ਅਰੁਣਾ ਚੌਧਰੀ ਵੱਲੋਂ ਮਹਿਲਾ ਸੈੱਲਾਂ ਵਿੱਚ ਪੇਸ਼ੇਵਰ ਸਲਾਹਕਾਰਾਂ ਦੀਆਂ ਅਸਾਮੀਆਂ ਜਲਦ ਭਰਨ ਦੇ ਨਿਰਦੇਸ਼.

ਚੰਡੀਗੜ, 16 ਨਵੰਬਰ:

ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਵੱਲੋਂ ਪੰਜਾਬ ਭਰ ਦੇ ਮਹਿਲਾ ਸੈੱਲਾਂ ਵਿੱਚ ਪੇਸ਼ੇਵਰ ਸਲਾਹਕਾਰਾਂ ਦੀਆਂ ਅਸਾਮੀਆਂ ਫੌਰੀ ਅਧਾਰ ’ਤੇ ਭਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਅੱਜ ਇਥੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਉਹ ਇਨਾਂ ਅਸਾਮੀਆਂ ਨੂੰ ਜਲਦ ਭਰਨ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਨੂੰ ਇੱਕ ਪੱਤਰ ਲਿਖਣਗੇ ਅਤੇ ਇਸ ਸਬੰਧ ਵਿੱਚ 15 ਦਿਨਾਂ ’ਚ ਰਿਪੋਰਟ ਦੇਣ ਲਈ ਵੀ ਕਿਹਾ ਗਿਆ ਹੈ। ਇਸ ਨੂੰ ਇੱਕ ਮਹੱਤਵਪੂਰਨ ਮਾਮਲਾ ਦੱਸਦਿਆਂ ਉਨਾਂ ਨੇ ਮਹਿਲਾ ਸੈੱਲਾਂ ਵਿੱਚ ਸਲਾਹਕਾਰਾਂ ਦੀਆਂ ਭਰੀਆਂ ਅਤੇ ਖਾਲੀ ਪਈਆਂ ਅਸਾਮੀਆਂ ਸਬੰਧੀ ਸਟੇਟਸ ਰਿਪੋਰਟ ਵੀ ਮੰਗੀ।

ਮਹਾਂਮਾਰੀ ਦੇ ਇਸ ਦੌਰ ਵਿਚ ਸੀਨੀਅਰ ਸਿਟੀਜ਼ਨਜ਼ ਨੂੰ ਰਾਹਤ ਪ੍ਰਦਾਨ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੀਨੀਅਰ ਸਿਟੀਜ਼ਨਜ਼ ਨੂੰ ਸਮਾਜ ਭਲਾਈ ਸਕੀਮਾਂ ਦਾ ਲਾਭ ਪ੍ਰਦਾਨ ਕਰਨ ਲਈ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰਾਂ (ਡੀਐਸਐਸਓਜ਼) ਅਤੇ ਬਾਲ ਵਿਕਾਸ ਤੇ ਪ੍ਰੋਗਰਾਮ ਅਫਸਰਾਂ (ਸੀਡੀਪੀਓਜ਼) ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ।ਉਨਾਂ ਲੋਕ ਭਲਾਈ ਸਕੀਮਾਂ ਸਬੰਧੀ ਸੂਬੇ ਭਰ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ’ਤੇ ਵੀ ਜ਼ੋਰ ਦਿੱਤਾ ਜਿਸਦੇ ਪਹਿਲੇ ਪੜਾਅ ਵਿੱਚ ਜ਼ਿਲਾ ਪੱਧਰ ’ਤੇ ਸੈਮੀਨਾਰ ਕਰਵਾਏ ਜਾਣਗੇ। ਉਨਾਂ ਕਮਿਸ਼ਨ ਦੇ ਵੱਖ ਵੱਖ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦਾ ਜਾਇਜ਼ਾ ਵੀ ਲਿਆ।

ਇਸ ਤੋਂ ਪਹਿਲਾਂ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਮਹਿਲਾ ਸੈੱਲਾਂ ਵਿੱਚ ਪੇਸ਼ੇਵਾਰ ਸਲਾਹਕਾਰਾਂ ਦੀ ਸਖ਼ਤ ਲੋੜ ਦਾ ਮੁੱਦਾ ਉਠਾਇਆ। ਉਨਾਂ ਵੱਖ ਵੱਖ ਕੇਸਾਂ ਅਤੇ ਔਰਤਾਂ ਦੇ ਹਿੱਤਾਂ ਦੀ ਰਾਖੀ ਲਈ ਕਮਿਸ਼ਨ ਦੁਆਰਾ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ।

