ਸੈਰ-ਸਪਾਟਾ ਮੰਤਰੀ ਚੰਨੀ ਵਲੋਂ ਮਸ਼ਹੂਰ ਪੰਜਾਬੀ ਗਾਇਕ ਕੇ.ਦੀਪ ਦੇ ਦੇਹਾਂਤ ’ਤੇ ਡੂੰਘੇ ਦੁਖ ਦਾ ਪ੍ਰਗਟਾਵਾ.

ਚੰਡੀਗੜ, 22 ਅਕਤੂਬਰ:
ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਮਸ਼ਹੂਰ ਪੰਜਾਬੀ ਲੋਕ ਗਾਇਕ ਕੇ.ਦੀਪ (80) ਦੇ ਦੇਹਾਂਤ ’ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਕੇ.ਦੀਪ ਨੇ ਅੱਜ ਲੁਧਿਆਣਾ ਵਿਖੇ ਆਖ਼ਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋ ਬਿਮਾਰ ਸਨ ਅਤੇ ਦੀਪ ਹਸਪਤਾਲ ਲੁਧਿਆਣਾ ਵਿੱਖ ਜ਼ੇਰੇ ਇਲਾਜ ਸਨ।
ਕੇ.ਦੀਪ ਦੀ ਮੌਤ ’ਤੇ ਦੱੁਖ ਜਾਹਰ ਕਰਦਿਆਂ ਸੈਰ-ਸਪਾਟਾ ਮੰਤਰੀ ਨੇ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਪ੍ਰਮਾਤਮਾ ਨੂੰ ਅਰਦਾਸ ਕੀਤੀ।
ਕੇ.ਦੀਪ ਵਜੋਂ ਜਾਣੇ ਜਾਂਦੇ ਕੁਲਦੀਪ ਸਿੰਘ ਦਾ ਜਨਮ 10 ਦਸੰਬਰ 1940 ਨੂੰ ਰੰਗੂਨ, ਬਰਮਾਂ ਵਿਖੇ ਹੋਇਆ । ਉਨਾਂ ਨੇ ਆਪਣੀ ਪਤਨੀ ਜਗਮੋਹਣ ਕੌਰ ਨਾਲ ਬਹੁਤ ਸਾਰੇ ਮਕਬੂਲ ਦੁਗਾਣੇ ਗਾਏ। ਇਨਾਂ ਦੋਵਾਂ ਨੂੰ ਪੋਸਤੀ-ਮਾਈ ਮੋਹਣੋ ਦੀ ਮਸ਼ਹੂਰ ਹਾਸ ਕਲਾਕਾਰ ਜੋੜੀ ਵਜੋਂ ਵੀ ਜਾਣਿਆ ਜਾਂਦਾ ਹੈ।
———-

ਪੰਜਾਬ ਵਿੱਚ ਟ੍ਰਾਂਸ ਫੈਟ ਮੁਕਤ ਦੀਵਾਲੀ ਮੁਹਿੰਮ ਦੀ ਸ਼ੁਰੂਆਤ: ਪ੍ਰਮੁੱਖ ਸਕੱਤਰ ਸਿਹਤ
ਚੰਡੀਗੜ, 22 ਅਕਤੂਬਰ
ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦਿਆਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਅਤੇ ਕਮਿਸ਼ਨਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਕੁਮਾਰ ਰਾਹੁਲ ਵਲੋਂ ਅੱਜ ਟਰਾਂਸ-ਫੈਟ ਮੁਕਤ ਦੀਵਾਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ, ਵਿਭਾਗ ਪੀਜੀਆਈ, ਚੰਡੀਗੜ ਵਲੋਂ ਸਕੰਲਪਿਤ ਅਤੇ ਸ਼ੁਰੂ ਕੀਤੀ ਇਸ ਮੁਹਿੰਮ ਦਾ ਉਦੇਸ਼ ਨੀਤੀ ਨਿਰਮਾਤਾਵਾਂ, ਉਤਪਾਦਕਾਂ, ਸਪਲਾਇਰਾਂ ਅਤੇ ਆਮ ਲੋਕਾਂ ਵਿੱਚ ਟ੍ਰਾਂਸ ਫੈਟਸ ਦੇ ਮਾੜੇ ਸਿਹਤ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਵੱਡੇ ਪੱਧਰ ਦੀ ਜਾਗਰੂਕਤਾ ਮੁਹਿੰਮ ਵਿਚ ਸਟਰੈਟਾਜਿਕ ਇੰਸਟੀਚਿਊਟ ਫਾਰ ਪਬਲਿਕ ਹੈਲਥ ਐਂਡ ਰਿਸਰਚ (ਸਿਫਰ) ਅਤੇ ਗਲੋਬਲ ਹੈਲਥ ਐਡਵੋਕੇਸੀ ਇਨਕੁਬੇਟਰ (ਜੀ.ਐਚ.ਏ.ਆਈ.) ਵਲੋਂ ਸਹਿਯੋਗ ਦਿੱਤਾ ਗਿਆ ਹੈ।
ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਸ੍ਰੀ ਹੁਸਨ ਲਾਲ ਨੇ ਪੀ.ਜੀ.ਆਈ., ਸਿਫਰ, ਅਤੇ ਜੀ.ਐਚ.ਏ.ਆਈ. ਦੀ “ਟ੍ਰਾਂਸ-ਫੈਟ ਮੁਕਤ ਦੀਵਾਲੀ“ ਮੁਹਿੰਮ ਦੀ ਸ਼ੁਰੂਆਤ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਜੋ ਪੰਜਾਬ ਨੂੰ ਸਿਹਤਮੰਦ ਸੂਬਾ ਬਣਨ ਲਈ ਉਤਸ਼ਾਹਤ ਕਰੇਗੀ। ਉਹਨਾਂ ਅੱਗੇ ਕਿਹਾ ਕਿ ਸਾਡੇ ਸੂਬੇ ਵਿੱਚ ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ ਅਤੇ ਹਾਈ ਬਲੱਡ ਸ਼ੂਗਰ ਦੇ ਵੱਧ ਰਹੇ ਪ੍ਰਚਲਨ ਨੂੰ ਦੇਖਦਿਆਂ, ਲੋਕਾਂ ਦੀ ਸਿਹਤ ਉੱਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਦਿਆਂ ਟ੍ਰਾਂਸ ਫੈਟੀ ਐਸਿਡ ਦੀ ਵਰਤੋਂ ਨੂੰ ਘਟਾਉਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ।
