ਪੰਜਾਬ ਕਲਾ ਪਰਿਸ਼ਦ ਨੇ ਚੰਨੀ ਨੂੰ ਮੁੱਖ ਮੰਤਰੀ ਬਣਨ ਉਤੇ ਵਧਾਈ ਦਿਤੀ।

ਚੰਡੀਗੜ:(21 ਸਤੰਬਰ)-ਪੰਜਾਬ ਸਰਕਾਰ ਦੀ ਪੰਜਾਬ ਕਲਾ ਪਰਿਸ਼ਦ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਵਧਾਈ ਦਿੰਦਿਆਂ ਆਖਿਆ ਕਿ ਸ੍ਰ ਚੰਨੀ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਦੇ ਮੰਤਰੀ ਹੁੰਦਿਆਂ ਆਪਣੀ ਵਧੀਆ ਕਾਰਜ ਸ਼ੈਲੀ ਦੀ ਅਮਿੱਟ ਛਾਪ ਛੱਡੀ ਹੈ। ਡਾ ਪਾਤਰ ਨੇ ਕਿਹਾ ਕਿ ਸ੍ਰ ਚੰਨੀ ਕਲਾਵਾਂ ਨਾਲ ਪਿਆਰ ਕਰਨ ਵਾਲੇ ਮਿਲਾਪੜੇ ਇਨਸਾਨ ਹਨ। ਉਨਾਂ ਦਾ ਮੁੱਖ ਮੰਤਰੀ ਬਣਨਾ ਪੰਜਾਬ ਕਲਾ ਪਰਿਸ਼ਦ ਵਾਸਤੇ ਸੁਭਾਗਾ ਸਮਾਂ ਹੈ।
ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਪਣੇ ਵਧਾਈ ਸੰਦੇਸ਼ ਵਿਚ ਆਖਿਆ ਕਿ ਸ੍ਰ ਚੰਨੀ ਵਰਗੇ ਸਿੱਖਿਅਕ,ਜਗਿਆਸੂ ਤੇ ਧਰਤੀ ਨਾਲ ਜੁੜੇ ਮਨੁਖ ਦਾ ਮੁੱਖ ਮੰਤਰੀ ਬਣਨਾ ਤੇ ਕਲਾ ਪਰਿਸ਼ਦ ਦੇ ਕਾਰਜਾਂ ਵਿੱਚ ਵਿਸ਼ੇਸ਼ ਰੁਚੀ ਦਿਖਾਉਣਾ ਸ਼ਲਾਘਾਯੋਗ ਹੈ। ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਸ੍ਰ ਚੰਨੀ ਨੂੰ ਵਧਾਈ ਦਿੰਦਿਆਂ ਉਨਾ ਦੀ ਲੰਬੀ ਉਮਰ ਤੇ ਸਫਲਤਾ ਦੀ ਕਾਮਨਾ ਕੀਤੀ। ਡਾ ਜੌਹਲ ਨੇ ਆਖਿਆ ਕਿ ਚੰਨੀ ਜੀ ਲੇਖਕਾਂ, ਕਾਲਾਕਾਰਾਂ ਤੇ ਕਲਾ ਨਾਲ ਜੁੜੇ ਲੋਕਾਂ ਦੇ ਕਦਰਦਾਨ ਹਨ। ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਚੰਨੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਨੀ ਸਾਹਬ ਜਿਹੇ ਲੋਕ ਲੀਡਰ ਨੋਜਵਾਨ ਪੀੜੀ ਵਿਚ ਚੰਗੇ ਕਾਰਜਾਂ ਲਈ ਉਤਸ਼ਾਹ ਭਰ ਸਕਦੇ ਹਨ। ਇਨਾਂ ਤੋਂ ਇਲਾਵਾ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮਾਨਾ ਨੇ ਵੀ ਸ੍ਰ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿਤੀ।

Share