ਗ਼ਜ਼ਲ….. ਅੱਥਰੇ ਦਿਲ ਨੂੰ ਵੀ ਕੁਝ, ਸਮਝਾਇਆ ਕਰ।

ਅੱਥਰੇ ਦਿਲ ਨੂੰ ਵੀ ਕੁਝ, ਸਮਝਾਇਆ ਕਰ।
ਹਰ ਇਕ ਨੂੰ ਨਾ ਆਪਣਾ ਯਾਰ, ਬਣਾਇਆ ਕਰ।
ਕਰਫ਼ਿਊ ਹੈ ਨਿੱਤ ਸ਼ਹਿਰ ‘ਚ ਤੇਰੇ,ਮੇਰੇ ਲਈ,
ਕਦੇ ਕਦਾਈਂ ਆ ਕੇ ਤੂੰ, ਮਿਲ ਜਾਇਆ ਕਰ।
ਰੁੱਤਾਂ ਨੇ ਇਸ ਸ਼ਹਿਰ ਦੀਆਂ,ਹੁਣ ਬਦਲ ਗਈਆਂ,
ਨਾ ਸਾਵਣ ਰੁੱਤੇ ਮੀਂਹ ਦੀ ਆਸ,ਲਗਾਇਆ ਕਰ।
ਘਰ ਤੇਰੇ ਅੱਗ ਲਾਈ ਜਿੰਨਾਂ੍ਹ,ਚਿਰਾਗਾਂ ਨੇ,
ਵਾਰ ਵਾਰ ਨਾ ਉਨਾਂ੍ਹ ਨੂੰ, ਅਜ਼ਮਾਇਆ ਕਰ।
ਜਦ ਯਾਰਾਂ ਨੇ ਹੀ ਪਿੱਠ ਤੇ,ਵਾਰ ਚਲਾਏ ਨੇ,
ਆਪਣਿਆਂ ਨੂੰ ਨਾ ਕੋਲ ਬੈਠਾਇਆ ਕਰ।
ਮਲ੍ਹਮ ਲਗਾਇਆਂ ਜ਼ਖ਼ਮ, ਦਿਲਾਂ ਦੇ ਨਹੀਂ ਭਰਦੇ,
ਮਲ੍ਹਮ ਲਗਾ ਕੇ ਹੋਰ ਵੀ ਨਾ,ਤੜਫ਼ਾਇਆ ਕਰ।
ਬਚਪਨ ਤੋਂ ਹੀ ਜਿਨਾਂ੍ਹ ਵਫ਼ਾ,ਪੁਗਾਈ ਹੈ,
ਨਾਲ ਉਸੇ ਗ਼ਮ, ‘ਸੈਣੀ’ ਦਿਲ ਪਰਚਾਇਆ ਕਰ।

Share