ਅਜਮੇਰ ਸਿੰਘ ਔਲਖ ਨੂੰ ਸਮਰਪਤ ਹੋਵੇਗਾ ‘ਗੁਰਸ਼ਰਨ ਸਿੰਘ ਨਾਟ ਉਤਸਵ’ 21 ਤੋਂ 25 ਨਵੰਬਰ ਤੱਕ ਹੋ ਰਹੇ ਨਾਟ ਉਤਸਵ ਵਿੱਚ ਪੇਸ਼ ਹੋਣਗੇ ਛੇ ਨਾਟਕ

ਮੋਹਾਲੀ, 16 ਨਵੰਬਰ

ਸੁਚੇਤਕ ਰੰਗਮੰਚ ਮੋਹਾਲੀ, ਜਿਸਨੇ 2004 ਵਿੱਚ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦਾ ਆਗਾਜ਼ ਕੀਤਾ ਸੀ, ਆਪਣਾ 14ਵਾਂ ਨਾਟ-ਉਤਸਵ ਕਰਨ ਜਾ ਰਿਹਾ ਹੈ। ਇਹ ਪੰਜ ਦਿਨਾ ‘ਗੁਰਸ਼ਰਨ ਸਿੰਘ ਨਾਟ ਉਤਸਵ’ ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿੱਚ 21 ਤੋਂ 25 ਨਵੰਬਰ ਤੱਕ ਕੀਤਾ ਜਾਵੇਗਾ, ਜਿਸ ਵਿੱਚ ਛੇ ਨਾਟਕ (ਰੋਜ਼ਾਨਾ 6:30 ਵਜੇ) ਖੇਡੇ ਕੀਤੇ ਜਾਣਗੇ। ਸੁਚੇਤਕ ਰੰਗਮੰਚ ਦੀ ਪ੍ਰਧਾਨ ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ ਇਹ ਨਾਟ ਉਤਸਵ ਮਨਿਸਟਰੀ ਆੱਫ ਕਲਚਰ, ਹਰਿਆਣਾ ਕਲਚਰਲ ਅਫੇਅਰ ਡਿਪਾਰਟ ਤੇ ਪੰਜਾਬ ਆਰਟਸ ਕੌਂਸਿਲ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਹੈ।

ਇਸ ਵਾਰ ਦਾ ‘ਗੁਰਸ਼ਰਨ ਸਿੰਘ ਨਾਟ- ਉਤਸਵ’ ਮਰਹੂਮ ਨਾਟਕਕਾਰ ਤੇ ਨਾਟਕ ਨਿਰਦੇਸ਼ਕ ਅਜਮੇਰ ਸਿੰਘ ਔਲਖ ਨੂੰ ਸਪਰਪਤ ਹੋਵੇਗਾ ਤੇ ਨਾਟ- ਉਤਸਵ ਦਾ ਆਗਾਜ਼ ਵੀ ਉਨ੍ਹਾਂ ਦੇ ਨਾਟਕ ‘ਸੁੱਕੀ ਕੁੱਖ’ ਨਾਲ਼ ਹੋਵੇਗਾ, ਜਿਸਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਕਰ ਰਹੇ ਹਨ। ਇਹ ਨਾਟਕ ਪੰਜਾਬ ਦੇ ਖੇਤ ਮਜ਼ਦੂਰਾਂ ਦੇ ਜੀਵਨ ਦੀ ਗਾਥਾ ਹੈ, ਜਿਨ੍ਹਾਂ ਦਾ ਜੀਵਨ ਅੰਤਾਂ ਦੀਆਂ ਤੰਗੀਆਂ-ਤੁਰਸ਼ੀਆਂ ਤੇ ਵਹਿਮਾਂ-ਭਰਮਾਂ ਵਿੱਚ ਬੀਤਦਾ ਹੈ। ਉਨ੍ਹਾਂ ਦੀਆਂ ਔਰਤਾਂ ਮਰਦ ਪ੍ਰਧਾਨ ਸਮਾਜ ਦੇ ਤਸ਼ੱਦਦ ਦਾ ਸ਼ਿਕਾਰ ਹੁੰਦੀਆਂ ਹਨ ਤੇ ਕਿਸੇ ਹੋਰ ਔਰਤ ਨੂੰ ‘ਸੁੱਕੀ ਕੁੱਖ’ ਦੇ ਤਾਅਨੇ-ਮਿਹਣੇ ਮਾਰ ਕੇ ਮਾਨਸਕ ਤਸ਼ੱਦਦ ਕਰਦੀਆਂ ਹਨ।

