ਕਲਾ ਬਾਰੇ ਲਿਖਣ ਵਾਲੇ ਪੱਤਰਕਾਰਾਂ, ਕੋਰਪੋਰੇਟ ਅਦਾਰਿਆਂ ਅਤੇ ਸਰਕਾਰੀ ਅਫ਼ਸਰਾਂ ਨੂੰ ਕਲਾ ਦੀਆਂ ਬਾਰੀਕੀਆਂ ਨਾਲ ਰੂਬਰੂ ਕਰਵਾਏਗੀ ਪੰਜਾਬ ਲਲਿਤ ਕਲਾ ਅਕਾਦਮੀ

ਚੰਡੀਗੜ੍ਹ, ੧੩ ਅਕਤੂਬਰ: ਇਕ ਕਲਾ-ਕਿਰਤ ਕਿਵੇਂ ਬਿਨਾਂ ਇਕ ਵੀ ਲਫਜ਼ ਬੋਲੇ ਬੇਹੱਦ ਸੂਖ਼ਮਤਾ ਨਾਲ ਡੂੰਘੇ ਸੁਨੇਹੇ ਦਿੰਦੀ ਹੋਈ ਸਿ ੱਧੀ ਰੂਹ ਵਿਚ ਉੱਤਰ ਸਕਦੀ ਹੈ, ਇਹ ਗੱਲ ਕਲਾ ਦੇ ਪਾਰਖੂ ਹੀ ਸਮਝ ਸਕਦੇ ਹਨ। ਮੀਡੀਆ ਵਿਚ ਕਲਾ ਅਤੇ ਸੱਭਿਆਚਾਰ ਬਾਰੇ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ, ਕਾਰਪੋਰੇਟ ਅਦਾਰਿਆਂ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਸਰਕਾਰੀ ਅਫ਼ਸਰਾਂ ਨੂੰ ਕਲਾ ਦੀਆਂ ਬਾਰੀਕੀਆਂ ਨਾਲ ਰੂਬਰੂ ਕਰਵਾਉਣ ਲਈ ਪੰਜਾਬ ਲਲਿਤ ਕਲਾ ਅਕਾਦਮੀ ਇਕ ਵਿੱਲਖਣ ਉਪਰਾਲਾ ਕਰਨ ਜਾ ਰਹੀ ਹੈ। ਪੰਜਾਬ ਲਲਿਤ ਕਲਾ ਅਕਾਦਮੀ ਦੀ ਦਿੱਲੀ ਆਰਟ ਗੈਲਰੀ. ਮਾਡਰਨ ਦੇ ਸਹਿਯੋਗ ਨਾਲ ੧੪ ਅਕਤੂਬਰ ਨੂੰ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ‘ਆਰਟ ਐਪਰੀਸਿਏਸ਼ਨ’ ਦੇ ਸਿਰਲੇਖ ਹੇਠ ਇਕ ਵਿਚਾਰ ਚਰਚਾ ਦਾ ਆਯੋਜਨ ਕਰ ਰਹੀ ਹੈ, ਜਿਸ ਵਿਚ ਮੰਨੇ-ਪ੍ਰਮੰਨੇ ਕਲਾ ਮਾਹਿਰ ਕਲਾ ਦੀਆਂ ਬਾਰੀਕੀਆਂ ਬਾਰੇ ਚਾਨਣਾ ਪਾਉਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮਾਨਾ ਨੇ ਦੱਸਿਆ, “ਇਸ ਵਿਚਾਰ ਚਰਚਾ ਦਾ ਪਹਿਲਾ ਸੈਸ਼ਨ ਸਵੇਰੇ ੧੧ ਵਜੇ ਤੋਂ ਦੁਪਹਿਰ ਡੇਢ ਵਜੇ ਤੱਕ ਹੋਵੇਗਾ। ਕਲਾ ਅਤੇ ਸੱਭਿਆਚਾਰ ਬਾਰੇ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਵਾਸਤੇ ਰੱਖੇ ਗਏ ਇਸ ਵਿਸ਼ੇਸ਼ ਸੈਸ਼ਨ ਵਿਚ ਨਾਮਵਰ ਕਲਾ ਮਾਹਿਰ ਆਧੁਨਿਕ ਭਾਰਤੀ ਕਲਾ ਦੇ ਸੰਖੇਪ ਇਤਿਹਾਸ ਉੱਪਰ ਚਾਨਣਾ ਪਾਉਣਗੇ, ਇਸ ਦੇ ਨਾਲ ਹੀ ਕਲਾ ਦੇ ਮਾਧਿਅਮਾਂ ਅਤੇ ਸਮੱਗਰੀ ਤੇ ਕਲਾ ਦੇ ਖੇਤਰ ਵਿਚ ਰੁਜ਼ਗਾਰ ਬਾਰੇ ਵੀ ਚਰਚਾ ਹੋਵੇਗੀ। ਇਹ ਸੈਸ਼ਨ ਪੱਤਰਕਾਰਾਂ ਅਤੇ ਕਲਾ ਬਾਰੇ ਲਿਖਣ ਵਾਲਿਆਂ ਲਈ ਬਹੁਤ ਮਹੱਤਵਪੂਰਨ ਹੋਵੇਗਾ।” ਇਸੇ ਲੜੀ ਦੇ ਦੂਸਰੇ ਸੈਸ਼ਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਸ਼ਾਮ ੪.