਾਨਾ ਆਮਦਨ ਸੀਮਾ ’ਤੇ ਛੋਟ ਦੇਣ ਦੇ ਹੁਕਮ*
ਚੰਡੀਗੜ, 2 ਅਕਤੂਬਰ
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਪ੍ਰਸਤਾਵ ਨੂੰ ਮੰਨਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਵਿਡ -19 ਮਹਾਂਮਾਰੀ ਦੌਰਾਨ ਆਪਣੇ ਦੋਵੇਂ ਮਾਪਿਆਂ ਤੋਂ ਮਹਿਰੂਮ ਹੋ ਚੁੱਕੀਆਂ ਲੜਕੀਆਂ ਨੂੰ ਆਸੀਰਵਾਦ ਸਕੀਮ ਦੀਆਂ ਲਾਭਪਾਤਰੀਆਂ ਵਜੋਂ ਸਾਲਾਨਾ ਆਮਦਨ ਸੀਮਾ 32,790 ਰੁਪਏ ’ਤੇ ਛੋਟ ਦੇਣ ਜਾਂ ਮੁਆਫ ਕਰਨ ਦੇ ਆਦੇਸ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਆਮਦਨੀ ਦੀ ਨਿਰਧਾਰਤ ਸੀਮਾ ਨੂੰ ਵਿਚਾਰੇ ਬਿਨਾਂ ਅਨੁਸੂਚਿਤ ਜਾਤੀ/ਈਸਾਈ ਭਾਈਚਾਰੇ ਦੀਆਂ ਲੜਕੀਆਂ ਲਾਭਪਾਤਰੀਆਂ, ਪੱਛੜੀਆਂ ਸ੍ਰੇਣੀਆਂ/ਜਾਤੀਆਂ, ਆਰਥਿਕ ਤੌਰ ‘ਤੇ ਕਮਜੋਰ ਸ੍ਰੇਣੀਆਂ ਜਾਂ ਕਿਸੇ ਵੀ ਜਾਤੀ ਦੀਆਂ ਵਿਧਵਾਵਾਂ ਨੂੰ ਵਿਆਹ ਮੌਕੇ ਅਤੇ ਅਨੁਸੂਚਿਤ ਜਾਤੀ ਦੀਆਂ ਵਿਧਵਾਵਾਂ ਮੁੜ- ਵਿਆਹ (ਰੀ-ਮੈਰਿਜ) ਕਰਵਾਉਣ ’ਤੇ ਉਕਤ ਯੋਜਨਾ ਤਹਿਤ ਵਿੱਤੀ ਲਾਭ ਪ੍ਰਾਪਤ ਹੋਵੇਗਾ।ਸ. ਚੰਨੀ ਨੇ ਅੱਗੇ ਕਿਹਾ ਕਿ ਸਕੀਮ ਦੇ ਹੋਰ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।
———