—————-

ਮੁੱਖ ਮੰਤਰੀ ਵੱਲੋਂ ਜੈਨਅਚਾਰੀਆ ਸ੍ਰੀ ਵਿਜੇ ਵੱਲਭ ਸੁਰਿਸ਼ਵਰ ਜੀ ਦੇ 151ਵੇਂ ਜਨਮ ਵਰੇਗੰਢ ਦੀ ਵਧਾਈ

ਚੰਡੀਗੜ, 16 ਨਵੰਬਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਜੈਨਅਚਾਰੀਆ ਸ੍ਰੀ ਵਿਜੇ ਵੱਲਭ ਸੁਰਿਸ਼ਵਰ ਜੀ ਦੇ 151ਵੇਂ ਜਨਮ ਵਰੇਗੰਢ ਦੀ ਵਧਾਈ ਦਿੱਤੀ ਹੈ।

ਆਪਣੇ ਵਧਾਈ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਜੈਨਅਚਾਰੀਆ ਸ੍ਰੀ ਵਿਜੇ ਵੱਲਭ ਸੁਰਿਸ਼ਵਰ ਜੀ ਨੂੰ 1870-1954 ਈਸਵੀ ਸਮੇਂ ਦਾ ਸਭ ਤੋਂ ਵੱਧ ਗਿਆਨਵਾਨ ਸੰਤ ਦੱਸਿਆ। ਉਨਾਂ ਲੋਕਾਂ ਨੂੰ ਜੈਨ ਸੰਤ ਜੀ ਦੇ ਨਕਸ਼ੇ ਕਦਮਾਂ ਉਤੇ ਚੱਲਣ ਦਾ ਸੱਦਾ ਦਿੱਤਾ ਜਿਨਾਂ ਭਗਵਾਨ ਮਹਾਂਵੀਰ ਦੇ ਅਹਿੰਸਾ ਅਤੇ ਵਿਸ਼ਵ ਵਿਆਪੀ ਸ਼ਾਂਤੀ ਦੇ ਸੁਨੇਹੇ ਨੂੰ ਅੱਗੇ ਵਧਾਉਣ ਲਈ ਅਣਥੱਕ ਯਤਨ ਕੀਤੇ।

ਦੇਸ਼ ਦੇ ਕੋਨੇ-ਕੋਨੇ ਵਿੱਚ ਵਿਦਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਜੈਨਅਚਾਰੀਆ ਸੁਰਿਸ਼ਵਰ ਜੀ ਦੇ ਯੋਗਦਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਉਨਾਂ ਦੀਆਂ ਸਮਾਜ ਸੁਧਾਰਕ ਕੋਸ਼ਿਸ਼ਾਂ ਦਾ ਬਹੁਤ ਲਾਭ ਹੋਇਆ। ਉਨਾਂ ਕਿਹਾ ਕਿ 100 ਸਾਲ ਪਹਿਲਾਂ ਗੁਜਰਾਂਵਾਲਾ ਵਿਖੇ ਗੁਰੂਕੁਲ ਸਥਾਪਤ ਕੀਤਾ ਗਿਆ ਅਤੇ ਲੁਧਿਆਣਾ, ਹੁਸ਼ਿਆਰਪੁਰ, ਮਾਲੇਰਕੋਟਲਾ, ਜ਼ੀਰਾ, ਜੰਡਿਆਲਾ ਗੁਰੂ, ਨਕੋਦਰ, ਸੁਨਾਮ ਤੇ ਫਾਜ਼ਿਲਕਾ ਵਿਖੇ ਕਈ ਕਾਲਜ ਤੇ ਸਕੂਲ ਖੋਲੇ ਗਏ ਜੋ ਸਿੱਖਿਆ ਦੇ ਖੇਤਰ ਵਿੱਚ ਸੰਤ ਜੀ ਦੀ ਦੂਰਅੰਦੇਸ਼ੀ ਦੀ ਗਵਾਹੀ ਭਰਦੇ ਹਨ।

