ਗੁਰਸ਼ਰਨ ਸਿੰਘ ਨਾਟ ਉਤਸਵ ਦਾ ਤੀਜ਼ਾ ਦਿਨ ‘ਬਸ਼ੀਰਾਂ’ ਨੇ ਮਜ੍ਹਬ ਅਤੇ ‘ਕੰਮੀਆਂ ਦਾ ਵਿਹੜਾ’ ਨੇ ਦਿੱਤੀ ਜ਼ੋਰਾਵਰਾਂ ਨੂੰ ਚੁਣੌਤੀ.

 

 

ਚੰਡੀਗੜ੍ਹ, 24 ਨਵੰਬਰ  ( ………….. ) ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਕਰਵਾਏ ਜਾ ਰਹੇ 14ਵੇਂ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਚੌਥੇ ਦਿਨ ਰਮਨ ਢਿਲੋਂ ਦੇ ਨਿਰਦੇਸ਼ਨ ਹੇਠ ਜਗਦੇਵ ਢਿਲੋਂ ਦਾ ਨਾਟਕ ‘ਬਸ਼ੀਰਾਂ’ ਅਤੇ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਗੁਰਸ਼ਰਨ ਸਿੰਘ ਦੀ ਥੜ੍ਹਾ ਥੀਏਟਰ ਸ਼ੈਲੀ ਦਾ ਨਾਟਕ ‘ਕੰਮੀਆਂ ਦਾ ਵਿਹੜਾ’ ਪੇਸ਼ ਕੀਤੇ ਗਏ। ਇਹ ਦੋਵੇਂ ਨਾਟਕ ਭਾਰਤੀ ਸਭਿਆਚਾਰ ਦੇ ਪੇਂਡੂ ਜੀਵਨ ਵਿੱਚ ਇਸਤਰੀ ਅਤੇ ਜਾਤੀਵਾਦ ਦੇ ਸ਼ਿਕਾਰ ਦਲਿਤ ਸਮਾਜ ਦੀ ਆਵਾਜ਼ ਬਣਦੇ ਹਨ। ਇਸ ਨਾਟ ਉਤਸਵ ਨੂੰ ਮਨਿਸਟਰੀ ਆੱਫ ਕਲਚਰ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਹਰਿਆਣਾ ਕਲਚਰਲ ਅਫੇਅਰ ਵਿਭਾਗ ਤੇ ਪੰਜਾਬ ਕਲਾ ਪਰਿਸ਼ਦ ਦਾ ਸਹਿਯੋਗ ਸੀ।

