ਕਵਿਤਾ – ਮਹਿਲਾ ਦਿਵਸ
ਮਹਿਲਾ ਦਿਵਸ ਦੇਸ਼ ਦੇ ਅੰਦਰ,
ਇਸ ਤਰਾਂ ਨਾਲ ਮੰਨਾਇਆ ਜਾਵੇ।
ਫੋਕੇ ਨਾਹਰਿਆਂ ਦੀ ਥਾਂ,
ਕਰ ਕਿ ਕੁਛ ਦਿਖਲਾਇਆ ਜਾਵੇ।
ਰਾਹਾਂ ਤੌ ਜੋ ਭਟਕ ਗਈ ਹੈ,
ਸਿਧੇ ਰਾਹ ਤੇ ਪਾਇਆ ਜਾਵੇ।
ਬੁਰੇ ਕੰਮਾਂ ਦੇ ਬੁਰੇ ਨਤੀਜੇ ,
ਵਾਰ ਵਾਰ ਸਮਝਾਇਆ ਜਾਵੇ।
ਸੱਚੇ ਸੁੱਚੇ ਕਿਰਦਾਰਾਂ ਦਾ ਹੁਣ,
ਮੁੱਢ ਤੌ ਸੱਬਕ ਪੜਾਇਆ ਜਾਵੇ।
ਸ਼ਰਮ -ਹਯਾ ਦਾ ਗਹਿਣਾ ਮੁੜ ਕੇ,
ਹਰ ਮਹਿਲਾ ਗਲ ਪਾਇਆ ਜਾਵੇ।
ਵਿਖਾ ਲੱਚਰ ਗੀਤ ,ਨੰਗੇਜ਼ ਟੀ.ਵੀ. ਤੇ,
ਨਾ ਕਾਮ ਕਰੋਧ ਉਕਸਾਇਆ ਜਾਵੇ।
ਇਸ਼ਤਿਹਾਰ ਬਾਜ਼ੀ ਲਈ ਸੜਕਾਂ ਉਤੌ,
ਚਿਤਰ ਇਹਦਾ ਹਟਾਇਆ ਜਾਵੇ।
ਅੱਧੀਂ ਰਾਤੀਂ ਅੱਧ-ਨੰਗੇ ਜਿਸਮਾਂ ਹਥੌ ,
ਨਾ ਕੱਲਬੀਂ ਜਾਂਮ ਵਰਤਾਇਆ ਜਾਵੇ।
ਫ਼ੋਕੀ ਹਉਮੇਂ ਵਿਚ ਬਿਨ ਗੱਲੋਂ ਨਾ,
ਵਾਂਗ ਚਿੜੀ ਮਰਵਾਇਆ ਜਾਵੇ।
ਐਸ਼ੋ-ਇਸ਼ਰਤ ਦਾ ਮਾਲ ਸਮਝਕੇ,
ਨਾ ਇਸ ਨੂੰ ਰੁਸ਼ਨਾਇਆ ਜਾਵੇ।
ਰੋਕਣ ਲਈ ਨੁਮਾਇਸ਼ ਜਿਸਮਾਂ ਦੀ,
ਸਖਤ ਕਾਨੂੰਨ ਲਗਵਾਇਆ ਜਾਵੇ।
ਆਪਣੇ ਹਥੋਂ ਆਪਣੀ ਕੁੱਖ ਦਾ,
ਖੁਦ ਨਾ ਕਤਲ ਕਰਵਾਇਆ ਜਾਵੇ।
ਭਰੂਣ ਹੱਤਿਆ ਰੋਕਣ ਦੇ ਲਈ,
ਲੜ ਮਰਨਾ ਸਿਖਲਾਇਆ ਜਾਵੇ।
ਮਾਈਭਾਗੋ,ਰਾਣੀਝਾਂਸੀ ਵਰਗਾ,
ਸਭ ਤਂੋ ਪ੍ਰਣ ਕਰਵਾਇਆਜਾਵੇ।
ਰਿਸ਼ੀਆਂ,ਰਾਜਆਂ ਦੀਜਨਣੀ ਨੂੰ ,
ਹੱਕ ਇਸਦਾ ਜਤਲਾਇਆਜਾਵੇ।
ਉਡਾਰੀ ਕਲਪਨਾਂ ਚਾਵਲਾ ਦੀ ਨੂੰ,
ਉਦਾਹਰਣ ਇਕ ਬਣਾਇਆ ਜਾਵੇ।
ਨਵੀਂ ਨਸਲ ਦੀ ਸੇਧ ਲਈ,’ਸੈਣੀ’
ਹਰ ਮਹਿਫ਼ਲ ਉਹਨੂੰ ਗਾਇਆ ਜਾਵੇ।