ਗ਼ਜ਼ਲ……. ਯਾਰਾਂ ਦੀਆਂ ਖ਼ੁਸ਼ੀਆਂ ਦੀ ਖਾਤਰ, ਅਸੀਂ ਹੰਝੂ ਝੋਲੀ ਪਾ ਚਲੇ।

ਗ਼ਜ਼ਲ…….
ਯਾਰਾਂ ਦੀਆਂ ਖ਼ੁਸ਼ੀਆਂ ਦੀ ਖਾਤਰ, ਅਸੀਂ ਹੰਝੂ ਝੋਲੀ ਪਾ ਚਲੇ।
ਨਿੱਤ ਫੂਕ ਫੂਕ ਅਰਮਾਨਾਂ ਨੂੰ,ਗੈਰਾਂ ਦੇ ਘਰ ਰੁਸ਼ਨਾ ਚੱਲੇ।
ਦੋ ਪਲ ਦੀ ਇਕ ਮੁਸਕਾਨ ਲਈ,ਉਮਰਾਂ ਦਾ ਦਰਦ ਲੁਆ ਬੈਠੇ,
ਇਹ ਸੌਦੇ ਸਨ ਤਕਦੀਰਾਂ ਦੇ,ਅਸੀਂ ਗ਼ਮ ਦਾ ਵਣਜ ਕਮਾ ਚਲੇ।
ਜਦ ਰਾਤ ਗ਼ਮਾਂ ਦੀ ਆਉਂਦੀ ਹੈ,ਅੱਖੀਆਂ’ਚ ਨੀਂਦ ਨਹੀਂ ਆਉਂਦੀ,
ਸੁਪਨੇ’ਚ ਆਸਾਂ ਲਾ ਲਾ ਕੇ, ਅਸੀਂ ਰਾਤਾਂ ਕਈ ਲੰਘਾ ਚਲੇ।
ਆਪਣੇ ਹੀ ਲਾਏ ਰੁੱਖ ਦੀਆਂ,ਸਾਥੋਂ ਮਾਣ ਵੀ ਛਾਵਾਂ ਨਾ ਹੋਈਆਂ,
ਤਕਦੀਰਾਂ ਲਿਖ ਲਿਖ ਯਾਰਾਂ ਦੀ, ਆਪਣੀ ਤਕਦੀਰ ਮਿਟਾ ਚਲੇ।
ਲੱਭਣ ਲਈ ਸੁੱਚਾ ਇਕ ਮੋਤੀ,ਉਮਰਾਂ ਹੀ ਸਾਰੀ ਗਾਲ ਲਈ,
ਪਰ ਮੋਤੀਆਂ ਵਰਗੀ ਇਹ ਜਿੰਦੜੀ,ਅਸੀਂ ਕੱਚ ਦੇ ਭਾਅ ਲੁਟਾ ਚਲੇ।
ਤਾਰੇ ਗਿਣ ਗਿਣ ਰਾਤਾਂ ਰਹੇ ਕੱਟ ਦੇ,ਰਹੇ ਖੂਨ ਦੇ ਹੰਝੂ ਵੀ ਪੀਂਦੇ,
ਲੋਕਾਂ ਦੇ ਦੇ ਸਹਿ ਸਹਿ ਦਰਦਾਂ ਨੂੰ,ਅਸੀਂ ਆਪਣੇ ਦਰਦ ਵਧਾ ਚਲੇ।
‘ਸੈਣੀ’ਕਿੱਦਾਂ ਦੀ ਤੇਰੀ ਮਹਿਫ਼ਲ ਹੈ,ਹਨ ਕਿੱਦਾਂ ਦੇ ਦਸਤੂਰ ਤਿਰੇ,
ਆਏ ਆਪਣਿਆਂ ਵਾਂਗਰ ਘਰ ਤੇਰੇ,ਤੇ ਗ਼ੈਰਾਂ ਵਾਂਗਰ ਤੁਰ ਚੱਲੇ।

Share