ਗੁਰਸ਼ਰਨ ਸਿੰਘ ਨਾਟ ਉਤਸਵ ਦਾ ਪੰਜਾਵਾਂ ਦਿਨ ‘ਹਜ਼ਾਰ ਚੌਰਾਸੀ ਦੀ ਮਾਂ’ ਨੇ ਵਿਵਸਥਾ ਤੇ ਕ੍ਰਾਂਤੀਕਾਰੀ ਲਹਿਰ ’ਤੇ ਉਠਾਏ ਗੰੜੀਰ ਸਵਾਲ.

 

 

ਚੰਡੀਗੜ੍ਹ, 25 ਨਵੰਬਰ  , ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਕਰਵਾਏ ਜਾ ਰਹੇ 14ਵੇਂ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਪੰਜਵੇਂ ਦਿਨ ਬੰਗਾਲੀ ਭਾਸ਼ਾ ਦੀ ਮਹਾਨ ਲੇਖਿਕਾ ਮਹਾਸ਼ਵੇਤਾ ਦੇਵੀ ਦੇ ਨਾਵਲ ‘ਹਜ਼ਾਰ ਚੌਰਾਸੀ ਦੀ ਮਾਂ’ ਦਾ ਨਾਟਕੀ ਰੂਪਾਂਤਰ ਪੇਸ਼ ਕੀਤਾ ਗਿਆ। ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਪੇਸ਼ ਨਾਟਕੀ ਰੂਪਾਂਤਰ ਤੇ ਨਿਰਦੇਸ਼ਨ ਸ਼ਬਦੀਸ਼ ਦਾ ਸੀ। ਇਸ ਨਾਟ ਉਤਸਵ ਨੂੰ ਮਨਿਸਟਰੀ ਆੱਫ ਕਲਚਰ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਹਰਿਆਣਾ ਕਲਚਰਲ ਅਫੇਅਰ ਵਿਭਾਗ ਤੇ ਪੰਜਾਬ ਕਲਾ ਪਰਿਸ਼ਦ ਦਾ ਸਹਿਯੋਗ ਸੀ।

ਇਹ ਨਾਟਕ ਨਕਸਲੀ ਲਹਿਰ ਦੇ ਸੁਪਨਸ਼ਲੀਲ ਨੌਜਵਾਨਾਂ ਦੀ ਗਾਥਾ ਹੈ, ਜਿਨ੍ਹਾਂ ਲਹਿਰ ਦੇ ਮੁਖੀ ਚਾਰੂ ਮਜੂਮਦਾਰ ਦੇ ਸ਼ਬਦ ‘ਮੁਕਤੀ ਦਾ ਦਹਾਕਾ’ ਨੂੰ ਕ੍ਰਾਤੀਕਾਰੀ ਹਾਲਾਤ ਤਸੱਵੁਰ ਕਰਦੇ ਹੋਏ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਅਤੇ ਹੁਕਮਰਾਨ ਜਮਾਤਾਂ ਦੇ ਭਿਆਨਕ ਤਸ਼ੱਦਦ ਦਾ ਸ਼ਿਕਾਰ ਹੋ ਗਏ। ਮਹਾਸ਼ਵੇਤਾ ਦੇਵੀ ਦੇ ਨਾਵਲ ਦਾ ਘਟਨਾਕ੍ਰਮ ਕਲਕੱਤਾ ਵਿੱਚ ਵਾਪਰਦਾ ਹੈ। ਨਾਟਕੀ ਰੂਪਾਂਤਰ ਦੀ ਕਹਾਣੀ ਇਸ ਅੰਦਾਜ਼ ਵਿੱਚ ਬਿਆਨ ਕੀਤੀ ਗਈ ਹੈ ਕਿ ਇਹ ਕਿਸੇ ਵੀ ਦੇਸ਼ ਜਾਂ ਕਿਸੇ ਵੀ ਸ਼ਹਿਰ ਦੀ ਸਚਾਈ ਹੋ ਸਕਦੀ ਹੈਜਿੱਥੇ ਮੁਕਤੀ ਲਈ ਚਲਦਾ ਸੰਘਰਸ਼ ਹੁਕਮਰਾਨ ਜਮਾਤਾਂ ਨੇ ਬੇ-ਰਹਿਮੀ ਨਾਲ਼ ਦਬਾ ਦਿੱਤਾ ਹੈ। ਉਹਨਾਂ ਸ਼ਹਾਦਤੀ ਦਿਨਾਂ ਦਾ ਸੇਕ ਤੇ ਪੀੜਾ ਹੀ ਹੈ, ਜੋ ਹਾਲੇ ਵੀ ਕੁਝ ਕੁ ਲੋਕਾਂ ਦੇ ਸੀਨੇ ਵਿੱਚ ਜਾਗਦੀ ਹੈ। ਇਸ ਪੀੜਾ ਨੂੰ ਨਾਟਕ ਮਾਵਾਂ ਦੇ ਦਰਦ ਸਦਕਾ ਦਰਸਾਉਂਦਾ ਹੈ, ਜਿਨ੍ਹਾਂ ਨੂੰ ਆਪਣੇ ਪੁੱਤਰਾਂ ਦੇ ਸਿਆਸੀ ਸਰੋਕਾਰਾਂ ਦੀ ਸੋਝੀ ਸ਼ਹਾਦਤਾਂ ਤੋਂ ਬਾਅਦ ਹੁੰਦੀ ਹੈ। ਇਹ ਉਸ ਵੇਲ਼ੇ ਦਾ ਸੱਚ ਹੈ, ਜਦੋਂ ਸ਼ਹਿਰ ਵਾਸੀ ਕੁਰਬਾਨ ਹੋਏ ਨੌਜਵਾਨਾਂ ਨੂੰ ਭੁੱਲ ਚੁੱਕੇ ਹਨ ਜਾਂ ਫਿਰ ਸੱਤਾ ਦੀ ਭਾਸ਼ਾ ਬੋਲਦੇ ਦਹਿਸ਼ਤਪਸੰਦ ਦੱਸ ਰਹੇ ਹਨ।