ਸੰਤ ਜੀ ਨੂੰ ਮਹਾਨ ਸਮਾਜ ਸੁਧਾਰਕ ਦੱਸਦਿਆਂ ਮੁੱਖ ਮੰਤਰੀ ਨੇ ਜੈਨਅਚਾਰੀਆ ਸ੍ਰੀ ਵਿਜੇ ਵੱਲਭ ਸੁਰਿਸ਼ਵਰ ਜੀ ਦੇ 150ਵੇਂ ਜਨਮ ਵਰੇਗੰਢ ’ਤੇ ਸਾਲ ਭਰ ਚੱਲੇ ਸ਼ਰਦ ਜਨਮ ਸ਼ਤਾਬਦੀ ਦੇ ਸਮਾਪਨ ਮੌਕੇ ਸਾਰਿਆਂ ਨੂੰ ਉਨਾਂ ਦੀਆਂ ਸ਼ਾਂਤੀ, ਸਦਭਾਵਨਾ, ਦਇਆ ਅਤੇ ਆਪਸੀ ਭਾਈਚਾਰੇ ਦੀਆਂ ਸਿੱਖਿਆਵਾਂ ਉਤੇ ਚੱਲਣ ਦਾ ਸੱਦਾ ਦਿੱਤਾ।

——-

ਡਾਕਟਰੀ ਸਿੱਖਿਆ ਮੰਤਰੀ ਸ੍ਰੀ ਸੋਨੀ ਵੱਲੋਂ ਡਾ. ਅੰਕਿਤ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ, 16 ਨਵੰਬਰ,

ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਵੱਲੋਂ ਬਾਬਾ ਫਰੀਦ ਮੈਡੀਕਲ ਦੇ ਵਿਦਿਆਰਥੀ ਡਾ. ਅੰਕਿਤ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕਰਦਿਆਂ ਸ੍ਰੀ ਸੋਨੀ ਨੇ ਵਿਛੜੀ ਹੋਈ ਆਤਮਾ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਵਾਹਿਗੁਰੂ ਅੱਗੇ ਅਰਦਾਸ ਕੀਤੀ।

ਡਾ. ਅੰਕਿਤ ਦੀ ਬੀਤੇ ਦਿਨੀ ਕੋਵਿਡ ਮਰੀਜਾਂ ਦੀ ਦੇਖਭਾਲ ਦੌਰਾਨ ਕੋਰੋਨਾ ਇਨਫੇਕਟਿਡ ਹੋਣ ਕਾਰਨ ਮੌਤ ਹੋ ਗਈ ਸੀ। ਡਾਕਟਰ ਅੰਕਿਤ ਨੇ ਐਮ.ਬੀ.ਬੀ.ਐਸ, ਪਟਿਆਲਾ ਮੈਡੀਕਲ ਕਾਲਜ ਤੋਂ ਕੀਤੀ ਸੀ ਅਤੇ ਮੌਜੂਦਾ ਸਮੇਂ ਵਿਚ ਉਹ ਸਰਕਾਰੀ ਮੈਡੀਕਲ ਕਾਲਜ, ਫਰੀਦਕੋਟ ਤੋਂ ਸਰਜਰੀ ਵਿਚ ਐਮ.ਡੀ. ਕਰ ਰਹੇ ਸਨ। ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਸੰਸਕਾਰ ਮੌਕੇ ਡਾ. ਅਵਨੀਸ਼ ਕੁਮਾਰ, ਡਾਇਰੈਕਟਰ, ਡਾਕਟਰੀ ਸਿੱਖਿਆ ਤੇ ਖੋਜ ਵਿਭਾਗ, ਪੰਜਾਬ, ਡਾ. ਆਕਾਸਦੀਪ ਅਗਰਵਾਲ ਅਤੇ ਸਿਵਲ ਸਰਜਨ ਪਟਿਆਲਾ ਵੱਲੋਂ ਸ਼ਿਰਕਤ ਕੀਤੀ ਗਈ।