ਰੰਧਾਵਾ ਨੇ ਜ਼ਿਲਾ ਪੁਲਿਸ ਮੁਖੀਆਂ ਨੂੰ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਆਉਦੇ ਗੈਰ ਕਾਨੂੰਨੀ ਆਉਦੇ ਚੌਲ/ਝੋਨੇ ਨੂੰ ਰੋਕਣ ਲਈ ਸਖਤੀ ਨਾਲ ਨਾਕਾਬੰਦੀ ਦੇ ਦਿੱਤੇ ਆਦੇਸ਼
ਉਪ ਮੁੱਖ ਮੰਤਰੀ ਵੱਲੋਂ ਪ੍ਰਮੁੱਖ ਸਕੱਤਰ ਗ੍ਰਹਿ ਤੇ ਡੀ.ਜੀ.ਪੀ. ਨੂੰ ਅੱਜ ਸ਼ਾਮ ਤੱਕ ਵਾਧੂ ਲੋੜੀਂਦੇ ਸਟਾਫ ਨੂੰ ਤਾਇਨਾਤ ਕਰਨ ਦੇ ਨਿਰਦੇਸ਼
ਦੂਜੇ ਸੂਬਿਆਂ ਨਾਲ ਲੱਗਦੇ 11 ਸਰਹੱਦੀ ਜ਼ਿਲਿਆਂ ਦੇ ਐਸ.ਐਸ.ਪੀਜ਼ ਨੂੰ ਚੌਕਸੀ ਰਹਿਣ ਦੀਆਂ ਖਾਸ ਹਦਾਇਤਾਂ
ਚੰਡੀਗੜ, 2 ਅਕਤੂਬਰ
ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ’ਤੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲਿਸ ਵਿਭਾਗ ਨੂੰ ਦੂਜੇ ਸੂਬਿਆਂ ਤੋਂ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਲਈ ਗੈਰਕਾਨੂੰਨੀ ਆਉਦੇ ਚੌਲ ਅਤੇ ਝੋਨੇ ਨੂੰ ਪੰਜਾਬ ਅੰਦਰ ਦਾਖਲ ਨਾ ਹੋਣ ਦੇ ਸਖ਼ਤੀ ਨਾਲ ਨਿਰਦੇਸ਼ ਜਾਰੀ ਕੀਤੇ ਹਨ।
ਸ. ਰੰਧਾਵਾ ਨੇ ਸਾਰੇ ਜ਼ਿਲਾ ਪੁਲਿਸ ਮੁਖੀਆਂ ਨੂੰ ਚੌਕਸ ਕੀਤਾ ਹੈ ਕਿ ਪੰਜਾਬ ਨਾਲ ਲੱਗਦੇ ਸੂਬਿਆਂ ਦੇ ਸਰਹੱਦਾਂ ਰਾਹੀਂ ਆਉਦੇ ਚੌਲ ਤੇ ਝੋਨੇ ਨੂੰ ਰੋਕਣ ਲਈ ਸਾਰੀਆਂ ਮੁੱਖ ਸੜਕਾਂ ਅਤੇ ਲਿੰਕ ਸੜਕਾਂ ਦੀ ਦਿਨ-ਰਾਤ ਨਾਕੇਬੰਦੀ ਕੀਤੀ ਜਾਵੇ ਅਤੇ ਅਜਿਹੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ।
ਉਪ ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਗ੍ਰਹਿ ਤੇ ਡੀ.ਜੀ.ਪੀ. ਨੂੰ ਵੀ ਪੱਤਰ ਜਾਰੀ ਕਰਦਿਆਂ ਆਖਿਆ ਹੈ ਕਿ ਦੂਜੇ ਸੂਬਿਆਂ ਤੋਂ ਆਉਦੇ ਚੌਲ/ਝੋਨੇ ਨੂੰ ਰੋਕਣ ਲਈ ਜ਼ਿਲਿਆਂ ਵਿੱਚ ਲੋੜੀਂਦੇ ਵਾਧੂ ਪੁਲਿਸ ਸਟਾਫ ਨੂੰ ਅੱਜ ਸ਼ਾਮ ਤੱਕ ਤਾਇਨਾਤ ਕਰ ਦਿੱਤਾ ਜਾਵੇ।
ਸ. ਰੰਧਾਵਾ ਨੇ ਸਾਰੇ ਐਸ.ਐਸ.ਪੀਜ਼ ਨੂੰ ਚੌਕਸ ਕਰਦਿਆਂ ਆਖਿਆ ਕਿ ਇਨਾਂ ਹੁਕਮਾਂ ਦੀ ਪਾਲਣਾ ਸਖਤੀ ਨਾਲ ਕੀਤੀ ਜਾਵੇ, ਖਾਸ ਕਰਕੇ ਦੂਜੇ ਸੂਬਿਆਂ ਦੀਆਂ ਸਰਹੱਦਾਂ ਨਾਲ ਲੱਗਦੇ ਜ਼ਿਲਿਆਂ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਐਸ.ਏ.ਐਸ.ਨਗਰ, ਰੂਪਨਗਰ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਪਠਾਨਕੋਟ ਦੇ ਪੁਲਿਸ ਮੁਖੀ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਰਾਸਤੇ ਕੋਈ ਵੀ ਵਾਹਨ ਅਜਿਹੀ ਗੈਰਕਾਨੂੰਨੀ ਕਾਰਵਾਈ ਨੂੰ ਅੰਜ਼ਾਮ ਨਾ ਦੇ ਸਕੇ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਹਰ ਸਾਲ ਅਖਬਾਰਾਂ ਵਿੱਚ ਇਹ ਖਬਰਾਂ ਆਉਦੀਆਂ ਹਨ ਕਿ ਪੰਜਾਬ ਨਾਲ ਲੱਗਦੇ ਸੂਬਿਆਂ ਦੀਆਂ ਸਰਹੱਦਾਂ ਰਾਹੀਂ ਦੂਜੇ ਸੂਬਿਆਂ ਤੋਂ ਚੌਲ/ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ ਵਿਕਣ ਆਉਦਾ ਹੈ, ਜੋ ਕਿ ਸਰਾਸਰ ਗਲਤ ਹੈ। ਉਨਾਂ ਅੱਗੇ ਦੱਸਿਆ ਕਿ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਇਸ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਲਈ ਪੂਰੀ ਸਖ਼ਤੀ ਵਰਤੀ ਜਾਵੇ।
——–

ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਸੰਵੇਦਨਸ਼ੀਲ ਥਾਵਾਂ ’ਤੇ ਚੌਕਸੀ ਵਧਾਉਣ ਦੇ ਨਿਰਦੇਸ਼

ਤਿਉਹਾਰਾਂ ਦੌਰਾਨ ਰਹੋ ਸੁਚੇਤ, ਕੁਝ ਵੀ ਸ਼ੱਕੀ ਜਾਂ ਲਾਵਾਰਿਸ ਵਸਤੂ ਦਾ ਪਤਾ ਲੱਗਣ ’ਤੇ 112 ਜਾਂ 181 ਹੈਲਪਲਾਈਨ ਨੰਬਰ ’ਤੇ ਸੂਚਨਾ ਦਿਓ: ਡੀਜੀਪੀ ਸਹੋਤਾ

ਡੀਜੀਪੀ ਨੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਦੀ ਮੌਜੂਦਾ ਸਥਿਤੀ ਬਾਰੇ ਲਿਆ ਜਾਇਜ਼ਾ

ਚੰਡੀਗੜ, 2 ਅਕਤੂਬਰ

ਸਰਹੱਦੀ ਸੂਬੇ ਪੰਜਾਬ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ , ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਸ਼ਨਿਚਰਵਾਰ ਨੂੰ ਐਸ.ਏ.ਐਸ. ਨਗਰ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਡੀਜੀਪੀ ਨੇ ਰਾਜ ਵਿੱਚ ਅੰਦਰੂਨੀ ਸੁਰੱਖਿਆ ਦੇ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ। ਇਸ ਦੌਰਾਨ ਏਡੀਜੀਪੀ ਵਰਿੰਦਰ ਕੁਮਾਰ, ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਅਤੇ ਏਡੀਜੀਪੀ ਕਾਂਊਟਰ ਇੰਟੈਲੀਜੈਂਸ ਅਤੇ ਓਸੀਸੀਯੂ ਅਮਿਤ ਪ੍ਰਸਾਦ ਵੀ ਸ਼ਾਮਲ ਸਨ।

