ਗ਼ਜ਼ਲ…… ਮੈਂ ਰੁੱਖ ਮਾਰੂਥਲ ਦਾ ਜਾਇਆ,ਆਪਣੀ ਉਮਰ ਬਿਤਾ ਚਲਿਆ ਹਾਂ।

ਗ਼ਜ਼ਲ……
ਮੈਂ ਰੁੱਖ ਮਾਰੂਥਲ ਦਾ ਜਾਇਆ,ਆਪਣੀ ਉਮਰ ਬਿਤਾ ਚਲਿਆ ਹਾਂ।
ਪੱਤਝੜ ਅਤੇ ਬਹਾਰਾਂ ਰੁੱਤੇ,ਪਿਆਰ ਦਾ ਨਗਮਾਂ ਗਾ ਚਲਿਆ ਹਾਂ।
ਚੰਦ ਨਗਮੇਂ ਕੁਛ ਠੰਡੀਆਂ ਛਾਵਾਂ,ਮਹਿਕਾਂ ਭਰੀ ਹਵਾ,
ਭੁੱਖਾ ਪਿਆਸਾ ਰੇਤਾ ਫਕ ਕੇ,ਜੱਗ ਦੀ ਝੋਲੀ ਪਾ ਚਲਿਆ ਹਾਂ।
ਮੁਫਤ ਮਿਲੇ ਦੀ ਭਾਵੇਂ ਕਿਧਰੇ,ਕੀਮਤ ਨਹੀਂ ਪੈਂਦੀ,
ਫਿਰ ਵੀ ਫ਼ਲ ਫੁੱਲ ਬਾਲਣ ਦੇ ਕੇ,ਦੁਨੀਆਂ ਨੂੰ ਰੁਸ਼ਨਾ ਚਲਿਆ ਹਾਂ।
ਨਾਂ ਕਿਸੇ ਮਾਲੀ ਮੈਂਨੂੰ ਸਿੰਜਿਆ, ਨਾਂ ਕਿਸੇ ਦਿਤੀ ਦੁਆ,
ਮਰ ਕੇ ਵੀ ਕੰਮ ਆਉਣ ਵਾਸਤੇ,ਤਨ ਪੱਤੇ ਸੁਕਾ ਚਲਿਆ ਹਾਂ।
‘ਸੈਣੀ’ਮਾਰੂਥਲ ‘ਚ ਪਾਂਧੀ ਮੇਰਾ,ਅੰਮ੍ਰਿਤ ਪੀਂਦੇ ਰਹਿੰਦੇ ਸੀ,
ਪੀ ਪੀ ਜ਼ਹਿਰ ਪੌਣਾਂ ਦੇ ਵਿਚੌਂ,ਖੁਦ ਨੂੰ ਜ਼ਹਿਰੀਲਾ ਬਨਵਾ ਚਲਿਆ ਹਾਂ।

Share