————-

ਸੋਨੂੰ ਸੂਦ, ਸਟੇਟ ਆਈਕਨ ਨਿਯੁਕਤ

ਚੰਡੀਗੜ, 16 ਨਵੰਬਰ,

ਭਾਰਤੀ ਚੋਣ ਕਮਿਸ਼ਨ ਨੇ ਇੱਕ ਪੱਤਰ ਜਾਰੀ ਕਰਕੇ ਭਾਰਤੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਪ੍ਰੋਡਿਊਸਰ ਸੋਨੂੰ ਸੂਦ ਨੂੰ ਪੰਜਾਬ ਸਟੇਟ ਲਈ ਆਈਕਨ ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ, ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਸ੍ਰੀ ਸੋਨੂੰ ਸੂਦ ਨੂੰ ਸਟੇਟ ਆਈਕਨ ਨਿਯੁਕਤ ਕਰਨ ਸਬੰਧੀ ਦਫ਼ਤਰ ਮੁੱਖ ਚੋਣ ਅਫਸਰ ਪੰਜਾਬ ਵਲੋਂ ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਨੂੰ ਇਕ ਪ੍ਰਸਤਾਵ ਭੇਜਿਆ ਗਿਆ ਸੀ, ਜਿਸ ਨੂੰ ਪ੍ਰਵਾਨਗੀ ਮਿਲ ਗਈ ਹੈ।

ਉਹਨਾਂ ਦੱਸਿਆ ਕਿ ਦਫਤਰ, ਮੁੱਖ ਚੋਣ ਅਫਸਰ, ਪੰਜਾਬ ਸੂਬੇ ਵਿਚ ਸ੍ਰੀ ਸੋਨੂੰ ਸੂਦ ਨਾਲ ਮਿਲ ਕੇ ਲੋਕਾਂ ਵਿਚ ਚੋਣ ਪ੍ਰੀਕਿ੍ਰਆ ਸਬੰਧੀ ਜਾਗਰੂਕਤਾ ਪੈਦਾ ਹੋਵੇਗੀ ਅਤੇ ਐਥੀਕਲ ਵੋਟਿੰਗ ਬਾਰੇ ਜਿਆਦਾ ਪ੍ਰਚਾਰ ਕੀਤਾ ਜਾਵੇਗਾ।

ਪੰਜਾਬ ਰਾਜ ਦੇ ਮੋਗਾ ਜ਼ਿਲਾ ਨਾਲ ਸਬੰਧਤ ਸ੍ਰੀ ਸੋਨੂੰ ਸੂਦ ਵੱਲੋਂ ਹਿੰਦੀ, ਤਾਮਿਲ ਤੇਲਗੂ ਕੰਨੜ, ਅਤੇ ਪੰਜਾਬੀ ਸਮੇਤ ਕਈ ਭਾਰਤੀ ਭਾਸ਼ਾਵਾਂ ਵਿਚ ਬਣੀਆਂ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਸ੍ਰੀ ਸੂਦ ਵੱਲੋਂ ਲੋਕ ਭਲਾਈ ਲਈ ਬਹੁਤ ਕਾਰਜ ਕੀਤੇ ਜਾ ਰਹੇ ਹਨ।

ਕੋਵਿਡ ਕਾਲ ਦੌਰਾਨ ਲਾਗੂ ਲਾਕਡਾਊਨ ਦੋਰਾਨ ਸ੍ਰੀ ਸੂਦ ਵਲੋਂ ਵੱਖ-ਵੱਖ ਥਾਵਾਂ ਤੇ ਫ਼ਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਘਰ ਪਹੁੰਚਾਉਣਾ ਵਿਚ ਬਹੁਤ ਮਦਦ ਕੀਤੀ ਗਈ ਸੀ ਜਿਸ ਲਈ ਸਮਾਜ ਦੇ ਸਾਰੇ ਵਰਗਾਂ ਵਲੋਂ ਉਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਤੋਂ ਇਲਾਵਾ ਉਨਾਂ ਵਲੋਂ ਕੋਵਿਡ ਦੋਰਾਨ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਡਿਵੈਲਪਮੈਂਟ ਪ੍ਰੋਗਰਾਮ ਵਲੋਂ ਉਨਾਂ ਨੂੰ ਐਸ.ਡੀ.ਜੀ. ਸਪੈਸ਼ਲ ਹਿਊਮਨਟੇਰੀਅਨ ਐਕਸ਼ਨ ਐਵਾਰਡ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਫਿਲਮ ਵਿਚ ਕੀਤੇ ਕੰਮ ਲਈ ਵੀ ਵੱਖ-ਵੱਖ ਰਾਜ ਸਰਕਾਰਾਂ ਵਲੋਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।

Share