੩੦ ਵਜੇ ਤੋਂ ਲੈ ਕੇ ਸ਼ਾਮ ੬ ਵਜੇ ਤੱਕ ਹੋਣ ਵਾਲਾ ਇਹ ਸੈਸ਼ਨ ਖ਼ਾਸ ਤੌਰ ‘ਤੇ ਕਾਰਪੋਰੇਟ ਵਿਚ ਕੰਮ ਕਰਨ ਵਾਲੇ ਕਲਾ-ਪ੍ਰੇਮੀਆਂ ਅਤੇ ਸਰਕਾਰੀ ਅਫ਼ਸਰਾਂ ਲਈ ਹੋਵੇਗਾ। ਇਸ ਸੈਸ਼ਨ ਵਿਚ ਚਰਚਿਤ ਕਲਾ ਮਾਹਿਰ ਕਲਾ-ਕਿਰਤਾਂ ਇਕੱਤਰ ਕਰਨ ਅਤੇ ਕਲਾ-ਕਿਰਤਾਂ ਵਿਚ ਨਿਵੇਸ਼ ਕਰਨ ਬਾਰੇ ਦਿਲਚਸਪ ਅਤੇ ਮੁੱਲਵਾਨ ਜਾਣਕਾਰੀ ਦੇਣਗੇ। ਇਸ ਤੋਂ ਬਾਅਦ ਸਾਰੇ ਹੀ ਦਰਸ਼ਕਾਂ ਨੂੰ ਸ਼ਾਮ ਨੂੰ ੬.੩੦ ਤੋਂ ੭.੩੦ ਵਜੇ ਤੱਕ ਪ੍ਰਸਿੱਧ ਕਲਾਕਾਰ ਮਨੂੰ ਪਾਰੇਖ ਅਤੇ ਮਾਧਵੀ ਪਾਰੇਖ ਦੇ ਰੂਬਰੂ ਕਰਵਾਇਆ ਜਾਵੇਗਾ, ਜਿਸ ਦੌਰਾਨ ਮੇਜ਼ਬਾਨ ਕਿਸ਼ੋਰ ਸਿੰਘ ਨਾਲ ਗੱਲਬਾਤ ਕਰਦੇ ਹੋਏ ਉਹ ਆਪਣੇ ਜੀਵਨ, ਕਲਾ ਅਤੇ ਭਾਰਤੀ ਅਧੁਨਿਕ ਕਲਾ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ। ਸ਼੍ਰੀ ਮਾਨਾ ਨੇ ਕਿਹਾ ਕਿ ਇਹ ਤਿੰਨੇ ਹੀ ਸੈਸ਼ਨ ਕਲਾ-ਪ੍ਰੇਮੀਆਂ ਲਈ ਇਕ ਯਾਦਗਾਰ ਅਨੁਭਵ ਵਾਲੇ ਸੈਸ਼ਨ ਹੋਣਗੇ, ਜੋ ਲੰਮੇ ਸਮੇਂ ਤੱਕ ਉਨ੍ਹਾਂ ਦੇ ਚੇਤਿਆਂ ਵਿਚ ਵੱਸ ਜਾਵੇਗਾ। ਉਨ੍ਹਾਂ ਸਮੂਹ ਕਲਾ-ਪ੍ਰੇਮੀਆਂ ਨੂੰ ਇਸ ਵਿਸ਼ੇਸ਼ ਉਪਰਾਲੇ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਕਲਾ-ਪ੍ਰੇਮੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਪੰਜਾਬ ਕਲਾ ਭਵਨ ਵਿਚ ਚੱਲ ਰਹੀ “੨੦ਵੀਂ ਸਦੀ ਦੇ ਭਾਰਤੀ ਕਲਾ ਬਿਰਤਾਂਤ” ਵਿਸ਼ੇ ਉੱਪਰ ਆਧਾਰਿਤ ਕਲਾ ਪ੍ਰਦਰਸ਼ਨੀ ਦਾ ਸਮਾਂ ਵਧਾ ਕੇ ਹੁਣ ੧੫ ਅਕਤੂਬਰ ਤੱਕ ਕਰ ਦਿੱਤਾ ਗਿਆ ਹੈ। ਕਲਾਪ੍ਰੇਮੀਆਂ ਦੇ ਉਤਸ਼ਾਹ ਨੂੰ ਦੇਖ ਕੇ ਕਲਾ-ਪ੍ਰਦਰਸ਼ਨੀ ਵਿਚ ਹਿੱਸਾ ਲੈ ਰਹੇ ਕਲਾਕਾਰ, ਅਟੇ ਆਯੋਜਕ ਵੀ ਬੇਹੱਦ ਖ਼ੁਸ਼ੀ ਮਹਿਸੂਸ ਕਰ ਰਹੇ ਹਨ।

Share