ਟਰਾਂਸ ਫੈਟ ਮੁਕਤ ਦੀਵਾਲੀ ਮੁਹਿੰਮ ਦਾ ਸਮਰਥਨ ਕਰਦਿਆਂ ਕੁਮਾਰ ਰਾਹੁਲ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਟਰਾਂਸ ਫੈਟ ਵਾਲੇ ਭੋਜਨ ਤੋਂ ਪਰਹੇਜ਼ ਕਰਦਿਆਂ ਇੱਕ ਸਿਹਤਮੰਦ ਅਤੇ ਸੁਰੱਖਿਅਤ ਦੀਵਾਲੀ ਮਨਾਉਣ। ਉਨਾਂ ਅੱਗੇ ਕਿਹਾ ਕਿ ਦੀਵਾਲੀ ਭਾਰਤ ਦਾ ਮੁੱਖ ਤਿਉਹਾਰ ਹੋਣ ਕਰਕੇ ਇਹ ਨਾ ਸਿਰਫ ਲੋਕਾਂ ਵਿੱਚ ਖੁਸ਼ਹਾਲੀ ਅਤੇ ਉਤਸ਼ਾਹ ਲਿਆਉਂਦਾ ਹੈ ਸਗੋਂ ਮਠਿਆਈਆਂ, ਫ੍ਰੋਜ਼ਨ ਡੇਜ਼ਰਟਸ ਅਤੇ ਤਲੇ ਹੋਏ ਖਾਣੇ ਦੇ ਰੂਪ ਵਿੱਚ ਟ੍ਰਾਂਸ-ਫੈਟ ਦੀ ਵਰਤੋਂ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਹਾਈਪਰਟੈਨਸ਼ਨ ਅਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਵਿੱਚ ਵਾਧਾ ਹੁੰਦਾ ਹੈ।
ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ, ਵਿਭਾਗ ਪੀਜੀਆਈ, ਚੰਡੀਗੜ ਦੇ ਪ੍ਰੋਫੈਸਰ ਡਾ. ਸੋਨੂੰ ਗੋਇਲ ਨੇ ਵਿਸਥਾਰ ਨਾਲ ਦੱਸਿਆ ਕਿ ਭਾਰਤ ਵਿੱਚ ਸਾਲਾਨਾ 60,000 ਤੋਂ 75,000 ਮੌਤਾਂ ਟਰਾਂਸ-ਫੈਟ ਦੀ ਖਪਤ ਕਾਰਨ ਹੁੰਦੀਆਂ ਹਨ। ਦਿਲ ਦੀਆਂ ਬਿਮਾਰੀਆਂ ਅਤੇ ਮੋਟਾਪੇ ਦੇ ਵੱਧ ਪ੍ਰਸਾਰ ਨਾਲ ਪੰਜਾਬ, ਟ੍ਰਾਂਸ ਫੈਟੀ ਐਸਿਡ (ਟੀ.ਐੱਫ.ਏ.) ਦੀ ਉੱਚ ਪੱਧਰੀ ਵਰਤੋਂ ਕਾਰਨ ਵੱਧ ਖ਼ਤਰੇ ਵਿਚ ਹੈ। ਉਹਨਾਂ ਅੱਗੇ ਕਿਹਾ ਕਿ ਚਿੰਤਾਜਨਕ ਅੰਕੜਿਆਂ ਨੂੰ ਧਿਆਨ ਵਿਚ ਰੱਖਦਿਆਂ, ਸਾਡੀ ਸਿਹਤ ਉੱਤੇ ਟੀ.ਐੱਫ.ਏ. ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਸਬੰਧੀ ਯੋਜਨਾ ਉਲੀਕਣ ਲਈ ਅਸੀਂ ਅਧਿਕਾਰੀਆਂ ਅਤੇ ਤਕਨੀਕੀ ਮਾਹਰਾਂ ਨਾਲ ਕਈ ਸਲਾਹ-ਮਸ਼ਵਰੇ ਕੀਤੇ ਹਨ। ਇਸ ਮੁਹਿੰਮ ਦੇ ਨਾਲ, ਅਸੀਂ ਉਦਯੋਗਿਕ ਤੌਰ ‘ਤੇ ਪੈਦਾ ਟ੍ਰਾਂਸ ਫੈਟ ਦੀ ਥਾਂ ਸਿਹਤਮੰਦ ਤਰੀਕੇ ਨਾਲ ਬਣਾਏ ਪਦਾਰਥਾਂ ਨੂੰ ਉਤਸ਼ਾਹਤ ਵੀ ਕਰਾਂਗੇ। ਉਨਾਂ ਕਿਹਾ ਕਿ ਸਿਹਤ ਵਿਭਾਗ ਅਤੇ ਪੀ.ਜੀ.ਆਈ. ਚੰਡੀਗੜ ਨੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਟ੍ਰਾਂਸ ਫੈਟ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਲੋਗਨ ਲਿਖਣ ਅਤੇ ਟਰਾਂਸ ਫੈਟ ਦੀ ਖਪਤ ਵਿਰੁੱਧ ਅਹਿਦ ਲੈਣ ਹਿੱਤ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਤੱਕ ਪਹੁੰਚ ਬਣਾਈ ਹੈ। ਇਹ ਮੁਹਿੰਮ #ਟ੍ਰਾਂਸਫੈਟਫ੍ਰੀਡਿਵਾਲੀ, #ਟ੍ਰਾਂਸਫੈਟਫ੍ਰੀਪੰਜਾਬ ਅਤੇ #ਹੈਪੀਦਿਵਾਲੀਹੈਲਥੀਦਿਵਾਲੀ ਵਾਲੇ ਟੈਗਾਂ ਨਾਲ ਪੀਜੀਆਈ ਦੇ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਵੀ ਚਲਾਈ ਜਾਵੇਗੀ। ਦੁਨੀਆ ਭਰ ਦੇ ਸਰੋਤਿਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸੰਪਰਕ ਬਣਾਉਣ ਲਈ ਵੱਖ-ਵੱਖ ਚੁਣੌਤੀਆਂ ਅਤੇ ਪ੍ਰਤੀਯੋਗਤਾਵਾਂ ਨੂੰ ਰੋਜ਼ਾਨਾ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਜਾਵੇਗਾ।
ਸਿਫਰ ਦੇ ਪ੍ਰਧਾਨ ਡਾ. ਰਾਕੇਸ਼ ਗੁਪਤਾ ਨੇ ਕਿਹਾ ਜੇਕਰ ਉਦਯੋਗਿਕ ਤੌਰ ‘ਤੇ ਪੈਦਾ ਕੀਤੇ ਟ੍ਰਾਂਸ ਫੈਟ ਨੂੰ ਭੋਜਨ ਤੋਂ ਵੱਖ ਨਹੀਂ ਕੀਤਾ ਗਿਆ ਤਾਂ ਲੱਖਾਂ ਲੋਕ ਦਿਲ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਜਾਣਗੇ ਜਾਂ ਆਪਣੀ ਜਾਨ ਗੁਆ ਲੈਣਗੇ। ਸਿਫਰ ਅਤੇ ਜੀ.ਐਚ.ਏ.ਆਈ. ਨੂੰ ਇਸ ਮਹੱਤਵਪੂਰਨ ਮੁੱਦੇ ‘ਤੇ ਜਾਗਰੂਕਤਾ ਪੈਦਾ ਕਰਨ ਲਈ ਪੀਜੀਆਈ ਚੰਡੀਗੜ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।
ਜੀ.ਐਚ.ਏ.ਆਈ ਦੇ ਕੰਟਰੀ ਕੋਆਰਡੀਨੇਟਰ ਡਾ. ਓਮ ਪ੍ਰਕਾਸ਼ ਬੇਰਾ ਨੇ ਕਿਹਾ ਕਿ ਵੱਡੇ ਪੱਧਰ ‘ਤੇ ਪਸਾਰ ਲਈ ਪੀਜੀਆਈ ਨੇ ਟ੍ਰਾਈ ਸ਼ਹਿਰ ਵਿੱਚ ਜਾਗਰੂਕਤਾ ਵਾਲੇ ਸੁਨੇਹਾ ਪ੍ਰਸਾਰਿਤ ਕਰਨ ਲਈ ਰੇਡੀਓ ਮਿਰਚੀ ਨਾਲ ਭਾਈਵਾਲੀ ਕੀਤੀ ਹੈ। ਇਸ ਨਾਲ ਸਬੰਧਤ ਵਿਸ਼ੇ ‘ਤੇ ਸਬੂਤ-ਅਧਾਰਤ ਜਾਗਰੂਕਤਾ ਸਮੱਗਰੀ ਜਿਵੇਂ ਪੋਸਟਰ, ਪੈਂਫਲਿਟ, ਬਰੌਸ਼ਰ ਅਤੇ ਕਿਤਾਬਚੇ ਤਿੰਨ ਭਾਸ਼ਾਵਾਂ- ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਚ ਤਿਆਰ ਕੀਤੇ ਜਾਣਗੇ ਅਤੇ ਇਹਨਾਂ ਨੂੰ ਵੱਖ-ਵੱਖ ਵਿਦਿਅਕ ਅਤੇ ਪੇਸ਼ੇਵਰ ਸੰਸਥਾਵਾਂ ਦੇ ਨਾਲ ਨਾਲ ਜਨਤਕ ਅਤੇ ਨਿੱਜੀ ਦਫਤਰਾਂ ਆਦਿ ਵਿੱਚ ਵੰਡਿਆ ਜਾਵੇਗਾ। ਇਨਾਂ ਸੰਸਥਾਵਾਂ ਦੀਆਂ ਵੈਬਸਾਈਟਾਂ ‘ਤੇ ਪੋਸਟਰ/ਬੈਨਰ ਆਦਿ ਪ੍ਰਦਰਸ਼ਤ ਕੀਤੇ ਜਾਣਗੇ।
———

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪਿੰਡ ਜਲਾਲਪੁਰ ਮਾਮਲੇ ਵਿੱਚ ਐਸ.ਐਸ.ਪੀ. ਹੁਸ਼ਿਆਰਪੁਰ ਤੋਂ ਰਿਪੋਰਟ ਤਲਬ

ਚੰਡੀਗੜ, 22 ਅਕਤੂਬਰ: ਹੁਸ਼ਿਆਰਪੁਰ ਜ਼ਿਲੇ ਦੇ ਟਾਂਡਾ ਨਜ਼ਦੀਕ ਪਿੰਡ ਜਲਾਲਪੁਰ ਵਿਚ ਇਕ 6 ਸਾਲਾ ਬੱਚੀ ਨੂੰ ਬਲਾਤਕਾਰ ਉਪਰੰਤ ਅੱਗ ਲਗਾ ਕੇ ਮਾਰਨ ਦੀ ਘਟਨਾ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸੂ ਮੋਟੋ ਨੋਟਿਸ ਲੈਂਦੇ ਹੋਏ ਇਸ ਮਾਮਲੇ ਵਿੱਚ ਐਸ.ਐਸ.ਪੀ. ਹੁਸ਼ਿਆਰਪੁਰ ਤੋਂ ਰਿਪੋਰਟ ਤਲਬ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੈਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਨੇ ਦੱਸਿਆ ਕਿ ਅਖਬਾਰਾਂ ਰਾਹੀ ਇਹ ਮਾਮਲਾ ਉਨਾਂ ਦੇ ਧਿਆਨ ਵਿਚ ਆਇਆ ਹੈ ਜਿਸ ਤੇ ਸੂ-ਮੋਟੋ ਨੋਟਿਸ ਲੈਂਦੇ ਹੋਏ ਐਸ.ਐਸ.ਪੀ. ਹੁਸ਼ਿਆਰਪੁਰ ਤੋਂ ਰਿਪੋਰਟ 2 6 ਅਕਤੂਬਰ 2020 ਨੂੰ ਰਿਪੋਰਟ ਤਲਬ ਕੀਤੀ ਹੈ ਅਤੇ ਨਾਲ ਹੀ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਇਸ ਦੇ ਨਾਲ ਹੀ ਉਨਾਂ ਕਮਿਸ਼ਨ ਦੇ ਮੈਂਬਰ ਪ੍ਰਭਦਿਆਲ ਰਾਮਪੁਰ ਨੂੰ ਮਿਤੀ 23 ਅਕਤੂਬਰ 2020 ਨੂੰ ਪੀੜਤ ਨਾਲ ਮਿਲ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

———–

ਪੰਜਾਬ ਦੇ ਨੌਜਵਾਨ ਕਿਸਾਨਾਂ ਦੇ ਸੰਘਰਸ਼ ਨੂੰ ਸ਼ਿਖਰ ’ਤੇ ਪਹੁੰਚਾ ਦੇਣਗੇ: ਸੁਖਵਿੰਦਰ ਬਿੰਦਰਾ
ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਨੇ ਯੁਵਕ ਵਿਕਾਸ ਸਬੰਧੀ ਯੋਜਨਾਵਾਂ ਦਾ ਲਿਆ ਜਾਇਜ਼ਾ
ਸਕੀਮਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕੀਤੀ ਹਦਾਇਤ
ਚੰਡੀਗੜ, 22 ਅਕਤੂਬਰ:
ਪੰਜਾਬ ਯੁਵਕ ਵਿਕਾਸ ਬੋਰਡ( ਪੀ.ਵਾਈ.ਡੀ.ਬੀ) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਮਾਰੂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵਿੱਢੇ ਕਿਸਾਨੀ ਸੰਘਰਸ਼ ਨੂੰ ਸੂਬੇ ਦੇ ਨੌਜਵਾਨ ਬੁਲੰਦੀਆਂ ਤੱਕ ਪਹੁੰਚਾ ਦੇਣਗੇ।
ਨੌਜਵਾਨਾਂ ਦੇ ਸਸ਼ਕਤੀਕਰਨ ਸਬੰਧੀ ਸਕੀਮਾਂ ਦਾ ਜਾਇਜ਼ਾ ਲੈਣ ਮੌਕੇ ਸ੍ਰੀ ਬਿੰਦਰਾ ਨੇ ਸਪੱਸ਼ਟ ਕੀਤਾ ਕਿ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨ ਕਿਸਾਨਾਂ, ਖਪਤਕਾਰਾਂ, ਖ਼ੁਰਾਕ ਸੁਰੱਖਿਆ ਅਤੇ ਇੱਥੋਂ ਤੱਕ ਦੇਸ਼ ਦੇ ਸੰਘੀ ਢਾਂਚੇ ਦੇ ਵਿਰੁੱਧ ਹਨ। ਉਹਨਾਂ ਕਿਹਾ ਕਿ ਇਨਾਂ ਕਾਨੂੰਨਾਂ ਦੀ ਮਾਰ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੇ ਬਿੱਲ ਪਾਸ ਕੀਤੇ ਹਨ ਤਾਂ ਜੋ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਭਾਵੇਂ ਕਈ ਕਾਰਪੋਰੇਟ ਘਰਾਣੇ ਹੁਣ ਪੰਜਾਬ ਵਿੱਚ ਦਾਖਲ ਹੋਣ ਜਾ ਰਹੇ ਹਨ ਪਰ ਇਸ ਸਭ ਸਰਕਾਰ ਦੀ ਨਿਗਰਾਨੀ ਹੇਠ ਹੋਵੇਗਾ। ਕਿਸੇ ਝਗੜੇ ਦੀ ਸੂਰਤ ਵਿੱਚ ਕਿਸਾਨਾਂ ਕੋਲ ਕਾਨੂੰਨੀ ਰਾਹ ਅਖ਼ਤਿਆਰ ਕਰਨ ਦਾ ਹੱਕ ਵੀ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਬੋਰਡ, ਪੀੜਤ ਕਿਸਾਨਾਂ ਦੀ ਲੜਾਈ ਨੂੰ ਨਵੇਂ ਸ਼ਿਖ਼ਰਾਂ ਤੱਕ ਲੈ ਜਾਵੇਗਾ ਕਿਉਂ ਜੋ ਇਹੋ ਸਮੇਂ ਦੀ ਮੰਗ ਹੈ।
ਮੀਟਿੰਗ ਦੌਰਾਨ ਚੇਅਰਮੈਨ ਨੇ ਨੌਜਵਾਨਾਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਦੀਆਂ ਸਕੀਮਾਂ ਦਾ ਜਾਇਜ਼ਾ ਵੀ ਲਿਆ ਅਤੇ ਉੱਚ ਅਧਿਕਾਰੀਆਂ ਨੂੰ ਇਨਾਂ ਯੋਜਨਾਵਾਂ ਦਾ ਦਾਇਰਾ ਹੋਰ ਵਧਾਉਣ ਦੀ ਹਦਾਇਤ ਕੀਤੀ ਤਾਂ ਜੋ ਵੱਡੀ ਗਿਣਤੀ ਵਿੱਚ ਸਾਡੇ ਨੌਜਵਾਨਾਂ ਨੂੰ ਇਸਦਾ ਲਾਭ ਮਿਲ ਸਕੇ। ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਪਿ੍ਰੰਸ ਖੁੱਲਰ, ਵਾਈਸ ਚੇਅਰਮੈਨ ਸ੍ਰੀ ਵਿਕਰਮ ਕੰਬੋਜ਼, ਸ੍ਰੀ ਜਸਵਿੰਦਰ ਸਿੰਘ ਧੁੰਨਾ, ਸ੍ਰੀ ਲਖਵੀਰ ਸਿੰਘ, ਸ੍ਰੀ ਜਸਪ੍ਰੀਤ ਸਿੰਘ, ਸ੍ਰੀ ਨਿਰਮਲ ਦੁੱਲਤ ਅਤੇ ਅਵਜਿੰਦਰ ਸਿੰਘ (ਸਾਰੇ ਮੈਂਬਰ) ਅਤੇ ਖੇਡਾਂ ਤੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰੀ ਡੀ.ਪੀ ਐਸ ਖਰਬੰਦਾ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਉਤਪਤੀ ਅਤੇ ਸਿਖਲਾਈ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇੇ ਬਾਲ ਵਿਕਾਸ, ਸਮਾਜਿਕ ਨਿਆਂ ਅਤੇ ਘੱਟਗਿਣਤੀ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।
——–

ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਐਗਰੋ ਵੱਲੋਂ ਕਿਨੂੰ ਦੇ ਛਿਲਕਿਆਂ ਤੋਂ ਪੋਲਟਰੀ ਫੀਡ ‘ਲਿਮੋਪੈਨ’ ਤਿਆਰ
ਚੰਡੀਗੜ, 22 ਅਕਤੂਬਰ:
ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਐਗਰੋ ਚੰਡੀਗੜ ਨੇ ਆਪਸੀ ਸਹਿਯੋਗ ਨਾਲ ਕਿਨੂੰ ਦੇ ਛਿਲਕਿਆਂ ਤੋਂ ਬਣਿਆ ਉਤਪਾਦ ‘ਲਿਮੋਪੈਨ’ ਤਿਆਰ ਕੀਤਾ ਹੈ ਜੋ ਇਕ ਬਾਇਓ-ਇੰਜੀਨੀਅਰਡ ਨਿਊਟਰਾਸੀਊਟੀਕਲ ਹੈ। ਇਹ ਪੋਲਟਰੀ ਫੀਡ ਵਿੱਚ ਜੈਵਿਕ-ਵਿਰੋਧੀ ਦੇ ਬਦਲ ਦੀ ਯੋਗਤਾ ਵਾਲੀ ਪੋਲਟਰੀ ਫੀਡ ਸਪਲੀਮੈਂਟ ਹੈ।