ਇਹ ਮੀਟਿੰਗ ਅਜਿਹੇ ਸਮੇਂ ਹੋਈ ਜਦੋਂ ਰਾਜ ਵਿੱਚ ਗ੍ਰਨੇਡ ਅਤੇ ਆਰਡੀਐਕਸ ਨਾਲ ਭਰੇ ਟਿਫਿਨ ਬਾਕਸਾਂ ਦੀ ਬਰਾਮਦਗੀ ਤੋਂ ਇਲਾਵਾ ਹੋਰ ਹਥਿਆਰਾਂ ਅਤੇ ਗੋਲਾ ਬਾਰੂਦ ਵੀ ਬਰਾਮਦ ਹੋ ਰਹੇ ਹਨ, ਜੋ ਕਿ ਦੇਸ਼ ਵਿਰੋਧੀ ਅਨਸਰਾਂ ਦੁਆਰਾ ਰਾਜ ਵਿੱਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਕੋਸ਼ਿਸ਼ਾਂ ਦਾ ਸੰਕੇਤ ਹੈ।

ਅੰਦਰੂਨੀ ਸੁਰੱਖਿਆ ਵਿੰਗ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ, ਡੀਜੀਪੀ ਨੇ ਸੰਤੁਸ਼ਟੀ ਪ੍ਰਗਟਾਈ ਕਿ ਪੰਜਾਬ ਪੁਲਿਸ ਅੱਤਵਾਦ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਨਜਿੱਠਣ ਲਈ ਵੱਖੋ -ਵੱਖਰੇ ਢੰਗ ਅਖ਼ਤਿਆਰ ਕਰਕੇ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਇਸ ਸਬੰਧੀ ਵਿੱਚ ਸ਼ਾਮਲ ਲੋਕਾਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ।

ਉਨਾਂ ਕਿਹਾ ਕਿ ਸੂਬੇ ਵਿੱਚ ਸਥਿਤੀ ਬਿਲਕੁਲ ਸਾਂਤੀਪੂਰਨ ਹੈ ਅਤੇ ਪੰਜਾਬ ਪੁਲਿਸ ਕਿਸੇ ਵੀ ਚੁਣੌਤੀ ਲਈ ਤਿਆਰ-ਬਰ-ਤਿਆਰ ਹੈ।

ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਤਿਉਹਾਰਾਂ ਦਾ ਮੌਸਮ ਦੇ ਚਲਦਿਆਂ ਦੇਸ਼ ਵਿਰੋਧੀ ਤੱਤਾਂ ‘ਤੇ ਚੌਕਸੀ ਵਧਾਉਣ ਦੀ ਜਰੂਰਤ ‘ ਤੇ ਜੋਰ ਦਿੰਦਿਆਂ, ਇੰਟੈਲੀਜੈਂਸ ਅਧਿਕਾਰੀਆਂ ਨੂੰ 24- ਘੰਟੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ।

ਉਨਾਂ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਵੀ ਵਿਅਕਤੀ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਅਤੇ ਤੁਰੰਤ ਫੌਜਦਾਰੀ ਕੇਸ ਦਰਜ ਕੀਤਾ ਜਾਵੇ।

ਡੀਜੀਪੀ ਸਹੋਤਾ ਨੇ ਪੰਜਾਬ ਦੇ ਲੋਕਾਂ ਨੂੰ ਹਰ ਸਮੇਂ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਰੇਲਾਂ, ਬੱਸਾਂ ਜਾਂ ਰੈਸਟੋਰੈਂਟਾਂ ਸਮੇਤ ਕਿਤੇ ਵੀ ਕੋਈ ਸ਼ੱਕੀ ਜਾਂ ਲਾਵਾਰਿਸ ਵਸਤੂ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਪੁਲਿਸ ਨੂੰ 112 ਜਾਂ 181 ਹੈਲਪਲਾਈਨ ਨੰਬਰ ’ਤੇ ਸੂਚਨਾ ਦਿੱਤੀ ਜਾਵੇ।

ਇਸ ਦੌਰਾਨ, ਏਡੀਜੀਪੀ ਆਰ.ਐਨ. ਢੋਕੇ ਨੇ ਡੀਜੀਪੀ ਨੂੰ ਹਾਲ ਹੀ ਵਿੱਚ ਰਾਜ ਵਿੱਚ ਹੋਈਆਂ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਤੋਂ ਵੀ ਜਾਣੂ ਕਰਵਾਇਆ।

Share