‘ਜਗਦੇਵ ਢਿੱਲੋਂ ਦੇ ਨਾਟਕ ’ਬਸ਼ੀਰਾਂ’ ਦੀ ਨਾਟਕੀ ਸਥਿਤੀ ਇੱਕ ਮੁਸਲਿਮ ਕੁੜੀ ਦੇ ਸੰਕਟ ਦੁਆਲੇ ਬੁਣੀ ਗਈ ਹੈ, ਜਿਸਨੂੰ ਹਾਲਾਤ ਦੇ ਦਬਾਅ ਹੇਠ ਦੋ ਵਾਰ ਨਿਕਾਹ ਕਰਨਾ ਪੈਂਦਾ ਹੈ ਅਤੇ ਉਸਦੇ ਮਨ ਅੰਦਰ ਦੋਵਾਂ ਲਈ ਮੁਹੱਬਤ ਸਮੋਈ ਹੋਈ ਹੈ। ਉਹ ਨਵੇਂ ਪਤੀ (ਨਸੀਰ) ਦੇ ਘਰ ਸੁੱਖੀਂ-ਸਾਂਦੀ ਵੱਸ ਰਹੀ ਸੀ, ਜਦੋਂ ਅਚਾਨਕ ਉਸਦਾ ਸਾਬਕਾ ਖ਼ਾਵੰਦ ਹਮੀਦ (ਰਜਿਤ) ਆ ਜਾਂਦਾ ਹੈ। ਉਹ ਪੰਜ ਸਾਲ ਪਹਿਲਾਂ ‘ਦੁਸ਼ਮਣ ਦੇਸ਼’ ਖ਼ਿਲਾਫ਼ ਮੈਦਾਨ-ਏ-ਜੰਗ ਵਿੱਚ ਗਾਇਬ ਹੋ ਗਿਆ ਸੀ। ਉਸਦਾ ਇੰਤਜ਼ਾਰ ਘਰ-ਪਰਿਵਾਰ ਦੇ ਜੀਅ ਲੰਮਾ ਸਮਾਂ ਇੰਤਜ਼ਾਰ ਕਰਦੇ ਹਨ ਅਤੇ ਸ਼ਹਾਦਤ ਦੀ ਸੂਚਨਾ ਬਾਅਦ ਬਸ਼ੀਰਾਂ ਦਾ ਹਮੀਦ ਨਾਲ਼ ਨਿਕਾਹ ਪੜ੍ਹਾ ਦਿੱਤਾ ਜਾਂਦਾ ਹੈ। ਉਹ ਤਿੰਨ ਮਹੀਨੇ ਤੋਂ ਗਰਭਵਤੀ ਹੁੰਦੀ ਹੈ, ਜਦੋਂ ਪਹਿਲਾ ਖ਼ਾਵੰਦ ਅਚਾਨਕ ਵਾਪਸ ਆ ਜਾਂਦਾ ਹੈ। ਇਹ ਫ਼ੌਜੀ, ਜੋ ‘ਦੁਸ਼ਮਣ ਦੇਸ਼’ ਦੀ ਕੈਦ ਵਿੱਚ ਭਾਰੀ ਤਸ਼ੱਦਦ ਸਹਿ ਕੇ ਵਾਪਸ ਆਇਆ ਹੈ, ਮੁਸਲਮਾਨਾਂ ਦੀ ਦੇਸ਼ਭਗਤੀ ’ਤੇ ਸ਼ੱਕ ਕਰਦੀ ਸੌੜੀ ਮਨੋਦਸ਼ਾ ਲਈ ਕਰਾਰਾ ਜਵਾਬ ਦਿੰਦਾ ਹੈ, ਹਾਲਾਂਕਿ ਖ਼ਾਵੰਦ ਵਜੋਂ ਉਸਦਾ ਰਵੱਈਆ ਭਾਰਤੀ ਪਤੀ ਵਰਗਾ ਹੀ ਹੈ।

‘ਬਸ਼ੀਰਾਂ’ (ਰਮਨ ਢਿਲੋਂ) ਲਈ ਪਹਿਲੇ ਖ਼ਾਵੰਦ ਦੀ ਵਾਪਸੀ ਦਾ ਸੱਚ ਹੀ ਗੰਭੀਰ ਸਮੱਸਿਆ ਸੀ, ਜੋ ਹੋਰ ਵੀ ਭਾਰੀ ਮਾਨਸਕ ਤਸ਼ੱਦਦ ਵਿੱਚ ਬਦਲ ਜਾਂਦੀ ਹੈ, ਜਦੋਂ ਦੋਵੇਂ ਖ਼ਾਵੰਦ ਅਸਲ ਹੱਕਦਾਰ ਹੋਣ ਦਾ ਦਾਅਵਾ ਜਮਾਉਣ ਲੱਗਦੇ ਹਨਇਸ ਹੱਕਦਾਰੀ ਵਿੱਚ ਨਿਕਾਹ ਪੜ੍ਹਾ ਚੁੱਕੇ ਮਜ੍ਹਬੀ ਰਹਿਨੁਮਾ ਵੀ ਸ਼ਾਮਲ ਹੋ ਜਾਂਦੇ ਹਨ ਇਸ ਬਹਿਸ ਦਾ ਫ਼ੈਸਲਾ ਬਸ਼ੀਰਾਂ ਨੂੰ ਪਹਿਲੇ ਪਤੀ ਦੇ ਹਵਾਲੇ ਕਰਨ ਤੇ ਬੱਚਾ ਜੰਮਣ ਪਿੱਛੋਂ ਨਵੇਂ ਖ਼ਾਵੰਦ ਨੂੰ ਸੌਂਪਣ ਦਾ ਫ਼ਰਮਾਨ ਹੋ ਜਾਂਦਾ ਹੈ। ਬੱਚੇ ਦੇ ਜਨਮ ਤੱਕ ਉਸਨੂੰ ਆਪਣੇ ਅੱਬਾ ਦੇ ਘਰ ਜਾਣਾ ਪਵੇਗਾ, ਜਿਸ ਦੌਰਾਨ ਹੋਣ ਵਾਲ਼ਾ ਸਾਰਾ ਖਰਚ ਦੋਵੇਂ ਖ਼ਾਵੰਦ ਅਦਾ ਕਰਨਗੇ।  