ਪੰਜਾਬ ਐਗਰੋ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਬਰਾੜ, ਜਿਹਨਾਂ ਦੁਆਰਾ ਸਾਰੀ ਪ੍ਰਕਿਰਿਆ ਦੀ ਅਗਵਾਈ ਕੀਤੀ ਗਈ, ਨੇ ਯੂਨੀਵਰਸਿਟੀ ਤੇ ਪੰਜਾਬ ਐਗਰੋ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਦਲ ਭਵਿੱਖ ਦੇ ਉਦਯੋਗਿਕ-ਅਕਾਦਮਿਕ ਭਾਈਵਾਲੀ ਲਈ ਰਾਹ ਪੱਧਰਾ ਕਰੇਗਾ ਜੋ ਖਿੱਤੇ ਵਿੱਚ ਵਿਗਿਆਨਕ ਸੂਝ ਅਤੇ ਵਪਾਰਕ ਪ੍ਰਕਿਰਤੀ ਨੂੰ ਮਜ਼ਬੂਤ ਕਰੇਗਾ। ਪੰਜਾਬ ਐਗਰੋ ਨੇ ਇਸ ਉਤਪਾਦ ਸਬੰਧੀ ਖੋਜ ਤੇ ਵਿਕਾਸ ਲਈ ਫੰਡ ਦੇਣ ਤੋਂ ਇਲਾਵਾ ਮਹੱਤਵਪੂਰਨ ਜਾਣਕਾਰੀ ਵੀ ਮੁਹੱਈਆ ਕਰਵਾਈ ਹੈ।
ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਪੋਲਟਰੀ ਫੀਡ ਵਿੱਚ ਐਂਟੀਬਾਇਓਟਿਕਸ ਦੀ ਨਿਰੰਤਰ ਵਰਤੋਂ ਨੂੰ ਮਨੁੱਖਾਂ ਵਿੱਚ ਪ੍ਰਤੀਰੋਧ ਪੈਦਾ ਕਰਨ ਦਾ ਕਾਰਨ ਮੰਨਿਆ ਜਾਂਦਾ ਹੈ ਕਿਉਂ ਜੋ ਮਨੁੱਖ ਪੋਲਟਰੀ ਦੀ ਰਹਿੰਦ-ਖੂੰਹਦ ਦੇ ਅਸਿੱਧੇ ਤੌਰ ‘ਤੇ ਖਪਤਕਾਰ ਬਣ ਜਾਂਦੇ ਹਨ। ਬੁਲਾਰੇ ਨੇ ਕਿਹਾ ਕਿ ਇਹ ਉਤਪਾਦ ਕਿਨੂੰੂ ਦੇ ਛਿਲਕਿਆਂ ਵਿੱਚ ਮੌਜੂਦ ਫਾਈਟੋਕਨਸਟਿਐਂਟਜ਼ ਦੇ ਰੋਗਾਣੂਨਾਸ਼ਕ ਦੀ ਸਮਰੱਥਾ ਦੀ ਵਰਤੋਂ ਕਰਦਾ ਹੈ ਅਤੇ ਪੰਜਾਬ ਕਿਨੂੰੂ ਦੇ ਜੂਸ ਬਣਾਉਣ ਦੀ ਪ੍ਰਕਿਰਿਆ ਵਿਚ ਇਸ ਦਾ ਪ੍ਰਮੁੱਖ ਉਤਪਾਦਕ ਬਣ ਗਿਆ ਹੈ ਅਤੇ ਇਸੇ ਪ੍ਰਕਿਰਿਆ ਵਿਚ ਛਿਲਕੇ ਦੀ ਵੱਡੀ ਮਾਤਰਾ ਪੈਦਾ ਹੁੰਦੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤਕਨਾਲੋਜੀ ਨੇ ਬਾਗਬਾਨੀ ਦੀ ਰਹਿੰਦ-ਖੂਹੰਦ ਦੀ ਟਿਕਾਊ ਵਰਤੋਂ ਕਰਕੇ ਇਕ ਵਿਸ਼ੇਸ਼ ਉਪਯੋਗਤਾ ਵਾਲਾ ਉਤਪਾਦ ਤਿਆਰ ਕਰਕੇ ਮਿਸਾਲ ਕਾਇਮ ਕੀਤੀ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਮਿੰਨੀ ਸਿੰਘ ਨੇ ਕਿਹਾ ਕਿ ਉਹਨਾਂ ਅਤੇ ਉਹਨਾਂ ਟੀਮ ਨੇ ਨੈਨੋਟੈਕਨਾਲੋਜੀ ਦੀ ਵਰਤੋਂ ਵਿਕਸਤ ਕਰਨ ਲਈ ਕੀਤੀ, ਜਿਸ ਵਿੱਚ ਖੋਜ ਤੇ ਵਿਕਾਸ (ਆਰ ਐਂਡ ਡੀ) ਦੇ 9 ਸਾਲ ਲੱਗ ਗਏ। ਇਸੇ ਦੌਰਾਨ, ਗਡਵਾਸੂ ਤੋਂ ਡਾ. ਮੰਜੂ ਵਧਵਾ ਦੀ ਟੀਮ ਨੇ ਖੋਜ ਰਾਹੀਂ ਪੋਲਟਰੀ ’ਤੇ ਅਮਲੀ ਟਰਾਇਲ ਕੀਤੇ।
ਐਨ.ਆਈ.ਪੀ.ਈ.ਆਰ. ਵਿਖੇ ਨੈਸ਼ਨਲ ਟੌਕਸੀਲੌਜੀ ਸੈਂਟਰ ਵੱਲੋਂ ਉਤਪਾਦ ਦੀ ਸੁਰੱਖਿਆ ਦਾ ਪਤਾ ਲਾਇਆ ਗਿਆ। ਸਿਰਫ ਉਸ ਉਪਰੰਤ ਤਕਨਾਲੋਜੀ ਨੂੰ ਜੁਗਰਨੌਟ ਹੌਸਪੀਟੈਲਿਟੀ ਸਰਵਿਸਿਜ਼, ਪੁਣੇ ਭੇਜਿਆ ਗਿਆ।
ਡਾ. ਅਸ਼ੋਕ ਮਲਿਕ, ਕੋਆਰਡੀਨੇਟਰ ਅਤੇ ਡਾ. ਬੀ. ਐਸ. ਸੂਚ, ਡਿਪਟੀ ਕੋਆਰਡੀਨੇਟਰ, ਆਈ.ਪੀ.ਆਰ. ਐਂਡ ਟੈਕਨੋਲੋਜੀ ਟ੍ਰਾਂਸਫਰ ਸੈੱਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬ ਐਗਰੋ ਚੰਡੀਗੜ ਵਿਖੇ ਆਪਣੀ ਟੀਮ ਦੇ ਨਾਲ ਟੈਕਨੋਲੋਜੀ ਟ੍ਰਾਂਸਫਰ ਪ੍ਰਕਿਰਿਆ ਵਿੱਚ ਸਹਿਯੋਗ ਦਿੱਤਾ।
ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਬੀ.ਐਸ. ਘੁੰਮਣ ਨੇ ਟੀਮ ਨੂੰ ਅਜਿਹੇ ਮਹੱਤਵਪੂਰਣ ਵਿਗਿਆਨਕ ਉਤਪਾਦ ਲਈ ਵਧਾਈ ਦਿੱਤੀ ਜੋ ਸਮਾਜ ਲਈ ਵੱਡੀ ਪੱਧਰ ‘ਤੇ ਸਹਾਈ ਹੋਣਗੇ।
——

ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਝੋਨੇ ਦੀ ਕੁੱਲ ਟੀਚੇ ਵਿੱਚੋਂ 44.33 ਫੀਸਦੀ ਫ਼ਸਲ ਦੀ ਆਮਦ ਹੋਈ: ਆਸ਼ੂ
76.35 ਲੱਖ ਮੀਟਿ੍ਰਕ ਟਨ ਝੋਨੇ ਦੀ ਆਮਦ ਵਿੱਚੋਂ 75.35 ਲੱਖ ਮੀਟਿ੍ਰਕ ਟਨ ਦੀ ਹੋਈ ਖ਼ਰੀਦ
ਚੰਡੀਗੜ, 22 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਕੋਵਿਡ -19 ਦੇ ਦਰਮਿਆਨ ਚੱਲ ਰਹੇ ਸਾਉਣੀ ਮੰਡੀਕਰਨ ਸੀਜ਼ਨ (ਕੇਐਮਐਸ) ਦੌਰਾਨ ਸੂਬੇ ਵਿੱਚ ਹੁਣ ਤੱਕ ਝੋਨੇ ਦੇ ਕੁੱਲ ਕੁਲ ਖਰੀਦ ਟੀਚੇ ਵਿੱਚੋਂ 44.33 ਫੀਸਦੀ ਫ਼ਸਲ ਦੀ ਆਮਦ ਹੋ ਚੁੱਕੀ ਹੈ। ਉਕਤ ਪ੍ਰਗਟਾਵਾ ਅੱਜ ਇਥੇ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਹੁਣ ਤੱਕ 76.35 ਲੱਖ ਮੀਟਿ੍ਰਕ ਟਨ ਝੋਨੇ ਦੀ ਆਮਦ ਵਿਚੋਂ 75.35 ਲੱਖ ਮੀਟਿ੍ਰਕ ਟਨ ਝੋਨਾ ਖਰੀਦਿਆ ਗਿਆ ਹੈ। ਉਨਾਂ ਕਿਹਾ ਕਿ ਮੰਡੀਆਂ ਵਿਚ ਪੜਾਅਵਾਰ ਢੰਗ ਨਾਲ ਝੋਨਾ ਲੈ ਕੇ ਆਉਣ ਦੀ ਪ੍ਰੀਕਿ੍ਰਆ ਤਸੱਲੀਬਖ਼ਸ਼ ਤਰੀਕੇ ਨਾਲ ਚੱਲ ਰਹੀ ਹੈ।
ਖੁਰਾਕ ਮੰਤਰੀ ਨੇ ਦੱਸਿਆ ਕਿ ਮਿਤੀ 21 ਅਕਤੂਬਰ 2020 ਨੂੰ ਸੂਬੇ ਦੀਆਂ ਮੰਡੀਆਂ ਵਿੱਚ 6 ਲੱਖ 56 ਹਜ਼ਾਰ 186 ਮੀਟਿ੍ਰਕ ਟਨ ਝੋਨੇ ਦੀ ਆਮਦ ਹੋਈ ਜਿਸ ਵਿਚੋਂ 6 ਲੱਖ 40 ਹਜ਼ਾਰ 102 ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਗਈ। ਇਸ ਤੋਂ ਇਲਾਵਾ 6 ਲੱਖ 13 ਹਜ਼ਾਰ 989 ਮੀਟਿ੍ਰਕ ਟਨ ਝੋਨੇ ਦੀ ਚੁਕਾਈ ਗਈ ਅਤੇ ਹੁਣ ਤੱਕ 60 ਲੱਖ 74 ਹਜ਼ਾਰ 290 ਮੀਟਿ੍ਰਕ ਟਨ ਝੋਨੇ ਦੀ ਕੁਲ ਚੁਕਾਈ ਕੀਤੀ ਜਾ ਚੁੱਕੀ ਹੈ।
ਸ੍ਰੀ ਆਸ਼ੂ ਨੇ ਦੱਸਿਆ ਕਿ ਕਿ ਹੁਣ ਤੱਕ ਝੋਨੇ ਦੀ ਖਰੀਦ ਸਬੰਧੀ 9921 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ।
ਸ੍ਰੀ ਆਸ਼ੂ ਨੇ ਅਖੀਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦੇ ਜਾਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਅਨਾਜ ਮੰਡੀਆਂ ਵਿੱਚ ਨਿਰਵਿਘਨ, ਮੁਸ਼ਕਿਲ ਰਹਿਤ ਅਤੇ ਸੁਰੱਖਿਅਤ ਖਰੀਦ ਨੂੰ ਪੰਜਾਬ ਸਰਕਾਰ ਵੱਲੋਂ ਯਕੀਨੀ ਬਣਾਇਆ ਗਿਆ ਹੈ।
9/੯੩੭੮੯/੨੦੨੦
———-

ਰਾਣਾ ਕੇ.ਪੀ. ਸਿੰਘ ਨੂੰ ਅਚਾਰੀਆ ਸ਼੍ਰੀ ਮਹਾਪ੍ਰਗਿਆ ਦੀਆਂ ਲਿਖੀਆਂ ਕਿਤਾਬਾਂ ਦਾ ਸੈੱਟ ਭੇਟ
ਜੈਨ ਭਾਈਚਾਰੇ ਵੱਲੋਂ ਵਿਧਾਨ ਸਭਾ ਸਪੀਕਰ ਨਾਲ ਆਚਾਰੀਆ ਸ਼੍ਰੀ ਮਹਾਪ੍ਰਗਿਆ ਦੀ ਜਨਮ ਸ਼ਤਾਬਦੀ ਬਾਰੇੇ ਵਿਚਾਰ ਚਰਚਾ
ਚੰਡੀਗੜ, 22 ਅਕਤੂਬਰ :
ਜੈਨ ਸਮਾਜ ਨਾ ਕੇਵਲ ਅਹਿੰਸਾ ’ਤੇ ਜ਼ੋਰ ਦਿੰਦਾ ਹੈ ਸਗੋਂ ਮਾਨਵਤਾ ਦੀ ਸੇਵਾ ਨੂੰ ਵੀ ਆਪਣਾ ਪਰਮ ਧਰਮ ਮੰਨਦਾ ਹੈ। ਜੈਨ ਭਾਈਚਾਰੇ ਨੇ ਦੇਸ਼ ਦੇ ਵਿਕਾਸ ਦੇ ਨਾਲ ਨਾਲ ਭਾਰਤੀ ਸਭਿਆਚਾਰ ਨੂੰ ਵੀ ਅਮੀਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਜੈਨ ਭਾਈਚਾਰੇ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਕੀਤਾ।
ਮੁਨੀ ਸ੍ਰੀ ਵਿਨੈ ਕੁਮਾਰ ‘ਅਲੋਕ‘ ਅਤੇ ਮੁਨੀ ਸ੍ਰੀ ਅਭੈ ਕੁਮਾਰ ਦੀ ਅਗਵਾਈ ਵਾਲੇ ਵਫ਼ਦ ਵੱਲੋਂ ਸਪੀਕਰ ਨਾਲ ਜੈਨ ਸ਼ਵੇਤਾਂਬਰ ਤੇਰਾਪੰਥ ਦੇ 10ਵੇਂ ਮੁਖੀ ਆਚਾਰੀਆ ਸ਼੍ਰੀ ਮਹਾਪ੍ਰਗਿਆ ਦੀ ਜਨਮ ਸ਼ਤਾਬਦੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨਾਂ ਨੇ ਰਾਣਾ ਕੇਪੀ ਸਿੰਘ ਨੂੰ ਆਚਾਰੀਆ ਸ਼੍ਰੀ ਮਹਾਪ੍ਰਗਿਆ ਵੱਲੋਂ ਲਿਖੀਆਂ 121 ਪੁਸਤਕਾਂ ਦਾ ਸੈੱਟ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਲਈ ਸੌਂਪਿਆ ।
