ਬਾਲੀਵੁੱਡ ਫਿਲਮ ‘ਯੇ ਹੈ ਇੰਡੀਆ’ ਦਾ ਟਰੇਲਰ ਹੋਇਆ ਰਿਲੀਜ਼, ਭਾਰਤ ਦੇ ਅਣਛੋਹੇ ਅਤੇ ਮਾਣਮੱਤੇ ਪੱਖਾਂ ਦੀ ਪੇਸ਼ਕਾਰੀ ਕਰੇਗੀ ਫਿਲਮ.
ਚੰਡੀਗੜ੍ਹ ੭ ਜੁਲਾਈ: ਬਾਲੀਵੁੱਡ ਦੀ ੪ ਅਗਸਤ ਨੂੰ ਰਿਲੀਜ਼ ਹੋਣ ਵਾਲੀ ਹਿੰਦੀ ਫਿਲਮ ‘ਯੇ ਹੈ ਇੰਡੀਆ’ ਦਾ ਦੂਸਰਾ ਟਰੇਲਰ ਅੱਜ ਇੱਥੇ ਪ੍ਰੈਸ ਕਲੱਬ ਵਿਖੇ ਰਿਲੀਜ ਕੀਤਾ ਗਿਆ। ਟਰੇਲਰ ਰਿਲੀਜ਼ ਕਰਨ ਦੀ ਰਸਮ ਫਿਲਮ ਦੇ ਨਾਇਕ ਗੈਵੀ ਚਹਿਲ ਤੇ ਨਿਰਦੇਸ਼ਕ ਲੋਮ ਹਰਸ਼ ਨੇ ਅਦਾ ਕੀਤੀ। ਇਸ ਮੌਕੇ ਗੈਵੀ ਚਹਿਲ ਨੇ ਦੱਸਿਆ ਕਿ ਇਹ ਫਿਲਮ ਭਾਰਤ ਦੀ ਅਮੀਰ ਸੰਸਕ੍ਰਿਤੀ ਅਤੇ ਸੱਭਿਆਚਾਰ ਦੀ ਖੂਬਸੂਰਤ ਤਸਵੀਰ ਪੇਸ਼ ਕਰਦੀ ਹੈ। ਇਸ ਫਿਲਮ ਨੂੰ ਕਾਨਜ਼ ਫਿਲਮ ਉਤਸਵ ‘ਚ ਬਹੁਤ ਸ਼ਲਾਘਾ ਮਿਲ ਚੁੱਕੀ ਹੈ।ਇਸ ਦੇ ਨਾਲ ਫਿਲਮ ਨੂੰ ਦੇਖ ਕੇ ਭਾਰਤ ਸਰਕਾਰ ਵੱਲੋਂ ਵੀ ਟੀਮ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ। ਫਿਲਮ ਦਾ ਪਹਿਲਾ ਟਰੇਲਰ ਕੇਂਦਰੀ ਮੰਤਰੀ ਜਨਰਲ ਵੀ ਕੇ ਸਿੰਘ ਨੇ ਦਿੱਲੀ ਵਿਖੇ ਰਿਲੀਜ ਕੀਤਾ ਸੀ। ਗੈਵੀ ਨੇ ਕਿਹਾ ਕਿ ਇਹ ਫਿਲਮ ਜਿੱਥੇ ਮਨੋਰੰਜਕ ਫਿਲਮ ਹੈ ਉੱਥੇ ਸਾਡੇ ਦੇਸ਼ ਵਾਸੀਆਂ ਨੂੰ ਆਪਣੇ ਮੁਲਕ ਦੀਆਂ ਖੂਬੀਆਂ ‘ਤੇ ਫਖਰ ਕਰਨ ਲਈ ਵੀ ਪ੍ਰੇਰਿਤ ਕਰੇਗੀ। ‘ਏਕ ਥਾਂ ਟਾਈਗਰ’ ਫੇਮ ਗੈਵੀ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਹ ਇੱਕ ਅਜਿਹੀ ਫਿਲਮ ਰਾਹੀਂ ਸੋਲੋ ਹੀਰੋ ਵਜੋਂ ਆਪਣਾ ਸਫਰ ਬਾਲੀਵੁੱਡ ‘ਚ ਸ਼ੁਰੂ ਕਰ ਰਿਹਾ ਹੈ, ਜੋ ਸਾਡੇ ਮਹਾਨ ਦੇਸ਼ ਦੀਆਂ ਮਹਾਨਤਾਵਾਂ ਦੀ ਪੇਸ਼ਕਾਰੀ ਕਰਦੀ ਹੈ। ਫਿਲਮ ਦੇ ਨਿਰਦੇਸ਼ਕ ਲੋਮ ਹਰਸ਼ ਨੇ ਕਿਹਾ ਕਿ ਇਹ ਫਿਲਮ ਇੱਕ ਅਜਿਹੇ ਪ੍ਰਵਾਸੀ ਭਾਰਤੀ ਨੌਜਵਾਨ ‘ਤੇ ਅਧਾਰਤ ਹੈ, ਜਿਸ ਦੇ ਮਨ ‘ਚ ਵਿਦੇਸ਼ ‘ਚ ਬੈਠਿਆ ਭਾਰਤ ਦੀ ਹੋਰ ਤਸਵੀਰ ਵਸੀ ਹੁੰਦੀ ਹੈ। ਪਰ ਜਦੋਂ ਉਹ ਭਾਰਤ ਆਊਂਦਾ ਹੈ ਤਾਂ ਉਸ ਦਾ ਸਮੁੱਚਾ ਨਜ਼ਰੀਆ ਹੀ ਬਦਲ ਜਾਂਦਾ ਹੈ। ਅਜਿਹੇ ਨੌਜਵਾਨ ਦੇ ਨਜ਼ਰੀਏ ‘ਚ ਆਉਣ ਵਾਲੇ ਬਦਲਾਅ ਦੀ ਕਹਾਣੀ ਦੀਆਂ ਹੋਰ ਵੀ ਬਹੁਤ ਸਾਰੀਆਂ ਤੰਦਾਂ ਇਸ ਫਿਲਮ ਨੂੰ ਖੂਬਸੂਰਤੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਫਿਲਮ ਸਾਡੇ ਦੇਸ਼ ਬਾਰੇ ਲੋਕਾਂ ਦੇ ਮਨਾਂ ‘ਚ ਵਸੇ ਅਕਸ ਨੂੰ ਬਦਲਣ ‘ਚ ਅਹਿਮ ਭੂਮਿਕਾ ਨਿਭਾਏਗੀ।ਲੋਮ ਹਰਸ਼ ਨੇ ਕਿਹਾ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਫਿਲਮ ਨੂੰ ਦਰਸ਼ਕ ਭਰਪੂਰ ਹੁੰਗਾਰਾ ਦੇਣਗੇ।