ਇਸ ਨਾਟ-ਉਤਸਵ ਦੇ ਦੂਜੇ ਦਿਨ ਸਾਰਥਕ ਰੰਗਮੰਚ ਪਟਿਆਲਾ ਦੀ ਟੀਮ ‘ਮਾਇਆਵੀ ਸਰੋਵਰ’ ਨਾਟਕ ਪੇਸ਼ ਕਰੇਗੀ। ਇਹ ਹਿੰਦੀ ਦੇ ਪ੍ਰਸਿੱਧ ਨਾਟਕਕਾਰ ਸ਼ੰਕਰ ਸ਼ੇਸ਼ ਦੀ ਰਚਨਾ ਹੈ, ਜਿਸਦਾ ਪੰਜਾਬੀ ਰੂਪਾਂਤਰ ਡਾ. ਲੱਖਾ ਲਹਿਰੀ ਨੇ ਤਿਆਰ ਕੀਤਾ ਹੈ ਅਤੇ ਉਹ ਨਾਟਕ ਦੇ ਨਿਰਦੇਸ਼ਕ ਵੀ ਹਨ। 23 ਨਵੰਬਰ ਨੂੰ ਇੱਕ ਵਾਰ ਫਿਰ ਪ੍ਰੋ. ਅਜਮੇਰ ਸਿੰਘ ਔਲਖ ਦਾ ਨਾਟਕ ‘ਸੱਤ ਬਿਗਾਨੇ’ ਹੋਵੇਗਾ, ਜਿਸਨੂੰ ਇਕੱਤਰ ਸਿੰਘ ਨੇ ਚੰਡੀਗੜ੍ਹ ਸਕੂਲ ਆੱਫ ਡਰਾਮਾ ਦੀ ਟੀਮ ਲਈ ਨਿਰਦੇਸ਼ਤ ਕੀਤਾ ਹੈ। ਇਹ ਟੀਮ ਨਾਟ ਉਤਸਵ ਦੇ ਚੌਥੇ ਦਿਨ ਸ੍ਰ. ਗੁਰਸ਼ਰਨ ਸਿੰਘ ਦਾ ਨਾਟਕ ‘ਕੰਮੀਆਂ ਦਾ ਵਿਹੜਾ’ ਵੀ ਪੇਸ਼ ਕਰੇਗੀ। ਇਸੇ ਦਿਨ ਸੁਚੇਤਕ ਰੰਗਮੰਚ ਮੋਹਾਲੀ ਲਈ ਰਮਨ ਢਿੱਲੋਂ ਦੀ ਨਿਰਦੇਸ਼ਨਾ ਹੇਠ ਜਗਦੇਵ ਢਿੱਲੋਂ ਦਾ ਨਾਟਕ ‘ਬਸ਼ੀਰਾਂ’ ਹੋਵੇਗਾ, ਜਿਸਨੂੰ ਇੱਕੋ ਵੇਲ਼ੇ ਦੋ ਖ਼ਾਵੰਦ ਆਪਣੀ ਜਾਇਦਾਦ ਸਮਝਦੇ ਹੋਏ ਸੰਘਰਸ਼ ਕਰ ਰਹੇ ਹਨ ਤੇ ਉਹ ਦੋਵਾਂ ਦੇ ਪਿਆਰ ਵਿੱਚ ਮਾਨਸਕ ਪੀੜਾ ਹੰਢਾ ਰਹੀ ਹੈ। ਉਹ ਅੰਤ ਵਿੱਚ ਕੀ ਫ਼ੈਸਲਾ ਲੈਂਦੀ ਹੈ, ਇਹ ਸਵਾਲ ਦਾ ਜਵਾਬ ਹੀ ਨਾਟਕ ਦਾ ਸਿਖ਼ਰ ਹੈ।

ਇਸ ਨਾਟ-ਉਤਸਵ ਦੇ ਆਖਰੀ ਦਿਨ ਆਖਰੀ ਦਿਨ ਮਰਹੂਮ ਬੰਗਾਲੀ ਲੇਖਿਕਾ ਮਹਾਸ਼ਵੇਤਾ ਦੇਵੀ ਦੇ ਨਾਵਲ ‘ਹਜ਼ਾਰ ਚੌਰਾਸੀ ਦੀ ਮਾਂ’ ਦਾ ਨਾਟਕੀ ਰੂਪਾਂਤਰਕਾਰ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਜਾਵੇਗਾ। ਇਹ ਨਾਟਕ ਉਨ੍ਹਾਂ ਕ੍ਰਾਂਤੀਕਾਰੀ ਨੌਜਵਾਨਾਂ ਨੂੰ ਸਮਰਪਤ ਹੈ, ਜਿਨ੍ਹਾਂ ਭਾਰਤੀ ਲੋਕਾਂ ਦੀ ਮੁਕਤੀ ਲਈ ਸੰਘਰਸ਼ ਕੀਤਾ ਤੇ ਬਿਹਤਰ ਭਵਿੱਖ ਦਾ ਸੁਪਨਾ ਲੈਣ ਵਾਲ਼ੇ ਲੋਕਾਂ ਦੀਆਂ ਯਾਦਾਂ ਦਾ ਸਰਮਾਇਆ ਬਣ ਗਏ ਹਨ।

Share