ਨੌਜਵਾਨਾਂ ਦੀ ਸਖਸ਼ੀਅਤ ਉਸਾਰੀ ਲਈ ਵਿਦਿਅਕ ਅਦਾਰਿਆਂ ਅਤੇ ਕਲਾ-ਸਾਹਿਤ ਸੰਸਥਾਵਾਂ ਦਾ ਰਲ ਕੇ ਕੰਮ ਕਰਨਾ ਜ਼ਰੂਰੀ: ਡਾ.ਸੁਰਜੀਤ ਪਾਤਰ.

ਚੰਡੀਗੜ੍ਹ, 3 ਫਰਵਰੀ
ਪੰਜਾਬ ਕਲਾ ਪਰਿਸ਼ਦ ਵੱਲੋਂ ਮਨਾਏ ਜਾ ਰਹੇ ਡਾ. ਮਹਿੰਦਰ ਸਿੰਘ ਰੰਧਾਵਾ ਕਲਾ ਉਤਸਵ ਦੌਰਾਨ ਕਰਵਾਏ ਗਏ ਵਿਰਾਸਤੀ ਮੁਕਾਬਲਿਆਂ ਦੌਰਾਨ ਰੰਧਾਵਾ ਵਿਰਾਸਤੀ ਕੱਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਜਿੱਤਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਓਵਰ ਆਲ ਦੂਸਰਾ ਸਥਾਨ ਹਾਸਲ ਕੀਤਾ। ਵਿਅਕਤੀਗਤ ਅਤੇ ਟੀਮ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਅਤੇ ਟੀਮਾਂ ਨੂੰ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਨੇ ਇਨਾਮਾਂ ਦੀ ਵੰਡ ਕੀਤੀ।
ਇਨਾਮ ਵੰਡ ਸਮਾਰੋਹ ਦੌਰਾਨ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਲੋਕ ਕਲਾਵਾਂ ਵਿੱਚ ਜ਼ਿੰਦਗੀ ਨੂੰ ਮਾਨਣ ਦਾ ਹੁਨਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਕਲਾਵਾਂ ਸਾਨੂੰ ਜ਼ਿੰਦਗੀ ਦੇ ਬਹੁਤ ਨੇੜੇੇ ਤੋਂ ਦਰਸ਼ਨ ਕਰਵਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕ-ਦਸਤਕਾਰੀ ਨਾਲ ਜੁੜੇ ਇਨਸਾਨ ਮਿਹਨਤੀ, ਇਮਾਨਦਾਰ ਅਤੇ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਦੇ ਸਮਰੱਥ ਹੁੰਦੇ ਹਨ। ਉਨ੍ਹਾਂ ਕਿਹਾ ਕਿਹਾ ਵਿਰਾਸਤੀ ਕਲਾਵਾਂ ਨੂੰ ਸੰਭਾਲਣ ਵਿੱਚ ਸਾਡੇ ਵਿਦਿਅਕ ਅਦਾਰਿਆਂ ਦੀ ਬਹੁਤ ਵੱਡੀ ਦੇਣ ਹੈ ਜਿਸ ਨੂੰ ਹੋਰ ਹੁਲਾਰਾ ਦੇਣਾ ਚਾਹੀਦਾ ਹੈ।
ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਡਾ.ਪਾਤਰ ਨੇ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਦੀ ਸਖਸ਼ੀਅਤ ਉਸਾਰੀ ਲਈ ਵਿਦਿਅਕ ਅਦਾਰੇ ਅਤੇ ਕਲਾ-ਸਾਹਿਤ ਸੰਸਥਾਵਾਂ ਦਾ ਰਲਕੇ ਕੰਮ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਯੁਗ ਵਿੱਚ ਇਸ ਤਰ੍ਹਾਂ ਦੀ ਲੋਕ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਸ਼ਲਾਘਾਯੋਗ ਵੀ ਹੈ ਅਤੇ ਇਸ ਗੱਲ ਦਾ ਸਬੂਤ ਵੀ ਹੈ ਇਹ ਕਲਾਵਾਂ ਸੰਜੀਵ ਹਨ।
ਸਵਾਗਤੀ ਸ਼ਬਦਾਂ ਦੌਰਾਨ ਪੰਜਾਬੀ ਸੰਗੀਤ ਨਾਟਕ ਅਕਾਦਮੀ ਦੇ ਮੀਤ ਪ੍ਰਧਾਨ ਡਾ. ਨਿਰਮਲ ਜੌੜਾਨੇਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਦਸਤਕਾਰੀ ਕਿਰਤ ਕਲਾ ਨਾਲ ਜੋੜਨਾ ਸਮੇਂ ਦੀ ਲੋੜ ਹੈ ਜਿਸ ਕਰਕੇ ਪੰਜਾਬ ਕਲਾ ਪਰਿਸ਼ਦ ਵੱਲੋਂ ਇਨ੍ਹਾਂ ਮੁਕਾਬਲਿਆਂ ਵੱਲ ਵਿਸ਼ੇਸ ਧਿਆਨ ਦਿੱਤਾ ਜਾਂਦਾ ਹੈ। ਸਮਾਗਮ ਵਿੱਚ ਵਿਸ਼ੇਸ ਤੌਰ ‘ਤੇ ਪਹੁੰਚੇ ਪੰਜਾਬ ਰਾਜ ਸੂਚਨਾ ਕਮਿਸ਼ਨਰ ਸ. ਨਿਧੜਕ ਸਿੰਘ ਬਰਾੜ ਨੇ ਲੋਕ ਕਲਾਵਾਂ ਨੂੰ ਜਿਉਂਦਾ ਰੱਖਣ ਲਈ ਕਲਾ ਪਰਿਸ਼ਦ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਅਰਡੀਨੇਟਰ ਨਿੰਦਰ ਘੁਗਿਆਣਵੀ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਰੰਧਾਵਾ ਉਤਸਵ ਦੌਰਾਨ ਭਲਕੇ ਬੋਪਾਰਾਏ ਭਰਾਵਾਂ ਨਾਲ ਤੇਰੇ ਸਨਮੁਖ, ਪੁਆਧੀ ਜਲਸਾ ਅਤੇ ਸ਼ਾਮ ਨੂੰ ਕਵੀ ਦਰਬਾਰ ਹੋਵੇਗਾ।