ਇਸ ਨਾਟਕ ਦੀ ਕਹਾਣੀ ਸੁਜਾਤਾ ਚੈਟਰਜੀ (ਅਨੀਤਾ ਸ਼ਬਦੀਸ਼) ਦੁਆਲੇ ਘੁੰਮਦੀ ਹੈ, ਜਿਸਦਾ 20 ਸਾਲਾ ਪੁੱਤਰ ਵ੍ਰਤੀ (ਅਰਮਾਨ ਸੰਧੂ) ਆਪਣੇ ਚਾਰ ਸਾਥੀਆਂ ਨਾਲ਼ ਪੁਲਿਸ ਅਤੇ ਸੱਤਾਧਾਰੀਆਂ ਦੇ ਗੁੰਡਾ ਗ੍ਰੋਹ ਹੱਥੋਂ ਕਤਲ ਹੋ ਜਾਂਦਾ ਹੈ। ਉਹ 17 ਜਨਵਰੀ ਦੀ ਰਾਤ ਸੀ ਅਤੇ 20 ਸਾਲ ਪਹਿਲਾਂ ਇਸੇ ਦਿਨ ਉਸਦਾ ਜਨਮ ਹੋਇਆ ਸੀ। ਨਾਟਕੀ ਕਹਾਣੀ ਇਸ ਗੱਲ ’ਤੇ ਕੇਂਦਰਤ ਹੈ ਕਿ ਦੋ ਸਾਲ ਬਾਅਦ ਇਸੇ ਦਿਨ ਉਸਦੀ ਭੈਣ ਤੁਲੀ ( ਸੁਖਮਨ ਸਿੱਧੂ) ਦੀ ਮੰਗਣੀ ਦਾ ਜਸ਼ਨ ਹੋ ਰਿਹਾ ਹੈ। ਸੁਜਾਤਾ ਸ਼ਹਾਦਤ ਦੀ ਰਾਤ ਦਾ ਚੇਤਾ ਕਰ ਰਹੀ ਹੈ, ਜਦੋਂ ਉਸਦਾ ਪਤੀ ਦਿਵਯਨਾਥ (ਮੁਕੇਸ਼ ਚੰਦੇਲੀਆ) ਪੁੱਤਰ ਦੀ ਲਾਸ਼ ਪਛਾਨਣ ਜਾਣ ਦੀ ਥਾਂ ਆਪਣੀ ਝੂਠੀ ਸ਼ਾਨ ਲਈ ਪ੍ਰੈਸ ਵਿੱਚ ਛਪਣ ਵਾਲ਼ੀ ਖ਼ਬਰ ਰੁਕਵਾਏ ਜਾਣ ਲਈ ਭੱਜ-ਦੌੜ ਕਰ ਰਿਹਾ ਹੈ। ਇਹ ਯਤਨ ਨੌਜਵਾਨਾਂ ਦੇ ਕਾਤਲ ਸਰੋਜਪਾਲ (ਮਨਦੀਪ ਮਨੀ) ਰਾਹੀਂ ਹੋ ਰਹੇ ਸਨ ਅਤੇ ਦੋ ਸਾਲ ਬਾਅਦ ਉਹ ਤੁਲੀ ਦੀ ਮੰਗਣੀ ਦੇ ਜਸ਼ਨ ਵਿੱਚ ਵੀ ਸ਼ਾਮਲ ਹੋਣ ਵਾਲ਼ਾ ਹੈ।