ਨਾਟਕ ਦੀ ਕਹਾਣੀ ਅਚਨਾਕ ਮੋੜ ਲੈਂਦੀ ਹੈ, ਜਦੋਂ ਖ਼ਾਮੋਸ਼ ਬੈਠੀ ਬਸ਼ੀਰਾਂ ਆਪਣਾ ਫ਼ੈਸਲਾ ਸੁਣਾ ਦਿੰਦੀ ਹੈ। ਉਹ ਆਪਣੇ ਸਿਰ ’ਤੇ ਧਰੀਆਂ ਦਾਅਵੇਦਾਰਾਂ ਦੀਆਂ ਚੁੰਨੀਆਂ ਉਤਾਰ ਕੇ ਸਵਾਲ ਕਰਦੀ ਹੈ ਕਿ ਜੇ ਇਸਲਾਮ ਨੂੰ ਨਿਕਾਹ ਵੇਲ਼ੇ ਔਰਤ ਦੇ ‘ਕਾਬੂਲ ਹੈ’ ਆਖੇ ਬਿਨਾ ਸ਼ਾਦੀ ਪ੍ਰਵਾਨ ਨਹੀਂ ਹੈ, ਤਾਂ ਹੁਣ ਉਸਦੇ ਮਨ ਦੀ ਆਵਾਜ਼ ਕਿਵੇਂ ਅਣਸੁਣੀ ਕੀਤੀ ਜਾ ਸਕਦੀ ਹੈ ? ਉਹ ਇਹ ਵੀ ਐਲਾਨ ਕਰਦੀ ਹੈ ਕਿ ਉਹ ਕਿਸੇ ਨਿਰਜੀਵ ਵਸਤੂ ਜਾਂ ਮਾਲ ਡੰਗਰ ਵਾਂਗ ਕਿਸੇ ਵੀ ਖ਼ਾਵੰਦ ਜਾਂ ਅੱਬਾ ਦੀ ਜਾਇਦਾਦ ਨਹੀਂ ਹੈ। ਉਹ ਭਵਿੱਖ ਦਾ ਫ਼ੈਸਲਾ ਆਪਣੇ ਹੋਣ ਵਾਲ਼ੇ ਬੱਚੇ ਨਾਲ਼ ਜੀਵਨ ਜੀਣ ਦਾ ਕਰਦੀ ਹੈ। ਇਸ ਤਰ੍ਹਾਂ ਨਾਟਕ ਇਸਲਾਮ ਦੇ ਨਾਂ ’ਤੇ ਮੜ੍ਹੀ ਜਾਂਦੀ ਸ਼ਰਾਅ ਨੂੰ ਗੰਭੀਰ ਚੁਨੌਤੀ ਦੇਣ ਵਿੱਚ ਸਫ਼ਲ ਹੁੰਦਾ ਹੈ।

 