ਵਫ਼ਦ ਦਾ ਸਵਾਗਤ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸ਼੍ਰੀ ਮਹਾਪ੍ਰਗਿਆ ਮਹਾਨ ਦਾਰਸ਼ਨਿਕ, ਰੂਹਾਨੀ ਆਗੂ, ਲੇਖਕ ਅਤੇ ਸ਼ਾਂਤੀ ਦੇ ਦੂਤ ਸਨ। ਸ੍ਰੀ ਮਹਾਪ੍ਰਗਿਆ ਅਹਿੰਸਾ ਅਤੇ ਸਦਭਾਵਨਾ ਦੇ ਪ੍ਰਚਾਰਕ ਸਨ ਅਤੇ ਉਨਾਂ ਨੇ ਸਦਭਾਵਨਾ ਅਤੇ ਸ਼ਾਂਤੀ ਦੇ ਸੰਦੇਸ਼ ਨੂੰ ਫੈਲਾਉਣ ਲਈ ਮੁਲਕ ਭਰ ਦੀ ਯਾਤਰਾ ਕੀਤੀ। ਉਨਾਂ ਕਿਹਾ ਕਿ ਧਾਰਮਿਕ ਸਾਹਿਤ ਗਿਆਨ ਦਾ ਇੱਕ ਆਦਰਸ਼ ਸਰੋਤ ਹੈ ਅਤੇ ਇਹ ਪੁਸਤਕਾਂ ਵਿਧਾਇਕਾਂ ਨੂੰ ਲੋਕਾਂ ਦੀ ਭਲਾਈ ਲਈ ਸਹੀ ਮਾਰਗ ’ਤੇ ਦਿ੍ਰੜਤਾ ਨਾਲ ਚੱਲਣ ਲਈ ਸੇਧ ਦੇਣਗੀਆਂ।
ਵਫ਼ਦ ਵੱਲੋਂ ਵਿਧਾਨ ਸਭਾ ਸਪੀਕਰ ਦਾ ਯਾਦਗਾਰੀ ਚਿੰਨ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਸ਼੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ ਅਤੇ ਸਪੀਕਰ ਦੇ ਸਕੱਤਰ ਸ੍ਰੀ ਰਾਮ ਲੋਕ ਵੀ ਮੌਜੂਦ ਸਨ।
—————–

ਵਿਜੈ ਇੰਦਰ ਸਿੰਗਲਾ ਦੀ ਅਗਵਾਈ ’ਚ ਸਕੂਲੀ ਸਿੱਖਿਆ ਦੇ ਖੇਤਰ ’ਚ ਇੱਕ ਹੋਰ ਕਦਮ
ਇੰਗਲਿਸ਼ ਬੂਸਟਰ ਕਲੱਬਾਂ ਨਾਲ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਣ ਦੇ ਰੁਝਾਨ ’ਚ ਹੋਰ ਤੇਜੀ ਆਉਣ ਦੀ ਸੰਭਾਵਨਾ-ਬੁਲਾਰਾ
ਚੰਡੀਗੜ 22 ਅਕਤੂਬਰ
ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਕੂਲ ਸਿੱਖਿਆ ਵਿੱਚ ਗੁਣਾਤਮਿਕ ਸੁਧਾਰ ਲਿਆਉਣ ਲਈ ਆਰੰਭੀ ਮੁਹਿੰਮ ਦੇ ਹੇਠ ਹੁਣ ਸਿੱਖਿਆ ਵਿਭਾਗ ਨੇ ਇੰਗਲਿਸ਼ ਬੂਸਟਰ ਕਲੱਬ (ਈ.ਬੀ.ਸੀ.) ਖੋਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਿਸ ਦੇ ਨਾਲ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਰੁਝਾਨ ਵਿੱਚ ਹੋਰ ਤੇਜੀ ਆਉਣ ਦੀ ਸੰਭਾਵਨਾ ਹੈ।
ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਸ੍ਰੀ ਸਿੰਗਲਾ ਵੱਲੋਂ ਸਕੂਲੀ ਸਿੱਖਿਆ ਵਿੱਚ ਕੀਤੀਆਂ ਗਈਆਂ ਨਵੀਂਆਂ ਪਹਿਲਕਦਮੀਆਂ ਦੇ ਨਤੀਜੇ ਵਜੋਂ ਚਾਲੂ ਵਿਦਿਅਕ ਸੈਸ਼ਨ 2020-21 ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦਾਖਲਿਆਂ ਵਿੱਚ 15 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਈ.ਬੀ.ਸੀ. ਦੀ ਇਸ ਨਵੀਂ ਪਹਿਲਕਦਮੀ ਨਾਲ ਸਰਕਾਰੀ ਸਕੂਲਾਂ ਪ੍ਰਤੀ ਹੋਰ ਅਕ੍ਰਸ਼ਨ ਵਧਣ ਦੀ ਪ੍ਰਬਲ ਸੰਭਾਵਨਾ ਹੈ। ਬੁਲਾਰੇ ਦੇ ਅਨੁਸਾਰ ਆਪਣੇ ਬੱਚਿਆਂ ਲਈ ਸਕੂਲ ਦੀ ਚੋਣ ਕਰਨ ਸਮੇਂ ਮਾਪਿਆਂ ਲਈ ਅੰਗਰੇਜ਼ੀ ਹਮੇਸ਼ਾਂ ਇੱਕ ਪਹਿਲ ਹੁੰਦੀ ਹੈ। ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵਿਸ਼ੇਸ਼ ਕਰਕੇ ਅੰਗਰੇਜ਼ੀ ਦੀ ਪੜਾਈ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਤਰਜੀਹ ਦਿੱਤੀ ਜਾਂਦੀ ਰਹੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ ਹੁਣ ਲੋਕਾਂ ਦਾ ਸਰਕਾਰੀ ਸਕੂਲਾਂ ਵੱਲ ਰੁਚੀ ਪੈਦਾ ਹੋਈ ਹੈ।