ਇਸ ਨਾਟਕ ਵਿੱਚ ਸ਼ਹਾਦਤ ਦੇ ਗਏ ਸਮੂ ਦੀ ਮਾਂ ( ਸੁਸ਼ਮਾ ਗਾਂਧੀ) ਅਹਿਮ ਕਿਰਦਾਰ ਹੈ, ਜਿਸਦਾ ਘਰ ਗ਼ਰੀਬੀ ਦੇ ਨਰਕ ਦੀ ਤਸਵੀਰ ਹੈ। ਇਸ ਤੋਂ ਮੁਕਤੀ ਲਈ ਹੀ ਸਮੂ ਬਾਗ਼ੀ ਬਾਗ਼ੀ ਹੋ ਗਿਆ ਸੀ। ਵ੍ਰਤੀ ਵਰਗੇ ਲੋਕਾਂ ਦੇ ਖਾਂਦੇ-ਪੀਂਦੇ ਘਰਾਂ ਦਾ ਨਰਕ ਵੱਖਰੀ ਸਚਾਈ ਹੈ, ਜਿਸਨੂੰ ਨਾਟਕ ਬਿਆਨ ਕਰ ਰਿਹਾ ਹੈ। ਇਸ ਨਾਟਕ ਵਿੱਚ ਇੱਕੋ-ਇੱਕ ਸਿਆਸੀ ਕਿਰਦਾਰ ਨੰਦਨੀ (ਰਿਚਾ ਕੌਂਡਲ) ਹੈ, ਜੋ ਸੰਘਰਸ਼ ਦੇ ਜੋਸ਼ੀਲਾ ਦੌਰ ਗੁਜ਼ਰਨ ਪਿੱਛੋਂ ਕ੍ਰਾਂਤੀਕਾਰੀ ਤਬਦੀਲੀ ਲਈ ਵਿਚਾਰਧਾਰਕ ਸੰਘਰਸ਼ ਬਾਬਤ ਸੋਚ ਰਹੀ ਹੈ। ਨਾਟਕ ਆਪਣੇ ਸਿਖ਼ਰ ਵੱਲ ਉਸ ਵਕਤ ਵਧਦਾ ਹੈ, ਜਦੋਂ ਸੁਜਾਤਾ ਦੇ ਦਰਦ ਨੂੰ ਪਤੀ ਦਿਵਯਨਾਥ ਅਪੈਂਡਿਕਸ ਫਟ ਜਾਣ ਦੇ ਫਰੇਬੀ ਸ਼ਬਦਾਂ ਵਿੱਚ ਬਿਆਨ ਕਰਦਾ ਹੈ। ਮਾਂ ਸ਼ਹੀਦ ਹੋਏ ਵ੍ਰਤੀ ਦੀ ਹੋਂਦ ਮਹਿਸੂਰ ਕਰਦੀ ਹੈ ਅਤੇ ਆਪਣੇ ਪੁੱਤਰ ਕੋਲ਼ੋਂ ਸ਼ਾਂਤੀ ਤੇ ਜਸ਼ਨ ਦੇ ਅਸਲੀ ਅਰਥ ਪੁੱਛਦੀ ਹੈ। ਉਹ ਇਸਦੇ ਅਰਥ ਦੱਸਦੇ ਹੋਏ ਦੇਸ਼ ਤੇ ਸਮਾਜ ਦੇ ਅਪੈਂਡਿਕਸ ਲਈ ਵੱਡੇ ਅਪਰੇਸ਼ਨ ਦਾ ਸੱਦਾ ਵੀ ਦਿੰਦਾ ਹੈ ਤੇ ਫਿਰ ਅਚਾਨਕ ਗਵਾਚ ਜਾਂਦਾ ਹੈ। ਇਸ ਨਾਟਕ ਦਾ ਸੰਗੀਤ ਦਿਲਖ਼ੁਸ਼ ਥਿੰਦ ਨੇ ਤਿਆਰ ਕੀਤਾ ਸੀ ਅਤੇ ਗਾਇਨ ਸਲੀਮ ਸਿਕੰਦਰ ਦਾ ਸੀ। ਇਸਦਾ ਸੈੱਟ ਡਾ. ਲੱਖਾ ਲਹਿਰੀ ਨੇ ਡਿਜ਼ਾਇਨ ਕੀਤਾ ਸੀ। ਲਾਈਟ ਡਿਜ਼ਾਇਨਿੰਗ ਲਵੀ ਖੱਤਰੀ ਦੀ ਸੀ।

Share