ਗ਼ਜ਼ਲ….. ਕੀ ਕੀ ਹੋਰ ਨੇ ਚੰਦ ਚੜ੍ਹਾਉਣੇ,ਸਾਡੇ ਚੰਦਰੇ ਭਾਗਾਂ ਨੇ।

ਗ਼ਜ਼ਲ…..
ਕੀ ਕੀ ਹੋਰ ਨੇ ਚੰਦ ਚੜ੍ਹਾਉਣੇ,ਸਾਡੇ ਚੰਦਰੇ ਭਾਗਾਂ ਨੇ।
ਮੇਰੇ ਘਰ ਨੂੰ ਅੱਗ ਹੈ ਲਾਈ,ਆਪਣੇ ਮੇਰੇ ਚਿਰਾਗਾਂ ਨੇ।
ਪਾਣੀ ਦੀ ਥਾਂ ਰੱਤ ਹੈ ਪੀਂਦੀ,ਰੁੱਤ ਬਸੰਤੀ ਆਈ ਹੈ,
ਗਲੀ ਗਲੀ ਵਿਚ ਪਿੰਜਰ ਰੁਲਦੇ,ਮਹਿਫਲ ਲਾਈ ਕਾਂਗਾਂ ਨੇ।
ਜ਼ਹਿਰ ਚੂਸ ਦੇ ਥੱਕ ਗਏ ਮਾਂਦਰੀ,ਧਰਮ ਦਿਆਂ ਅਸਥਾਨਾਂ ਚੌ,
ਥਾਂ ਥਾਂ ਜ਼ਹਿਰ ਫੈਲਾਈ ਵੇਖੋ,ਨਫ਼ਰਤ ਦੇ ਕਾਲੇ ਨਾਗਾਂ ਨੇ।
ਨਾਂ ਸ਼ਿਕਵਾ ਗੈਰਾਂ ਤੇ ਕੋਈ,ਨਾਂ ਹਿੰਦੂ ਸਿੱਖ ਵੀਰਾਂ ਤੇ,
ਥਾਂ ਥਾਂ ਰੋਸ਼ਨ ਕੀਤਾ ਸਾਨੂੰ,ਸਾਡੇ ਦਿਲ ਦੇ ਕਾਲੇ ਦਾਗਾਂ ਨੇ।
ਸੰਖ ਭਾਈ ਦਾ,ਬਾਂਗ ਮੁੱਲਾਂ ਦੀ,ਪੰਡਤ ਦੀ ਅਵਾਜ ਸੁਣੀ,
ਜੁੱਤੀਓਂ ਜੁੱਤੀ ਕਰਾ ਤਾ ਸਾਨੂੰ,ਭਾਂਤ ਭਾਂਤ ਦੇ ਰਾਗਾਂ ਨੇ।
ਕੰਧਾਂ ਉਪਰ ਲਿਖਿਆ ਪੜ੍ਹ ਲਓ, ਵੇਲੇ ਦੀ ਅਵਾਜ ਸੁਣੋ,
ਬੋਲੇ, ਅੰਨ੍ਹੇ, ਗੂੰਗੇ,ਕੀਤਾ,ਖੂਨੀ ਭਰਿਆਂ ਦਾਗਾਂ ਨੇ।
ਮਾਨਵਤਾ ਨੂੰ ਧਰਮ ਬਨਾਓ,ਨਾਂ ਸੁਣੋ ਸਿਆਸਤਦਾਨਾਂ ਨੂੰ,
ਘਰ ਮੇਰੇ ਵਿਚ ਆਓ ਸਾਰੇ ਹੋਕਾ ਦਿਤਾ ਬਾਗਾਂ ਨੇ।

Share