ਬੁਲਾਰੇ ਅਨੁਸਾਰ ਈ.ਬੀ.ਸੀ. ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਵਿਚ ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਇੰਗਲਿਸ਼ ਸੰਚਾਰ ਹੁਨਰਾਂ ਨੂੰ ਬਿਹਤਰ ਬਣਾਉਣ ਹੈ। ਸਰਕਾਰੀ ਸਕੂਲਾਂ ਵਿੱਚ ਸੂਬੇ ਦੇ ਸਰੋਤ ਸਮੂਹਾਂ ਦੁਆਰਾ ਗਾਈਡਡ ਵੀਡੀਓ, ਰਿਕਾਰਡ ਕੀਤੀਆਂ ਟੇਪਾਂ, ਵਾਕਾਂ ਅਤੇ ਵਾਕਾਂਸਾਂ ਨੂੰ ਸਾਂਝਾ ਕੀਤਾ ਜਾਵੇਗਾ ਅਤੇ ਵਿਦਿਆਰਥੀ ਦਿੱਤੀ ਗਈ ਸਮੱਗਰੀ ਨੂੰ ਆਪਣੀ ਸ਼ੈਲੀ ਅਤੇ ਆਵਾਜ਼ ਵਿੱਚ ਦੁਬਾਰਾ ਪੇਸ਼ ਕਰਨਗੇ। ਇਸ ਪ੍ਰੋਜੈਕਟ ਨੂੰ 12 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਹੁਣ ਤੱਕ ਤਕਰੀਬਨ ਸੱਤ ਹਜ਼ਾਰ ਸਕੂਲਾਂ ਵਿੱਚ ਇੰਗਲਿਸ਼ ਬੂਸਟਰ ਕਲੱਬਾਂ ਬਣ ਚੁੱਕੀਆਂ ਹਨ। ਪਹਿਲੇ ਪੜਾਅ ਵਿਚ ਹਰ ਸੈਕਸ਼ਨ ਜਾਂ ਕਲਾਸ ਵਿੱਚੋਂ ਤਿੰਨ ਵਿਦਿਆਰਥੀ ਲੈ ਕੇ ਉਨਾਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਕੇ ਉਨਾਂ ਵਿੱਚ ਅੰਗਰੇਜ਼ੀ ਬਾਰੇ ਉਤਸੁਕਤਾ ਪੈਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਕਲੱਬ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਉਹ ਇੰਗਲਿਸ਼ ਬੂਸਟਰ ਕਲੱਬ ਦਾ ਫਾਇਦਾ ਉਠਾ ਸਕਣਗੇ।
ਬੁਲਾਰੇ ਅਨੁਸਾਰ ਇਸ ਦੇ ਨਾਲ ਵਿਦਿਆਰਥੀਆਂ ਦੀ ਅੰਗਰੇਜ਼ੀ ਬੋਲਣ ਦੀ ਸਮਰੱਥਾ ਵਧੇਗੀ ਅਤੇ ਉਨਾਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਸਾਰੇ ਪੱਖਾਂ ਤੋਂ ਗਿਆਨ ਵਧੇਗਾ। ਇਸ ਦੇ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅੰਗਰੇਜ਼ੀ ਮਾਧੀਅਮ ਵਾਲੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਵਿੱਚ ਖੜ ਸਕਣਗੇ।
———-

ਅਧਿਆਪਕਾਂ ਤੋਂ ਆਈ.ਸੀ.ਟੀ. ਰਾਸ਼ਟਰੀ ਅਵਾਰਡ ਲਈ ਅਰਜ਼ੀਆਂ ਪ੍ਰਾਪਤ ਕਰਨ ਵਾਸਤੇ ਆਖਰੀ ਤਰੀਕ ਵਾਧਾ
ਚੰਡੀਗੜ, 22 ਅਕਤੂਬਰ
ਸਿੱਖਿਆ ਵਿੱਚ ਸੂਚਨਾ ਅਤੇ ਸੰਚਾਰ ਤਕਨੋਲੋਜੀ (ਆਈ.ਸੀ.ਟੀ.) ਦੀ ਵਰਤੋਂ ਸਬੰਧੀ ਅਧਿਆਪਕਾਂ ਨੂੰ ਰਾਸ਼ਟਰੀ ਅਵਾਰਡ ਦੇਣ ਲਈ ਅਰਜ਼ੀਆਂ ਪ੍ਰਾਪਤ ਕਰਨ ਆਖਰੀ ਤਰੀਕ 31 ਅਕਤੂਬਰ 2020 ਕਰ ਦਿੱਤੀ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਅਰਜ਼ੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ 15 ਅਕਤੂਬਰ ਸੀ। ਇਹ ਵਾਧਾ ਇਸ ਕਰਕੇ ਕੀਤਾ ਗਿਆ ਹੈ ਤਾਂ ਜੋ ਅਰਜ਼ੀਆਂ ਦੇਣ ਤੋਂ ਖੁੰਝ ਚੁੱਕੇ ਅਧਿਆਪਕ ਵੀ ਇਸ ਅਵਾਰਡ ਲਈ ਅਪਲਾਈ ਕਰ ਸਕਣ। ਇਹ ਰਾਸ਼ਟਰੀ ਅਵਾਰਡ ਸਾਲ 2018 ਅਤੇ 2019 ਲਈ ਦਿੱਤੇ ਜਾਣੇ ਹਨ ਅਤੇ ਇਸ ਵਾਸਤੇ ਅਧਿਆਪਕ ਆਨ ਲਾਈਨ ਅਪਲਾਈ ਕਰ ਸਕਦੇ ਹਨ। ਬੁਲਾਰੇ ਅਨੁਸਾਰ ਸਕੂਲਾਂ ਵਿੱਚ ਸਿੱਖਿਆ ਵਾਸਤੇ ਆਈ.ਸੀ.ਟੀ. ਦੀ ਵਰਤੋਂ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਦੇ ਵਾਸਤੇ ਭਾਰਤ ਸਰਕਾਰ ਵੱਲੋਂ ਆਈ.ਸੀ.ਟੀ. ਸਕੂਲ ਸਕੀਮ ਹੇਠ ਇਹ ਅਵਾਰਡ ਦਿੱਤੇ ਜਾਂਦੇ ਹਨ।

Share