ਗ਼ਜ਼ਲ…… ਪ੍ਰਦੂਸ਼ਣ ਕੀਤੇ,ਪ੍ਰਦੂਸ਼ਤ ਰਿਸ਼ਤੇ.
ਗ਼ਜ਼ਲ.. ਪ੍ਰਦੂਸ਼ਣ ਕੀਤੇ,ਪ੍ਰਦੂਸ਼ਤ ਰਿਸ਼ਤੇ।ਪਾਕਿ ਪਵਿੱਤਰ ਜੋ ਸਨ ਰਿਸ਼ਤੇ[
ਕੰਡਾ ਬਣ ਕੇ ਚੁਭ ਜਾਂਦੇ ਨੇ,ਰੇਸ਼ਮ ਵਰਗੇ ਜੋ ਸਨ ਰਿਸ਼ਤੇ।
ਕੌਡੀਓਂ ਖੋਟੇ ਹੋ ਗਏ ਨੇ ਅੱਜ,ਮੋਤੀਆਂ ਵਰਗੇ ਜੋ ਸਨ ਰਿਸ਼ਤੇ।
ਪਾਣੀ ਦੀ ਵੀ ਘੁੱਟ ਨਹੀਂ ਦਿੰਦੇ,ਚਸ਼ਮਿਆਂ ਵਰਗੇ ਜੋ ਸਨ ਰਿਸ਼ਤੇ।
ਲੋੜਵੰਦ ਨੂੰ ਭੁੱਲ ਹੀ ਗਏ ਨੇ, ਰੱਜੇ ਪੁੱਜੇ ਜੋ ਸਨ ਰਿਸ਼ਤੇ।
ਗ਼ਮ ਦੀ ਰਾਤ ‘ਚ ਛਿਪ ਜਾਂਦੇ ਨੇ, ਸੂਰਜ ਵਰਗੇ ਜੋਸਨ ਰਿਸ਼ਤੇ।
ਪੱਥਰਾਂ ਨਾਲ ਨਿਵਾਜ ਰਹੇ ਨੇ, ਫ਼ੁੱਲਾਂ ਵਰਗੇ ਜੋ ਸਨ ਰਿਸ਼ਤੇ।
ਜਾਂਦੇ ਖੁਦ ਕੁਰਾਹੇ ਵੇਖੇ,ਚਾਨਣ ਮੁਨਾਰੇ ਜੋ ਸਨ ਰਿਸ਼ਤੇ।
ਅੱਖੀਆਂ ਫੇਰ ਗਏ,ਮਤਲਬ ਲੈ ਕੇ,ਮਤਲਬ ਦੇ ਜੋ ਸਨ ਰਿਸ਼ਤੇ।
ਖੁਨ ਦੇ ਉਹ ਪਿਆਸੇ ਲਗਦੇ,ਆਪਣੇ ਖੁਨ ਦੇ ਜੋ ਸਨ ਰਿਸ਼ਤੇ।
ਪਿਘਲੇ ਸੇਕ ‘ਚ ਮੋਮ ਵਾਂਗਰਾਂ, ਫੋਲਾਦ ਵਾਂਗਰਾਂ ਜੋ ਸਨ ਰਿਸ਼ਤੇ।
ਰਿਸ਼ਤਿਆਂ ਦੀ ਭੀੜ ਦੇ ਅੰਦਰ,ਗੁੰਮ ਹੀ ਹੋ ਗਏ ਜੋ ਸਨ ਰਿਸ਼ਤੇ।
ਨਾ ਝੁਰ ‘ਸੈਣੀ’,ਹਵਾ ਹੀ ਐਸੀ,ਹਵਾ ਹੀ ਹੋ ਗਏ ਜੋ ਸਨ ਰਿਸ਼ਤੇ।