ਗ਼ਜ਼ਲ…… ਝੁੱਗੀਆਂ ਦੇ ਵਿਚ ਭਾਵੇਂ ਭੁੱਖਾ, ਨੰਗਾ ਪਲਿਆ ਹਾਂ।

ਗ਼ਜ਼ਲ……
ਝੁੱਗੀਆਂ ਦੇ ਵਿਚ ਭਾਵੇਂ ਭੁੱਖਾ, ਨੰਗਾ ਪਲਿਆ ਹਾਂ।
ਵਾਂਗ ਸ਼ਮਾਂ੍ਹ ਦੇ ਸਾਰੀ ਉਮਰਾਂ,ਯਾਰਾਂ ਖਾਤਰ ਬਲਿਆ ਹਾਂ।
ਜੱਗ ਬਣਾ ਲਿਆ ਦੁਸ਼ਮਣ, ਸੱਚ ਨੂੰ ਸੱਚ ਕਹਿ ਕਹਿ ਕੇ,
ਬਿਖੜੇ ਰਾਹੀਂ ਸੱਚ ਦੀ ਖਾਤਰ,ਕੱਲਮ ਕੱਲਾ ਚਲਿਆ ਹਾਂ।
ਹੱਥ ਪੈਰ ਕਰਾ ਲਏ ਜ਼ਖ਼ਮੀਂ,ਕੰਡੇ ਚੁਗਦਿਆਂ ਰਾਹਾਂ ਚੌਂ,
ਜ਼ਖ਼ਮ ਖਾਣ ਲਈ ਸ਼ਾਇਦ, ਖੁਦਾ ਨੇ ਇਥੇ ਘਲਿਆ ਹਾਂ।
ਵਿਚ ਮੁਸੀਬਤ ਹੁੰਦਿਆਂ, ਸੁੰਦਿਆਂ ਕਈ ਯਾਰਾਂ ਦੇ ,
ਹਰ ਮੁਸੀਬਤ ਇੱਕਲਾ ਆਪਣੇ ਸਿਰ ਤੇ ਝਲਿਆ ਹਾਂ।
ਕੀਤਾ ਪਾਰ ਹੈ ਯਾਰਾਂ ਖਾਤਰ,ਕਈ ਵਾਰ ਝਨਾਵਾਂ ਨੂੰ,
ਮਹੀਂਵਾਲ ਬਣ ਪਿਆਰ ਦੀ ਖਾਤਰ,ਮੱਛੀ ਵਾਂਗਰ ਤਲਿਆ ਹਾਂ।
ਨਹੀਂ ਜੰਮਿਆ ਕੋਈ ਵੈਰੀ ਜਿਹੜਾ,ਸਾਨੂੰ ਛਲ ਸਕੇ,
ਜਦ ਵੀ ਛਲਿਆ ਗਿਆ ਹਾਂ ਯਾਰੋ,ਯਾਰਾਂ ਹੱੱਥੌਂ ਛਲਿਆ ਹਾਂ।
ਪਿਆਰ ,ਈਰਖਾ,ਸੱਚ ਝੂਠ ਵਿਚ, ਜਿਥੇ ਹੋਵੇ ਫ਼ਰਕ ਨਹੀਂ,
ਉਸ ਮਹਿਫ਼ਲ ਨੂੰ ਸਦਾ ਵਾਸਤੇ,ਕਰ ਅਲਵਿਦਾ ਚਲਿਆ ਹਾਂ।

Share