ਕੰਮੀਆਂ ਦਾ ਵਿਹੜਾ

ਗੁਰਸ਼ਰਨ ਸਿੰਘ ਨਾਟ ਉਤਸਵ ਦੇ ਚੌਥੇ ਦਿਨ ਦਾ ਦੂਜਾ ਨਾਟਕ ਨਾਟਕਕਾਰ ਦੀ ਥੜ੍ਹਾ ਥੀਏਟਰ ਸ਼ੈਲੀ ਵਿੱਚ ਪੇਸ਼ ਕੀਤਾ ਗਿਆ। ਚੰਡੀਗੜ੍ਹ ਸਕੂਲ ਆੱਫ ਡਰਾਮਾ ਦੀ ਟੀਮ ਵੱਲੋਂ ਖੇਡੇ ਗਏ ਨਾਟਕ ਦਾ ਨਿਰਦੇਸ਼ਨ ਇਕੱਤਰ ਸਿੰਘ ਨੇ ਕੀਤਾ ਹੈ। ਇਹ ਨਾਟਕ ‘ਕੰਮੀਆਂ ਦਾ ਵਿਹੜਾ’ ਸੀ, ਜੋ ਬੀਤੇ ਸਦੀ ਦੇ ਆਖਰੀ ਸਾਲਾਂ ਦੌਰਾਨ ਬਹੁਤ ਹੀ ਚਰਚਿਤ ਸੀ ਅਤੇ ਅੱਜ ਵੀ ਪ੍ਰਸੰਗਕ ਹੈ। ਇਹ ਨਾਟਕ ਨਾਟਕ ਕੰਮੀ-ਕਮੀਣ ਸਮਝੇ ਜਾਂਦੇ ਲੋਕਾਂ ਅੰਦਰ ਨਵੀਂ ਚੇਤਨਾ ਪੈਦਾ ਕਰਨ ਵਾਲ਼ਾ ਨਾਟਕ ਹੈ। ਇਸ ਨਾਟਕ ਦੇ ਗ਼ਰੀਬ-ਗੁਰਬੇ ਪਿੰਡ ਦੇ ਜ਼ੋਰਾਵਰਾਂ ਨਾਲ਼ ਟੱਕਰ ਲੈਂਦੇ ਹਨ। ਇਸ ਟੱਕਰ ਦੌਰਾਨ ਸਪੀਕਰਾਂ ’ਤੇ ਚਲਦੇ ਪਾਪੂਲਰ ਕਲਚਰ ਦੇ ਬਦਲ ਵਜੋਂ ਕ੍ਰਾਂਤੀਕਾਰੀ ਪ੍ਰੇਰਣਾ ਦੇਣ ਵਾਲ਼ੇ ਗੀਤਾਂ ਹਰਮਨਪਿਆਰਾ ਬਣਾਏ ਜਾਣ ਦਾ ਇੱਛਤ ਯਥਾਰਥ ਵੀ ਹੈ। ਇਹ ਨਾਟਕ ਹੁਕਮਰਾਨ ਜਮਾਤਾਂ ਦੇ ਕਲਚਰ ਖ਼ਿਲਾਫ਼ ਬਦਲਵੇਂ ਲੋਕ ਸਭਿਆਚਾਰ ਦੇ ਦਾਅਵੇਦਾਰਾਂ ਲਈ ਵੀ ਸਵਾਲ ਪੈਦਾ ਕਰਦਾ ਹੈ ਕਿ ਇੱਛਤ ਯਥਾਰਥ ਕਦੋਂ ਤੱਕ ਇੱਛਤ ਹੀ ਰਹੇਗਾ ?

………………… 0 ………………….

 


ਬਸ਼ੀਰਾਂ

ਜੈਨਬ         :   ਡਾ. ਕੁਲਬੀਰ ਵਿਰਕ

ਨਸੀਰ        :   ਜਸਬੀਰ ਢਿਲੋਂ

ਰਜ਼ੀਆ       :   ਸੁਖਮਨ ਸਿੱਧੂ

ਬਸ਼ੀਰਾਂ       :   ਰਮਨ ਢਿਲੋਂ

ਫਜ਼ਲਦੀਨ    :   ਰੰਜੀਵਨ ਸਿੰਘ

ਹਮੀਦ        :   ਰਜਿਤ ਬੈਂਸ

ਮੌਲਵੀ        :   ਮਨਦੀਪ ਮਨੀ   

ਕਾਜ਼ੀ         :   ਬਲਕਾਰ ਸਿੱਧੂ

ਪੀਰੂ          :   ਹਰਗੁਨ

ਸ਼ੀਦਾ          :   ਨਿਵੇਸ਼ ਸ਼ਰਮਾ

ਬਜ਼ੁਰਗ      :   ਜੈਲੀ ਵਾਰਵਲ

 

 

ਕੰਮੀਆਂ ਦਾ ਵਿਹੜਾ

ਜਗੀਰ        :   ਰਣਦੀਪ

ਜੱਗਾ          :   ਮਾਈਕਲ

ਬਿਸ਼ਨੀ       :   ਪ੍ਰਭਜੋਤ

ਜਵਾਲਾ ਸਿੰਘ :   ਹਰਵਿੰਦਰ ਔਜਲਾ

ਸੁੱਚਾ ਸਿੰਘ    :   ਇਕੱਤਰ ਸਿੰਘ

Share