ਇਸ ਮੌਕੇ ਹੋਏ ਵਿਰਾਸਤੀ ਕੁਇਜ਼ ਮੁਕਾਬਲੇ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਪਹਿਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਨੇ ਦੂਜਾ ਤੇ ਬੱਬਰ ਅਕਾਲੀ ਮੈਮੋਰੀਅਲ ਕਾਲਜ ਗੜ੍ਹਸ਼ੰਕਰਨੇ ਤੀਜਾ ਸਥਾਨ ਹਾਸਲ ਕੀਤਾ ਜਦੋਂ ਕਿ ਦਸਮੇਸ਼ ਗਰਲਜ਼ ਕਾਲਜ ਬਾਦਲ ਅਤੇ ਸਰਕਾਰੀ ਕਾਲਜ(ਲੜਕੀਆਂ) ਲੁਧਿਆਣਾ ਨੂੰ ਹੌਸਲਾ ਵਧਾਊ ਇਨਾਮ ਪ੍ਰਾਪਤ ਹੋਏ। ਇਸੇ ਤਰ੍ਹਾਂ ਪੱਖੀ ਬੁਨਣ ਵਿੱਚ ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਪਹਿਲਾ, ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਨੇ ਦੂਜਾ ਤੇ ਸਰਕਾਰੀ ਕਾਲਜ ਸੈਕਟਰ 42 ਚੰਡੀਗੜ੍ਹ ਨੇ ਤੀਜਾ, ਖਿੱਦੋ ਬਨਾਉਣ ਵਿੱਚ ਬੀ.ਸੀ.ਐਮ.ਕਾਲਜ ਲੁਧਿਆਣਾ ਨੇ ਪਹਿਲਾ, ਆਤਮ ਵਲਵ ਜੈਨ ਕਾਲਜ ਲੁਧਿਆਣਾ ਨੇ ਦੂਜਾ ਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਨੇ ਤੀਜਾ, ਫੁਲਕਾਰੀ ਵਿੱਚ ਭਾਗ ਸਿੰਘ ਖਾਲਸਾ ਕਾਲਜ ਕਾਲਾ ਟਿੱਬਾ ਅਬੋਹਰ ਨੇ ਪਹਿਲਾ, ਆਤਮ ਵਲਵ ਜੈਨ ਕਾਲਜ ਲੁਧਿਆਣਾ ਨੇ ਦੂਜਾ ਤੇ ਰੱਤੇਵਾਲ ਕਾਲਜ ਨੇ ਤੀਜਾ, ਬਾਗ ਵਿੱਚ ਭਾਗ ਸਿੰਘ ਖਾਲਸਾ ਕਾਲਜ ਕਾਲਾ ਟਿੱਬਾ ਨੇ ਪਹਿਲਾ, ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਨੇ ਦੂਜਾ ਤੇ ਗੁਰੂ ਨਾਨਾਕ ਕਾਲਜ ਬੁਢਲਾਡਾ ਨੇ ਤੀਜਾ, ਗੁੱਡੀਆ ਪਟੋਲੇ ਵਿੱਚ ਸੰਤ ਬਾਬਾ ਭਾਗ ਸਿੰਘ ਕਾਲਜ ਸੁਖਾਨੰਦ ਨੇ ਪਹਿਲਾ, ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਤੇ ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਦੂਜਾ, ਗੁਰੁ ਨਾਨਕ ਖਾਲਸਾ ਕਾਲਜ ਲੁਧਿਆਣਾ ਨੇ ਤੀਜਾ, ਛਿੱਕੂ ਬਣਾਉਣ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਨੇ ਪਹਿਲਾ, ਆਤਮ ਵਲਵ ਜੈਨ ਕਾਲਜ ਲੁਧਿਆਣਾ ਨੇ ਦੂਜਾ ਤੇ ਗੁਰੁ ਨਾਨਕ ਕਾਲਜ ਬੁਢਲਾਡਾ ਨੇ ਤੀਜਾ, ਪਰਾਂਦਾ ਬਣਾਉਣ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਨੇ ਪਹਿਲਾ, ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਦੂਜਾਤੇ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਨ੍ਹਾ ਮੁਕਾਬਲਿਆਂ ਦਾ ਨਿਰਣਾ ਲੋਕ ਕਲਾਵਾਂ ਦੇ ਮਾਹਰ ਪ੍ਰੋ ਕਿਰਪਾਲ ਕਜ਼ਾਕ, ਜਸਮੇਰ ਸਿੰਘ ਢੱਟ ਅਤੇ ਮੈਡਮ ਕਰਮਜੀਤ ਕੌਰ ਨੇ ਕੀਤਾ ਜਦੋਂ ਕਿ ਵਿਰਾਸਤੀ ਕੁਇਜ਼ ਪ੍ਰੀਤਮ ਸਿੰਘ ਰੁਪਾਲ ਨੇ ਕਰਵਾਈ। ਇਸ ਮੌਕੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਸਕੱਤਰ ਪ੍ਰੀਤਮ ਰੁਪਾਲ, ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮਾਨਾ, ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਆਦਿ ਹਾਜ਼ਰ ਸਨ।

Share