ਪਰਾਲੀ ਤੋਂ ਇਥੋਨਾਲ ਬਣਾਉਣ ਲਈ ਜਿਲਾ ਪਾਣੀਪਤ ਵਿਚ ਪਲਾਂਟ ਲਗਾਉਂਣ ਨੂੰ ਪ੍ਰਵਾਨਗੀ.

 

ਚੰਡੀਗੜ੍ਹ, 28 ਦਸੰਬਰ  – ਹਰਿਆਣਾ ਸਰਕਾਰ ਨੇ ਸੂਬੇ ਵਿਚ ਝੌਨੇ ਦੀ ਪਰਾਲੀ ਅਤੇ ਹੋਰ ਫਸਲਾਂ ਦੇ ਅਵਸ਼ੇਸ਼ਾਂ ਤੋਂ ਇਥੋਨਾਲ ਬਣਾਉਣ ਲਈ ਜਿਲਾ ਪਾਣੀਪਤ ਵਿਚ ਇਕ ਪਲਾਂਟ ਲਗਾਉਣ ਨੂੰ ਪ੍ਰਵਾਨਗੀ ਦਿੱਤੀ ਹੈ। ਸਰਕਾਰ ਦੇ ਇਕ ਕਦਮ ਨਾਲ ਜਿੱਥੇ ਪ੍ਰਦੂਸ਼ਣ ਵਿਚ ਕਮੀ ਆਵੇਗੀ, ਉੱਥੇ ਕਿਸਾਨਾਂ ਨੂੰ ਫਸਲਾਂ ਦੇ ਅਵਸ਼ੇਸ਼ਾਂ ਦੀ ਵਿਕਰੀ ਹੋਣ ਨਾਲ ਮੁਨਾਫਾ ਵੀ ਹੋਵੇਗਾ।

ਅੱਜ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ ਹਰਿਆਣਾ ਇੰਟਰਪ੍ਰਾਇਜ ਪ੍ਰਮੋਸ਼ਨ ਬੋਰਡ ਦੀ 6ਵੀਂ ਮੀਟਿੰਗ ਵਿਚ ਲਏ ਗਏ ਉਪਰੋਕਤ ਫੈਸਲੇ ਨਾਲ ਜਿੱਥੇ ਸੂਬੇ ਵਿਚ ਵਪਾਰ ਨੂੰ ਪ੍ਰੋਤਸਾਹਨ ਮਿਲੇਗਾ, ਉੱਥੇ ਸਿੱਧੇ ਤੇ ਅਸਿੱਧੇ ਤੌਰ ‘ਤੇ ਹਰਿਆਣਾ ਵਿਚ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।

ਮੀਟਿੰਗ ਵਿਚ ਪਾਣੀਪਤ ਦੇ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਉਪਰੋਕਤ ਪਲਾਂਟ ਲਈ ਭਾਰਤੀ ਤੇਲ ਨਿਗਮ ਲਿਮਟਿਡ ਨੂੰ ਜਿਲਾ ਪਾਣੀਪਤ ਦੇ ਪਿੰਡ ਬਾਓਲੀ ਦੀ ਪੰਚਾਇਤ ਮੌਜ਼ੂਦਾ ਬਾਜਾਰ ਦਰ ‘ਤੇ ਆਪਣੀ ਪੰਚਾਇਤੀ ਜਮੀਨ ਦੇਣ ਲਈ ਤਿਆਰ ਹੈ, ਜਿਸ ਦੀ ਮੁੱਖ ਮੰਤਰੀ ਨੇ ਪ੍ਰਵਾਨਗੀ ਦਿੱਤੀ। ਪਲਾਂਟ ਲਗਾਉਣ ਵਾਲੀ ਭਾਰਤੀ ਤੇਲ ਨਿਗਮ ਲਿਮਟਿਡ ਕੰਪਨੀ ਗਲੋਬਲ 500 ਦੀ ਸੂਚੀ ਅਨੁਸਾਰ ਸਾਲ 2016 ਵਿਚ ਭਾਰਤ ਵਿਚ ਪਹਿਲੇ ਅਤੇ ਵਿਸ਼ਵ ਦੀ ਸੱਭ ਤੋਂ ਵੱਡੀ ਕੰਪਨੀਆਂ ਵਿਚ 161ਵਾਂ ਥਾਂ ‘ਤੇ ਰਹੀ ਹੈ।

ਇਹ ਕੰਪਨੀ ਫਸਲ ਦੇ ਅਵਸ਼ੇਸ਼ਾ ਅਤੇ ਹੋਰ ਬਾਇਓਮਾਸ ਦੀ ਵਰਤੋਂ ਕਰਕੇ ਦੂਜੀ ਪੀੜ੍ਹੀ ਦੇ ਇਥਨਾਲ ਦਾ ਉਤਪਾਦਨ ਸ਼ੁਰੂ ਕਰਨਾ ਚਾਹੁੰਦੀ ਹੈ। ਪ੍ਰਸਤਾਵਿਤ ਪਲਾਂਟ ਦੀ ਸਮੱਰਥਾਂ ਪ੍ਰਤੀ ਦਿਨ 100 ਕਿਲੋ ਇਥਨੋਲ ਹੋਵੇਗੀ। ਇਸ ਕੰਪਨੀ ਦਾ 2 ਲੱਖ ਟਨ ਪਰਾਲੀ ਨੂੰ ਕੱਚਾ ਮਾਲ ਵੱਜੋਂ ਖਰੀਦਣ ਦਾ ਪ੍ਰਸਤਾਵ ਹੈ, ਜੋ ਕਿ 4 ਜਿਲ੍ਹਿਆਂ ਕਰਨਾਲ, ਪਾਣੀਪਤ, ਸੋਨੀਪਤ ਅਤੇ ਕੁਰੂਕਸ਼ੇਤਰ ਦਾ ਇਕ ਸੀਜਨ ਦਾ ਕੁਲ ਉਤਪਾਦਨ ਹੈ। ਅਜੇ ਤਕ ਜ਼ਿਆਦਾਤਰ ਕਿਸਾਨ ਇਸ ਪਰਾਲੀ ਨੂੰ ਜਲਾਉਂਦੇ ਰਹੇ ਹਨ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ। ਇਸ ਪਲਾਂਟ ਦੇ ਲਗਣ ਨਾਲ ਰਾਜ ਵਿਚ ਪ੍ਰਦੂਸ਼ਣ ਕਾਫੀ ਹਦ ਤਕ ਘੱਟ ਕਰਨ ਵਿਚ ਮਦਦ ਮਿਲੇਗੀ।

ਮੀਟਿੰਗ ਵਿਚ ਕੰਪਨੀ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਝੌਨੇ ਦੀ ਪਰਾਲੀ ਨੂੰ ਸੀਜਨ ਵਿਚ ਜਲਦ ਤੋਂ ਜਲਦ ਇੱਕਠਾ ਕਰਨ ਲਈ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ, ਤਾਂ ਜੋ ਕਿਸਾਨਾਂ ਨੂੰ ਅਗਲੇ ਸੀਜਨ ਲਈ ਆਪਣੀ ਫਸਲ ਦੀ ਬਿਜਾਈ ਕਰਨ ਵਿਚ ਦੇਰ ਨਾ ਹੋਵੇ। ਸੂਬਾ ਸਰਕਾਰ ਦੇ ਇਸ ਕਦਮ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ, ਉੱਥੇ ਇਸ ਪਰਿਯੋਜਨਾ ਨਾਲ ਸੂਬੇ ਵਿਚ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਪੈਦਾ ਹੋਵੇਗਾ।

ਮੀਟਿੰਗ ਵਿਚ ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ, ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ, ਉਦਯੋਗ ਮੰਤਰੀ ਵਿਪੁਲ ਗੋਇਲ, ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ.ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ ਅਤੇ ਕਈ ਸੀਨੀਅਰ ਅਧਿਕਾਰੀ ਹਾਜ਼ਿਰ ਸਨ।